ਸਿਆਣੇ ਕਹਿੰਦੇ ਹਨ ਕਿ ਹਾਣ ਨੂੰ ਹਾਣ ਪਿਆਰਾ। ਇਹ ਹਾਣ ਜੀਵਾਂ ਨਾਲ ਵੀ ਹੋ ਸਕਦਾ ਹੈ ਤੇ ਨਿਰਜੀਵ ਨਾਲ ਵੀ ਹੋ ਸਕਦਾ ਹੈ। ਜੀਵਾਂ ਦੇ ਹਾਣੀ ਤਾਂ ਕਦੇ-ਕਦੇ ਇੱਕ ਦੂਜੇ ਨਾਲ ਰੁੱਸ ਵੀ ਜਾਂਦੇ ਹਨ ਪਰ ਨਿਰਜੀਵ ਹਾਣੀ ਕਦੇ ਰੁੱਸਦਾ ਨਹੀਂ ਦੇਖਿਆ। ਉਲਟਾ ਸਮੇਂ ਦੇ ਨਾਲ-ਨਾਲ ਨਿਰਜੀਵ ਹਾਣੀ ਦਾ ਮੋਹ ਹੋਰ ਗੂੜ੍ਹਾ ਹੁੰਦਾ ਜਾਂਦਾ। ਭਾਵੇਂ ਸਾਨੂੰ ਲੱਖ ਪਤਾ ਹੈ ਕਿ ਅਸੀਂ ਨਾਸ਼ਵਾਨ ਹਾਂ ਪਰ ਫੇਰ ਵੀ ਇਹ ਮੋਹ ਦੀਆਂ ਤੰਦਾਂ ਸਾਨੂੰ ਬਹੁਤ ਸਕੂਨ ਦਿੰਦਿਆਂ ਹਨ। ਜਦੋਂ ਤੁਸੀਂ ਆਪਾ ਪੜਚੋਲ ਕਰਦੇ ਹੋ ਤਾਂ ਤੁਹਾਨੂੰ ਆਲ਼ੇ ਦੁਆਲ਼ੇ ਇਹੋ ਜਿਹੀਆਂ ਬਹੁਤ ਚੀਜ਼ਾਂ ਦਿਸ ਪੈਣਗੀਆਂ ਜੋ ਜਾਂ ਤਾਂ ਤੁਹਾਡੇ ਹਾਣ ਦੀਆਂ ਹਨ ਜਾਂ ਤੁਹਾਡੇ ਤੋਂ ਵਡੇਰੀਆਂ ਹਨ। ਪਰ ਤੁਹਾਡੇ ਜ਼ਿੰਦਗੀ ਦੇ ਸਫ਼ਰ 'ਚ ਉਹ ਨਾਲ-ਨਾਲ ਚੱਲੀਆਂ ਹਨ।
ਅੱਜ ਕੱਲ੍ਹ ਆਪਣੀ ਜਨਮ ਭੂਮੀ ਦੀ ਆਬੋ-ਹਵਾ ਮਾਣ ਰਿਹਾ ਹਾਂ। ਪਿਛਲੇ ਪੰਦਰਾਂ ਵਰ੍ਹਿਆਂ ਤੋਂ ਬਹੁਤ ਕੁਝ ਬਦਲ ਗਿਆ। ਪਰ ਹਾਲੇ ਵੀ ਕਈ ਸਥਿਰ ਚੀਜ਼ਾਂ ਵੱਲ ਜਦੋਂ ਨਜ਼ਰ ਜਾਂਦੀ ਹੈ ਤਾਂ ਇੱਕ ਹੌਂਕਾਂ ਜਿਹਾ ਸੀਨੇ 'ਚੋਂ ਨਿਕਲਦਾ ਤੇ ਦੱਸ ਨਹੀਂ ਸਕਦਾ ਕਿ ਕਿਹੋ ਜਿਹਾ ਸਕੂਨ ਮਿਲਦਾ ਉਸ ਹੌਂਕੇ ਨਾਲ। ਕੁੱਝ ਇਹੋ ਜਿਹਾ ਹੀ ਵਾਪਰਦਾ ਹੈ ਜਦੋਂ ਬਠਿੰਡੇ ਦੇ ਥਰਮਲ ਵੱਲ ਝਾਤ ਮਾਰਦਾ ਹਾਂ।
ਬਠਿੰਡੇ ਦਾ 'ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ' ਮੇਰਾ ਹਾਣੀ ਹੈ। 1969 'ਚ ਅਸੀਂ ਦੋਨੇਂ ਹੋਂਦ 'ਚ ਆਏ। ਉਹ ਸਾਲ ਬਾਬਾ ਨਾਨਕ ਜੀ ਦਾ 500ਵਾਂ ਪ੍ਰਕਾਸ਼ ਵਰ੍ਹਾ ਹੋਣ ਕਾਰਨ ਇਸ ਦਾ ਨਾਮ ਉਨ੍ਹਾਂ ਦੇ ਨਾਮ ਤੇ ਰੱਖਿਆ ਗਿਆ। ਸਮੇਂ ਨੇ ਸਾਨੂੰ ਦੋਹਾਂ ਨੂੰ ਜਵਾਨ ਕਰ ਦਿੱਤਾ। ਜਵਾਨੀ ਵੇਲੇ ਕਦੇ-ਕਦੇ ਮੈਂ ਇਸ ਨਾਲ ਸ਼ਿਕਵੇ ਕਰਦਾ ਕਿ ਤੂੰ ਸਾਡੇ ਵਿਹੜੇ ਤੇ ਕਾਲਖ ਸੁੱਟਦਾ ਰਹਿਣਾ। ਕਦੇ ਮੈਂ ਬਿਜਲੀ ਜਾਣ 'ਤੇ ਉਸ ਨੂੰ ਉਲਾਂਭਾ ਦਿੰਦਾ ਕਿ ਤੂੰ ਤਾਂ ਉਹ ਦੀਵਾ ਹੈ ਜਿਸ ਥੱਲੇ ਹਨੇਰਾ ਰਹਿੰਦਾ। ਦੱਸ ਭਲਾ ਤੇਰਾ ਸਾਨੂੰ ਕੀ ਭਾਅ? ਸਾਡੇ ਵਿਹੜੇ ਕਾਲਖ ਸੁੱਟਦਾ ਤੇ ਹੋਰਾਂ ਦੇ ਘਰ ਚਾਨਣ ਬਿਖੇਰਦਾ। ਪਰ ਉਹ ਕਦੇ ਮੇਰੇ ਨਾਲ ਨਾ ਲੜਦਾ ਨਾਂ ਕਦੇ ਰੁੱਸਦਾ, ਬੱਸ ਮੂਕ ਦਰਸ਼ਕ ਬਣ ਖੜ੍ਹਾ ਰਹਿੰਦਾ। ਫੇਰ ਜਦੋਂ ਮੈਂ ਉਨ੍ਹਾਂ ਲੋਕਾਂ ਦੇ ਚਿਹਰਿਆਂ ਤੇ ਖ਼ੁਸ਼ੀ ਦੇਖਦਾ ਜਿਨ੍ਹਾਂ ਦਾ ਇਸ ਨੇ ਸਿੱਧੇ ਜਾਂ ਅਸਿੱਧੇ ਰੂਪ 'ਚ ਚੁੱਲ੍ਹਾ ਤਪਦਾ ਰੱਖਿਆ, ਤਾਂ ਮੈਂ ਗਿਲੇ ਭੁੱਲ ਕੇ ਇਸ ਦਾ ਸ਼ੁਕਰੀਆ ਅਦਾ ਕਰਦਾ। ਮੈਂ ਆਪ ਮੁਹਾਰੇ ਬਹੁਤ ਗੱਲਾਂ ਕਰਦਾ ਰਿਹਾ ਹਾਂ ਮੇਰੇ ਇਸ ਨਿਰਜੀਵ ਹਾਣੀ ਨਾਲ।
ਦਾਣਾ-ਪਾਣੀ ਆਸਟ੍ਰੇਲੀਆ ਲੈ ਗਿਆ ਪਰ ਇਹ ਨਿਰਜੀਵ ਹਾਣੀ ਕਦੇ ਚੇਤਿਆਂ 'ਚੋਂ ਨਹੀਂ ਵਿੱਸਰਿਆ। ਗੱਲਾਂ ਬਾਤਾਂ 'ਚ ਅਕਸਰ ਇਸ ਦਾ ਜ਼ਿਕਰ ਆਉਂਦਾ ਰਹਿੰਦਾ। ਹੌਲੀ-ਹੌਲੀ ਵਕਤ ਕਰਵੱਟ ਲੈਣ ਲੱਗਿਆ। ਜ਼ਿੰਦਗੀ ਨੇ ਆਪਣੇ ਸ਼ਿਕੰਜੇ 'ਚ ਸਾਨੂੰ ਕੱਸ ਲਿਆ। ਕਦੇ-ਕਦੇ ਕਿਸੇ ਗਰਾਈ ਨਾਲ ਗੱਲ ਹੁੰਦੀ ਤਾਂ ਮੈਂ ਆਪਣੇ ਇਸ ਹਾਣੀ ਦਾ ਹਾਲ-ਚਾਲ ਕਦੇ ਪੁੱਛਣਾ ਨਾ ਭੁੱਲਦਾ। ਕਦੇ-ਕਦੇ ਚਿੰਤਾ ਜਨਕ ਖ਼ਬਰ ਆਉਂਦੀ ਕਿ ਬਠਿੰਡੇ ਵਾਲਾ ਥਰਮਲ ਘਾਟੇ ਦਾ ਸੌਦਾ ਬਣਦਾ ਜਾ ਰਿਹਾ। ਇਹ ਸੋਚ ਕੇ ਚੁੱਪ ਕਰ ਜਾਂਦਾ ਕਿ ਕੋਈ ਨਾ ਮੰਦਾ ਚੰਗਾ ਆਉਂਦਾ ਰਹਿੰਦਾ।
ਰੋਜ਼ਮੱਰਾ ਵਾਂਗ ਇਕ ਦਿਨ ਜਦੋਂ ਤੜਕੇ-ਤੜਕੇ ਉੱਠ ਕੇ ਸੋਸ਼ਲ ਮੀਡੀਆ ਤੇ ਝਾਤ ਮਾਰੀ ਤਾਂ ਇਕ ਵੀਡੀਓ ਨੇ ਮੈਨੂੰ ਧੁਰ ਅੰਦਰ ਤੋਂ ਝੰਜੋੜ ਦਿੱਤਾ। ਇਸ ਵੀਡੀਓ, ਜਿਸ ਵਿਚ ਮੇਰੇ ਇਸ ਹਾਣੀ ਨੂੰ ਇਕ ਧਮਾਕੇ ਨਾਲ ਖੇਰੂੰ-ਖੇਰੂੰ ਹੁੰਦਿਆਂ ਦਿਖਾਇਆ ਗਿਆ ਸੀ। ਰੂਹ ਕੰਬ ਗਈ, ਉੱਚੀ ਦੇਣੇ ਬੋਲਿਆ, "ਕੋਈ ਇੰਝ ਕਿਵੇਂ ਕਰ ਸਕਦਾ ਹੈ ਬਠਿੰਡੇ ਦੀ ਇਸ ਧਰੋਹਰ ਨਾਲ।" ਬਾਰ-ਬਾਰ ਵੀਡੀਓ ਦੇਖੀ ਜਾਵਾ, ਕਦੇ ਨੈੱਟ ਤੇ ਲੱਭਾਂ ਕੀ ਸੱਚੀ ਇਹ ਵਾਪਰ ਤਾਂ ਨਹੀਂ ਗਿਆ। ਇੰਡੀਆ 'ਚ ਦਿਨ ਚੜ੍ਹਨ ਦਾ ਇੰਤਜ਼ਾਰ ਕਰਨ ਲੱਗਿਆਂ। ਕਿਤੇ ਚਿੱਤ ਨਾ ਲੱਗੇ। ਅਖੀਰ ਬਠਿੰਡੇ ਵੱਸਦੇ ਮਿੱਤਰਾਂ ਨਾਲ ਗੱਲ ਕੀਤੀ ਤਾਂ ਪਤਾ ਚੱਲਿਆ ਕਿ ਨਹੀਂ ਇਹ ਝੂਠੀ ਵੀਡੀਓ ਹੈ।
ਕੱਲ੍ਹ ਜਦੋਂ ਸਾਡੇ ਪੇਂਡੂ ਆਸਟ੍ਰੇਲੀਆ ਸ਼ੋਅ ਦੇ ਦਰਸ਼ਕ ਤਰਾਂਗਵਾਲੇ ਵਾਲੇ ਬਾਈ ਰਜਿੰਦਰ ਸਿੰਘ ਸੇਖੋਂ ਹੋਰੀਂ ਮੈਨੂੰ ਮਿਲਣ ਆਏ ਤਾਂ ਉਨ੍ਹਾਂ ਥਰਮਲ ਦੀ ਗੱਲ ਛੇੜ ਲਈ। "ਕਹਿੰਦੇ ਬਾਈ ਜਿੱਥੇ ਏਨੇ ਕੰਮ ਕਰ ਰਹੇ ਹੋ ਬਠਿੰਡੇ ਦੀ ਇਸ ਵਿਰਾਸਤ ਨੂੰ ਬਚਾਉਣ ਦੀ ਕੋਈ ਮੁਹਿੰਮ ਵੀ ਵਿੱਢੋ, ਕਹਿੰਦੇ ਪਤਾ ਚੱਲਿਆ ਹੈ ਕਿ ਇਸ ਦਾ ਮੁੱਲ ਵਟਣ ਨੂੰ ਕਾਹਲੀ ਹੋਈ ਪਈ ਹੈ ਸਰਕਾਰ।"
ਰਾਤ ਭਰ ਇਸੇ ਸੋਚ 'ਚ ਗੁਜ਼ਾਰੀ ਕਿ ਮੇਰੇ ਵਾਂਗ ਪਤਾ ਨਹੀਂ ਕਿੰਨਿਆਂ ਦਾ ਇਹ ਥਰਮਲ ਹਾਣੀ ਹੋਣਾ ਤੇ ਕਿੰਨੇ ਇਸ ਨੂੰ ਪਿਆਰ ਕਰਦੇ ਹੋਣਗੇ। ਕਿੰਨਿਆਂ ਦੇ ਚੇਤੇ 'ਚ ਬਲਵੰਤ ਗਾਰਗੀ ਵੱਲੋਂ ਦਿੱਤਾ ਨਾ 'ਰੱਬ ਦਾ ਘੱਗਰਾ' ਵੱਸਦਾ ਹੋਣਾ। ਇੱਥੇ ਜ਼ਿਕਰਯੋਗ ਹੈ ਕਿ ਬਠਿੰਡੇ ਦੇ ਮਸ਼ਹੂਰ ਲੇਖਕ ਬਲਵੰਤ ਗਾਰਗੀ ਇਸ ਨੂੰ ਰੱਬ ਦਾ ਘੱਗਰਾ ਕਹਿ ਕੇ ਸੰਬੋਧਨ ਕਰਦੇ ਹੁੰਦੇ ਸਨ।
ਜੇ ਸਰਕਾਰ ਇਸ ਨੂੰ ਵੇਚ ਦਿੰਦੀ ਹੈ ਤਾਂ ਖ਼ਰੀਦਣ ਵਾਲਾ ਵਪਾਰੀ ਇਸ ਨੂੰ ਸਭ ਤੋਂ ਪਹਿਲਾਂ ਢਾਹੇਗਾ। ਜਿਸ ਨੂੰ ਅਸੀਂ ਰੋਕ ਵੀ ਨਹੀਂ ਸਕਾਂਗੇ। ਰੋਕਣਾ ਤਾਂ ਸਾਨੂੰ ਸਰਕਾਰ ਨੂੰ ਵੀ ਔਖਾ ਪਰ ਫੇਰ ਵੀ ਕੋਸ਼ਿਸ਼ ਤਾਂ ਕੀਤੀ ਜਾ ਸਕਦੀ ਹੈ। ਸੋ ਮੈਂ ਤਾਂ ਮੁੱਖਮੰਤਰੀ ਜੀ ਸਾਹਮਣੇ ਮੇਰੇ ਇਸ ਹਾਣੀ ਲਈ ਝੋਲੀ ਵੀ ਅੱਡਣ ਨੂੰ ਤਿਆਰ ਹਾਂ। ਸਾਨੂੰ ਪਤਾ ਹੈ ਕਿ ਅੱਜ ਕੱਲ੍ਹ ਪੰਜਾਬ ਮੰਦੀ ਦਾ ਸ਼ਿਕਾਰ ਹੈ। ਮੁਲਜ਼ਮਾ ਦੀਆਂ ਤਨਖ਼ਾਹਾਂ ਦੇਣ ਲਈ ਪੈਸੇ ਨਹੀਂ ਹਨ। ਪਰ ਮੇਰੇ ਇਸ ਹਾਣੀ ਨੂੰ ਵੇਚ ਕੇ ਵੀ ਤੁਸੀਂ ਕਿੰਨਾ ਵਕਤ ਗੁਜ਼ਾਰ ਲਵੋਗੇ? ਵਿੱਤ ਮੰਤਰੀ ਸਾਹਿਬ ਮੈਂ ਤੁਹਾਡੀ ਉਸ ਸਾਹਿਤ ਦੇ ਪ੍ਰੇਮੀ ਵਾਲੀ ਸ਼ਖ਼ਸੀਅਤ ਦਾ ਮੁਰੀਦ ਸਾਂ। ਦੂਜਾ ਤੁਸੀਂ ਜਿਸ ਕੁਰਸੀ ਤੇ ਅੱਜ ਬੈਠੇ ਹੋ ਉਸ ਦੀਆਂ ਲੱਤਾਂ ਇਸੇ ਥਰਮਲ ਤੇ ਟਿਕੀਆਂ ਹਨ। ਤੁਸੀਂ ਇਹਨਾਂ ਗੱਲਾਂ ਤੋਂ ਅਣਜਾਣ ਵੀ ਨਹੀਂ ਹੋ। ਵੋਟਾਂ ਤੋਂ ਪਹਿਲਾਂ ਤੁਹਾਡੀਆਂ ਦਮਦਾਰ ਦਲੀਲਾਂ ਦਾ ਹਿੱਸਾ ਮੇਰਾ ਇਹ ਹਾਣੀ ਹੋਇਆ ਕਰਦਾ ਸੀ। ਪਰ ਸੁਣਿਆ ਕਿ ਅੱਜ ਕੱਲ੍ਹ ਤੁਸੀਂ ਵੀ ਸੁਰ ਬਦਲ ਲਿਆ ਹੈ। ਸੱਚ ਕਹਾਂ ਭਾਵੇਂ ਅੱਜ ਕੱਲ੍ਹ ਤੁਸੀਂ ਸਾਡੇ ਮਨਾਂ ਚ ਉਹ ਸਤਿਕਾਰ ਨਹੀਂ ਰੱਖਦੇ ਪਰ ਫੇਰ ਵੀ ਸਾਨੂੰ ਤੁਹਾਡੇ ਜਿਹੇ ਪੜ੍ਹੇ ਲਿਖੇ ਤੇ ਸਾਹਿੱਤਿਕ ਇਨਸਾਨ ਤੋਂ ਹਾਲੇ ਵੀ ਬਹੁਤ ਉਮੀਦਾਂ ਹਨ।
ਇੱਥੇ ਮੈਂ ਇਹ ਵੀ ਦੱਸਦਾ ਜਾਵਾ ਕਿ "ਜੇ ਜੋ ਪਬਲਿਕ ਹੈ ਵੋ ਸਭ ਜਾਣਤੀ ਹੈ।" ਮਤਲਬ ਸਭ ਨੂੰ ਪਤਾ ਹੈ ਕਿ ਕਿਵੇਂ ਸਰਕਾਰ ਨੇ ਪ੍ਰਾਈਵੇਟ ਥਰਮਲ ਪਲਾਂਟਾਂ ਨੂੰ ਕਾਮਯਾਬ ਕਰਨ ਲਈ ਇਸ ਵਿਰਾਸਤ ਦੀ ਬਲੀ ਦਿੱਤੀ ਹੈ। ਪਹਿਲਾਂ ਇਸ ਨੂੰ ਬੰਦ ਕਰਨ ਦਾ ਐਲਾਨ ਕਰ ਕੇ ਸਰਕਾਰ ਤਕਰੀਬਨ ਪੰਜ ਹਜ਼ਾਰ ਘਰਾਂ ਦੇ ਚੁੱਲ੍ਹੇ ਠੰਢੇ ਕਰਦੀ ਹੈ। ਫੇਰ ਵੋਟਾਂ ਆਉਣ ਤੇ ਤਕਰੀਬਨ ਸੱਤ ਸੋ ਕਰੋੜ ਇਸ ਥਰਮਲ ਦੇ ਨਵੀਨੀਕਰਨ ਤੇ ਖ਼ਰਚਣ ਦੇ ਬਹਾਨੇ ਹੇਠ ਆਪਣੇ ਚਹੇਤਿਆਂ ਦੀਆਂ ਜੇਬਾਂ ਭਰਦੀ ਹੈ। ਪਰ ਮੇਰਾ ਅੱਜ ਇਸ ਬਹਿਸ ਨੂੰ ਛੇੜਨ ਦਾ ਕੋਈ ਮਨ ਨਹੀਂ ਹੈ।
ਭਾਵੇਂ ਸਾਨੂੰ ਚੰਗੀ ਤਰ੍ਹਾਂ ਪਤਾ ਕਿ ਹਾਕਮਾਂ 'ਤੇ ਚੰਗੀ ਤੇ ਪੰਜਾਬ ਤੇ 'ਮੰਦੀ ਕਿਵੇਂ ਆਈ। ਅਸੀਂ ਵੀ ਲਕੀਰ ਦੇ ਫ਼ਕੀਰ ਨਹੀਂ ਹਾਂ। ਅਸੀਂ ਸਾਡੇ ਪੰਜਾਬ ਦੇ ਮਾੜੇ ਆਰਥਿਕ ਦੌਰ ਨੂੰ ਸਮਝ ਸਕਦੇ ਹਾਂ। ਅਸੀਂ ਤੁਹਾਨੂੰ ਰੋਕਦੇ ਨਹੀਂ, ਨਾ ਹੀ ਰੋਕ ਸਕਦੇ ਹਾਂ ਪਰ ਇਕ ਬੇਨਤੀ ਹੈ ਜੇ ਗ਼ੌਰ ਕਰੋ ਤਾਂ। ਤੁਸੀਂ ਥਰਮਲ ਦੇ ਬਾਕੀ ਸਾਰੇ ਹਿੱਸੇ ਭਾਵੇਂ ਵੇਚ ਦਿਓ ਪਰ ਥਰਮਲ ਦੇ ਉਹ ਚਾਰ 'ਕੂਲਿੰਗ ਟਾਵਰ' ਜਿੰਨਾ ਨੂੰ ਅਸੀਂ ਅਨਪੜ੍ਹ ਲੋਕ ਚਿਮਨੀਆਂ ਵੀ ਕਹਿ ਦਿੰਦੇ ਹਾਂ, ਹਾੜਾ ਉਨ੍ਹਾਂ ਨੂੰ ਨਾ ਵੇਚਿਓ। ਉਲਟਾ ਉਨ੍ਹਾਂ ਨੂੰ ਹੈਰੀਟੇਜ ਐਲਾਨ ਕੇ ਵਿਦੇਸ਼ਾਂ ਵਾਂਗ ਉਨ੍ਹਾਂ ਉੱਤੇ ਸੋਹਣੀ ਚਿੱਤਰਕਾਰੀ ਕਰਵਾ ਦਿਓ। ਉਸ ਤੋਂ ਬਾਅਦ ਭਾਵੇਂ ਸਾਡੇ ਤੋਂ ਉਨ੍ਹਾਂ ਨੂੰ ਨੇੜੇ ਤੋਂ ਦੇਖਣ ਦੀ ਟਿਕਟ ਲਾ ਦਿਓ। ਅਸੀਂ ਉਹ ਵੀ ਦੇਣ ਨੂੰ ਰਾਜ਼ੀ ਹਾਂ। ਪਰ ਇਹਨਾਂ ਨੂੰ ਵੇਚ ਕੇ ਮੁੱਦਾ ਨਾ ਮਿਟਾ ਦਿਓ।
ਜੇ ਤੁਸੀਂ ਵੇਚਣ ਦਾ ਪੱਕਾ ਇਰਾਦਾ ਬਣਾ ਹੀ ਚੁੱਕੇ ਹੋ ਤਾਂ ਮੈਂ ਬੇਨਤੀ ਕਰਦਾ ਹਾਂ ਕਿ ਇਕ ਬਾਰ ਆਮ ਲੋਕਾਂ ਤੋਂ ਪੁੱਛ ਜ਼ਰੂਰ ਲਿਓ ਕਿ ਜੇ ਕੋਈ ਰਲ ਮਿਲ ਕੇ ਬਠਿੰਡੇ ਦੀ ਇਸ ਵਿਰਾਸਤ ਨੂੰ ਖ਼ਰੀਦਣਾ ਚਾਹੁੰਦਾ ਹੈ ਤਾਂ ਖ਼ਰੀਦ ਸਕਦਾ ਹੈ। ਅਸੀਂ ਕੋਸ਼ਿਸ਼ ਕਰ ਲਾਵਾਂਗੇ ਲੋਕਾਂ ਤੋਂ ਪੈਸੇ ਮੰਗ ਕੇ ਇਕੱਠੇ ਕਰ ਲਈਏ ਤੇ ਇਸ ਵਿਰਾਸਤ ਨੂੰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਰੱਖ ਸਕੀਏ।
ਬਹੁਤ ਯਾਦਾਂ ਨੇ ਸਾਡੀਆਂ ਇਸ ਨਾਲ ਜੁੜੀਆਂ ਸੋ ਉਮੀਦ ਹੈ ਕਿ ਜੇ ਉਸ ਸਮੇਂ ਦੀਆਂ ਸਰਕਾਰਾਂ ਬਾਬਾ ਨਾਨਕ ਜੀ ਦੇ 500ਵੇ ਪ੍ਰਕਾਸ਼ ਵਰ੍ਹੇ 'ਚ ਇਸ ਨੂੰ ਬਣਾ ਸਕਦੀਆਂ ਹਨ ਤਾਂ ਅੱਜ ਦੇ ਸਮੇਂ ਦੀ ਸਰਕਾਰ ਬਾਬਾ ਨਾਨਕ ਜੀ ਦੇ 550ਵੇ ਪ੍ਰਕਾਸ਼ ਵਰ੍ਹੇ ਦੀ ਖ਼ੁਸ਼ੀ 'ਚ ਇਸ ਨੂੰ ਰਾਜ ਦੀ ਧਰੋਹਰ ਐਲਾਨ ਕੇ ਸਾਡੇ ਦਿਲ ਵੀ ਜਿੱਤ ਸਕਦੀ ਹੈ। ਬਹੁਤ ਕੁਝ ਹੈ ਲਿਖਣ ਨੂੰ ਪਰ ਉਂਗਲਾਂ ਦੇ ਪੋਟਿਆਂ ਤੇ ਕੰਬਣੀ, ਸੀਨੇ 'ਚ ਦਰਦ ਅਤੇ ਅੱਖਾਂ ਦਾ ਨੀਰ ਹੋਰ ਲਿਖਣ ਨਹੀਂ ਦੇ ਰਿਹਾਸ਼ਿਫਤਸ਼ਿਫਤਕੇਈ| ਸੱਚੀ ਦਿਲ ਕਰਦਾ ਉੱਚੀ ਉੱਚੀ ਚੀਕਾਂ ਮਾਰ ਕੇ ਦੁਨੀਆ ਇਕੱਠੀ ਕਰ ਕੇ ਮੇਰੇ ਇਸ ਹਾਣੀ ਨੂੰ ਚਾਰੇ ਪਾਸੇ ਤੋਂ ਮਹਿਫ਼ੂਜ਼ ਕਰ ਲਵਾਂ। ਪਰ ਫੇਰ ਸੋਚਦਾ ਹਾਂ ਕਿ ਮੈਂ ਕਿਹੜਾ ਕੋਈ ਨੇਤਾ ਹਾਂ ਕਿ ਮੇਰੇ ਏਨਾ ਕਹਿਣ ਤੇ ਲੋਕ ਆ ਖੜ੍ਹੇ ਹੋਣਗੇ। ਨਾ ਮੈਂ ਕੋਈ ਮਹਾਨ ਟਿੱਕ-ਟਾਕ ਸਟਾਰ ਹਾਂ, ਜਿਸ ਨੂੰ ਮੀਡੀਆ ਤਰਜੀਹ ਦੇਵੇਗਾ। ਇਕ ਪਰਦੇਸੀ ਹਾਂ ਚਾਰ ਦਿਨਾਂ ਨੂੰ ਉੱਡ ਕੇ ਆਪਣੇ ਆਲ੍ਹਣੇ ਵਿਚ ਮੁੜ ਜਾਵਾਂਗਾ ਤੇ ਦੂਰ ਬੈਠਾ ਆਪਣੇ ਇਸ ਹਾਣੀ ਤੇ ਵਗਦੀਆਂ ਹਨੇਰੀਆਂ ਤੇ ਝੂਰਦਾ ਰਾਹਾਂਗਾ।
16-12-2019
-
ਮਿੰਟੂ ਬਰਾੜ, ਆਸਟਰੇਲੀਆ, ਲੇਖਕ
mintubrar@gmail.com
+61 434 289 905 / +91 94678 00004
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.