ਅਸੀਂ ਆਪਣੇ ਘਰ ਵਾਲਿਆਂ ਤੋਂ ਖਾੜਕੂਵਾਦ ਸਮੇਂ ਦੀਆਂ ਗੱਲਾਂ ਆਮ ਸੁਣਦੇ ਹਾਂ ਪੱਤਰਕਾਰੀ ਪੇਸ਼ੇ ਤੋਂ ਹੋਣ ਦੇ ਨਾਤੇ ਮੈਂ ਵੀ ਇੱਕ ਦਿਨ ਸੀਨੀਅਰ ਪੱਤਰਕਾਰ ਤੋਂ ਉਸ ਸਮੇਂ ਵਿੱਚ ਪੱਤਰਕਾਰੀ ਕਿਵੇਂ ਹੁੰਦੀ ਸੀ ਪੁੱਛਿਆ। ਉਨ੍ਹਾਂ ਕਿਹਾ ਉਸ ਸਮੇਂ ਪੱਤਰਕਾਰੀ ਕਰਨਾ ਸੌਖਾ ਨਹੀਂ ਸੀ।
ਉਸ ਸਮੇਂ ਪੱਤਰਕਾਰੀ ਕਰਦੇ ਕਰਦੇ ਕਈ ਪੱਤਰਕਾਰਾਂ ਨੇ ਪੱਤਰਕਾਰੀ ਛੱਡ ਦਿੱਤੀ ਅਤੇ ਕਈਆਂ ਨੂੰ ਆਪਣੀ ਮੌਤ ਦਾ ਸਾਹਮਣਾ ਕਰਨਾ ਪਿਆ। ਖਾੜਕੂਵਾਦ ਸਮੇਂ ਪੱਤਰਕਾਰੀ ਵਿੱਚ ਸਰਗਰਮ ਰਹੇ ਪੱਤਰਕਾਰ ਹਰੀਸ਼ ਚੰਦਰ ਬਾਗਾਂਵਾਲਾ ਨੇ ਕੁਝ ਗੱਲਾਂ ਮੇਰੇ ਨਾਲ ਸਾਂਝੀਆਂ ਕੀਤੀਆਂ। ਖਾੜਕੂ ਵੀ ਉਨ੍ਹਾਂ ਤੋਂ ਅਖ਼ਬਾਰਾਂ ਵਿੱਚ ਖ਼ਬਰਾਂ ਲਗਵਾਉਣ ਦੇ ਸਨ ਅਤੇ ਪੁਲਿਸ ਵਾਲੇ ਵੀ.... ਉਨ੍ਹਾਂ ਨੇ ਦੱਸਿਆ ਕਿ ਉਸ ਸਮੇਂ ਕਈ ਲੋਕ ਮੈਨੂੰ ਖਾੜਕੂਆਂ ਨਾਲ ਮਿਲਿਆ ਸਮਝਦੇ ਸਨ ਅਤੇ ਕਈ ਲੋਕ ਮੈਨੂੰ ਪੁਲਿਸ ਵਾਲਿਆਂ ਨਾਲ, ਪਰ ਮੈਂ ਉਸ ਸਮੇਂ ਸਿਰਫ ਆਪਣੀ ਪੱਤਰਕਾਰੀ ਕਰ ਰਿਹਾ ਸੀ। ਲਿਖਣ ਦਾ ਮੈਨੂੰ ਬਚਪਨ ਤੋਂ ਹੀ ਸ਼ੌਕ ਸੀ।ਇਸ ਲਈ ਪੱਤਰਕਾਰੀ ਕਰਨ ਜਨੂੰਨ ਵੀ। ਉਨ੍ਹਾਂ ਦੱਸਿਆ ਉਸ ਸਮੇਂ ਇੱਕ ਵੇਲੇ ਮੇਰੀਆਂ ਕਈ ਅਖ਼ਬਾਰਾਂ ਵਿੱਚ ਖ਼ਬਰਾਂ ਲੱਗਦੀਆਂ ਸਨ। ਇੱਕ ਵਾਕਿਆ ਸਾਂਝਾ ਕਰਦਿਆਂ ਹੋਇਆ ਉਨ੍ਹਾਂ ਨੇ ਦੱਸਿਆ ਜਦੋਂ ਤਿੰਨ ਜ਼ਿਲ੍ਹਿਆਂ ਦੀ ਪੁਲੀਸ ਨੇ ਇੱਕ ਪਿੰਡ ਵਿੱਚ ਦੋ ਖਾੜਕੂਆਂ ਨੂੰ ਮਾਰ ਦਿੱਤਾ ਅਤੇ ਮੈਡਲ ਲੈਣ ਲਈ ਤਿੰਨ ਜ਼ਿਲ੍ਹਿਆਂ ਦੀ ਪੁਲਿਸ ਦਾਅਵਾ ਕਰਨ ਲੱਗੇ ਕਿ ਇਨ੍ਹਾਂ ਖਾੜਕੂਆਂ ਨੂੰ ਅਸੀਂ ਮਾਰਿਆ ਹੈ ।
ਉਨ੍ਹਾਂ ਦੱਸਿਆ ਇੱਕ ਦੋ ਵਾਰ ਮੈਂ ਪੁਲਿਸ ਦੇ ਝੂਠੇ ਮੁਕਾਬਲਿਆਂ ਦੀ ਖਬਰ ਲਗਾ ਦਿੱਤੀ। ਜਿਸ ਤੋਂ ਬਾਅਦ ਕਈ ਪੁਲਿਸ ਅਧਿਕਾਰੀ ਮੇਰੇ ਵੈਰ ਪੈ ਗਏ। ਉਸ ਸਮੇਂ ਦੇ ਐਸਐਸਪੀ ਨੇ ਮੈਨੂੰ ਫੋਨ ਕਰਕੇ ਕਿਹਾ ਕਿ ਇੱਕ ਪਿੰਡ ਵਿੱਚ ਖਾੜਕੂਆਂ ਅਤੇ ਪੁਲੀਸ ਵਾਲਿਆਂ ਦਾ ਮੁਕਾਬਲਾ ਚੱਲ ਰਿਹਾ ਹੈ ਤੁਸੀਂ ਜਾ ਕੇ ਉੱਥੇ ਕਵਰ ਕਰੋ...ਇਸ ਨਾਲ ਤੁਹਾਨੂੰ ਵੀ ਤਸੱਲੀ ਹੋ ਜਾਵੇਗੀ ਕੇ ਪੁਲਿਸ ਸਹੀ ਹੈ। ਇੱਕ ਹੋਰ ਘਟਨਾ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਕਈ ਵਾਰ ਪੁਲਿਸ ਨੂੰ ਇਹ ਤੱਕ ਨਹੀਂ ਪਤਾ ਹੁੰਦਾ ਸੀ ਕਿ ਜਿਹੜਾ ਬੰਦਾ ਉਨ੍ਹਾਂ ਨਾਲ ਗੱਲਾਂ ਕਰਦਾ ਹੈ ਉਹ ਅਸਲ ਵਿੱਚ ਇੱਕ ਖਾੜਕੂ ਹੈ ਮੋਰਿੰਡੇ ਦੇ ਨੇੜੇ ਇੱਕ ਦੁਕਾਨ 'ਤੇ ਅਜਿਹਾ ਹੀ ਹੋਇਆ ਜਦੋਂ 2 ਖਾੜਕੂ ਆਪਣਾ ਮੋਟਰਸਾਈਕਲ ਠੀਕ ਕਰਵਾ ਰਹੇ ਸਨ ਤਾਂ ਪੁਲਿਸ ਵਾਲੇ ਉਥੇ ਆਏ ਤੇ ਇੱਕ ਘੰਟਾ ਉਨ੍ਹਾਂ ਨਾਲ ਗੱਲਾਂ ਕਰਦੇ ਰਹੇ ਜਦੋਂ ਉਹ ਪੁਲਿਸ ਵਾਲੇ ਦੁਕਾਨ ਤੋਂ ਜਾਣ ਲੱਗੇ ਤਾਂ ਕਿਸੇ ਨੇ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਉਹ ਦੋ ਲੋਕਾਂ ਨੂੰ ਜਾਂਦੇ ਸੀ ਤਾਂ ਉਨ੍ਹਾਂ ਨੇ ਕਿਹਾ ਨਹੀਂ ਤਾਂ ਬਾਅਦ ਵਿੱਚ ਪੁਲੀਸ ਵਾਲਿਆਂ ਨੂੰ ਪਤਾ ਲੱਗਿਆ ਕਿ ਉਹ ਖਾੜਕੂ ਸਨ।
ਇੱਕ ਹੋਰ ਘਟਨਾ ਦੱਸਦੇ ਹੋਏ ਉਹਨਾਂ ਨੇ ਜਦੋਂ ਪੁਲਸ ਅਧਿਕਾਰੀਆਂ ਨੇ ਇੱਕ ਪ੍ਰੈੱਸ ਕਾਨਫ਼ਰੰਸ ਰੱਖੀ ਜਿਸ ਦੇ ਵਿੱਚ ਦੱਸਿਆ ਗਿਆ ਕਿ ਅਸੀਂ ਮੁਕਾਬਲੇ ਵਿੱਚ ਇੱਕ ਖਾੜਕੂ ਮਾਰ ਦਿੱਤਾ ਹੈ ਅਤੇ ਦੂਸਰਾ ਉੱਥੋਂ ਫਰਾਰ ਹੋ ਗਿਆ ਜਦੋਂ ਪੁਲੀਸ ਵਾਲਿਆਂ ਤੋਂ ਪੁੱਛਿਆ ਗਿਆ ਕਿ ਦੂਸਰਾ ਖਾੜਕੂ ਕੌਣ ਸੀ ਤਾਂ ਉਸ ਨੇ ਉਸ ਦਾ ਨਾਮ ਦੱਸ ਦਿੱਤਾ। ਜਿਸ ਤੋਂ ਬਾਅਦ ਮੈਂ ਪੁਲਿਸ ਵਾਲਿਆਂ ਤੋਂ ਸਵਾਲ ਕੀਤਾ ਕਿ ਤੁਹਾਨੂੰ ਉਹ ਖਾੜਕੂ ਭੱਜਦੇ ਭੱਜਦੇ ਆਪਣਾ ਨਾਂ ਦੱਸ ਗਿਆ ਤਾਂ ਗੁੱਸੇ ਵਿੱਚ ਆ ਕੇ ਪੁਲਿਸ ਅਧਿਕਾਰੀਆਂ ਨੇ ਪ੍ਰੈੱਸ ਕਾਨਫਰੰਸ ਤੁਰੰਤ ਬੰਦ ਕਰ ਦਿੱਤੀ।
ਜਿਸ ਤੋਂ ਬਾਅਦ ਅਗਲੇ ਦਿਨ ਅਖ਼ਬਾਰ ਵਿੱਚ ਹੈਡਿੰਗ ਇਹ ਲੱਗੀ "ਜਦੋਂ ਭੱਜਦੇ ਭੱਜਦੇ ਖਾੜਕੂ ਨੇ ਆਪਣਾ ਨਾਮ ਪੁਲਿਸ ਵਾਲਿਆਂ ਨੂੰ ਦੱਸਿਆ " ਇੱਕ ਘਟਨਾ ਹੋਰ ਦਾ ਜ਼ਿਕਰ ਕਰਦੇ ਹੋਏ ਪੱਤਰਕਾਰ ਨੇ ਦੱਸਿਆ ਖੰਟ ਮਾਲਪੁਰ ਵਿੱਚ ਜਦੋਂ ਇੱਕ ਬੈਂਕ ਵਿੱਚ ਲੁੱਟ ਹੋਈ ਤਾਂ ਮੈਂ ਉਸ ਦੀ ਕਵਰੇਜ ਕਰਨ ਗਿਆ ਮੈਂ ਸਾਰੀ ਜਾਣਕਾਰੀ ਲੈ ਕੇ ਆ ਵੀ ਗਿਆ ਜਿਸ ਤੋਂ ਅੱਧੇ ਘੰਟੇ ਬਾਅਦ ਪੁਲੀਸ ਆਈ ਜਾਨੀ ਕਿ ਪੁਲਿਸ ਉੱਥੇ ਡੇਢ ਘੰਟੇ ਬਾਅਦ ਆਈ ।ਉਹ ਦਿਨਾਂ ਵਿੱਚ ਖਾੜਕੂਆਂ ਦੀ ਦਹਿਸ਼ਤ ਇੰਨੀ ਸੀ ਕਿ ਪੁਲਿਸ ਨੂੰ ਵੀ ਕੈਟ ਰੱਖਣੇ ਪੈ ਗਏ ਜਿਨ੍ਹਾਂ ਨੂੰ ਬਲੈਕ ਕੈਟ ਕਿਹਾ ਜਾਂਦਾ ਸੀ। ਉਨ੍ਹਾਂ ਨੇ ਆਪਣਾ ਭੇਸ ਖਾੜਕੂਆਂ ਵਰਗਾ ਬਣਾਇਆ ਹੁੰਦਾ ਸੀ ਪਰ ਉਹ ਪੁਲਿਸ ਲਈ ਕੰਮ ਕਰਦੇ ਸਨ। ਉਨ੍ਹਾਂ ਨੇ ਦੱਸਿਆ ਕਿ ਇੱਕ ਵਾਰੀ ਮੈਨੂੰ ਮਾਰਨ ਲਈ ਖਾੜਕੂ ਆ ਗਏ ਪਰ ਮੈਂ ਆਪਣੇ ਘਰੋਂ ਭੱਜ ਗਿਆ।
ਮੈਂ ਉਨ੍ਹਾਂ ਦੇ ਹੱਥ ਨਹੀਂ ਆਇਆ ਪਰ ਕਈਆਂ ਨੇ ਮੈਨੂੰ ਦੱਸਿਆ ਕਿ ਉਹ ਖਾੜਕੂ ਨਹੀਂ ਬਲੈਕ ਕੈਟ ਸਨ। ਮੈਂ ਕਾਫ਼ੀ ਦੇਰ ਅੰਡਰਗ੍ਰਾਊਂਡ ਰਿਹਾ ਜਦੋਂ ਮਾਮਲਾ ਠੰਢਾ ਹੋਇਆ ਤਾਂ ਮੈਂ ਘਰ ਵਾਪਿਸ ਆ ਗਿਆ। ਉਹਨਾਂ ਦੱਸਿਆ ਕੇ ਇੱਕ ਵਾਰ ਮੇਰੇ 'ਤੇ ਡਿਸਟਿਕ ਮੈਜਿਸਟਰੇਟ ਵਲੋਂ ਟਾਡਾ ਦਾ ਕੇਸ ਪਾ ਦਿੱਤਾ ਜਿਸ ਤੋਂ ਬਾਅਦ ਕੁਝ ਦਿਨ ਬਾਅਦ ਮੈਂ ਇਹ ਸਾਰਾ ਮਾਮਲਾ ਇਕ ਸੀਨੀਅਰ ਪੱਤਰਕਾਰ ਪ੍ਰਭਜੋਤ ਸਿੰਘ ਨੂੰ ਦੱਸਿਆ ਜੋ ਮੈਨੂੰ ਰੋਪੜ ਤੋਂ ਚੰਡੀਗੜ੍ਹ ਲੈ ਗਏ ਅਤੇ ਸਾਰੀ ਜਾਣਕਾਰੀ ਹੋਮ ਸੈਕਟਰੀ ਨੂੰ ਦਿੱਤੀ। ਜਿਸ ਤੋਂ ਬਾਅਦ ਮੇਰੇ 'ਤੇ ਟਾਡਾ ਦਾ ਕੇਸ ਹੱਟ ਗਿਆ। ਉਨ੍ਹਾਂ ਕਿਹਾ ਉਨ੍ਹਾਂ ਦਿਨਾਂ ਵਿੱਚ ਪੱਤਰਕਾਰੀ ਕਰਨਾ ਬੜਾ ਮੁਸ਼ਕਿਲ ਸੀ ਕਿਉਂਕਿ ਤੁਹਾਨੂੰ ਇਹ ਨਹੀਂ ਪਤਾ ਹੁੰਦਾ ਸੀ ਕਿ ਕੌਣ ਤੁਹਾਡਾ ਆਪਣਾ ਹੈ ਅਤੇ ਕੋਣ ਬੇਗਾਨਾ... ਉਨ੍ਹਾਂ ਨੇ ਦੱਸਿਆ ਕਿ ਪੁਲਿਸ ਵਾਲੇ ਮੇਰੀ ਪੱਤਰਕਾਰੀ ਤੋਂ ਇੰਨੇ ਦੁਖੀ ਹੋ ਗਏ ਕਿ ਉਨ੍ਹਾਂ ਨੇ ਮੇਰੇ ਅਖਬਾਰ ਦੇ ਦਫਤਰ ਤੇ ਛਾਪਾ ਮਾਰਿਆ। ਅਖ਼ਬਾਰ ਦਾ ਦਫ਼ਤਰ ਮੇਰੀ ਦੁਕਾਨ ਵਿੱਚ ਹੀ ਸੀ। ਉਹ ਮੇਰਾ ਅਖ਼ਬਾਰ ਦਾ ਸਾਰਾ ਰਿਕਾਰਡ ਉੱਥੋਂ ਚੁੱਕ ਕੇ ਲੈ ਗਏ ਜਿਸ ਵਿੱਚ ਮੇਰੇ ਕੁਝ ਜ਼ਰੂਰੀ ਕਾਗ਼ਜ਼ ਵੀ ਸਨ।
ਆਖਿਰ ਮੈਂ ਇੱਕ ਗੱਲ ਉਸ ਸਮੇਂ ਦੀ ਸਾਂਝੀ ਕਰਦਾ ਹਾਂ ਜਦੋਂ ਮੇਰੀ ਭੂਆ ਮੋਰਿੰਡਾ ਤੋਂ ਆਲਮਪੁਰ ਸਕੂਲ ਵਿੱਚ ਪੜ੍ਹਾਉਣ ਜਾਂਦੇ ਸਨ। ਇੱਕ ਦਿਨ ਉਨ੍ਹਾਂ ਨੂੰ ਇੱਕ ਬੰਦਾ ਰਾਸਤੇ ਵਿੱਚ ਹੱਥ ਮਾਰਦਾ ਹੈ। ਮੇਰੀ ਭੂਆ ਕੋਲ ਉਸ ਸਮੇਂ ਸਕੂਟਰੀ ਹੁੰਦੀ ਸੀ। ਮੇਰੀ ਭੂਆ ਸਕੂਟਰੀ ਰੋਕਦੀ ਹੈ ਤਾਂ ਬੰਦਾ ਮੇਰੀ ਬੂਆ ਨੂੰ ਕਹਿੰਦਾ ਹੈ ਤੁਸੀਂ ਕਿੱਥੇ ਜਾਣਾ ਹੈ ਤਾਂ ਮੇਰੀ ਭੂਆ ਆਲਮਪੁਰ ਕਹਿੰਦੀ ਹੈ ਉਹ ਕਹਿੰਦਾ ਹੈ ਕਿ ਮੈਨੂੰ ਉੱਥੇ ਤੱਕ ਲੈ ਜਾਓ। ਉਹ ਬੰਦਾ ਸਕੂਟਰੀ ਫੜਦਾ ਹੈ। ਮੇਰੀ ਭੂਆ ਸਕੂਟੀ ਦੇ ਪਿੱਛੇ ਰਾਮ ਰਾਮ ਕਰਦੀ ਜਾਂਦੀ ਹੈ ਕਿਉਂਕਿ ਕਿਤੇ ਨਾ ਕਿਤੇ ਮੇਰੀ ਭੂਆ ਨੂੰ ਅੰਦਾਜ਼ਾ ਹੋ ਗਿਆ ਸੀ ਕਿ ਇਹ ਬੰਦਾ ਖਾੜਕੂ ਹੈ ਜਦੋਂ ਮੇਰੀ ਭੂਆ ਨੇ ਉਸ ਬੰਦੇ ਨੂੰ ਕਿਹਾ ਵੀਰ ਜੀ ਮੇਰਾ ਸਕੂਲ ਆ ਗਿਆ ਤਾਂ ਉਸ ਬੰਦੇ ਨੇ ਸਕੂਟਰੀ ਰੋਕ ਦਿੱਤੀ ਅਤੇ ਅੱਗੇ ਨੂੰ ਪੈਦਲ ਜਾਣ ਲੱਗਾ। ਜਾਂਦੇ ਜਾਂਦੇ ਮੇਰੀ ਭੂਆ ਨੂੰ ਉਸ ਬੰਦੇ ਨੇ ਇਹੀ ਕਿਹਾ ਭੈਣੇ ਤੂੰ ਜੋ ਸੋਚ ਰਹੀ ਐਂ ਮੈਂ ਉਹੀ ਹਾਂ।
ਚੰਡੀਗੜ੍ਹ
10-12-2019
-
ਅੰਕੁਰ ਤਾਂਗੜੀ , ਲੇਖਕ
akchd3@gmail.com
9780216988
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.