ਪੱਤਰਕਾਰ ਸ਼ੰਗਾਰਾ ਸਿੰਘ ਭੁੱਲਰ ਦਾ ਚਲਾਣਾ ਪੰਜਾਬੀ ਪੱਤਰਕਾਰੀ ਲਈ ਇਕ ਨਾ ਪੂਰਾ ਹੋਣ ਵਾਲਾ ਘਾਟਾ
ਹਰ ਮਨੁੱਖ ਦੀ ਜ਼ਿੰਦਗੀ ਚ ਕੁੱਝ ਦੋਸਤ ਅਜਿਹੇ ਹੁੰਦੇ ਹਨ ਜਿਹਨਾ ਦੇ ਨਾਲ ਨਿਭਣਾ ਵੀ ਪੈਂਦਾ ਤੇ ਉਹਨਾਂ ਨਾਲ ਨਿਭਾਉਣਾ ਵੀ ਪੈਂਦਾ ਹੈ ਤੇ ਇਹ ਵਰਤਾਰਾ ਸਿਆਣਿਆਂ ਦੇ ਕਹਿਣ ਮੁਤਾਬਿਕ ਬਿਲਕੁਲ ਅਜਿਹਾ ਹੀ ਹੁੰਦਾ ਹੈ ਕਿ ਜਾਂ ਤਾਂ ਕਿਸੇ ਦੇ ਬਣਕੇ ਰਹੀਏ ਜਾਂ ਕਿਸੇ ਨਾਲ ਬਣਾ ਕੇ ਰੱਖੀਏ । ਅਜਿਹੇ ਦੋਸਤਾਂ ਵਿੱਚੋਂ ਮੇਰੇ ਬਹੁਤ ਹੀ ਪਰਮ ਮਿੱਤਰ ਤੇ ਮੇਰੇ ਸਰਨਾਮੀਏ ਸ਼ੰਗਾਰਾ ਸਿੰਘ ਭੁੱਲਰ ਵੀ ਇਕ ਸਨ । ਉਹਨਾਂ ਦੇ ਇਸ ਫ਼ਾਨੀ ਸੰਸਾਰ ਤੋਂ ਸਦਾ ਲਈ ਤੁਰ ਜਾਣ ਦੀ ਖ਼ਬਰ ਨੇ ਇਕ ਵਾਰ ਤਾਂ ਮੈਨੂੰ ਸਿਰ ਤੋਂ ਪੈਰਾਂ ਤੱਕ ਹਿਲਾ ਦਿੱਤਾ । ਬੇਸ਼ੱਕ ਮੌਤ ਅਤੇ ਮੌਤ ਦੀ ਖ਼ਬਰ ਦੋ ਵੱਡੇ ਸੱਚ ਹੁੰਦੇ ਹਨ ਪਰ ਤਦ ਵੀ ਅਜੇ ਤੱਕ ਦਿਲ ਮੰਨਣ ਨੂੰ ਤਿਆਰ ਨਹੀਂ ਕਿ ਮੇਰਾ ਯਾਰ ਸ਼ੰਗਾਰਾ ਸਿੰਘ ਭੁੱਲਰ ਹਮੇਸ਼ਾ ਵਾਸਤੇ ਵਿਛੋੜਾ ਪਾ ਗਿਆ ਹੈ। ਭੁੱਲਰ ਇਕ ਵਧੀਆ ਪੱਤਰਕਾਰ ਸੀ, ਖਰਾ ਸੱਚ ਲਿਖਣਾ ਉਸ ਦਾ ਖਾਸਾ ਸੀ । ਅਸੀਂ ਦੋਹਾਂ ਨੇ ਪੱਤਰਕਾਰੀ ਦੇ ਖੇਤਰ ਚ 1981 - 1982 ਚ ਲੱਗਭਗ ਇੱਕੋ ਸਮੇਂ ਪਰਵੇਸ਼ ਕੀਤਾ । ਭੁੱਲਰ ਉਸ ਵੇਲੇ ਪੰਜਾਬੀ ਟਿ੍ਰਬਿਊਨ ਚ ਵਧੇਰੇ ਛਪਦਾ ਸੀ ਤੇ ਮੈਂ ਰੋਜ਼ਾਨਾ ਅਕਾਲੀ ਪੱਤਿ੍ਰਕਾ ਦੇ ਮੈਗਜ਼ੀਨ ਸ਼ੈਕਸ਼ਨ ਦੀ ਸਬ ਐਡੀਟਰੀ ਕਰਨ ਦੇ ਨਾਲ ਹੀ ਚਲੰਤ ਮਸਲਿਆਂ ਉੱਤੇ ਅਖਬਾਰ ਦੇ ਸੰਪਾਦਕੀ ਸਫ਼ੇ ਵਾਸਤੇ ਲੇਖ ਵੀ ਲਿਖਿਆ ਕਰਦਾ ਸੀ । ਬਾਦ ਚ ਮੇਰੇ ਆਰਟੀਕਲ ਪੰਜਾਬੀ ਟਿ੍ਰਬਿਊਨ, ਨਵਾਂ ਜ਼ਮਾਨਾ, ਮਿਹਨਤ ਤੇ ਕਈ ਹੋਰ ਰੋਜ਼ਾਨਾ ਅਖ਼ਬਾਰਾਂ ਤੇ ਰਸਾਲਿਆਂ ਚ ਚ ਵੀ ਛਾਇਆ ਹੋਣ ਲੱਗ ਪਏ।
ਸਾਡੇ ਦੋਹਾਂ ਦੀਆਂ ਲਿਖਤਾਂ ਦੀ ਇਕ ਖ਼ਾਸ ਗੱਲ ਜੋ ਸਾਂਝੀ ਸੀ, ਉਹ ਇਹ ਸੀ, ਅਸੀਂ ਚਲੰਤ ਮਸਲਿਆਂ ‘ਤੇ ਲਿਖਦੇ ਸਾਂ ਜਿਸ ਕਾਰਨ ਲਿਖਤਾਂ ਵਧੇਰੇ ਕਰਕੇ ਤੱਥ ਮੂਲਕ ਹੁੰਦੀਆਂ ਸਨ । ਲਗਾਤਾਰ ਛਪਦੇ ਰਹਿਣ ਨਾਲ ਦੋਹਾਂ ਦੀ ਪਹਿਚਾਣ ਵੀ ਬਣ ਗਈ । ਪਰ ਅਖ਼ਬਾਰਾਂ ਚ ਨਾਮ ਦਾ ਘਚੋਲਾ ਪੈਣਾ ਸ਼ੁਰੂ ਹੋ ਗਿਆ । ਕੋਈ ਅਖਬਾਰ ਸ਼ਿੰਗਾਰਾ ਸਿੰਘ ਢਿੱਲੋਂ ਦਾ ਆਰਟੀਕਲ ਸ਼ੰਗਾਰਾ ਸਿੰਘ ਭੁੱਲਰ ਦੇ ਨਾਮ ਹੇਠ ਛਾਪ ਦਿੰਦਾ ਤੇ ਕੋਈ ਸ਼ੰਗਾਰਾ ਸਿੰਘ ਭੁੱਲਰ ਦਾ ਲੇਖ ਸ਼ਿੰਗਾਰਾ ਸਿੰਘ ਢਿੱਲੋਂ ਦੇ ਨਾਮ ਹੇਠ । ਸਾਡੇ ਦੋਹਾਂ ਵਾਸਤੇ ਇਹ ਬੜੀ ਵੱਡੀ ਪਰੇਸ਼ਾਨੀ ਵਾਲੀ ਗੱਲ ਸੀ ਤੇ ਇਹ ਸਿਲਸਿਲਾ ਕਾਫ਼ੀ ਸਮਾਂ ਚੱਲਦਾ ਰਿਹਾ, ਪਰ ਉਂਜ ਉਸ ਵੇਲੇ ਸਾਡੀ ਆਪਸ ਵਿੱਚ ਇਕ ਦੂਸਰੇ ਨਾਲ ਜਾਣ ਪਹਿਚਾਣ ਨਹੀਂ ਸੀ ।
ਜਾਣ ਪਹਿਚਾਣ ਦਾ ਇਤਫ਼ਾਕ ਇੰਜ ਬਣਿਆ ਕਿ ਇਕ ਦਿਨ ਅਕਾਲੀ ਪੱਤਰਕਾ ਦੇ ਦਫਤਰ ਇਕ ਸ਼ਖਸ਼ ਦਾ ਫ਼ੋਨ ਆਇਆ । ਫੋਨ ਕਰਨ ਵਾਲਾ ਕਹਿੰਦਾ ਕਿ "ਮੈਂ ਸ਼ੰਗਾਰਾ ਭੁੱਲਰ ਬੋਲਦਾਂ, ਮੇਰੀ ਸੋਢੀ ਸਾਹਿਬ ਨਾਲ ਗੱਲ ਕਰਾਓ" ਤੇ ਅੱਗੋਂ ਫੋਨ ਸੁਣਨ ਵਾਲੇ ਨੇ ਜਵਾਬ ਦਿੱਤਾ ਕਿ "ਸੋਢੀ ਸਾਹਿਬ ਤਾਂ ਅਜੇ ਦਫਤਰ ਚ ਆਏ ਨਹੀਂ ਹਨ, ਮੈਂ ਸ਼ਿੰਗਾਰਾ ਸਿੰਘ ਢਿੱਲੋਂ ਬੋਲਦਾਂ, ਤੁਸੀਂ ਕੰਮ ਦੱਸੋ, ਜੇਕਰ ਮੇਰੇ ਕਰਨ ਵਾਲਾ ਹੋਇਆ ਤਾਂ ਕਰ ਦਿੱਤਾ ਜਾਵੇਗਾ ਨਹੀਂ ਤਾਂ ਜੋ ਵੀ ਤੁਹਾਡਾ ਸੁਨੇਹਾ ਹੋਵੇਗਾ ਸੋਢੀ ਸਾਹਿਬ ਤੱਕ ਪਹੰਚਾ ਦਿੱਤਾ ਜਾਵੇਗਾ । ਫੇਰ ਵੀ ਜੇਕਰ ਕੋਈ ਨਿੱਜੀ ਗੱਲ ਹੈ ਤਾਂ ਦੋ ਕੁ ਘੰਟੇ ਬਾਦ ਦੁਬਾਰਾ ਫੋਨ ਕਰਕੇ ਸੋਢੀ ਸਾਹਿਬ ਨਾਲ ਗੱਲ ਕਰ ਲੈਣਾ ।"
" ਢਿੱਲੋਂ ਸਾਹਿਬ, ਚੰਗਾ ਹੋ ਗਿਆ ਤੁਸੀਂ ਮਿਲ ਗਏ, ਉਂਜ ਮੈਨੂੰ ਨਹੀ ਸੀ ਪਤਾ ਕਿ ਤੁਸੀਂ ਅਕਾਲੀ ਪੱਤਰਕਾ ਚ ਹੀ ਕੰਮ ਕਰਦੇ ਹੋ, ਯਾਰ ! ਆਪਣੇ ਦੋਵਾਂ ਦੇ ਨਾਵਾਂ ਦਾ ਬੜਾ ਰਾਮ ਰੌਲਾ ਜਿਹਾ ਪਈ ਜਾਂਦਾ, ਚੰਗਾ ਹੋ ਗਿਆ ਤੂੰ ਮਿਲ ਗਿਆ, ਮੈਂ ਤਾਂ ਏਹੀ ਕਹਿਣਾ ਸੀ ਕਿ ਕੱਲ੍ਹ ਵਾਲੇ ਤੁਹਾਡੇ ਅਖਬਾਰ ਚ ਮੇਰਾ ਆਰਟੀਕਲ ਤੁਹਾਡੇ ਨਾਮ ਹੇਠ ਛਾਪ ਦਿੱਤਾ ਹੈ, ਪੈਸੇ ਤਾਂ ਅਖਬਾਰ ਨੇ ਦੇਣੇ ਕੋਈ ਨਹੀਂ, ਘੱਟੋ ਘੱਟ ਨਾਮ ਤਾਂ ਸਹੀ ਛਾਪ ਦਿਆ ਕਰਨ" ਭੁੱਲਰ ਸਾਰੀ ਗੱਲ ਇਕ ਸਾਹੇ ਹੀ ਕਹਿ ਗਿਆ ।
ਚਲੋ ਖੈਰ, ਮੈਂ ਉਸ ਤੋ ਅਖਬਾਰ ਦੀ ਤਰਫੋ ਮੁਆਫੀ ਮੰਗੀ, ਅਖਬਾਰ ਦੇ ਮੁੱਖ ਸੰਪਾਦਕ ਰਤਨੇਸ਼ ਸਿੰਘ ਸੋਢੀ ਤੱਕ ਸੁਨੇਹਾ ਪਹੁੰਚਾਉਣ ਦਾ ਵਾਅਦਾ ਕੀਤਾ ਤੇ ਨਾਲ ਹੀ ਇਹ ਵੀ ਕਿਹਾ ਕਿ ਭੁਲਰ ਸਾਹਿਬ ਚੰਗਾ ਹੋਇਆ ਤੁਹਾਡਾ ਨਾਮ ਗਲਤ ਛਪ ਜਾਣ ਦੇ ਬਹਾਨੇ ਤੁਹਾਡੇ ਨਾਲ ਮੁਲਾਕਾਤ ਹੋ ਗਈ ।
ਉਸ ਤੋਂ ਬਾਦ ਮੇਲ ਮਿਲਾਪ ਦਾ ਲੰਮਾ ਸਿਲਸਿਲਾ ਚਲਿਆ ਜੋ 1996 ਚ ਮੇਰੇ ਯੂ ਕੇ ਆਉਣ ਤੋ ਬਾਦ ਕੁਜ ਕ ਸਾਲਾਂ ਲਈ ਰੁਕ ਗਿਆ ਤੇ 2008 ਤੋਂ ਬਾਦ ਉਸ ਵੇਲੇ ਫੇਰ ਸ਼ੁਰੂ ਹੋਇਆ ਜਦੋ ਪੰਜਾਬ ਦੇ ਅਖਬਾਰਾਂ ਚ ਮੈਂ ਇਕ ਵਾਰ ਫੇਰ ਨਿਰੰਤਰ ਸ਼ੁਰੂ ਹੋਇਆ । ਭੁੱਲਰ ਪੰਜਾਬੀ ਟਿ੍ਰਬਿਊਨ ਦੀ ਸੰਪਾਦਕੀ ਤੋ ਤੁਰ ਕੇ ਰੋਜਾਨਾ ਪੰਜਾਬੀ ਜਾਗਰਣ ਰਾਹੀਂ ਹੁੰਦਾ ਹੋਇਆ ਰੋਜਾਨਾ ਸਪੋਕਸਮੈਨ ਤੱਕ ਪਹੁੰਚ ਗਿਆ ।
2017 ਚ ਆਪਣੀ ਪੰਜਾਬ ਫੇਰੀ ਦੌਰਾਨ ਮੈਂ ਉਹਨਾਂ ਨੂੰ ਰੋਜਾਨਾ ਜਾਗਰਣ ਦੇ ਦਫਤਰ ਮਿਲਿਆ ਉਥੇ ਚੰਡੀਗੜ੍ਹ ਤੋਂ ਸੀਨੀਅਰ ਪੱਤਰਕਾਰ ਦਵਿੰਦਰ ਸਿੰਘ ਕੋਹਲੀ ਵੀ ਉੱਥੇ ਹਾਜ਼ਰ ਸੀ , ਬਹੁਤ ਸਾਰੀਆ ਪੁਰਾਣੀਆਂ ਯਾਦਾਂ ਤਾਜਾ ਕੀਤੀਆਂ । ਭੁਲਰ ਨੇ ਯੂ ਕੇ ਤੋਂ ਜਾਗਰਣ ਦੀ ਕਵਰੇਜ ਕਰਨ ਦੀ ਪੇਸ਼ਕਸ਼ ਕੀਤੀ । ਮੈਂ ਆਪਣੀਆ ਹੋਰ ਜਿੰਮੇਵਾਰੀਆਂ ਕਾਰਨ ਰੋਜਾਨਾ ਦੀ ਬਜਾਏ ਸਪਤਾਹਿਕ ਜਾਂ ਪੰਦਰਾਂ ਰੋਜਾ ਖਬਰਨਾਮਾ ਭੇਜਣ ਦਾ ਵਾਅਦਾ ਕੀਤਾ ਤੇ ਖਬਰਨਾਮਾ ਭੇਜਦਾ ਵੀ ਰਿਹਾ ।
ਜਾਗਰਣ ਤੋ ਬਾਦ ਭੁੱਲਰ ਸਪੋਕਸਮੈਨ ਚਲਾ ਗਿਆ, ਫੋਨ ਤੇ ਸੰਪਰਕ ਬਣਿਆ ਰਿਹਾ । ਕੁੱਝ ਦਿਨ ਪਹਿਲਾਂ ਗੱਲ ਹੋਈ, ਕਹਿੰਦਾ ਢਿੱਲੋਂ , ਹੁਣ ਪੰਜਾਬ ਕਦ ਆਉਣੇ, ਬਹੁਤ ਦੇਰ ਹੋ ਗਈ ਮਿਲਿਆਂ ਤੇ ਦਿਲ ਵੀ ਬੜਾ ਕਰਦਾ । ਅੱਗੋਂ ਮੈ ਕਿਹਾ ਭੁੱਲਰ ਸਾਹਿਬ, ਨਵੇਂ ਸਾਲ ਚ ਗੇੜਾ ਮਾਰਾਂਗਾ, ਲੰਮਾ ਸਮਾਂ ਬੈਠਾਂਗੇ ਤੇ ਢੇਰ ਸਾਰੀਆਂ ਗੱਲਾਬਾਤਾਂ ਕਰਾਂਗੇ ।
ਪਰ ਇਹ ਪਤਾ ਹੀ ਨਹੀਂ ਸੀ ਕਿ ਇਸ ਵਾਰ ਮੇਲਾ ਹੋਣਾ ਹੀ ਨਹੀ । ਅਜ ਸ਼ੋਸ਼ਲ ਮੀਡੀਏ ਰਾਹੀਂ ਭੁੱਲਰ ਦੇ ਦਿਹਾਂਤ ਦੀ ਖਬਰ ਪੜ੍ਹਕੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ, ਦਿਮਾਗ ਸੁੰਨ ਹੋ ਗਿਆ, ਬਹੁਤ ਗਹਿਰਾ ਦੁੱਖ ਹੋਇਆ ਉਸ ਦੇ ਸਦੀਵੀ ਵਿਛੋੜੇ ਦਾ । ਭੁੱਲਰ ਜਿੱਥੇ ਇਕ ਉਚ ਕੋਟੀ ਦਾ ਪੱਤਰਕਾਰ ਤੇ ਸੰਪਾਦਕ ਸੀ ਉਥੇ ਇਕ ਆਹਲਾ ਦਰਜੇ ਦਾ ਇਨਸਾਨ ਵੀ ਸੀ। ਅਪਣੱਤ ਤੇ ਰੂਹ ਦੇ ਮੋਹ ਨਾਲ ਭਰਪੂਰ ਕਲਮ ਦੇ ਧਨੀ ਇਸ ਸ਼ਖਂਸ ਦਾ ਚਲਾਣਾ ਪੰਜਾਬੀ ਪੱਤਰਕਾਰੀ ਜਗਤ ਚ ਇਕ ਬਹੁਤ ਵੱਡਾ ਹੀ ਨਹੀਂ ਬਲਕਿ ਸੱਚੀ ਸੁਚੀ ਪੱਤਰਕਾਰੀ ਵਾਸਤੇ ਕਦੇ ਵੀ ਨਾ ਪੂਰਾ ਹੋ ਸਕਣ ਵਾਲਾ ਘਾਟਾ ਹੈ । ਭੁੱਲਰ, ਪੰਜਾਬੀ ਪੱਤਰਕਾਰੀ ਦਾ ਮਾਣ ਸੀ, ਸਰੀਰਕ ਤੌਰ 'ਤੇ ਉਹ ਬੇਸ਼ਕ ਸਾਡੇ ਵਿਚਕਾਰ ਨਹੀਂ ਰਿਹਾ ਪਰ ਪੰਜਾਬੀ ਪੱਤਰਕਾਰੀ ਦੇ ਖੇਤਰ ਚ ਜੋ ਨਿਵੇਕਲੀਆਂ ਪੈੜਾਂ ਪਾ ਕੇ ਨਵੇ ਦਿਸਹੱਦੇ ਉਹ ਸਖਾਪਿਤ ਕਰ ਗਿਆ ਹੈ, ਉਹ ਹਮੇਸ਼ਾ ਵਾਸਤੇ ਭਵਿੱਖ ਦੇ ਪੰਜਾਬੀ ਪੱਤਰਕਾਰੀ ਖੇਤਰ ਚ ਕੰਮ ਕਰਨ ਵਾਲੇ ਕਾਮਿਆਂ ਵਾਸਤੇ ਹਮੇਸ਼ਾ ਲਈ ਪਰੇਰਣਾ ਸਰੋਤ ਹੋਣਗੇ ।
ਭੁੱਲਰ ਸਾਹਿਬ ਦੇ ਦਿਹਾਂਤ ਦਾ ਮੈਨੂੰ ਬਹੁਤ ਦੁੱਖ ਤੇ ਅਫਸੋਸ ਹੈ । ਇਸ ਦੁੱਖ ਦੀ ਘੜੀ ਚ ਮੈਂ ਗਮਗੀਨ ਹਾਂ, ਉਹਨਾਂ ਦੇ ਪਰਿਵਾਰ ਦੇ ਦੁੱਖ ਚ ਪੂਰੀ ਤਰਾਂ ਸ਼ਰੀਕ ਹਾਂ।
ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ
11/12/2019
-
ਪ੍ਰੋਫ਼ ਸ਼ਿੰਗਾਰਾ ਸਿੰਘ ਢਿੱਲੋਂ, ਲੇਖਕ
dhilon@ntlworld.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.