ਖ਼ਬਰ ਹੈ ਕਿ ਉਨਾਵ ਪੀੜਤ ਦੀ ਮੌਤ ਤੋਂ ਬਾਅਦ ਯੂ.ਪੀ. ਦਾ ਸਿਆਸੀ ਪਾਰਾ ਚੜ੍ਹ ਗਿਆ ਹੈ। ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਯੋਗੀ ਸਰਕਾਰ ਤੇ ਜੰਮਕੇ ਹੱਲਾ ਬੋਲਿਆ ਹੈ। ਉਸਨੇ ਕਿਹਾ ਹੈ ਕਿ ਯੂ.ਪੀ. 'ਚ ਅਪਰਾਧੀ ਬੇਖੋਫ਼ ਘੁੰਮ ਰਹੇ ਹਨ। ਉਨਾਵ 'ਚ ਬਲਾਤਕਾਰ ਪੀੜਤਾ ਦੀ ਮੌਤ ਤੋਂ ਬਾਅਦ ਸਮਾਜਵਾਦੀ ਪਾਰਟੀ ਪ੍ਰਮੁੱਖ ਅਖਿਲੇਸ਼ ਯਾਦਵ ਧਰਨੇ ਤੇ ਬੈਠ ਗਏ। ਉਹਨਾ ਕਿਹਾ ਕਿ ਭਾਜਪਾ ਦੇ ਰਾਜ 'ਚ ਔਰਤਾਂ ਖਿਲਾਫ਼ ਜ਼ੁਲਮ ਵਧੇ ਹਨ। ਉਨਾਵ ਸਮੂਹਕ ਬਲਾਤਕਾਰ ਮਾਮਲੇ ਤੇ ਬਸਪਾ ਸੁਪਰੀਮੋ ਮਾਇਆਵਤੀ ਨੇ ਯੂ.ਪੀ. ਦੇ ਰਾਜਪਾਲ ਅਨੰਦੀਬੇਨ ਪਟੇਲ ਨਾਲ ਰਾਜ ਭਵਨ 'ਚ ਮੁਲਾਕਾਤ ਕੀਤੀ ਹੈ ਤੇ ਕਿਹਾ ਕਿ ਭਾਜਪਾ ਦੀ ਸਰਕਾਰ 'ਚ ਹੁਣ ਔਰਤਾਂ ਸੁਰੱਖਿਅਤ ਨਹੀਂ ਹਨ।
"ਗਲਤੀਆਂ ਕਰਕੇ ਹੈਰਾਨ ਨਹੀਂ ਹੋਤੇ ਖ਼ੁਦ, ਮਗਰ ਖ਼ੂਬ ਦੇਤੇ ਹੈਂ ਉਪਦੇਸ਼ ਸਭੀ ਕੋ"। ਇਹ ਨੇਤਾਵਾਂ ਦਾ ਕਿਰਦਾਰ ਹੈ। ਉਹ ਭਲੇਮਾਣਸੋ, ਪ੍ਰਿਯੰਕਾ ਜੀ, ਅਖਿਲੇਸ਼ ਜੀ, ਮਾਇਆਵਤੀ ਜੀ, ਕੀ ਕਰਨ 'ਯੋਗੀ' ਜੀ, ਉਪਰਲੇ ਹੁਕਮ ਤੋਂ ਬਿਨ੍ਹਾਂ ਤਾਂ ਸੂਬੇ 'ਚ ਪੱਤਾ ਹੀ ਨਹੀਂ ਹਿੱਲਦਾ, ਤੁਸੀਂ ਤੁਹਮਤਾਂ ਦੇਈ ਜਾਂਦੇ ਓ, ਯੋਗੀ ਜੀ ਆਹ ਨਹੀਂ ਕਰਦੇ, ਯੋਗੀ ਉਹ ਨਹੀਂ ਕਰਦੇ। ਕੀ ਕਰਨ ਵਿਚਾਰੇ, ਵਖਤਾਂ ਦੇ ਮਾਰੇ? ਦੇਸ਼ 'ਚ ਤਾਂ ਹਫੜਾ-ਤਫੜੀ ਆ। "ਇੱਕ ਪਾਸੇ ਗੁਰਦਿਆਲ, ਦੂਜੇ ਪਾਸੇ ਯਸ਼ਪਾਲ, ਦੋਵੇਂ ਢੱਗੇ ਵੰਡਣ ਮਾਲ, ਕਰੀ ਜਾਂਦੇ ਕਮਾਲ"। ਇਸ ਕਮਾਲ ਦੇ ਵਿੱਚ 'ਅਪਰਾਧੀ' ਬੇਖੋਫ਼ ਨਾ ਹੋਣ ਤਾਂ ਕੀ ਕਰਨ ਭਾਈ?
ਅਪਰਾਧੀ ਤੇ ਸਿਆਸਤਦਾਨ ਇਕੋ ਸਿੱਕੇ ਦੇ ਦੋਵੇਂ ਪਾਸੇ ਨੇ। ਨਹੀਂ ਤਾਂ ਸੰਸਦ 'ਚ ਦਹਾੜਾਂ ਕਿਉਂ ਪੈਣ? ਅਕਲ ਦੀ ਗੱਲ ਕਿਉਂ ਨਾ ਹੋਵੇ? ਅੱਖਾਂ ਕੱਢ-ਕੱਢ ਇਕ ਦੂਜੇ ਵੱਲ ਕਿਉਂ ਵੇਖਣ? ਸਮਝ ਦੀ ਗੱਲ ਕਿਉਂ ਨਾ ਕਰਨ? ਕਾਨੂੰਨ ਹੀ ਭਾਈ ਇਹੋ ਜਿਹਾ, ਸ਼ਾਤਰ ਅਪਰਾਧੀ ਮੀਨ-ਮੇਖ ਨਾਲ ਬਾਹਰ ਨਿਕਲ ਤੁਰਦਾ ਤੇ ਸਿਆਸਤਦਾਨ ਦੀ ਝੋਲੀ ਜਾ ਵੜਦਾ। ਇਹੋ ਤਾਂ ਉਹਨਾ ਦੇ 'ਲਾਡਲੇ' ਪੁੱਤ ਆ। ਭਲਾ ਲਾਡਲਿਆਂ ਨੂੰ ਵੀ ਕੋਈ ਸੇਕ ਲੱਗਣ ਦੇਂਦਾ ਆ। ਉਂਜ ਰਿਵਾਜ ਜਿਹਾ ਆ ਨੇਤਾਵਾਂ 'ਚ, "ਲਹੂ ਚੀਚੀ ਨੂੰ ਲਾਕੇ ਕਹਿਣ ਨੇਤਾ, ਅੱਜ ਅਸੀਂ ਸ਼ਹੀਦਾਂ ਦੇ ਤੁਲ ਹੋ ਗਏ"। ਸਭ ਵੋਟਾਂ ਲੈਣ ਵਾਲੇ ਬਿਆਨ ਆ ਸੱਜਣਾ। ਤਦੇ ਕਵੀ ਕਹਿੰਦਾ ਥੱਕਦਾ ਹੀ ਨਹੀਂ, "ਭਲੇਮਾਣਸਾਂ ਤਾਈਂ ਇਹ ਪਕੜਦਾ ਏ, ਕੀ ਕਹਿੰਦੈ ਕਾਨੂੰਨ ਫਰੇਬੀਆਂ ਨੂੰ"?
ਕੌਣ ਸੋਚਦਾ ਮੈਨੂੰ ਨੁਕਸਾਨ ਹੋਵੇ, ਹਰ ਕੋਈ ਸੋਚਦਾ ਲਾਭ ਤੇ ਨਫ਼ਾ ਹੋਵੇ
ਖ਼ਬਰ ਹੈ ਕਿ ਦੋ ਦਿਨਾਂ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ ਸਮਿਟ ਖ਼ਤਮ ਹੋਣ ਤੋਂ ਬਾਅਦ ਮੁਖ ਮੰਤਰੀ ਅਮਰਿੰਦਰ ਸਿੰਘ ਨੇ ਰਾਜ ਵਿੱਚ ਇੰਡਸਟਰੀ ਲਈ ਕਈ ਸੌਗਾਤਾਂ ਦਾ ਐਲਾਨ ਕੀਤਾ ਹੈ। ਉਹਨਾ ਨੇ ਕਿਹਾ ਹੈ ਕਿ ਸਟਾਰਟ-ਅੱਪ ਕਲਚਰ ਨੂੰ ਉਤਸ਼ਾਹਤ ਕਰਨ ਲਈ 100 ਕਰੋੜ ਰੁਪਏ ਦਾ ਸਟਾਰਟ-ਅੱਪ ਫੰਡ ਸਥਾਪਿਤ ਕੀਤਾ ਗਿਆ ਹੈ। ਇਸ 100 ਕਰੋੜ ਵਿਚੋਂ 25 ਫ਼ੀਸਦੀ ਫੰਡ ਐਸ.ਸੀ. ਅਤੇ ਔਰਤ ਇੰਟਰਪਨੀਓਰ ਨੂੰ ਪਰਮੋਟ ਕਰਨ ਲਈ ਵਰਤਿਆ ਜਾਵੇਗਾ। ਸਮਿੱਟ ਵਿੱਚ ਦਸਿਆ ਗਿਆ ਕਿ ਪਿਛਲੇ ਇੱਕ ਦਹਾਕੇ ਵਿੱਚ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ 30 ਫ਼ੀਸਦੀ ਅਤੇ ਦੇਸੀ ਸੈਲਾਨੀਆਂ ਦੀ ਗਿਣਤੀ 'ਚ 27 ਫ਼ੀਸਦੀ ਵਾਧਾ ਹੋਇਆ ਹੈ।
ਸਮਿੱਟ ਦੇ ਲਿਬਾਸ ਵਾਲਿਆਂ ਪੂਰਾ ਦੇਸ਼ ਚਰੂੰਡ ਲਿਆ। ਦੇਸ਼ ਚਬਾ ਲਿਆ। ਦੇਸ਼ ਨਿਢਾਲ ਕਰ ਦਿੱਤਾ। ਤੇ ਹੁਣ ਅਗਲਾ ਸਟੇਸ਼ਨ "ਪੰਜਾਬ" ਆ।
ਦੇਸ਼ ਪੰਜਾਬ 'ਚ ਨਿੱਤ ਨਵੀਆਂ ਸਕੀਮਾਂ ਬਣਦੀਆਂ ਆਂ। ਪਿੰਡ ਦੀ ਸ਼ਾਮਲਾਟ ਨੂੰ ਉਦਯੋਗਪਤੀ ਬਣੇ "ਸਿਆਸਤਦਾਨਾਂ" ਦੇ ਢਿੱਡੀ ਪਾਉਣ ਦੀਆਂ। ਵੱਡੇ ਵੱਡੇ ਕਾਰਪੋਰੇਟੀਆਂ ਨੂੰ ਸੱਦਕੇ ਮਖਮਲੀ ਸਿਰਹਾਣੇ ਹੇਠ ਰੱਖੀਆਂ ਪੰਜਾਬ ਦੀ ਤਰੱਕੀ ਦੀਆਂ ਚਾਬੀਆਂ ਫੜਾਉਣ ਦੀਆਂ।
ਦੇਸ਼ ਪੰਜਾਬ 'ਚ ਹਰਾ ਇਨਕਲਾਬ ਆਇਆ। ਹਜ਼ਾਰਾਂ ਕਿਸਾਨਾਂ ਲਈ ਗਲਾਂ 'ਚ ਪਾਉਣ ਵਾਲੇ ਮੋਟੇ ਮੋਟੇ ਰੱਸੇ ਲੈ ਕੇ ਆਇਆ, ਜੀਹਨੂੰ ਗਲ 'ਚ ਪਾਕੇ ਉਹ ਸ਼ਤੀਰਾਂ ਨਾਲ ਲਟਕਣ ਲੱਗੇ। ਹਰਾ ਇਨਕਲਾਬ ਆਇਆ। ਪਿੰਡਾਂ ਦੇ ਵਸੀਮਿਆਂ 'ਚ, ਕੀਟਨਾਸ਼ਕਾਂ, ਸਪਰੇਆਂ ਦੀ ਭਰਮਾਰ ਲਿਆਕੇ, ਉਹਨਾ ਲਈ ਕੈਂਸਰ, ਖ਼ੂਨ ਦਾ ਦਬਾਅ, ਸ਼ੂਗਰ, ਜਿਹੀਆਂ ਬਿਮਾਰੀਆਂ, ਪੱਲੇ ਪਾ ਗਿਆ। ਪੰਜਾਬ 'ਚ ਉਦਯੋਗ ਕਿਥੇ ਆ? ਰਾਮ ਭਰੋਸੇ! ਪੰਜਾਬ 'ਚ ਪਾਣੀ ਕਿਥੇ ਆ? ਰਾਮ ਭਰੋਸੇ। ਪੰਜਾਬ 'ਚ ਨੌਕਰੀਆਂ ਕਿਥੇ ਆ? ਰਾਮ ਭਰੋਸੇ। ਪੰਜਾਬ ਦਾ ਖਜ਼ਾਨਾਂ ਕਿਥੇ ਆ? ਰਾਮ ਭਰੋਸੇ! ਉਹ ਭਾਈ ਪੰਜਾਬ ਦੀ ਸਰਕਾਰ ਕਿਥੇ ਆ? ਰਾਮ ਭਰੋਸੇ। ਜਦ ਸਭ ਕੁਝ ਪਹਿਲਾ ਹੀ ਰਾਮ ਭਰੋਸੇ ਆ, ਪੰਜਾਬ ਦਾ ਬੱਤੀ-ਪੱਖਾ, ਪੰਜਾਬ ਦਾ ਪੁਲਸ ਤੰਤਰ, ਪੰਜਾਬ ਦਾ ਅਫ਼ਸਰ ਤੰਤਰ, ਪੰਜਾਬ 'ਚ ਮਾਫੀਆ, ਫਿਰ ਭਾਈ ਆਹ ਨਵੀਂ ਬਲਾਅ 'ਇਨਟਰਪਨਿਓਰ ਵੀ ਤਾਂ ਰਾਮ ਭਰੋਸੇ ਹੀ ਰਹੂ। ਖਜ਼ਾਨਾ ਤਾਂ ਖਾਲੀ ਆ, ਰਾਮ ਭਰੋਸੇ ਆ ਤਾਂ ਆਹ 100 ਕਰੋੜ ਕਿਥੋਂ ਆਊ? ਉਂਜ ਵੀ ਭਾਈ ਹਰ ਕੋਈ ਦਾਅ ਤੇ ਆ। ਸਰਕਾਰ ਵੀ। ਉਦਯੋਗਪਤੀ ਵੀ। ਕਾਰੋਬਾਰੀ ਵੀ। ਜਿੰਨਾ ਕੁ ਪੰਜਾਬ 'ਚ ਰਸ ਬਾਕੀ ਬਚਿਆ, ਚੂਸਣ ਦੀ ਤਾਕ ਆ। ਤਦੇ ਤਾਂ ਕਹਿੰਦੇ ਆ, "ਕੌਣ ਸੋਚਦਾ ਮੈਨੂੰ ਨੁਕਸਾਨ ਹੋਵੇ, ਹਰ ਕੋਈ ਸੋਚਦਾ ਲਾਭ ਤੇ ਨਫਾ ਹੋਵੇ"।
ਭ੍ਰਿਸ਼ਟਾਚਾਰ ਦੇ ਖ਼ੂਹ ਵਿੱਚ ਖ਼ੁਦ ਡਿੱਗੇ, ਵੇਖੋ! ਸਾਡੀ ਇਹ ਰਹਿਨੁਮਾਈ ਕਰਦੇ।
ਖ਼ਬਰ ਹੈ ਕਿ ਮਹਾਰਾਸ਼ਟਰ ਦੇ ਐਨਟੀ ਕੁਰੱਪਸ਼ਨ ਬਿਊਰੋ (ਏ.ਸੀ.ਬੀ.) ਨੇ 70 ਹਜ਼ਾਰ ਕਰੋੜ ਦੇ ਵਿਦਰਭ ਸਿੰਚਾਈ ਸਕੈਮ ਵਿੱਚ ਐਨ.ਸੀ.ਪੀ. ਲਾਗੂ ਸ਼ਰਦ ਪਵਾਰ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਏ.ਸੀ.ਬੀ. ਨੇ ਬੰਬੇ ਹਾਈਕੋਰਟ ਦੀ ਨਾਗਪੁਰ ਬੈਂਚ ਵਿੱਚ ਦਿੱਤੇ ਹਲਫਨਾਮੇ ਵਿੱਚ ਕਿਹਾ ਹੈ ਕਿ ਵਿਦਰਭ ਖੇਤਰ ਵਿੱਚ ਸਿੰਚਾਈ ਪ੍ਰਾਜੈਕਟਾਂ ਨੂੰ ਮਨਜ਼ੂਰੀ ਦੇਣ ਤੇ ਸਿਰੇ ਚੜ੍ਹਾਉਣ ਵਿੱਚ ਹੋਈਆਂ ਕਥਿਤ ਬੇਨੇਮੀਆਂ ਵਿੱਚ ਪਵਾਰ ਦੀ ਸ਼ਮੂਲੀਅਤ ਸਾਬਤ ਨਹੀਂ ਹੋਈ। ਦਿਲਚਸਪ ਗੱਲ ਇਹ ਹੈ ਕਿ ਇਹ ਹਲਫ਼ਨਾਮਾ 27 ਨਵੰਬਰ ਨੂੰ ਦਿੱਤਾ ਗਿਆ ਸੀ ਤੇ ਉਸਦੇ ਇੱਕ ਦਿਨ ਬਾਅਦ ਸ਼ਿਵ ਸੈਨਾ-ਐਨ.ਸੀ.ਪੀ.-ਕਾਂਗਰਸ ਗੱਠਜੋੜ ਮਹਾਂਵਿਕਾਸ ਅਘਾੜੀ ਦੀ ਸਰਕਾਰ ਨੇ ਸਹੁੰ ਚੁੱਕੀ।
ਝੂਠ ਨੂੰ ਪੈਰਾਂ ਦੀ ਕੀ ਲੋੜ ਆ? ਮਹਾਰਾਸ਼ਟਰ 'ਚ ਆਟਾ ਨਹੀਂ ਲੂਣ ਗੁੰਨਿਆ ਗਿਆ। ਅਗਾੜੀ-ਪਿਛਾੜੀ ਸਿਆਸਤ ਦਾ ਗੰਦਾ ਖੇਲ ਖੇਲਿਆ ਗਿਆ। ਮਾਂ ਦੇ ਸੰਦੂਕ ਤੇ ਪਿਆ ਲਾਲ ਸੂਟਕੇਸ ਸਾਂਭਣ ਲਈ ਭਾਜਪਾ ਨੇ ਪੂਰਾ ਟਿੱਲ ਲਾਇਆ, ਪਰ ਸ਼ਿਵ ਸੈਨਾ ਦੇ ਹਿੱਸੇ ਲਾਲ ਸੂਟਕੇਸ ਵੀ ਆਇਆ ਤੇ ਸ਼ਰਦ ਪਵਾਰ ਵੀ, ਜਿਹੜਾ ਮਿਸਟਰ ਕਲੀਨ ਬਣਕੇ ਸ਼ਿਵ ਸੈਨਾ ਨੂੰ ਘੁੰਮਾਟਣੀ ਦਿੰਦਾ ਰਹੇਗਾ ਜਿਵੇਂ ਉਸ ਭਾਜਪਾ ਨੂੰ ਪਟਕਣੀ ਦਿੱਤੀ ਆ।
ਝੂਠ ਨੂੰ ਪੈਰਾਂ ਦੀ ਕੀ ਲੋੜ ਆ? ਸਿਆਸਤੀ ਘੋੜੇ ਨਾ ਬੁੱਢੇ ਹੁੰਦੇ ਆ ਅਤੇ ਨਾ ਬੇਈਮਾਨ! ਉਹ ਜੁਆਨੀ 'ਚ ਤਾਂ ਜੁਆਨ ਰਹਿੰਦੇ ਹੀ ਆ ਪਰ ਬੁਢਾਪੇ 'ਚ ਉਹਨਾ ਦੇ ਚਿਹਰੇ ਦਾ ਰੰਗ ਲਾਲ ਸੂਹਾ ਹੋ ਜਾਂਦਾ, ਕਿਉਂਕਿ ਉਹਨਾ ਦੇ ਅੱਗੇ-ਪਿੱਛੇ "ਜਵਾਨ ਸਿਆਸਦਾਨਾਂ" ਦੀ ਡਾਰ ਘੁੰਮਦੀ ਆ। ਝੂਠ ਦੇ ਖੰਭਾਂ 'ਚ ਉਡਾਰੀਆਂ ਮਾਰਨ ਵਾਲੇ ਇਹ ਸਿਆਸਤਦਾਨ ਹਰ ਸਮੇਂ ਪਵਿੱਤਰ ਅਤੇ ਬੁੱਧੀਮਾਨ ਬਣੇ ਰਹਿੰਦੇ ਆ। ਵੇਖੋ ਨਾ ਜੀ ਦਹਾਕਿਆਂ ਤੋਂ ਬੇਈਮਾਨਾਂ ਦਾ "ਟਿੱਕਾ" ਲਗਾਈ ਬੈਠਾ 'ਪਵਾਰ' ਮਿੰਟਾਂ ਸਕਿੰਟਾਂ 'ਚ ਇਮਾਨਦਾਰੀ ਦੇ 'ਬਸਤਰ' ਪਾ ਕੇ ਘੁੰਮਣ ਲੱਗ ਤੁਰਿਆ। ਇਹ ਨੂੰ ਕਹਿੰਦੇ ਆ ਕਿ ਸਿਆਸਤ ਇਹਨੂੰ ਕਹਿੰਦੇ ਆ ਉਸਤਾਦੀ। ਇਹਨੂੰ ਕਹਿੰਦੇ ਆ ਦੇਸ਼ ਦੀ ਬਰਬਾਦੀ। ਉਂਜ ਭਾਈ ਦੇਸ਼ ਬਰਬਾਦ ਹੁੰਦਾ ਆ ਤਾਂ ਹੋਏ ਪਿਆ, ਦੇਸ਼ 'ਚ ਇਹਨਾ ਨੇਤਾਵਾਂ ਦੀ ਬਦੌਲਤ ਭ੍ਰਿਸ਼ਟਾਚਾਰ ਦੀ ਅਲਖ ਜਗਦੀ ਆ ਤੇ ਇਹਨਾ ਦੇ ਖਜ਼ਾਨੇ ਭਰਦੇ ਆ। ਇਹ ਖੁਸ਼ਹਾਲ ਹੁੰਦੇ ਆ ਤੇ ਦੇਸ਼ ਖੁਸ਼ਹਾਲ ਹੁੰਦਾ ਆ ਤੇ ਤਦੇ ਇਹ ਦੇਸ਼ ਚਲਾਉਂਦੇ ਆ। ਇਹੋ ਜਿਹੇ ਨੇਤਾਵਾਂ ਬਾਰੇ ਕਵੀ ਤਦੇ ਹੀ ਤਾਂ ਲਿਖਦਾ ਆ, "ਭ੍ਰਿਸ਼ਟਾਚਾਰ ਦੇ ਖੂਹ ਵਿੱਚ ਖ਼ੁਦ ਡਿੱਗੇ, ਵੇਖੋ! ਸਾਡੀ ਇਹ ਰਹਿਨੁਮਾਈ ਕਰਦੇ"।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ!
· ਸੁਪਰੀਮ ਕੋਰਟ ਵਿੱਚ ਹਾਈਕੋਰਟ ਅਤੇ ਪੁਲਿਸ ਮੁਖੀਆਂ ਵਲੋਂ ਪੇਸ਼ ਕੀਤੇ ਅੰਕੜਿਆਂ ਅਨੁਸਾਰ ਪਿਛਲੇ ਛੇ ਮਹੀਨਿਆਂ ਵਿੱਚ 24, 212 ਜਬਰ ਜਨਾਹ(ਬਲਾਤਕਾਰ) ਦੇ ਮਾਮਲੇ ਦਰਜ ਹੋਏ ਹਨ। ਜਦਕਿ 2017 ਵਿੱਚ 32,559 ਜਬਰ ਜਨਾਹ ਦੇ ਮਾਮਲੇ ਸਾਹਮਣੇ ਆਏ ਸਨ। ਇਹਨਾ ਕੁਲ ਦਾਇਰ ਮਾਮਲਿਆਂ ਵਿੱਚ 2017 ਵਿੱਚ 32.2 ਫ਼ੀਸਦੀ ਬਲਾਤਕਾਰੀਆਂ ਨੂੰ ਸਜ਼ਾ ਮਿਲੀ, ਜਦਕਿ 2012 ਵਿੱਚ 24.2 ਫ਼ੀਸਦੀ ਬਲਾਤਕਾਰੀਆਂ ਨੂੰ ਸਜ਼ਾ ਮਿਲੀ ਸੀ।
ਇੱਕ ਵਿਚਾਰ
ਕਾਮਯਾਬੀ ਪਿਛਲੀ ਤਿਆਰੀ ਉਤੇ ਨਿਰਭਰ ਕਰਦੀ ਹੈ ਅਤੇ ਤਿਆਰੀ ਦੇ ਬਿਨ੍ਹਾਂ ਕੀਤੇ ਗਏ ਕੰਮ ਵਿੱਚ ਨਾ-ਕਾਮਯਾਬੀ ਹੋਣਾ ਨਿਸ਼ਚਿਤ ਹੈ।
............ਜਾਨ ਬੁਡੇਨ
ਗੁਰਮੀਤ ਸਿੰਘ ਪਲਾਹੀ
9815802070
ਈਮੇਲ: gurmitpalahi@yahoo.com
-
ਗੁਰਮੀਤ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.