ਜਿੰਨ੍ਹਾਂ ਕਰਕੇ ਮੈਂ ਪਿੰਡ ਬਸੰਤਕੋਟ (ਗੁਰਦਾਸਪੁਰ) ਤੋਂ 1971 ਚ ਲੁਧਿਆਣੇ ਆਇਆ ਸਾਂ, ਮੇਰੇ ਵੱਡੇ ਭਾ ਜੀ ਪ੍ਰਿੰਸੀਪਲ ਜਸਵੰਤ ਸਿੰਘ ਗਿੱਲ ਦੀ ਪਿਛਲੇ ਮਹੀਨੇ ਵਿਆਹ ਦੀ 50ਵੀਂ ਵਰ੍ਹੇਗੰਢ ਸੀ। ਦੋਰਾਹਾ ਦੇ ਗੁਰੂ ਨਾਨਕ ਨੈਸ਼ਨਲ ਕਾਲਿਜ ਤੋਂ ਪ੍ਰਿੰਸੀਪਲ ਵਜੋਂ ਦਸ ਸਾਲ ਕਾਰਜਸ਼ੀਲ ਰਹਿਣ ਉਪਰੰਤ ਸੇਵਾਮੁਕਤ ਹੋ ਕੇ ਭਾ ਜੀ ਅੱਜ ਕੱਲ੍ਹ ਬੱਚਿਆਂ ਕੋਲ ਸਿਡਨੀ ਵੱਸਦੇ ਹਨ।
ਪਰ ਵਿਆਹ ਵੇਲੇ ਉਹ ਜੀ ਜੀ ਐੱਨ ਖ਼ਾਲਸਾ ਕਾਲਿਜ ਲੁਧਿਆਣਾ ਚ ਪੁਲਿਟੀਕਲ ਸਾਇੰਸ ਪੜ੍ਹਾਉਂਦੇ ਸਨ। ਬਸੰਤਕੋਟ ਤੋਂ ਕੁੱਲ 11 ਬਾਰਾਤੀ ਸਨ ਜਲੰਧਰ ਵਿਆਹੁਣ ਆਏ। ਸਾਡਾ ਆਪਣਾ ਹੀ ਟੱਬਰ ਸੀ, ਉਹ ਵੀ ਪੂਰਾ ਨਹੀਂ।
ਬੰਦੇ ਵਧਣ ਕਰਕੇ ਭਾਜੀ ਸੁਖਵੰਤ ਪਿੰਡ ਰਹਿ ਗਏ ਸਨ। ਉਸ ਦਿਨ ਗੁਰੂ ਨਾਨਕ ਦੇਵ ਜੀ ਦਾ 500 ਵਾਂ ਪ੍ਰਕਾਸ਼ ਪੁਰਬ ਸੀ। ਸਭ ਸੜਕਾਂ ਤੇ ਸਵਾਰ ਸੁਲਤਾਨਪੁਰ ਲੋਧੀ ਜਾ ਰਹੇ ਸਨ ਤੇ ਅਸੀਂ ਜਲੰਧਰ। ਧੁੰਦ ਕਾਫ਼ੀ ਸੀ ਪਰ ਨੌਂ ਵਜੇ ਅਸੀਂ ਸਭ ਯੁਵਕ ਕੇਂਦਰ, ਰਾਜਿੰਦਰ ਨਗਰ ਲਾਡੋਵਾਲੀ ਰੋਡ ਚ ਸਾਂ। ਮੂੰਹ ਹੱਥ ਥੋ ਕੇ ਸੈਂਟਰਲ ਟਾਊਨ ਜਾਣਾ ਸੀ ਜਿੱਥੇ ਬਾਰਾਤ ਦੀ ਉਡੀਕ ਹੋ ਰਹੀ ਸੀ।
ਪੰਜਾਹ ਸਾਲ ਬੀਤਣ ਤੇ ਹੁਣ ਪਿਛਲੇ ਮਹੀਨੇ ਭਾਜੀ ਆਸਟਰੇਲੀਆ ਤੋਂ ਵਤਨ ਆਏ। ਗੁਰੂ ਨਾਨਕ ਪਰਕਾਸ਼ ਪੁਰਬ ਵਾਲੇ ਦਿਨ ਮੈਂ ਮੁਬਾਰਕ ਦਿੱਤੀ ਤਾਂ ਬੋਲੇ ਕਿ ਮੈਂ ਤਾਂ 23 ਨਵੰਬਰ ਹੀ ਮਨਾਵਾਂਗਾ। ਉਹ ਵੀ ਕਰਤਾਰਪੁਰ ਸਾਹਿਬ (ਪਾਕਿਸਤਾਨ)ਜਾ
ਕੇ। ਨਾਲੇ ਆਪਣੇ ਜੱਦੀ ਪਿੰਡ ਨਿੱਦੋਕੇ ਤੋਂ ਵੀ ਕੁਝ ਸੱਜਣ ਬੁਲਾਵਾਂਗਾ।
ਉਨ੍ਹਾਂ ਇੰਜ ਹੀ ਕੀਤਾ।
ਜੱਗਬਾਣੀ ਦੇ ਹਿੰਮਤੀ ਪੱਤਰਕਾਰ ਹਰਪ੍ਰੀਤ ਸਿੰਘ ਕਾਹਲੋਂ ਤੇ ਅਮਰੀਕ ਸਿੰਘ ਟੁਰਨਾ ਨੇ ਇੱਕ ਦਿਨ ਮੈਨੂੰ ਕਰਤਾਰਪੁਰ ਸਾਹਿਬ ਦੀਆਂ ਕੁਝ ਤਸਵੀਰਾਂ ਤੇ ਆਲੇਖ ਲਿਖ ਭੇਜਿਆ। ਹਰਪ੍ਰੀਤ ਮੇਰਾ ਮੂੰਹ ਬੋਲਿਆ ਭਤੀਜਾ ਹੈ। ਉਸ ਸਦਕਾ ਹੀ ਮੈਂ ਜਗਤ ਚਾਚਾ ਬਣਦਾ ਜਾ ਰਿਹਾਂ, ਬਿਨਾ ਪ੍ਰਧਾਨ ਮੰਤਰੀ ਬਣਿਆਂ। ਸਿਰਫ਼ 14 ਨਵੰਬਰ ਵਾਲਾ ਨਹੀਂ, ਸਦੀਵਕਾਲੀ ਚਾਚਾ।
ਮੈਂ ਹਰਪ੍ਰੀਤ ਨੂੰ ਦੱਸਿਆ ਕਿ ਮੇਰੇ ਭਾ ਜੀ ਵੀ 23 ਨਵੰਬਰ ਨੂੰ ਆਪਣੇ ਵਿਆਹ ਦੀ 50ਵੀਂ ਵਰ੍ਹੇਗੰਢ ਮਨਾ ਕੇ ਆਏ ਨੇ ਕਰਤਾਰਪੁਰੋਂ। ਉਸ ਨੂੰ ਗੱਲ ਦਿਲਚਸਪ ਲੱਗੀ, ਆਪਣੇ ਪਾਠਕਾਂ ਨੂੰ ਦੱਸਣ ਵਾਲੀ।
ਵਿੱਚੋਂ ਮੈਂ ਡਰਾਂ!ਬਈ ਭਾ ਜੀ ਕਹਿਣਗੇ ਇਹ ਭਲਾ ਦੱਸਣ ਵਾਲੀ ਕਿਹੜੀ ਗੱਲ ਸੀ?
ਭਾ ਜੀ ਤੇ ਭੈਣ ਜੀ ਪੁਰਸ਼ੋਤਮ 6 ਦਸੰਬਰ ਨੂੰ ਆਸਟਰੇਲੀਆ ਪਰਤ ਗਏ ਹਨ।
ਪਰ ਹੌਸਲਾ ਕਰਕੇ ਮੈਂ ਭਾ ਜੀ ਦਾ ਨੰਬਰ ਦੇ ਹੀ ਦਿੱਤਾ ਤੇ ਹਰਪ੍ਰੀਤ ਨੂੰ ਕਹਿ ਦਿੱਤਾ ਕਿ ਬਾਕੀ ਗੱਲਾਂ ਆਪ ਕਰ ਲੈ।
ਹਰਪ੍ਰੀਤ ਸੰਨ ਸੰਤਾਲੀ ਦੇ ਦਰਦਾਂ ਨੂੰ ਸਮਝਦਿਆਂ ਲੰਮੇ ਸਮੇਂ ਤੋਂ ਪਾਟੇ ਰਿਸ਼ਤੇ ਸਿਊਣ ਦਾ ਕੰਮ ਕਰ ਰਿਹੈ। ਸੰਤਾਲੀ ਵੇਲੇ ਭਾ ਜੀ ਸਾਢੇ ਤਿੰਨ ਸਾਲ ਦੇ ਸਨ। ਮੇਰੇ ਵੱਡੇ ਭੈਣ ਜੀ ਅੱਠ ਸਾਲ ਦੇ ਸਨ।
1997 ਚ ਸੰਤਾਲੀ ਦੀ 50ਵੀਂ ਸਾਲ ਗਿਰ੍ਹਾ ਤੇ ਮੈਂ ਇੱਕ ਗ਼ਜ਼ਲ ਲਿਖੀ ਸੀ ਜੋ ਪਹਿਲੀ ਵਾਰ ਨਨਕਾਣਾ ਸਾਹਿਬ ਜਾ ਕੇ ਪਹਿਲੀ ਵਾਰ ਪੜ੍ਹੀ ਸੀ।
ਜ਼ਿੰਦਗੀ ਕਿਸ ਦੋਸ਼ ਬਦਲੇ ਦੇ ਗਈ ਕਰੜੀ ਸਜ਼ਾ।
ਪਹਿਲਾਂ ਵਾਅ ਨੇ ਟਾਹਣ ਤੋੜੇ ਫਿਰ ਜੜ੍ਹਾਂ ਤੋਂ ਪੁੱਟਿਆ।
ਮੇਰੀ ਮਾਂ ਭੁੱਲਦੀ ਨਹੀਂ ਅੱਧੀ ਸਦੀ ਪਹਿਲਾਂ ਦੀ ਬਾਤ,
ਇੱਕ ਛੰਨਾ ਪੋਣੇ ਬੱਧੀ ਰੋਟੀ ਕੁੱਤਾ ਲੈ ਗਿਆ।
ਕਸਰ ਤੂੰ ਛੱਡੀ ਨਾ ਕੋਈ ਅੱਗ ਲਾ ਕੇ ਐ ਹਵਾ,
ਵੇਖ ਲੈ ਤੂੰ ਫੇਰ ਕਿੱਦਾਂ ਝੂਮਦਾ ਜੰਗਲ ਹਰਾ।
ਪੋਣੇ ਬੱਧੀ ਰੋਟੀ ਮੇਰੇ ਭਾ ਜੀ ਲਈ ਬੀਬੀ ਜੀ ਨੇ ਬਚਾ ਕੇ ਸਿਰਹਾਣਾ ਬਣਾ ਸਿਰਥੱਲੇ ਛੰਨੇ ਚ ਲੁਕਾ ਕੇ ਰੱਖੀ ਸੀ, ਜੋ ਕੁੱਤਾ ਲੈ ਗਿਆ। ਉਹ ਕੁੱਤਾ ਸਰਬਕਾਲੀ ਭੁੱਖਾ ਹੈ ਹੁਣ ਵੀ ਵੱਖ ਵੱਖ ਰੂਪ ਚ ਹਰ ਬੱਚੇ ਦੀ ਰੋਟੀ, ਬਸਤਾ, ਦਵਾਈ ਬੂਟੀ ਕੇ ਹੋਰ ਬਹੁਤ ਕੁਝ ਖੋਂਹਦਾ ਫਿਰਦਾ ਹੈ।
ਕਰਤਾਰਪੁਰ ਵਾਲਾ ਲਾਂਘਾ ਇਸ ਲੋਕ ਦੁਸ਼ਮਣ ਕੁੱਤੇ ਦੇ ਮੂੰਹ ਤੇ ਕਰਾਰੀ ਚਪੇੜ ਹੈ।
ਇੱਕ ਗੱਲ ਹੋਰ
ਨਿੱਦੋ ਕੇ ਤੋਂ ਭਾਜੀ ਭੈਣ ਜੀ ਨੂੰ ਮਿਲਣ ਆਏ ਜੀਆਂ ਨੇ ਸਾਡੇ ਲਈ ਪੋਟਿਆਂ ਨਾਲ ਵੱਟੀਆਂ ਸੇਵੀਆਂ ਤੇ ਦੁੱਧ ਚਿੱਟੀ ਸ਼ੱਕਰ ਲਿਆਂਦੀ, ਅਖੇ ਸਾਰੇ ਜੀਆਂ ਨੂੰ ਵੰਡਿਓ!
ਹੋਰ ਮੁਹੱਬਤ ਹੁੰਦੀ ਕੀ ਹੈ?
ਹਰਪ੍ਰੀਤ ਕਾਹਲੋਂ ਤੇ ਅਮਰੀਕ ਟੁਰਨਾ ਦੀ ਲਿਖਤ ਅੱਜ 10 ਦਸੰਬਰ ਨੂੰ ਜੱਗਬਾਣੀ ਚ ਜਿਵੇਂ ਛਪੀ ਹੈ ਹੂ ਬਹੂ ਪੜ੍ਹੋ!
ਜਦੋਂ ਮਨਾਈ ਵਿਆਹ ਦੀ 50 ਵੀਂ ਵਰ੍ਹੇਗੰਢ ਕਰਤਾਰਪੁਰ ਸਾਹਿਬ ਵਿਖੇ
ਕਰਤਾਰਪੁਰ ਸਾਹਿਬ ਤੋਂ ਹਰਪ੍ਰੀਤ ਸਿੰਘ ਕਾਹਲੋਂ ਅਤੇ ਅਮਰੀਕ ਸਿੰਘ ਟੁਰਨਾ ਦੀ ਰਿਪੋਰਟ
1947 ਵੰਡ ਤੋਂ ਪਹਿਲਾਂ ਕਰਤਾਰਪੁਰ ਸਾਹਿਬ ਤੋਂ 7 ਮੀਲ ਪਰ੍ਹਾਂ ਨਾਰੋਵਾਲ ਦੇ ਪਿੰਡ ਨਿੱਦੋਕੇ ਵਿਖੇ ਸਰਦਾਰ ਹਰਨਾਮ ਸਿੰਘ ਦਾ ਪਰਿਵਾਰ ਰਹਿੰਦਾ ਸੀ। ਵੰਡ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਕਰਤਾਰਪੁਰ ਸਾਹਿਬ ਤੋਂ 7 ਮੀਲ ਉਰਾਂ ਭਾਰਤ ਵਾਲੇ ਪਾਸੇ ਪਿੰਡ ਬਸੰਤਕੋਟ ਵਿਖੇ ਆ ਗਿਆ।
ਪਿੰਡ ਬਸੰਤਕੋਟ ਦੇ ਜਸਵੰਤ ਸਿੰਘ ਗਿੱਲ ਹੁਣਾਂ ਦਾ ਵਿਆਹ 23 ਨਵੰਬਰ 1969 ਨੂੰ ਪ੍ਰਸ਼ੋਤਮ ਕੌਰ ਹੋਣਾਂ ਨਾਲ ਹੋਇਆ। ਇਸੇ ਤਾਰੀਖ ਨੂੰ ਅੱਜ ਤੋਂ 50 ਸਾਲ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 500 ਸਾਲਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ ਸੀ। ਜਸਵੰਤ ਸਿੰਘ ਗਿੱਲ ਅੱਜ ਕੱਲ੍ਹ ਆਸਟਰੇਲੀਆ ਰਹਿੰਦੇ ਹਨ। 26 ਨਵੰਬਰ 2018 ਦੀ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ ਦੀ ਖ਼ਬਰ ਉਨ੍ਹਾਂ ਲਈ ਖੁਸ਼ੀ ਲੈ ਕੇ ਆਈ ਅਤੇ ਉਨ੍ਹਾਂ ਨੇ ਮਨ ਬਣਾ ਲਿਆ ਕਿ ਉਹ ਆਪਣੀ 50 ਵੀਂ ਵਰ੍ਹੇਗੰਢ ਕਰਤਾਰਪੁਰ ਸਾਹਿਬ ਵਿਖੇ ਹੀ ਮਨਾਉਣਗੇ। ਜਸਵੰਤ ਸਿੰਘ ਗਿੱਲ ਦੱਸਦੇ ਹਨ ਕਿ ਉਹ ਅਤੇ ਉਨ੍ਹਾਂ ਦੇ ਭਰਾ ਰੋਜ਼ੀ ਰੋਟੀ ਦੇ ਚੱਕਰ ਵਿੱਚ ਬਸੰਤ ਕੋਟ ਤੋਂ ਬਟਾਲਾ ਲੁਧਿਆਣਾ ਅਤੇ ਦੋਰਾਹੇ ਤੱਕ ਫੈਲ ਗਏ ਪਰ ਉਨ੍ਹਾਂ ਦਾ ਆਪਣੇ ਪਿੰਡ ਬਸੰਤਕੋਟ ਅਤੇ ਉਸ ਤੋਂ ਪਹਿਲਾਂ ਦੇ ਪਿੰਡ ਨਿੱਦੋਕੇ ਨਾਲ ਰਿਸ਼ਤਾ ਨਹੀਂ ਟੁੱਟਿਆ। ਅੱਜ ਤੋਂ ਪੰਜ ਛੇ ਸਾਲ ਪਹਿਲਾਂ ਉਨ੍ਹਾਂ ਨੇ ਆਪਣੇ ਪੁਰਾਣੇ ਪਿੰਡ ਦੇ ਬੰਦਿਆਂ ਨੂੰ ਲੱਭ ਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਵਿਆਹ ਦੀ 50 ਵੀਂ ਵਰ੍ਹੇਗੰਢ ਕਰਤਾਰਪੁਰ ਸਾਹਿਬ ਵਿਖੇ ਮਨਾਉਣ ਬਾਰੇ ਗੱਲ ਆਪਣੇ ਲਹਿੰਦੇ ਪੰਜਾਬ ਦੇ ਪਿੰਡ ਨਿੱਦੋਕੇ ਦੇ ਹਾਫਿਜ਼ ਅਬਦੁਲ ਗਫਾਰ ਦੇ ਪਰਿਵਾਰ ਨਾਲ ਸਾਂਝੀ ਕੀਤੀ।
ਹਾਫਿਜ਼ ਅਬਦੁਲ ਗਫਾਰ 23 ਨਵੰਬਰ ਨੂੰ ਆਪਣੀ ਘਰਵਾਲੀ ਰਿਹਾਨਾ ਗਫਾਰ ਅਤੇ ਬੱਚਿਆਂ ਨਾਲ ਉਚੇਚਾ ਕਰਤਾਰਪੁਰ ਸਾਹਿਬ ਵਿਖੇ ਪਹੁੰਚੇ । ਇਸ ਮੌਕੇ ਉਹ ਘਰੋਂ ਰੋਟੀ ਅਤੇ ਸੇਵੀਆਂ ਬਣਾ ਕੇ ਲਿਆਏ। ਅਬਦੁਲ ਗਫਾਰ ਨਾਰੋਵਾਲ ਵਿਖੇ ਅਧਿਆਪਕ ਹਨ। ਉਨ੍ਹਾਂ ਦੀਆਂ ਧੀਆਂ ਆਮਨਾ ਗਫਾਰ ਅਤੇ ਕੁਰਤੁਲੇਨ ਗਫਾਰ ਲਾਹੌਰ ਯੂਨੀਵਰਸਿਟੀ ਤੋਂ ਐਮ.ਐਸ.ਸੀ ਫਿਜ਼ਿਕਸ ਕਰ ਰਹੀਆਂ ਹਨ। ਅਬਦੁਲ ਗਫਾਰ ਦੱਸਦੇ ਹਨ ਕਿ ਧੀਆਂ ਦੀ ਪੜ੍ਹਾਈ ਲਈ ਉਨ੍ਹਾਂ ਦੀ ਮਾਂ ਅਤੇ ਦਾਦਾ ਜੀ ਲਾਹੌਰ ਵਿਖੇ ਹੀ ਰਹਿੰਦੇ ਹਨ। ਮਾਸਟਰ ਗੁਫਾਰ ਮੁਤਾਬਕ ਬਾਪੂ ਹਰਨਾਮ ਸਿੰਘ ਦੇ ਪਰਿਵਾਰ ਵਿੱਚੋਂ 72 ਵਰ੍ਹਿਆਂ ਬਾਅਦ ਉਨ੍ਹਾਂ ਦੇ ਪਰਿਵਾਰ ਵਿੱਚੋਂ ਕੋਈ ਉਨ੍ਹਾਂ ਨੂੰ ਮਿਲਿਆ ਹੈ ਇਸ ਦੀ ਉਨ੍ਹਾਂ ਨੂੰ ਅਥਾਹ ਖ਼ੁਸ਼ੀ ਹੋਈ। ਉਨ੍ਹਾਂ ਮੁਤਾਬਕ ਉਨ੍ਹਾਂ ਦੇ ਅੱਬਾ ਅਤੇ ਬਾਪੂ ਹਰਨਾਮ ਸਿੰਘ ਹੁਣਾਂ ਦਾ ਭਰਾਵਾਂ ਨਾਲੋਂ ਵੀ ਵੱਧ ਪਿਆਰ ਸੀ ਪਰ ਵੰਡ ਕਰਕੇ ਉਨ੍ਹਾਂ ਨੂੰ ਵਿਛੜਨਾ ਪਿਆ ।ਅਬਦੁਲ ਗਫਾਰ ਨਿਹਾਇਤ ਖੁਸ਼ੀ ਦੇ ਨਾਲ ਚੜ੍ਹਦੇ ਪੰਜਾਬ ਵਿੱਚ ਰਹਿੰਦੇ ਆਪਣੇ ਸਾਰੇ ਭਤੀਜਿਆਂ ਦੇ ਲਈ ਸੌਗਾਤ ਵਜੋਂ ਸ਼ੱਕਰ ਵੀ ਲੈ ਕੇ ਆਏ।
ਜਸਵੰਤ ਸਿੰਘ ਗਿੱਲ ਦੱਸਦੇ ਹਨ ਕਿ 1962 ਦੇ ਦਿਨਾਂ ਦੀ ਗੱਲ ਹੈ ਉਨ੍ਹਾਂ ਨੇ ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਸਾਹਿਬ ਨੂੰ ਵੇਖਿਆ ਸੀ ਅਤੇ ਸੋਚਿਆ ਸੀ ਕਿ ਇਹ ਮੌਸਮ ਹਵਾਵਾਂ ਅਤੇ ਪੰਛੀ ਜਦੋਂ ਇੱਕ ਦੂਜੇ ਦੇ ਆ ਸਕਦੇ ਹਨ ਤਾਂ ਅਸੀਂ ਬੰਦੇ ਕਿਉਂ ਨਹੀਂ ? ਉਨ੍ਹਾਂ ਮੁਤਾਬਿਕ ਆਪਣੀ ਵਿਆਹ ਦੀ ਵਰ੍ਹੇਗੰਢ ਮੌਕੇ ਕਰਤਾਰਪੁਰ ਸਾਹਿਬ ਵਿਖੇ ਆਪਣੇ ਪੁਰਾਣੇ ਪਿੰਡ ਦੇ ਬੇਲੀਆਂ ਨੂੰ ਮਿਲ ਕੇ ਇਹ ਯਾਦਗਾਰ ਦਿਨ ਹੋ ਨਿੱਬੜਿਆ ਸੀ। ਹਾਫਿਜ਼ ਅਬਦੁਲ ਗਫਾਰ ਦੱਸਦੇ ਹਨ ਕਿ ਉਹ ਇਸ ਤੋਂ ਪਹਿਲਾਂ ਵੀ ਕਰਤਾਰਪੁਰ ਸਾਹਿਬ ਵਿਖੇ ਅਕਸਰ ਹੀ ਆਉਂਦੇ ਰਹਿੰਦੇ ਹਨ। ਉਨ੍ਹਾਂ ਲਈ ਗੁਰੂ ਨਾਨਕ ਦੇਵ ਜੀ ਉਨ੍ਹਾਂ ਦੇ ਪੀਰ ਹਨ। ਉਨ੍ਹਾਂ ਮੁਤਾਬਕ ਵਿਆਹ ਤੋਂ ਬਹੁਤ ਲੰਮੇ ਸਮੇਂ ਤੱਕ ਉਨ੍ਹਾਂ ਦੇ ਕੋਈ ਔਲਾਦ ਨਹੀਂ ਸੀ ਅਖੀਰ ਕਰਤਾਰਪੁਰ ਸਾਹਿਬ ਵਿਖੇ ਸੁੱਖਣਾ ਸੁੱਖਣ ਤੋਂ ਬਾਅਦ ਹੀ ਉਨ੍ਹਾਂ ਨੂੰ ਦੋ ਧੀਆਂ ਦੀ ਦਾਤ ਮਿਲੀ। ਅਬਦੁਲ ਗਫਾਰ ਕਹਿੰਦੇ ਹਨ ਕਿ ਇਸ ਵਿਸ਼ਵਾਸ ਵਿੱਚ ਹੀ ਸਾਡੀ ਆਪਣੇ ਗੁਰੂ ਨਾਨਕ ਦੇਵ ਜੀ ਨੂੰ ਲੈ ਕੇ ਮੁਹੱਬਤ ਲੁਕੀ ਹੋਈ ਹੈ । ਉਨ੍ਹਾਂ ਨੂੰ ਖੁਸ਼ੀ ਹੈ ਕਿ ਉਨ੍ਹਾਂ ਦੀਆਂ ਧੀਆਂ ਆਮਨਾ ਅਤੇ ਕੁਰਤੁਲੇਨ ਹੋਣਹਾਰ ਧੀਆਂ ਹਨ ਅਤੇ ਲਾਹੌਰ ਯੂਨੀਵਰਸਿਟੀ ਵਿੱਚ ਪੜ੍ਹ ਰਹੀਆਂ ਹਨ।
ਜਸਵੰਤ ਸਿੰਘ ਗਿੱਲ ਦੱਸਦੇ ਹਨ ਕਿ ਉਨ੍ਹਾਂ ਦੇ ਪਰਿਵਾਰ ਵਿੱਚ ਸੀਰੀ ਦਾ ਕੰਮ ਕਰਦੇ ਹੋਏ ਬਾਊ ਨਵਾਬ ਮਸੀਹ ਹੋਣਾਂ ਨੂੰ ਵੀ ਉਹ ਮਿਲਣਾ ਚਾਹੁੰਦੇ ਸਨ ਪਰ ਉਨ੍ਹਾਂ ਦੀ ਉਮਰ ਇਸ ਵੇਲੇ 100 ਸਾਲ ਹੋਣ ਕਰਕੇ ਬਿਰਧ ਸਰੀਰ ਤੋਰਾ ਫੇਰਾ ਨਹੀਂ ਕਰ ਸਕਦਾ ਜਿਸ ਕਰਕੇ ਉਹ ਮਿਲ ਨਹੀਂ ਸਕੇ । ਜਸਵੰਤ ਸਿੰਘ ਗਿੱਲ ਭਾਵੁਕ ਹੋ ਕੇ ਕਹਿੰਦੇ ਹਨ ਕਿ ਪਰਵਾਸ ਕਰਦੇ ਹੋਏ ਅਸੀਂ ਬੇਸ਼ੱਕ ਆਸਟਰੇਲੀਆ ਆ ਪਹੁੰਚੇ ਹਾਂ ਪਰ ਪਰਵਾਸ ਕਰਦੇ ਹੋਏ ਪੰਛੀ ਆਪਣੇ ਘਰਾਂ ਨੂੰ ਪਰਤਦੇ ਜ਼ਰੂਰ ਹਨ ਅਤੇ ਆਪਣੇ ਪਿੱਛੇ ਛੁੱਟ ਗਏ ਘਰਾਂ ਨੂੰ ਤਾ ਉਮਰ ਯਾਦ ਰੱਖਦੇ ਹਨ।
10 - 12 - 2019
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.