ਖ਼ਬਰ ਹੈ ਕਿ ਕੈਪਟਨ ਸਰਕਾਰ ਦੀ ਗੱਡੀ ਤਿੰਨ ਸਾਲਾਂ ਤੋਂ ਕਰਜ਼ੇ ਦੇ ਪੈਟਰੋਲ ਤੇ ਹੀ ਦੌੜ ਰਹੀ ਹੈ। ਰੇਤ-ਬਜਰੀ, ਸ਼ਰਾਬ ਅਤੇ ਬੱਸ ਟਰਾਂਸਪੋਰਟ ਸਮੇਤ ਕਈ ਜਗਹ ਮਾਫ਼ੀਆ ਦਾ ਕਬਜ਼ਾ ਹੈ। ਸਰਕਾਰ ਨੂੰ ਜੋ ਕਰਜ਼ਾ ਵਿਰਾਸਤ 'ਚ ਮਿਲਿਆ ਹੈ, ਉਸਦਾ ਵਿਆਜ ਹੀ ਚੁਕਾਇਆ ਜਾ ਰਿਹਾ ਹੈ। ਪਿਛਲੇ ਮਹੀਨੇ ਹੀ ਸਰਕਾਰ ਨੇ ਕਰਜ਼ਾ ਚੁੱਕਾ ਕੇ ਆਪਣੇ ਤਿੰਨ ਲੱਖ ਤੋਂ ਵੱਧ ਸਰਕਾਰੀ ਮੁਲਾਜ਼ਮਾਂ ਨੂੰ ਤਨਖਾਹਾਂ ਦਿੱਤੀਆਂ ਹਨ। ਵਿਰੋਧੀ ਧਿਰ ਕਹਿ ਰਹੀ ਹੈ ਕਿ ਜਿਸ ਸਰਕਾਰ ਕੋਲ ਮਿਡ ਡੇ ਮੀਲ, ਅਨੁਸੂਚਿਤ ਜਾਤੀ ਵਜ਼ੀਫਿਆਂ, ਸਮਾਜਕ ਕਲਿਆਣ ਯੋਜਨਾਵਾਂ, ਗੰਨੇ ਦਾ ਬਕਾਇਆ ਦੇਣ ਲਈ ਪੈਸੇ ਨਹੀਂ ਹਨ, ਉਸਨੂੰ ਫਜ਼ੂਲ ਖ਼ਰਚੀ ਨਹੀਂ ਕਰਨੀ ਚਾਹੀਦੀ, ਜਦਕਿ ਮੰਦਹਾਲੀ ਦੇ ਦੌਰ 'ਚ ਵਿਧਾਇਕਾਂ ਨੂੰ ਸਲਾਹਕਾਰ ਦੀਆਂ ਪੋਸਟਾਂ ਦੇਕੇ ਕੈਬਨਿਟ ਰੈਂਕ ਦਿੱਤਾ ਜਾ ਰਿਹਾ ਹੈ।
ਸਮੇਂ ਦਾ ਗੇੜ ਆ ਭਾਈ, ਸਰਕਾਰ ਕਰਜ਼ੇ ਦੇ ਗੇੜ 'ਚੋਂ ਨਿਕਲ ਹੀ ਨਹੀਂ ਸਕੀ। ਵਿਚਾਰਾ ਮਨਪ੍ਰੀਤ ਸਿੰਘ ਬਾਦਲ ਸ਼ਰੀਕਾਂ ਵਲੋਂ ਚਾੜ੍ਹਿਆ ਕਰਜ਼ਾ ਅਤੇ ਕਰਜ਼ੇ ਤੇ ਵਿਆਜ਼ ਮੋੜਨ ਲਈ ਰਾਤ-ਦਿਨ ਵਾਹ ਲਾ ਰਿਹਾ ਤੇ ਮਿਲਣ ਆਉਂਦੇ ਜਾਂਦੇ ਨੂੰ ਚਾਹ ਦਾ ਕੱਪ ਵੀ ਨਹੀਂ ਪਿਆਉਂਦਾ ਤਾਂ ਕਿ ਖਜ਼ਾਨੇ ਉਤੇ ਬੋਝ ਨਾ ਪਵੇ। ਪਰ ਭਾਈ ਸਮੇਂ ਦਾ ਗੇੜ ਆ, ਤਾਇਆ ਜੀ ਨੇ ਪੰਜਾਬ ਦਾ ਟਰੈਕਟਰ ਵੀ ਗਹਿਣੇ ਧਰਿਆ ਹੋਇਆ ਤੇ ਹਲ-ਪੰਜਾਲੀ ਵੀ। ਤਾਇਆ ਜੀ ਨੇ ਪੱਠੇ ਵੱਢਣ ਵਾਲੀ ਦਾਤੀ ਵੀ ਗਹਿਣੇ ਰੱਖੀ ਹੋਈ ਆ, ਤੇ ਰੰਬਾ-ਕਹੀ ਵੀ। ਉਪਰੋਂ ਵਿਚਾਰੇ ਨੂੰ "ਮਹਾਰਾਜੇ" ਦਾ ਹੁਕਮ ਆ ਜਾਂਦਾ ਆ", ਕਾਕਾ, ਆਹ ਆਪਣੇ ਸਲਾਹਕਾਰਾਂ ਨੂੰ ਦੇਹ ਭੱਤਾ। ਆਹ ਆਪਣੇ ਵਿਧਾਇਕਾਂ ਨੂੰ ਦੇਹ ਸਰਕਾਰਪੀਓ। ਆਹ ਆਪਣੇ ਨੇਤਾਵਾਂ ਨੂੰ ਦੇ ਖ਼ਰਚਾ। ਵਿਚਾਰਾ ਪੰਚੈਤੀ ਜ਼ਮੀਨ ਉਦਯੋਗਪਤੀਆਂ ਨੂੰ ਗਹਿਣੇ ਨਾ ਧਰੂ ਤਾਂ ਕੀ ਕਰੂ? ਉਂਜ ਭਾਈ ਵੇਖੋ ਕਿਸਾਨ ਕਰਜ਼ਾਈ। ਮੁਲਾਜ਼ਮ ਕਰਜ਼ਾਈ। ਨੌਜਵਾਨ, ਮਾਈ-ਭਾਈ ਸਭ ਕਰਜ਼ਾਈ ਪਰ ਫਿਰ ਵੀ ਪੰਜਾਬ ਖ਼ੁਸ਼ਹਾਲ ਆ, ਰੌਣਕਾਂ ਹੀ ਰੌਣਕਾਂ ਲੱਗੀਆਂ ਹੋਈਆਂ, ਏਅਰ ਪੋਰਟਾਂ 'ਤੇ! ਆਈਲੈਟਸ ਸੈਂਟਰਾਂ ਤੇ ਜਾਂ ਫਿਰ ਭਾਈ ਠੇਕਿਆਂ ਠਾਣਿਆਂ ਤੇ। ਕਵੀ ਕੋਈ ਝੂਠ ਕਹਿੰਦਾ ਆ, "ਠੇਕੇ ਠਾਣਿਆਂ 'ਚ ਰੋਣਕ ਖ਼ੂਬ ਹੁੰਦੀ, ਕਿੰਨੇ ਚੰਗੇ ਪੰਜਾਬ ਦੇ ਭਾਗ ਯਾਰੋ"।
ਉਹਦੀ ਅਕਲ ਦਾ ਜ਼ਰਾ ਅਨੁਮਾਨ ਲਾਓ,
ਦੁੱਧ ਚੋਣ ਲਈ ਮੁਰਗੀ ਜੋ ਪਾਲਦਾ ਏ।
ਖ਼ਬਰ ਹੈ ਕਿ ਕੇਂਦਰ ਸਰਕਾਰ ਵਲੋਂ ਸੰਵਿਧਾਨ, ਕਾਨੂੰਨ ਤੇ ਜਮਹੂਰੀ, ਕਦਰਾਂ-ਕੀਮਤਾਂ ਦੀ ਆੜ 'ਚ ਨਾਗਰਿਕਤਾ ਕਾਨੂੰਨ ਪਾਸ ਕਰ ਦਿੱਤਾ ਗਿਆ ਹੈ। ਇਸ ਕਾਨੂੰਨ ਦਾ ਵਿਰੋਧ ਹੋ ਰਿਹਾ ਹੈ।ਕਈ ਸਿਆਸੀ ਪਾਰਟੀਆਂ ਇਸਦੇ ਵਿਰੋਧ ਲਈ ਵਾਧੂ ਮਿਹਨਤ ਕਰਦੀਆਂ ਵੀ ਦਿਸ ਰਹੀਆਂ ਹਨ। ਵਿਰੋਧੀ ਧਿਰ ਕਹਿ ਰਹੀ ਹੈ ਕਿ ਇੱਕ ਵਰਗ ਵਿਸ਼ੇਸ਼ ਨੂੰ ਇਸ ਕਾਨੂੰਨ ਅਧੀਨ ਮਿਲਣ ਵਾਲੀਆਂ ਰਿਆਇਤਾਂ ਤੋਂ ਬਾਹਰ ਰੱਖਿਆ ਗਿਆ ਹੈ ਅਤੇ ਹਾਕਮ ਧਿਰ ਆਪਣਾ ਵੋਟ ਬੈਂਕ ਵਧਾਉਣ ਦੇ ਚੱਕਰ 'ਚ ਇਹ ਕਾਨੂੰਨ ਪਾਸ ਕਰ ਰਹੀ ਹੈ। ਇਸ ਕਾਨੂੰਨ ਦਾ ਵਿਰੋਧ ਇੰਨਾ ਜਿਆਦਾ ਹੋ ਰਿਹਾ ਹੈ ਕਿ ਕਈ ਥਾਈਂ ਹਿੰਸਾ ਭੜਕ ਉੱਠੀ ਹੈ। ਲੋਕ ਕਹਿ ਰਹੇ ਹਨ ਕਿ ਇਸ ਕਾਨੂੰਨ ਨਾਲ ਉਹਨਾ ਦੀ ਪਛਾਣ ਅਤੇ ਭਾਸ਼ਾ ਨੂੰ ਖ਼ਤਰਾ ਹੋ ਜਾਏਗਾ।
ਟਿੰਡ 'ਚ ਗਲੇਲਾ ਲੱਗ ਗਿਆ, ਰਾਮ ਮੰਦਰ ਦਾ ਫ਼ੈਸਲਾ ਭਾਜਪਾ ਦੇ ਹੱਕ 'ਚ ਆ ਗਿਆ। ਟਿੰਡ 'ਚ ਗਲੇਲਾ ਲੱਗ ਗਿਆ, ਧਾਰਾ 370 ਖ਼ਤਮ ਕਰਕੇ, ਰਾਸ਼ਟਰਵਾਦ ਦੇ ਨਾ ਹੇਠ ਵੋਟਾਂ ਦਾ ਰੁੱਗ "ਹਾਕਮਾਂ" ਆਪਣੇ ਖੀਸੇ ਪਾ ਲਿਆ, ਪਰ ਕਸ਼ਮੀਰੀਆਂ ਦਾ ਰੋਸਾ ਆਪਣੇ ਪੱਲੇ ਪਾ ਲਿਆ। ਟਿੰਡ 'ਚ ਗਲੇਲਾ ਲੱਗ ਗਿਆ, ਹਰਿਆਣੇ ਦਾ ਰਾਜਭਾਗ "ਆਇਆ ਰਾਮ, ਗਿਆ ਰਾਮ" ਦਾ ਫਾਰਮੂਲਾ ਚਲਾਕੇ ਹਥਿਆ ਲਿਆ, ਪਰ ਬਾਹਲੀ ਚਤੁਰਾਈ ਵਿਖਾਉਂਦਿਆਂ ਦਿੱਲੀ ਵਾਲੇ ਹਾਕਮਾਂ ਮਹਾਰਾਸ਼ਟਰ ਹੱਥੋਂ ਗੁਆ ਲਿਆ।
ਪਰ ਟਿੰਡ 'ਚ ਗਲੇਲਾ ਹਰ ਵੇਲੇ ਤਾਂ ਨਹੀਂ ਨਾ ਲਗਦਾ। ਵੋਟਾਂ ਦਾ ਰੁੱਗ ਹਰ ਵੇਲੇ ਤਾਂ ਝੋਲੀ ਨਹੀਂ ਨਾ ਪੈਂਦਾ। ਆਹ ਵੇਖੋ ਵੋਟਾਂ ਦਾ ਪਰਾਗਾ ਲੁੱਟਦਿਆਂ, ਬੂਬਨੇ ਸਾਧਾਂ ਸ਼ਾਹ-ਮੋਦੀ ਨੇ, ਭਰਿੰਡਾਂ ਨੂੰ ਗਲੇ ਪਾ ਲਿਆ। ਹੁਣ "ਕਿਥੇ ਜਾਏਂਗਾ, ਬੂਬਨਿਆਂ ਸਾਧਾ ਛੇੜਕੇ ਭਰਿੰਡ ਰੰਗੀਆਂ"। ਉਂਜ ਸਿਆਣੇ ਇਹੋ ਜਿਹੀ ਸਥਿਤੀ ਬਾਰੇ ਆਂਹਦੇ ਆ, "ਉਹਦੀ ਅਕਲ ਦਾ ਜ਼ਰਾ ਅਨੁਮਾਨ ਲਾਓ, ਦੁੱਧ ਚੋਣ ਲਈ ਮੁਰਗੀ ਜੋ ਪਾਲਦਾ ਏ"।
ਐਰੇ ਗੈਰੇ ਦੇ ਨਾਲ ਸਲਾਹ ਮਾੜੀ,
ਭੇਤ ਦਿਲ ਦਾ ਵੈਰੀ ਨੂੰ ਦੱਸੀਏ ਨਾ
ਖ਼ਬਰ ਹੈ ਕਿ ਜਨਤਾ ਦਲ (ਯੂ) ਦੇ ਪ੍ਰਧਾਨ ਤੇ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਨਾਗਰਿਕਤਾ ਸੋਧ ਬਿੱਲ ਦੀ ਤਾਂ ਸੰਸਦ ਵਿੱਚ ਹਮਾਇਤ ਕਰ ਦਿੱਤੀ ਹੈ। ਪਰ ਨੈਸ਼ਨਲ ਰਜਿਸਟਰ ਆਫ਼ ਸਿਟੀਜ਼ਨ (ਐਨ.ਆਰ.ਸੀ) ਦੀ ਹਮਾਇਤ ਨਹੀਂ ਕਰਨ ਜਾ ਰਹੇ। ਨਿਤਿਸ਼, ਲੋਕਾਂ ਨੂੰ ਭੰਬਲ ਭੂਸੇ ਵਿੱਚ ਰੱਖਣ ਲਈ ਗੁੱਝੀ ਖੇਡ, ਖੇਡ ਰਹੇ ਹਨ। ਜਨਤਾ ਦਲ (ਯੂ) ਐਨ.ਡੀ.ਏ. (ਮੋਦੀ ਦੀ ਭਾਈਵਾਲਤਾ ਵਾਲੀ ਧਿਰ) ਦੀ ਪਹਿਲੀ ਪਾਰਟੀ ਹੈ, ਜਿਸਨੇ ਐਨ.ਆਰ.ਸੀ. ਦਾ ਵਿਰੋਧ ਕੀਤਾ ਹੈ।
ਜਾਣਦਾ ਆ ਨਿਤਿਸ਼ ਕਿ ਭਾਜਪਾ, ਆਪਣੇ ਭਾਈਵਾਲਾਂ ਦੇ ਸਿਰ 'ਤੇ ਗੋਡਾ ਰੱਖਕੇ ਕੰਮ ਕਰਵਾਉਂਦੀ ਆ। ਜਾਣਦਾ ਆ ਨਿਤਿਸ਼ ਭਾਜਪਾ ਨੂੰ ਮਹਾਰਾਸ਼ਟਰ 'ਚ ਮਿਲੇ ਜ਼ਖ਼ਮ ਅੱਲੇ ਆ, ਤੇ ਪਤਾ ਨਹੀਂ ਕਦੋਂ 'ਸ਼ਿਵ ਸੈਨਾ' ਵਾਂਗਰ ਉਹਦੀ ਵੀ ਭਾਜਪਾ ਨਾਲ ਤੜੱਕ ਕਰਕੇ ਟੁੱਟ ਜਾਏ। ਜਾਣਦਾ ਆ ਨਿਤਿਸ਼ ਕਿ ਉਹਦੇ ਬਿਹਾਰ 'ਚ 17 ਫ਼ੀਸਦੀ ਮੁਸਲਮਾਨ ਆ, ਜਿਹਨਾ ਦੇ 'ਯਾਰਾਂ, ਦੋਸਤਾਂ' ਨੂੰ ਮੋਦੀ ਸ਼ਾਹ ਨੇ ਅੱਕ ਦਾ ਦੁੱਧ ਪਿਆਇਆ ਆ, ਨਾਗਰਿਕਤਾ ਸੋਧ ਬਿੱਲ ਪਾਸ ਕਰਕੇ।
ਉਹ ਨੇਤਾ ਹੀ ਕਾਹਦਾ, ਜਿਹੜਾ ਮਨ ਦੀ ਗੱਲ ਦੱਸ ਦਏ। ਉਹ ਨੇਤਾ ਹੀ ਕਾਹਦਾ, ਜਿਹੜਾ ਆਪਾਣਿਆਂ ਨੂੰ ਦਿਨੇ ਤਾਰੇ ਨਾ ਦਿਖਾਏ। ਉਹ ਨੇਤਾ ਹੀ ਕਾਹਦਾ, ਜਿਹੜਾ ਯਾਰ-ਮਾਰ ਨਾ ਕਰੇ। ਤਦੇ ਭਾਈ ਨੇਤਾ-ਨੇਤਾ ਤੋਂ ਡਰਦਾ ਆ। ਨੇਤਾ, ਵੱਡੇ ਨੇਤਾ ਦਾ ਪਾਣੀ ਭਰਦਾ ਆ, ਪਰ ਜਦੋਂ ਸੂਤ ਲੱਗੇ ਉਸੇ ਨੇਤਾ ਨੂੰ ਡੰਗ ਮਾਰਕੇ ਅੱਗੇ ਲੰਘਦਾ ਆ। ਤਦੇ ਤਾਂ ਨੇਤਾਵਾਂ ਬਾਰੇ ਮਸ਼ਹੂਰ ਆ,"ਐਰੇ ਗੈਰੇ ਦੇ ਨਾਲ ਸਲਾਹ ਮਾੜੀ, ਭੇਤ ਦਿਲ ਦਾ ਵੈਰੀ ਨੂੰ ਦੱਸੀਏ ਨਾ"।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਭਾਰਤ ਦੇਸ਼ ਦੇ 43.63 ਫ਼ੀਸਦੀ ਲੋਕ ਹਿੰਦੀ ਬੋਲਦੇ ਹਨ, ਜਦਕਿ ਇਸਨੂੰ ਰਾਸ਼ਟਰ ਭਾਸ਼ਾ ਘੋਸ਼ਿਤ ਕੀਤਾ ਗਿਆ ਹੈ। ਦੇਸ਼ ਵਿੱਚ ਬੰਗਾਲੀ ਬੋਲਣ ਵਾਲੇ 8.03 ਫ਼ੀਸਦੀ, ਤਾਮਿਲ ਬੋਲਣ ਵਾਲੇ 5.70 ਫ਼ੀਸਦੀ, ਤੇਲਗੂ ਬੋਲਣ ਵਾਲੇ 6.70 ਫ਼ੀਸਦੀ ਜਦਕਿ ਮਰਾਠੀ ਬੋਲਣ ਵਾਲੇ 6.86 ਫ਼ੀਸਦੀ ਲੋਕ ਹਨ। ਇਹ ਗਿਣਤੀ 2011 ਦੀ ਮਰਦਮਸ਼ੁਮਾਰੀ ਦੇ ਅਨੁਸਾਰ ਹੈ।
ਇੱਕ ਵਿਚਾਰ
ਇੱਕ ਚੰਗੀ ਕਿਤਾਬ ਹਜ਼ਾਰ ਦੋਸਤਾਂ ਦੇ ਬਰੋਬਰ ਹੁੰਦੀ ਹੈ, ਜਦਕਿ ਇੱਕ ਅੱਛਾ ਦੋਸਤ ਇੱਕ ਲਾਇਬ੍ਰੇਰੀ ਬਰੋਬਰ ਹੁੰਦਾ ਹੈ।
...........ਡਾ: ਏ.ਪੀ.ਜੇ. ਅਬਦੁਲ ਕਲਾਮ
-
ਗੁਰਮੀਤ ਸਿੰਘ ਪਲਾਹੀ, ਲੇਖਕ ਤੇ ਪੱਤਰਕਾਰ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.