ਸਿਰੜੀ ਤੇ ਸਿਦਕੀ ਸੰਪਾਦਕ ਭੁੱਲਰ ਸਾਹਬ ਨੂੰ ਅਲਵਿਦਾ....
ਅੱਜ ਦੀ ਸ਼ਾਮ ਬਹੁਤ ਦੁੱਖ ਵਾਲੀ ਖ਼ਬਰ ਲੈ ਕੇ ਆਈ।ਪੰਜਾਬੀ ਟ੍ਰਿਬਿਊਨ ਦੇ ਸਾਬਕਾ ਸੰਪਾਦਕ ਸ਼ੰਗਾਰਾ ਸਿੰਘ ਭੁੱਲਰ ਜੀ ਇਸ ਜਹਾਨੋਂ ਤੁਰ ਗਏ। ਇੰਨੀ ਜਲਦੀ ਸੋਚਿਆ ਨਹੀਂ ਸੀ ਕਿ ਭੁੱਲਰ ਸਾਹਬ ਛੱਡ ਕੇ ਚਲੇ ਜਾਣਗੇ। ਨੇਕ ਦਿਲ ਇਨਸਾਨ, ਹਸਮੁੱਖ ਸੁਭਾਅ, ਸਕਰਾਤਮਕਤਾ ਨਾਲ ਲਬਾਲਬ ਸੁਹਿਰਦ ਸੰਪਾਦਕ ਭੁੱਲਰ ਸਾਹਬ ਦਾ ਇਹ ਸਿਰੜ ਤੇ ਸਿਦਕਦਿਲੀ ਹੀ ਸੀ ਕਿ ਕੈਂਸਰ ਜਿਹੀ ਨਾਮੁਰਾਦ ਬਿਮਾਰੀ ਹੋਣ ਦੇ ਬਾਵਜੂਦ ਉਨ੍ਹਾਂ 74 ਵਰ੍ਹਿਆ ਦੀ ਉਮਰੇ ਨਾ ਤਾਂ ਸਰਗਰਮ ਪੱਤਰਕਾਰੀ ਛੱਡੀ ਅਤੇ ਨਾ ਹੀ ਸਾਡੇ ਵਰਗੇ ਉਨ੍ਹਾਂ ਨਾਲ ਰੋਜ਼ਾਨਾ ਵਿਚਰਦਿਆਂ ਨੂੰ ਆਪਣੇ ਰੋਗ ਦਾ ਭੇਤ ਪੈਣ ਦਿੱਤਾ।
ਸ਼ੰਗਾਰਾ ਸਿੰਘ ਭੁੱਲਰ ਪੰਜਾਬੀ ਪੱਤਰਕਾਰੀ ਦੇ ਇਕਲੌਤੇ ਅਜਿਹੇ ਸਖਸ਼ ਸਨ ਜਿਨ੍ਹਾਂ ਨੂੰ ਪੰਜਾਬੀ ਦੇ ਚਾਰ ਰੋਜ਼ਾਨਾ ਅਖ਼ਬਾਰਾਂ ਦੇ ਸੰਪਾਦਕ ਬਣਨ ਦਾ ਮਾਣ ਹਾਸਲ ਹੋਇਆ। 2006 ਵਿੱਚ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਦੇ ਅਹੁਦੇ ਤੋਂ ਸੇਵਾ ਮੁਕਤ ਹੋਣ ਤੋਂ ਬਾਅਦ ਉਹ ਦੇਸ਼ ਵਿਦੇਸ਼ ਟਾਈਮਜ਼ ਦੇ ਸੰਪਾਦਕ ਬਣੇ। ਫੇਰ ਪੰਜਾਬੀ ਜਾਗਰਣ ਦੇ ਫਾਊਂਡਰ ਸੰਪਾਦਕ ਬਣੇ ਅਤੇ ਮੌਜੂਦਾ ਸਮੇਂ ਉਹ ਰੋਜ਼ਾਨਾ ਸਪੋਕਸਮੈਨ ਦੇ ਸੰਪਾਦਕ ਸਨ। ਪੰਜਾਬੀ ਟ੍ਰਿਬਿਊਨ ਵਿੱਚ ਤਾਂ ਉਨ੍ਹਾਂ ਸਾਢੇ ਤਿੰਨ ਦਹਾਕਿਆਂ ਤੋਂ ਵੀ ਵੱਧ ਸਮਾਂ ਸੇਵਾਵਾਂ ਨਿਭਾਈਆਂ। ਟ੍ਰਿਬਿਊਨ ਦੀ ਬਿਲਡਿੰਗ ਵਿੱਚ ਦੂਜੀ ਮੰਜ਼ਿਲ ਉਤੇ ਸੰਪਾਦਕ ਦੇ ਕਮਰੇ ਵਿੱਚ ਬੈਠੇ ਭੁੱਲਰ ਸਾਹਬ ਨੂੰ ਜਦੋਂ ਵੀ ਮਿਲਣ ਜਾਂਦੇ ਤਾਂ ਅੱਗਿਓ ਉਹ ਐਨ ਡੀ ਟੀ ਵੀ ਚੈਨਲ ਦੀ ਵੈਬਸਾਈਟ ਖੋਲ੍ਹੀ ਬੈਠੇ ਮਿਲਦੇ।ਕਿਸੇ ਵੇਲੇ ਪੰਜਾਬੀ ਟ੍ਰਿਬਿਊਨ ਅਖਬਾਰ ਭੁੱਲਰਾਂ ਦੇ ਅਖਬਾਰ ਨਾਲ ਜਾਣਿਆ ਜਾਂਦਾ ਸੀ।ਗੁਰਬਚਨ ਭੁੱਲਰ, ਸ਼ੰਗਾਰਾ ਸਿੰਘ ਭੁੱਲਰ, ਨਰਿੰਦਰ ਭੁੱਲਰ, ਗੁਰਦੇਵ ਭੁੱਲਰ, ਕੁਲਦੀਪ ਭੁੱਲਰ, ਚਰਨਜੀਤ ਭੁੱਲਰ ਸਭ ਪੰਜਾਬੀ ਟ੍ਰਿਬਿਊਨ ਦੇ ਭੁੱਲਰ ਨਗੀਨੇ ਸਨ।
ਭਾਸ਼ਾ ਵਿਭਾਗ ਪੰਜਾਬ ਦੇ ਸ਼੍ਰੋਮਣੀ ਪੱਤਰਕਾਰ ਐਵਾਰਡ ਜੇਤੂ ਸ਼ੰਗਾਰਾ ਸਿੰਘ ਭੁੱਲਰ ਨਵਾਂ ਜ਼ਮਾਨਾ ਅਖਬਾਰ ਦੇ ਉਪ ਸੰਪਾਦਕ ਵੀ ਰਹੇ ਹਨ ਜਿਸ ਨੂੰ ਪੰਜਾਬੀ ਪੱਤਰਕਾਰੀ ਦੀ ਨਰਸਰੀ ਕਿਹਾ ਜਾਂਦਾ। ਉਹ ਦਿੱਲੀ ਵਿੱਚ ਜਥੇਦਾਰ ਅਖਬਾਰ ਦੇ ਉਪ ਸੰਪਾਦਕ ਵੀ ਰਹੇ। ਵੱਖ ਵੱਖ ਵਿਸ਼ਿਆਂ ਉਤੇ ਨਿਰੰਤਰ ਕਾਲਮ ਲਿਖਣ ਵਾਲੇ ਸ਼ੰਗਾਰਾ ਸਿੰਘ ਜੀ ਦਾ ਜੱਦੀ ਪਿੰਡ ਗੁਰਦਾਸਪੁਰ ਜ਼ਿਲ੍ਹੇ ਵਿੱਚ ਭੁੱਲਰ ਹੈ।ਬੇਅਰਿੰਗ ਕ੍ਰਿਸਚੀਅਨ ਕਾਲਜ ਤੋਂ ਬੀਏ ਕੀਤੀ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਪੰਜਾਬੀ ਦੀ ਐਮ ਏ ਕਰਦਿਆਂ ਉਹ ਡਾ ਬਰਜਿੰਦਰ ਸਿੰਘ ਹਮਦਰਦ ਦੇ ਜਮਾਤੀ ਰਹੇ।ਉਘੇ ਪ੍ਰਸ਼ਾਸਕ ਅਤੇ ਸਾਹਿਤ/ਕਲਾ ਪ੍ਰੇਮੀ ਡਾ ਮਹਿੰਦਰ ਸਿੰਘ ਰੰਧਾਵਾ ਨੇ ਆਪਣੀ ਪੁਸਤਕ ਆਪ ਬੀਤੀ ਦੀ ਡਿਕਟੇਸ਼ਨ ਭੁੱਲਰ ਸਾਹਬ ਨੂੰ ਦਿੱਤੀ ਸੀ।
ਭੁੱਲਰ ਸਾਹਬ ਦੀ ਅੱਜ ਮੈਨੂੰ ਰਹਿ ਰਹਿ ਕੇ ਯਾਦ ਆ ਰਹੀ ਹੈ। ਆਵੇ ਵੀ ਕਿਉਂ ਨਾ। ਮੈਨੂੰ ਪੰਜਾਬੀ ਟ੍ਰਿਬਿਊਨ ਵਿੱਚ ਆਪਣੀ ਪਹਿਲੀ ਨੌਕਰੀ ਦਾ ਨਿਯੁਕਤੀ ਪੱਤਰ ਭੁੱਲਰ ਸਾਹਬ ਦੇ ਸੰਪਾਦਕ ਰਹਿੰਦਿਆਂ ਉਨ੍ਹਾਂ ਦੇ ਦਸਤਖ਼ਤਾਂ ਹੇਠ 21 ਜੂਨ 2006 ਨੂੰ ਮਿਲਿਆਂ ਸੀ। ਫੇਰ ਭੁੱਲਰ ਸਾਹਬ ਦੀ ਪ੍ਰਵਾਨਗੀ ਨਾਲ ਹੀ ਦਸੰਬਰ 2006 ਵਿੱਚ ਦੋਹਾ (ਕਤਰ) ਵਿਖੇ ਹੋਈਆਂ ਏਸ਼ਿਆਈ ਖੇਡਾਂ ਦੀ ਕਵਰੇਜ਼ ਦਾ ਮੈਨੂੰ ਮੌਕਾ ਮਿਲਿਆਂ ਸੀ। ਇਹ ਮੇਰਾ ਪਹਿਲਾ ਮੌਕਾ ਮੇਲ ਸੀ ਜਦੋਂ ਮੈਂ ਕੌਮਾਂਤਰੀ ਖੇਡਾਂ ਦੀ ਕਵਰੇਜ਼ ਕਰਨ ਗਿਆ।ਪੰਜਾਬੀ ਟ੍ਰਿਬਿਊਨ ਤੋਂ ਬਾਅਦ ਪੰਜਾਬੀ ਜਾਗਰਣ ਵਿੱਚ ਸੰਪਾਦਕ ਰਹਿੰਦਿਆਂ ਭੁੱਲਰ ਸਾਹਬ ਨੇ ਕਹਿ ਕਹਿ ਕੇ ਲੇਖ ਲਿਖਵਾਏ। ਭੁੱਲਰ ਸਾਹਬ ਦੀ ਪ੍ਰੇਰਨਾ ਸਦਕਾ ਪਹਿਲੀ ਵਾਰ ਮੈਂ ਮਿਡਲ ਆਰਟੀਕਲ ਲਿਖਣੇ ਸ਼ੁਰੂ ਕੀਤੇ।
ਸ਼ੰਗਾਰਾ ਸਿੰਘ ਭੁੱਲਰ ਨਾਲ ਸ਼ੁਰੂਆਤੀ ਸਮਿਆਂ ਵਿੱਚ ਸੰਪਾਦਕ ਰਹੇ ਹੋਣ ਕਰ ਕੇ ਮੇਰਾ ਉਨ੍ਹਾਂ ਨਾਲ ਰਸਮੀ ਸੰਪਾਦਕ-ਪੱਤਰਕਾਰ ਵਾਲਾ ਰਿਸ਼ਤਾ ਸੀ ਪਰ ਮਗਰਲੇ ਸਮੇਂ ਵਿੱਚ ਤਾਂ ਉਨ੍ਹਾਂ ਨਾਲ ਰਿਸ਼ਤਾ ਇੰਨਾ ਗੂੜ੍ਹਾ ਹੋ ਗਿਆ ਸੀ ਕਿ ਇੰਝ ਲੱਗਦਾ ਸੀ ਜਿਵੇਂ ਮੈਂ ਉਨ੍ਹਾਂ ਦਾ ਸਾਥੀ ਰਿਹਾ ਹੋਵਾਂ ਜਾਂ ਪਰਿਵਾਰਕ ਮੈਂਬਰ ਹੋਵਾਂ। 3 ਸਾਲ ਪਹਿਲਾ ਤਾਂ ਉਨ੍ਹਾਂ ਆਪਣੀ ਵਿਆਹ ਦੀ ਗੋਲਡਨ ਜੁਬਲੀ ਦੇ ਜਸ਼ਨਾਂ ਵਿੱਚ ਸ਼ਾਮਲ ਹੋਣ ਦਾ ਮੌਕਾ ਦਿੱਤਾ ਸੀ।ਮਹੀਨੇ ਚ ਇਕ-ਦੋ ਵਾਰ ਮੇਲ ਮਿਲਾਪ ਤਾਂ ਹੁੰਦਾ ਹੀ ਸੀ, ਫ਼ੋਨ ਉਪਰ ਤਾਂ ਚੌਥੇ-ਪੰਜਵੇਂ ਦਿਨ ਪੱਕੀ ਹੁੰਦੀ।ਉਨ੍ਹਾਂ ਦੀ ਬੋਲੀ ਤੇ ਤੋਰ ਤਾਂ ਆਪਣਾ ਹੀ ਮੜਕਾਵਾਂ ਸਟਾਈਲ ਸੀ।ਬਾਅਦ ਵਿੱਚ ਉਨ੍ਹਾਂ ਦੇ ਨਰਮ ਸੁਭਾਅ ਦੇ ਦਰਸ਼ਨ ਹੋਣ ਤੋਂ ਬਾਅਦ ਮੈਂ ਅਕਸਰ ਸੋਚਦਾ ਸੀ ਕਿ ਭੁੱਲਰ ਸਾਹਬ ਦੇ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਰਹਿੰਦਿਆਂ ਉਨ੍ਹਾਂ ਕੋਲੋਂ ਐਵੇਂ ਹੀ ਡਰੀ ਗਏ।
ਸਕੱਤਰੇਤ ਆਉਣ ਲਈ ਜਦੋਂ ਵੀ ਉਨ੍ਹਾਂ ਮੁਹਾਲੀਓ ਆਪਣੇ ਘਰੋਂ ਚੱਲਣਾ ਤਾਂ ਸਭ ਤੋਂ ਪਹਿਲਾ ਮੈਨੂੰ ਫ਼ੋਨ ਖੜਕਾਉਣਾ। ਕਈ ਵਾਰ ਮੈਥੋਂ ਫ਼ੋਨ ਨਾ ਰਿਸੀਵ ਕੀਤਾ ਜਾਣਾ ਤਾਂ ਉਹ ਸਾਥੀ ਐਨ ਪੀ ਨੂੰ ਫ਼ੋਨ ਕਰ ਦਿੰਦੇ ਪਰ ਕਦੇ ਵੀ ਫ਼ੋਨ ਨਾ ਚੁੱਕਣ ਦਾ ਗ਼ੁੱਸਾ ਨਾ ਕਰਨਾ। ਹਾਲ ਹੀ ਵਿੱਚ ਜਦੋਂ ਮੈਂ ਆਪਣੀ ਨਵੀਂ ਪੁਸਤਕ ਉਨ੍ਹਾਂ ਨੂੰ ਭੇਂਟ ਕਰਨ ਘਰ ਗਿਆ ਤਾਂ ਖ਼ੁਸ਼ੀ ਵਿੱਚ ਉਨ੍ਹਾਂ ਉਚੇਚੇ ਤੌਰ ਉਤੇ ਭਾਂਤ ਭਾਂਤ ਦੇ ਪਕੌੜੇ ਤੇ ਮਠਿਆਈ ਮੰਗਾ ਕੇ ਮੇਰਾ ਸਵਾਗਤ ਕੀਤਾ। ਘਰ ਦੇ ਇਕੱਲੇ ਇਕੱਲੇ ਮੈਂਬਰ ਨਾਲ ਜਾਣ ਪਛਾਣ ਕਰਵਾਈ। ਜਾਂਦੇ ਹੋਏ ਨੂੰ ਮੈਨੂੰ ਸ਼ਗਨ ਦੇ ਕੇ ਤੋਰਿਆ।
ਥੋੜੇ ਦਿਨਾਂ ਬਾਅਦ ਜਦੋਂ ਮੈਂ ਗੁਰਭਜਨ ਗਿੱਲ ਜੀ ਦੀਆਂ ਕਿਤਾਬਾਂ ਭੇਂਟ ਕਰਨ ਲੲੀ ਉਨ੍ਹਾਂ ਦੇ ਘਰ ਫੇਰ ਗਿਅਾ ਤਾਂ ਜਾਂਦੇ ਨੂੰ ਫੇਰ ਪਕੌੜੇ ਮੰਗਵਾਈ ਬੈਠੇ ਸਨ। ਕਹਿੰਦੇ ਅੱਜ ਤੇਰੀ ਕਿਤਾਬ ਪੜ੍ਹਨ ਦੀ ਖ਼ੁਸ਼ੀ ਵਿੱਚ ਹੈ। ਭੁੱਲਰ ਸਾਹਬ ਨੇ 10 ਦਿਨਾਂ ਵਿੱਚ ਹੀ ਕਿਤਾਬ ਪੜ੍ਹ ਦਿੱਤੀ ਅਤੇ ਤਰੀਫ਼ਾਂ ਦੇ ਟੋਕਰੇ ਵਾਲਾ ਮੈਸੇਜ ਭੇਜ ਦਿੱਤਾ ਅਤੇ ਨਾਲ ਹੀ ਕਿਤਾਬ ਬਾਰੇ ਅੱਧਾ ਲਿਖਿਆ ਲੇਖ ਪੜ੍ਹਾਉਣ ਲੱਗ ਗਏ। ਮੇਰੀ ਨਵੀਂ ਕਿਤਾਬ ਉਤੇ ਸਭ ਤੋਂ ਵੱਧ ਹੱਲਾਸ਼ੇਰੀ ਦੇਣ ਵਾਲੇ ਭੁੱਲਰ ਸਾਹਬ ਸਨ। ਇਹ ਉਨ੍ਹਾਂ ਦਾ ਵੱਡਾਪਣ ਹੀ ਸੀ ਕਿ ਉਨ੍ਹਾਂ ਕਿਤਾਬ ਵਿੱਚ ਸ਼ਾਮਲ ਵੱਖ-ਵੱਖ 9 ਹਸਤੀਆਂ ਦੀ ਵੀ ਰੱਜ ਕੇ ਵਡਿਆਈ ਕੀਤੀ ਭਾਵੇਂ ਉਹ 5-6 ਨਾਲ਼ੋਂ ਸੀਨੀਅਰ ਸਨ। ਹਾਲਾਂਕਿ ਹੋਰ ਕਈਆਂ ਨੇ ਤਾਂ ਮੇਰੇ ਨਾਲ 9 ਜਣਿਆਂ ਦੀ ਚੋਣ ਉਤੇ ਰੰਜ ਵੀ ਕੀਤਾ ਸੀ। ਭੁੱਲਰ ਸਾਹਬ ਨੂੰ ਨਾ ਕੇਵਲ ਦੂਜਿਆਂ ਦੀ ਖੁਸ਼ੀ ਵਿੱਚ ਸ਼ਾਮਲ ਹੋਣਾ ਆਉਂਦਾ ਸੀ ਬਲਕਿ ਉਨ੍ਹਾਂ ਦਾ ਦੂਜੇ ਦੀ ਖ਼ੁਸ਼ੀ ਆਪ ਅੱਗੇ ਹੋ ਕੇ ਮਨਾਉਣ ਦਾ ਵੱਡਾ ਜਿਗਰਾ ਵੀ ਸੀ। ਉਨ੍ਹਾਂ ਸਾਡੇ ਵਰਗੇ ਨਵੀਂ ਉਮਰ ਦਿਆਂ ਨੂੰ ਲਿਖਣ ਤੇ ਛਾਪਣ ਲਈ ਬਹੁਤ ਉਤਸ਼ਾਹਤ ਕੀਤਾ।
ਸ਼ੰਗਾਰਾ ਸਿੰਘ ਭੁੱਲਰ ਪੰਜਾਬੀ ਪੱਤਰਕਾਰੀ ਦਾ ਉਚਾ ਬੁਰਜ ਸੀ ਜਿਹੜਾ ਸਦਾ ਪੱਤਰਕਾਰੀ ਨਾਲ ਜੁੜੇ ਹਰ ਸਖਸ਼ ਅਤੇ ਪਾਠਕਾਂ ਲਈ ਸਦਾ ਚੇਤਿਆਂ ਵਿੱਚ ਵਸਿਆ ਰਹੇਗਾ।
@ਨਵਦੀਪ ਸਿੰਘ ਗਿੱਲ
11.12.2019
-
ਨਵਦੀਪ ਗਿੱਲ, IPRO
navdeepsinghgill82@gmail.com
9780036216
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.