ਇਹਨਾਂ ਸੁਰ-ਵਣਜਾਰਿਆਂ ਨਾਲ ਮੇਰੀ ਦਿਲੀ ਸਾਂਝ ਸੀ। ਇਹਨਾਂ 'ਚੋਂ ਬਹੁਤਿਆਂ ਦੇ ਅੰਗ-ਸੰਗ ਰਿਹਾ...ਲਗਭਗ ਬਰਾਰਬਰ ਜਿੰਨਾ ਹੀ ਸਭ ਦੇ। ਕਿਸੇ ਦੀ ਉਂਗਲੀ ਫੜ ਕੇ ਤੁਰਿਆ ਤੇ ਕੁਝ ਦੇ ਪਿੱਛੇ ਪਿੱਛੇ ਭਾਉਂਦਾ ਰਿਹਾ। ਸਭਨਾਂ ਦੀ ਸੰਗਤ ਰੱਜ-ਪੁੱਜ ਕੇ ਮਾਣੀਂ। ਕਿਸੇ ਨਾ ਕਿਸੇ ਢੰਗ ਨਾਲ ਇਨ੍ਹਾਂ ਦੀ ਨੇੜਤਾ ਨਸੀਬੇ ਆਉਂਦੀ ਰਹੀ ਹੈ। ਕਿਸੇ ਦੀ ਸੁਰ ਨੇ ਮੋਹਿਆ। ਕਿਸੇ ਦੀ ਸ਼ਖਸੀਅਤ ਨੇ। ਕਿਸੇ ਦੇ ਕਿੱਸੇ ਨੇ। ਕਿਸੇ ਦੇ ਤੂੰਬੇ ਨੇ ਤੇ ਕਿਸੇ ਦੀ ਹੇਕ ਨੇ ਹਾਕ ਮਾਰੀ। ਇਹ ਆਲੇ-ਭੋਲੇ ਫ਼ਨਕਾਰ ਸਨ। ਨਗਮੇਂ ਗਾਉਂਦੇ। ਸੁਰਾਂ ਖਿੰਡਾਉਂਦੇ ਮਨ ਤੇ ਪਰਚਾਉਂਦੇ। ਗਲੀ-ਗਲੀ ਭਾਉਂਦੇ। ਬੇਪਰਵਾਹ, ਮਸਤ-ਮੌਲੇ ਤੇ ਕਲਾ ਵਿਚ ਗੁਆਚੇ ਹੋਏ। ਕਦੇ ਜਗਤ ਸਿੰਘ ਜੱਗਾ ਨਾਲ ਰਿਕਸ਼ੇ 'ਤੇ ਬੈਠਿਆ ਸਾਂ ਤੇ ਕਦੇ ਨਰਿੰਦਰ ਬੀਬਾ ਦੇ ਗੋਡੇ ਮੁੱਢ। ਨਿਆਣਾ ਜਿਹਾ ਸਾਂ, ਸਾਰੇ ਪਿਆਰਦੇ-ਪੁਚਕਾਰਦੇ। ਬਾਹੋਂ ਫੜ ਫੜ ਕੋਲ ਬਿਠਾਉਂਦੇ।
ਜਦ ਇਹ ਸੁਰ -ਵਣਜਾਰੇ ਸਾਜ਼ਾਂ ਨੂੰ ਪਲੋਸਦੇ, ਸੁਰਾਂ ਉਤਪੰਨ ਹੁੰਦੀਆਂ। ਅਲਾਪ ਲੈਂਦੇ ਤਾਂ ਦਰੱਖਤਾਂ ਦੇ ਪੱਤੇ ਵੀ ਖੜ ਖੜ ਕਰਨੀ ਭੁੱਲ ਕੇ ਇੰਨ੍ਹਾਂ ਨੂੰ ਸੁਣਦੇ। ਸਮਿਆਂ ਦੇ ਸੰਗੀ ਸਨ। ਬਹੁ ਰੰਗੀ ਸਨ। ਮਨ ਦੇ ਮੌਜੀ ਸਨ। ਸੰਗੀਤਕ ਚੋਜੀ ਸਨ, ਸੁਰਾਂ ਨਾਲ ਚੋਜ ਕਰਦੇ। ਸੁਰਾਂ ਇਨ੍ਹਾਂ ਤੋਂ ਰਤਾ ਜੁਦਾ ਨਾ ਹੁੰਦੀਆਂ, ਆਸ ਪਾਸ ਰਹਿੰਦੀਆਂ ਤੇ ਜਿਦ ਜਿਦ ਕੇ ਖਹਿੰਦੀਆਂ।
ਇਹਨਾਂ ਸੰਗੀਤ ਅੰਬਰ ਦੇ ਤਾਰਿਆਂ ਚੋਂ ਜਦ ਕੋਈ ਤਾਰਾ ਭੁਰਦਾ ਸੀ, ਤਾਂ ਮੇਰੇ ਅੰਦਰੋਂ ਕੁਝ ਖੁਰਦਾ ਸੀ। ਉਹ ਸਹਿਜੇ ਸਹਿਜੇ ਕਾਗਜ਼ਾਂ ਦੀ ਹਿੱਕ 'ਤੇ ਕਲਮ ਉਲੀਕਦੀ ਰਹਿਣ ਲੱਗੀ। ਕਦੇ ਕਦੇ ਯਾਦਾਂ ਦੇ ਵਾਵਰੋਲੇ ਝੁਰਮਟ ਪਾਉਂਦੇ ਤਾਂ ਮੈਂਂ ਬੀਤ ਗਏ ਉਹਨਾਂ ਸਮਿਆਂ ਨੂੰ ਝੂਰਦਾ।
ਬਹੁਤਿਆਂ ਦੀਆਂ ਫੋਟੂਆਂ ਸਾਂਭ-ਸਾਂਭ ਕੇ ਰਖਦਾ ਸਾਂ ਕਿ ਕੀ ਪਤੈ ਕਿਧਰੇ ਕੰਮ ਹੀ ਜਾਣਗੀਆਂ!
ਜਦ ਹੁਣ ਇਨ੍ਹਾਂ ਦੀਆਂ ਯਾਦਾਂ ਰੂਪੀ ਸ਼ਬਦ ਚਿਤਰ ਇਸ ਕਿਤਾਬ ਰਾਹੀਂ ਸਾਂਭੇ ਗਏ ਹਨ ਤੇ ਪਾਠਕਾਂ ਦੇ ਹੱਥਾਂ ਵਿਚ ਹੈ ਇਹ ਕਿਤਾਬ ਤਾਂ ਮੈਨੂੰ ਲੱਗ ਰਿਹਾ ਹੈ ਕਿ ਇਹ ਸਭ ਰੱਬ ਦੀ ਦਰਗਾਹ ਵਿਚ ਬੈਠੇ ਪ੍ਰਸੰਨ ਚਿੱਤ ਹੋਣਗੇ। ਪਟਿਆਲਾ ਸੰਗੀਤ ਘਰਾਣੇ ਦੇ ਉਸਤਾਦ ਬਾਕੁਰ ਹੁਸੈਨ ਤੋਂ ਲੈ ਕੇ ਚਾਦੀ ਰਾਮ ਚਾਂਦੀ, ਬੀਬੀ ਨੂਰਾਂ, ਦਿਲਸ਼ਾਦ ਅਖਤਰ, ਵਲੈਤੀ ਰਾਮ ਮਹਿਕ, ਜਸਵਿੰਦਰ ਯਮਲਾ ਉਰਫ਼ ਘੂੰਨਾ ਜੱਟ, ਹਾਕਮ ਸੂਫੀ, ਜਗੀਰ ਸਿੰਘ ਤਾਲਿਬ, ਕੁਲਦੀਪ ਮਾਣਕ, ਰੌਸ਼ਨਂ ਸਾਗਰ (ਅਮਰ ਨੂਰੀ ਦਾ ਪਿਤਾ), ਚਮਨ ਲਾਲ ਗੁਰਦਾਸਪੁਰੀ, ਗਿਆਨ ਸਿੰਘ ਕੰਵਲ, ਦਲਬੀਰ ਨਸ਼ੱਈ, ਕਿਰਪਾਲ ਸਿਮਘ ਭੋਲਾ, ਪੂਰਨ ਚੰਦ ਹਜਰਾਵਾਂ ਵਾਲਾ, ਹਰਭਜਨ ਸਿੰਘ ਹੀਰ, ਅੰਟੀ ਮਹਿੰਦਰਜੀਤ ਕੌਰ ਸੇਖੌ, ਬਰਕਤ ਸਿੱਧੂ, ਗੁਰਪਾਲ ਸਿੰਘ ਪਾਲ, ਗੁਰਨਾਮ ਗਿੱਲ, ਧਰਮਪ੍ਰੀਤ, ਹਰੀ ਸਿੰਘ ਰੰਗੀਲਾ, ਕਰਮ ਸਿੰਘ ਅਲਬੇਲਾ, ਰਾਮ ਸਿੰਘ ਥਿੰਦ ਤੇ ਜਸਦੇਵ ਯਮਲਾ। ਇਹਨਾਂ ਚੋਂ ਬਹੁਤੇ ਉਸਤਾਦ ਯਮਲਾ ਜੱਟ ਦੇ ਚੇਲੇ ਹਨ। ਇੱਕ ਇੱਕ ਕਰ ਕੇ ਕਿਰ ਗਏ।
(ਇਹ ਕਿਤਾਬ ਕੈਲੀਬਰ ਪ੍ਰਕਾਸ਼ਨ ਪਟਿਆਲਾ ਨੇ ਛਾਪੀ ਹੈ, ਸੁਖਵਿੰਦਰ ਸੁਖੀ ਨੂੰ -98154-48958 ਉਤੇ ਫੋਨ ਕਰ ਕੇ ਭੇਜਣ ਦਾ ਹੁਕਮ ਦੇ ਸਕਦੇ ਹੋ)
ਹੇ ਮੇਰੇ ਉਸਤਾਦ!!
ਹੇ ਮੇਰੇ ਉਸਤਾਦ...ਤੂੰ ਕਦੀ ਨਹੀਂ ਮਰਿਆ...! ਨਾ ਮਰੇਂਗਾ ਕਦੀ। ਰੱਬ ਜਿਹੇ ਫ਼ਨਕਾਰ ਕਦੀ ਨਹੀਂ ਮਰਦੇ। ਤੇਰੇ ਤੂੰਬੇ ਦੀ ਟੁਣਕਾਰ ਸਾਨੂੰ ਹਮੇਸ਼ਾ ਹਲੂੰਣਦੀ ਰਹੇਗੀ। ਂਨਾਨਕ ਦੀ ਲੀਲ੍ਹਾ ਗਾਵਣ ਵਾਲੜਿਆ ਫਕੀਰ ਫਨਕਾਰਾ! ਏਨੇ ਸਾਲਾਂ ਬਾਅਦ ਵੀ ਤੇਰਾ ਤੂੰਬਾ ਤੇ ਤੇਰੀ ਮਧੁਰਮਈ ਆਵਾਜ਼ ਤੇ ਨਿਵੇਕਲਾ ਅੰਦਾਜ਼ ਕਿਧਰੇ ਗਿਆ ਨਹੀਂ। ਗੁੁਆਚਿਆ ਨਹੀਂ। ਼ਲੱਖਾਂ ਆਏ ਤੇ ਚਲਦੇ ਹੋਏ! ਕਾਫਲਿਆਂ ਦੇ ਕਾਫਲੇ ਗੁੰਮ ਗਏ। ਤੇਰਾ ਤੂੰਬਾ ਪੰਜਾਬਅਿਤ ਦੀ ਰੂਹ ਵਿਚ ਰਮਿਆ ਹੋਇਐ...ਟੁਣ ਟੁਣ ਟੁਕਣਦਾ ਏ ਤੂੰਬਾ... ਆਪਣੀ ਹੋਂਦ ਬਚਾਈ ਬੈਠਾ। ਪੱਛਮੀਂ ਸਾਜ਼ਾ ਦੀ ਚਕਾਚੌਂਧ ਵਿਚ ਆਪਣੀ ਸ਼ਾਨ ਬਣਾਈ ਬੈਠਾ। ਤੇਰੇ ਗੀਤ, ਤੇਰੀ ਗਾਥਾ, ਤੇਰੇ ਰੰਗ। ਕਿਆ ਕਮਾਲਾਂ! ਤੀਹ ਵਰ੍ਹੇ ਤੋਂ ਵੀ ਵੱਧ ਵਕਤ ਹੋ ਗਿਆ ਹੋਣੈ...ਦੂਰਦਰਸ਼ਨ ਕੇਂਦਰ ਜਲੰਧਰ ਤੋਂ ਗਾਈ ਤੇਰੀ 'ਗਾਥਾ ਗੰਗਾ ਰਾਮ' ਸੁਣਦਿਆਂ ਅੱਜ ਆਥਣੇ ਇਹ ਸ਼ਬਦ ਲਿਖ ਹੋ ਗਏ ਨੇ ਬਾਬਾ! ਪਰਵਾਨ ਕਰਨਾ ਉਸਤਾਦ। ਤੂੰ ਕਿਤੇ ਨਹੀਂ ਗਿਆ...ਅੰਗ ਸੰਗ ਏਂ ਸਾਡੇ...ਲਾਗੇ ਲਾਗੇ!
************
-
ਨਿੰਦਰ ਘੁਗਿਆਣਵੀ, ਲੇਖਕ ਤੇ ਕਾਲਮਨਿਸਟ
ninder_ghugianvi@yahoo.com
9417421700
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.