(ਅਮੀਰ ਗਾਇਕਾਂ ਦੇ ਨਾਮ)
ਸੁਰਾਂ ਝੌਂਪੜੀ ਵਿੱਚ ਰਹਿੰਦੀਆਂ, ਜਦੋਂ ਜਾਗਦੀਆਂ, ਆਲ਼ਾ-ਦੁਆਲ਼ਾ ਵੀ ਜਗਮਗਾ ਪੈਂਦਾ ਸੁਰਾਂ ਨਾਲ। ਸੁਰਾਂ ਖੇਲ੍ਹਦੀਆਂ- ਮੇਲ੍ਹਦੀਆਂ, ਨਾਲ਼ੇ-ਨਾਲ਼ ਆਲ਼ਾ-ਦੁਆਲ਼ਾ ਵੀ ਖੇਲ੍ਹਣ ਤੇ ਮੇਲ੍ਹਣ ਲੱਗ ਪੈਂਦਾ।
ਸੁਰਾਂ ਵਿੱਚ ਸ਼ਕਤੀ, ਅਲੌਕਿਕ ਸ਼ਕਤੀ, ਦੁਨੀਆ ਤੋਂ ਨਿਆਰੀ ਸ਼ਕਤੀ! ਝੌਂਪੜੀ ਸੁਰਾਂ ਨੂੰ ਤੰਦਰੁਸਤ ਤੇ ਸੁਹਾਵਣਾ ਵਾਤਾਵਰਨ ਪ੍ਰਦਾਨ ਕਰਦੀ ਰਹਿੰਦੀ।
ਸੁਰਾਂ ਉੱਠੀਆਂ, ਅਛੋਪਲੇ ਜਿਹੇ ਉੱਠ ਕੇ ਮਹੱਲ ਵਿੱਚ ਚਲੇ ਗਈਆਂ। ਗਲੀ-ਗੁਆਂਢ ਵਾਲੇ 'ਮਹਿਲੀਂ-ਲੋਕ' ਪਰੇਸ਼ਾਨ ਹੋ ਗਏ।
ਮਹੱਲ ਦੇ ਮਾਲੀ ਖ਼ਫ਼ਾ ਹੋਣ ਲੱਗੇ। ਸੁਰਾਂ ਸੁਣਦੇ ਉਹ ਬੂਟਿਆਂ ਨੂੰ ਤਣਿਉਂ ਵੱਢ ਸੁੱਟ੍ਹਦੇ। ਉਨ੍ਹਾਂ ਨੂੰ ਬੂਟਿਆਂ ਦੀ ਪਛਾਣ ਨਾ ਰਹੀ। ਫੁੱਲਾਂ ਨੂੰ ਖਿੜਨਾ ਭੁੱਲਣ ਲੱਗਿਆ। ਮਾਲੀ, ਖਾਨਸਾਮੇ ਤੇ ਅਰਦਲੀ ਬੇਅਰਾਮ ਹੋ ਗਏ।
ਮਹੱਲੀਂ ਪ੍ਰਵੇਸ਼ ਪਾ ਕੇ ਸੁਰਾਂ ਆਲਸੀ ਹੋ ਗਈਆਂ। ਕੁਵੇਲੇ ਜਾਗਦੀਆਂ। ਕੁਵੇਲੇ ਸੌਂਦੀਆਂ। ਉਨ੍ਹਾਂ ਨੂੰ ਸੁਸਤੀ ਤੇ ਨੇਸਤੀ ਚੜ੍ਹਨ ਲੱਗ ਪਈ, ਜਿਵੇਂ ਬੀਮਾਰ ਹੋ ਗਈਆਂ ਹੋਵਣ! ਝੁੱਗੀਆਂ ਵਿੱਚੋਂ ਆਣ ਪਿੱਛੋਂ ਸੁਰਾਂ ਮਹੱਲ ਦੀਆਂ ਮਾਲਕ ਬਣ ਗਈਆਂ ਸਨ। ਇਸ ਵਾਸਤੇ ਉਹ ਬੇਸੁਰੀਆਂ ਰਹਿਣ ਲੱਗੀਆਂ।
ਬਾਲਕ ਭਗਵਾਨ!
ਬਾਲਕ ਨੂੰ ਕੁੱਛੜ ਚੁੱਕੀ ਇਸਤਰੀ ਮੇਰੇ ਨਾਲ਼ ਸੀਟ ਉੱਤੇ ਆਣ ਬੈਠੀ ਹੈ। ਬਾਲਕ ਨੂੰ ਉਸ ਆਪਣੇ ਪੱਟਾਂ ਉੱਪਰ ਲਿਟਾ ਲਿਐ।
ਅਲੂੰਏਂ ਤੇ ਛੋਟੇ, ਕੱਦੂ ਜਿਹੇ ਸਿਰ 'ਤੇ ਅਤਿ-ਮਹੀਨ ਭੂਰੇ-ਭੂਰੇ ਵਾਲ, ਜਿਵੇਂ ਕੁੱਝ ਪਲ ਪਹਿਲੋਂ ਹੀ ਜਨਮ ਲੈ ਕੇ ਹਟੇ ਹੋਣ। ਬਾਲਕ ਦੀਆਂ ਅੱਖਾਂ ਕੰਚ ਦੇ ਨਿੱਕੇ-ਨਿੱਕੇ ਬੰਟਿਆਂ ਜਿਹੀਆਂ, ਲਿਸ਼ਕਦੀਆਂ, ਚਮਕਦੀਆਂ ਤੇ ਹਸਦੀਆਂ ਅੱਖਾਂ। ਗੋਲ-ਮਟੋਲ ਗੱਲ੍ਹਾਂ। ਦੰਦੀਆਂ ਨਹੀਂ ਸਨ ਹਾਲੇ ਉੱਗੀਆਂ।
ਮਾਂ ਦੀ ਝੋਲ਼ੀ ਵਿੱਚ ਪਏ ਮੰਦ-ਮੰਦ ਮੁਸਕੁਰਾਉਂਦੇ ਬਾਲਕ ਨੇ ਆਪਣਾ ਹੱਥ ਮੇਰੇ ਵੱਲ ਨੂੰ ਹਿਲਾਇਆ, ਜਿਵੇਂ ਕਹਿ ਰਿਹਾ ਹੋਵੇ, "ਮੈਨੂੰ ਆਪਣੀ ਬੁੱਕਲ ਵਿੱਚ ਬਹਾ ਲੈ, ਤੇਰੇ ਕੁਤਕਤਾਰੀਆਂ ਕੱਢਣੀਆਂ ਨੇ ਮੈਂ।"
ਬੇਨਿਆਜ਼, ਬੇਗ਼ਰਜ਼ ਤੇ ਬੇਪਰਵਾਹ ਬਾਲਕ ਮੁਸਕੁਰਾਈ ਜਾ ਰਿਹੈ ਮੰਦ-ਮੰਦ। ਮੇਰਾ ਖ਼ਾਲੀ ਆਪਾ, ਖ਼ੁਸ਼ਕੀ ਲੱਦਿਆ, ਮੋਹ ਨਾਲ਼ ਲੱਪਾਂ-ਲੱਪ ਭਰ ਗਿਐ।
ਮੂੰਹੋਂ ਆਪ-ਮੁਹਾਰੇ ਨਿਕਲਿਆ, "ਹੇ ਬਾਲਕ, ਤੈਨੂੰ ਨਮਸਕਾਰ ਕਰਨਾ ਵਾਂ ਤੂੰ ਭਗਵਾਨ ਏਂ, ਤੇਰੇ ਦੀਦਾਰ ਪਾ ਕੇ ਮੈਂ ਧੰਨ ਹੋ ਗਿਆ ਵਾਂ, ਹੇ ਬਾਲਕ ਭਗਵਾਨ, ਤੈਨੂੰ ਲੱਖ-ਲੱਖ ਨਮਸਕਾਰ।"
ਮਨ ਸ਼ੀਤਲ-ਸ਼ੀਤਲ ਹੈ ਮੇਰਾ। ਸੱਚੀਓਂ ਸਫ਼ਰ ਸੁਹਾਵਣਾ ਹੋ ਗਿਐ।
(ਜਲੰਧਰੋਂ ਚੰਡੀਗੜ੍ਹ ਜਾਂਦਿਆਂ, 1-3-2002)
ਜ਼ਿਦ ਰਹੇ ਭਗਵਾਨ
ਸਪੀਕਰ ਖੜਕਿਆ, 'ਠਕ-ਠਕ'। ਗੁਰਦਵਾਰੇ ਦੇ ਭਾਈ ਜੀ ਨੇ ਫਤਹਿ ਬੁਲਾ ਕੇ ਪਾਠ ਪੜ੍ਹਨਾ ਸ਼ੁਰੂ ਕੀਤੈ।
ਮੰਦਰ ਵਿੱਚ ਟੱਲ ਟਣਕਿਆ, 'ਟਣਨੰ-ਟਣਨੰ-ਟਣਨੰ'। ਭਜਨਾਂ ਦੀ ਟੇਪ ਵੱਜਣ ਲੱਗ ਪਈ ਹੈ।
ਪੁਰਾਣੀ ਮਸੀਤ ਵਿੱਚੋਂ ਕਾਜੀ ਦੀ ਦਰਦ-ਭਿੱਜੀ ਹੂਕ ਗੂੰਜੀ, ਤੇ ਫ਼ਿਜ਼ਾ ਵਿੱਚ ਫ਼ੈਲ ਗਈ ਹੈ।
ਪਿੰਡੋਂ ਬਾਹਰਵਾਰ ਸਥਾਪਿਤ ਦੂਰ ਇੱਕ ਡੇਰੇ ਵਿੱਚੋਂ ਸੰਤਾਂ ਦੇ ਕਥਾ ਕਰਨ ਦੀ ਆਵਾਜ਼ ਵੀ ਇਨ੍ਹਾਂ ਆਵਾਜ਼ਾਂ ਸੰਗ ਰਲ਼ ਗਈ ਹੈ।
ਚਾਰੇ ਪਾਸਿਉਂ ਸਪੀਕਰਾਂ ਦਾ ਸ਼ੋਰ ਅੰਮ੍ਰਿਤ-ਵੇਲੇ ਦੀ ਸ਼ਾਂਤੀ ਅਤੇ ਸਹਿਜ-ਭਰੀ ਇਕਾਗਰਤਾ ਨੂੰ ਭੰਗ ਕਰੀ ਜਾ ਰਿਹਾ ਏ। ਕਿਸੇ ਨੂੰ ਕੁੱਝ ਵੀ ਸਾਫ਼ ਸੁਣਾਈ ਨਹੀਂ ਦੇਂਦਾ ਪਿਐ।
ਪਾਠ, ਭਜਨ, ਨਮਾਜ਼ ਤੇ ਕਥਾ ਜਿਵੇਂ ਜ਼ਿਦ-ਜ਼ਿਦ ਕੇ ਇੱਕ ਦੂਸਰੇ ਤੋਂ ਅਗਾਂਹ ਨਿਕਲ ਜਾਣਾ ਚਾਹੁੰਦੇ ਨੇ। ਰੌਲ਼ਾ ਮਚਦਾ ਸੁਣ ਕੇ ਨਿੱਘੇ ਬਿਸਤਰਿਆਂ ਵਿੱਚ ਘੂਕ ਸੁੱਤੇ ਨਿੱਕੇ-ਨਿਆਣੇ ਵੀ ਜਾਗ ਉੱਠੇ ਨੇ।
ਭਗਵਾਨ ਇੱਕ-ਦੂਸਰੇ ਨਾਲ਼ ਜ਼ਿੱਦ ਰਹੇ ਨੇ!
ਹੋ ਰਿਹਾਂ ਮੈਂ ਖ਼ਫ਼ਾ ਆਪਣੇ ਆਪ ਨਾਲ!
(3 ਮਾਰਚ 2008, ਪਟਿਆਲਾ ਨੇੜੇ ਇੱਕ ਪਿੰਡ 'ਚ)
-
ਨਿੰਦਰ ਘੁਗਿਆਣਵੀ, ਲੇਖਕ ਤੇ ਕਾਲਮਨਿਸਟ
ninder_ghugianvi@yahoo.com
9417421700
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.