ਭਾਵੇਂ ਇਹ ਕਹਿਣ ਨੂੰ ਦਿਲ ਨਹੀਂ ਮੰਨਦਾ ਕਿ ਦਬੜੀਖ਼ਾਨੇ ਵਾਲਾ ਸਾਡਾ ਲੇਖਕ ਮਿੱਤਰ ਅਮਰਜੀਤ ਢਿੱਲੋਂ ਹੁਣ ਨਹੀਂ ਰਿਹਾ, ਪਰ ਸੱਚ ਹੈ ਕਿ ਪਿਛਲੇ ਦਿਨੀਂ ਇੱਕ ਸੜਕ ਹਾਦਸੇ ਵਿਚ ਸਖ਼ਤ ਜਖ਼ਮੀਂ ਹੋਣ ਤੋਂ ਬਾਅਦ ਲੰਘੀ 20 ਨਵੰਬਰ ਦੀ ਰਾਤ ਨੂੰ ਉਹ ਇਸ ਦੁਨੀਆਂ ਨੂੰ ਅਲਵਿਦਾ ਆਖ ਗਿਐ। ਪਿੰਡ ਵਾਲਿਆਂ ਦੇ 'ਭੂਰੇ ਡਾਕਟਰ' ਅਮਰਜੀਤ ਢਿੱਲੋਂ ਨੇ ਕਾਵਿ ਅਤੇ ਵਾਰਤਕ ਖੇਤਰ ਵਿਚ ਡੇਢ ਦਰਜਨ ਦੇ ਕਰੀਬ ਕਿਤਾਬਾਂ ਪੰਜਾਬੀ ਪਾਠਕਾਂ ਨੂੰ ਦਿੱਤੀਆਂ। ਲੰਮਾਂ ਸਮਾਂ ਉਹ ਪੰਜਾਬੀ ਦੇ ਵੱਖ-ਵੱਖ ਅਖ਼ਬਾਰਾਂ ਲਈ ਸਥਾਨਕ ਪ੍ਰਤੀਨਿਧੀ ਦੇ ਰੂਪ ਵਿਚ ਬਾਜਾਖ਼ਾਨਾ ਤੇ ਭਗਤਾ ਭਾਈ ਕਾ ਤੋਂ ਪੱਤਰਕਾਰੀ ਵੀ ਕਰਦਾ ਰਿਹਾ।
10 ਮਈ 1955 ਨੂੰ ਜੈਤੋ ਨੇੜਲੇ ਪਿੰਡ ਦਬੜੀਖ਼ਾਨੇ ਦੇ ਇੱਕ ਸਾਧਾਰਨ ਪਰਿਵਾਰ 'ਚ ਜਨਮਿਆ ਅਮਰਜੀਤ ਢਿੱਲੋਂ ਪ੍ਰਚੰਡ ਵਿਗਿਆਨਕ ਸੋਚ ਵਾਲਾ ਲੇਖਕ ਸੀ। ਬਚਪਨ 'ਚ ਹੀ ਉਹ ਗੁਰਦੁਆਰੇ ਦੇ ਗ੍ਰੰਥੀ ਰਾਮ ਸਿੰਘ ਨਿਹੰਗ ਕੋਲ ਜਾਣ ਲੱਗ ਪਿਆ ਤੇ ਪਾਠੀ ਬਣ ਗਿਆ। ਕਈ ਬਾਣੀਆਂ ਉਸ ਦੇ ਜੁਬਾਨੀ ਕੰਠ ਸਨ। ਅੱਠਵੀਂ ਜਮਾਤ ਵਿਚ ਉਹ ਪੜ੍ਹਨੋਂ ਹਟ ਗਿਆ ਤੇ ਲੋਪੋ ਵਾਲੇ ਸੰਤ ਦਰਬਾਰੀ ਦਾਸ ਕੋਲ ਉਸ ਦੇ ਡੇਰੇ ਜਾ ਵੜਿਆ। ਓਥੇ ਹੀ ਉਸ ਨੇ ਪੰਜਾਬੀ ਤੇ ਹਿੰਦੀ ਵਿਚ ਮਿਲਣ ਵਾਲੇ ਕਾਫ਼ੀ ਧਾਰਮਿਕ ਗ੍ਰੰਥਾਂ ਦਾ ਅਧਿਐਨ ਕਰ ਲਿਆ। ਪਰ ਦਸਵੀਂ ਦੇ ਪੇਪਰ ਦੇਣ ਵੇਲੇ ਉਹਦਾ ਮੇਲ ਕੁੱਝ ਨਕਸਲੀ ਮੁੰਡਿਆਂ ਨਾਲ ਹੋਇਆ ਤਾਂ ਉਸ ਦੀ ਸੋਚ ਬਦਲਣ ਲੱਗੀ। ਇਸੇ ਪ੍ਰਭਾਵ ਨੇ ਉਸ ਨੂੰ ਡੇਰੇ ਚੋਂ ਕੱਢ ਲਿਆਂਦਾ। ਰੋਜ਼ੀ ਰੋਟੀ ਲਈ ਸ਼ੁਰੂ ਵਿਚ ਉਸ ਨੇ ਫ਼ਿਰੋਜ਼ਪੁਰ ਵਿਚ ਟਾਈਪਿੰਗ ਦਾ ਕੰਮ ਕੀਤਾ ਪਰ ਕੰਮ ਬਹੁਤਾ ਚੱਲਿਆ ਨਹੀਂ। ਫਿਰ ਉਸਨੇ ਡਾਕਟਰੀ ਸਿੱਖੀ ਤੇ 17 ਸਾਲ ਦੀ ਉਮਰੇ ਥਾਂਦੇਵਾਲਾ 'ਚ ਦੁਕਾਨ ਕਰ ਲਈ। ਇਸੇ ਦੌਰਾਨ ਉਸ ਦਾ ਖੱਬੇ-ਪੱਖੀ ਵਿਚਾਰਧਾਰਾ ਨਾਲ ਮੇਲ ਜੋਲ ਵੱਧਦਾ ਗਿਆ ਤੇ ਉਹ ਬਾਕਾਇਦਾ ਧਰਨਿਆ ਮੁਜ਼ਾਹਰਿਆਂ 'ਚ ਸ਼ਿਕਰਤ ਕਰਨ ਲੱਗ ਪਿਆ।
ਛੋਟੀ ਉਮਰੇ ਹੀ ਉਹ ਧਾਰਮਿਕ ਕਵਿਤਾਵਾਂ ਲਿਖਣ ਲੱਗ ਪਿਆ ਸੀ। ਮਗਰੋਂ ਉਹ ਉਸਤਾਦ ਸ਼ਾਇਰ ਦੀਪਕ ਜੈਤੋਈ ਦੇ ਸੰਪਰਕ ਵਿਚ ਆਇਆ। ਉਨਾਂ ਦੀ ਪ੍ਰ੍ਰੇਰਣਾ ਸਦਕਾ ਹੀ ਸਾਹਿਤ ਸਭਾ ਜੈਤੋ ਦਾ ਗਠਨ ਕਰਕੇ ਅਮਰਜੀਤ ਢਿੱਲੋਂ, ਹਰਦਮ ਮਾਨ, ਹਰਜਿੰਦਰ ਸੂਰੇਵਾਲੀਆ ਤੇ ਸੁਰਿੰਦਰਪ੍ਰੀਤ ਘਣੀਆਂ ਮਿਲਕੇ ਲੰਮਾ ਸਮਾਂ ਵੱਡੀਆਂ ਸਾਹਿਤਕ ਸਰਗਰਮੀਆਂ ਕਰਦੇ ਰਹੇ। ਉਸਦੀ ਪਹਿਲੀ ਕਿਤਾਬ 'ਕਤਰਾ-ਕਤਰਾ ਮੌਤ' ਹਰਦਮ ਮਾਨ, ਸੁਰਜੀਤ ਅਮਰ ਤੇ ਮਨਪ੍ਰੀਤ ਨਾਲ ਸਾਂਝੀ ਸੀ । ਪੱਤਰਕਾਰੀ ਦਾ ਸਫ਼ਰ ਉਸਨੇ ਪੰਜਾਬੀ ਟ੍ਰਿਬਿਊਨ ਤੋਂ ਕੀਤਾ। ਮਗ਼ਰੋਂ ਦੁਨੀਆਂ ਭਰ ਦੇ ਪੰਜਾਬੀ ਅਖ਼ਬਾਰਾਂ/ਰਸਾਲਿਆਂ ਵਿਚ ਉਸ ਦੀਆਂ ਰਚਨਾਵਾਂ ਛਪਦੀਆਂ ਰਹੀਆਂ। ਪੰਜਾਬੀ ਟ੍ਰਿਬਿਊਨ ਵਿਚ ਉਸ ਦੇ ਕਾਵਿ ਵਿਅੰਗ 10-11 ਸਾਲ ਤੱਕ ਲਗਤਾਰ ਛਪਦੇ ਰਹੇ। 1978 ਵਿਚ ਉਸਦੀ ਪਲੇਠੀ ਕਿਤਾਬ 'ਧੁੱਪ ਦਾ ਲਿਬਾਸ' ਛਪੀ। ਇਸਤੋਂ ਬਾਅਦ ਜੱਗ ਰਚਨਾ ਦਾ ਸੱਚ, ਤਰਕਸ਼ੀਲ ਕਾਵਿ ਵਿਅੰਗ, ਮੁਕਤੀ ਦੀ ਇੱਛਾ ਨਹੀਂ, ਨੀਲੀ ਛਤਰੀ, ਲਫ਼ਜਾਂ ਦੇ ਤੀਰ, ਜ਼ਿੰਦਗੀ ਦਾ ਹੁਸਨ, ਰੱਬ ਦਾ ਯੱਭ, ਰੱਬ ਇੱਕ ਗੋਰਖ਼ਧੰਦਾ ਤੇ ਕੈਨੇਡਾ ਸਫ਼ਰਨਾਮਾ 'ਦੁਨੀਆਂ ਜਿੱਥੇ ਮੁੱਕਦੀ ਹੈ' ਆਦਿ ਕਿਤਾਬਾਂ ਛਪੀਆਂ। ਢਿੱਲੋਂ ਦੀਆਂ ਰਚਨਾਵਾਂ ਵਿਚ ਵਿਗਿਆਨਕ ਸੋਚ ਦਾ ਪਸਾਰਾ ਹੈ। ਨਿੱਜੀ ਜਿੰਦਗੀ ਵਿਚ ਵੀ ਉਹ ਅਗਾਂਹਵਧੂ ਸੋਚ ਵਾਲਾ ਤਰਕਸ਼ੀਲ ਵਿਚਾਰਾਂ ਵਾਲਾ ਸਿਰੜੀ ਬੰਦਾ ਸੀ। ਪੰਜਾਬੀ ਵਿਚ ਤਰਕਸ਼ੀਲ ਲਹਿਰ ਦਾ ਬਾਨੀ ਕ੍ਰਿਸ਼ਨ ਬਰਗਾੜੀ ਉਸ ਦਾ ਗੂੜਾ ਮਿੱਤਰ ਸੀ ਤੇ ਢਿੱਲੋਂ ਖੁਦ ਇਸ ਲਹਿਰ ਵਿਚ ਨਿੱਠ ਕੇ ਕਾਰਜਸ਼ੀਲ ਰਿਹਾ। ਢਿੱਲੋਂ ਨੂੰ ਕੁਦਰਤ ਨਾਲ ਬਹੁਤ ਪਿਆਰ ਸੀ। ਕੁੱਝ ਸਮਾਂ ਜ਼ਹਿਰ ਮੁਕਤ ਖੇਤੀ ਵੀ ਕੀਤੀ। ਉਸ ਨੇ ਆਪਣੇ ਪਿੰਡ ਦੀਆਂ ਗਲੀਆਂ ਨੂੰ ਰੁੱਖਾਂ ਨਾਲ ਸ਼ਿੰਗਾਰਿਆ ਤੇ ਲਾਇਬ੍ਰੇਰੀ ਦੀ ਸਥਾਪਨਾ ਵੀ ਕਰਵਾਈ। ਸੁਭਾਅ ਪੱਖੋਂ ਉਹ ਨਿਹਾਇਤ ਹੀ ਮਿਲਣਸਾਰ ਤੇ ਰੌਣਕੀ ਬੰਦਾ ਸੀ। ਉਸਦੇ ਦੋਵੇਂ ਪੁੱਤਰ ਮਨੋਹਰਦੀਪ ਢਿੱਲੋਂ ਤੇ ਹਰਮਨਪ੍ਰੀਤ ਢਿੱਲੋਂ ਕੈਨੇਡਾ ਵੱਸਦੇ ਹਨ ਤੇ ਪਿਛਲੇ ਕੁੱਝ ਸਾਲਾਂ ਤੋਂ ਅਮਰਜੀਤ ਢਿੱਲੋਂ ਵੀ ਓਥੇ ਕਾਫ਼ੀ ਵਕਤ ਗੁਜ਼ਾਰਦਾ ਰਿਹਾ ਹੈ। ਹੁਣ ਵੀ ਕਈ ਮਹੀਨੇ ਵਿਨੀਪੈੱਗ ਵਿਚ ਗੁਜ਼ਾਰ ਕੇ ਪਿੰਡ ਆਇਆ ਸੀ ਤੇ ਅਗਲੇ ਹੀ ਦਿਨ ਇੱਕ ਤੇਜ ਰਫ਼ਤਾਰ ਟਰੱਕ ਨੇ ਉਸ ਨੂੰ ਗੰਭੀਰ ਰੂਪ ਵਿਚ ਜਖ਼ਮੀਂ ਕਰ ਦਿੱਤਾ। ਕੁੱਝ ਦਿਨ ਬਠਿੰਡੇ ਦੇ ਇੱਕ ਨਿੱਜੀ ਹਸਪਤਾਲ ਵਿਚ ਜ਼ੇਰੇ ਇਲਾਜ਼ ਰਹਿਣ ਬਾਦਅ ਉਹ ਇਸ ਜਹਾਨੋਂ ਕੂਚ ਕਰ ਗਿਆ। ਭਾਰਤ ਪਰਤਣ ਤੋਂ ਕੁੱਝ ਪਹਿਲਾਂ 13 ਨਵੰਬਰ ਨੂੰ ਉਸ ਨੇ ਆਪਣੇ ਫ਼ੇਸਬੁੱਕ ਅਕਾਊਂਟ 'ਤੇ ਵਿੰਨੀਪੈਗ ਤੋਂ ਆਖ਼ਰੀ ਗ਼ਜ਼ਲ ਸਾਂਝੀ ਕੀਤੀ ਸੀ :
ਅੱਜ ਹੀ ਹੱਸਣਾ ਰੋਣਾ ਇਥੇ, ਕੱਲ੍ਹ ਨੂੰ ਕਿਸਨੇ ਹੋਣਾ ਇਥੇ।
ਵਿਰਲੇ ਦੇ ਹੀ ਹਿੱਸੇ ਆਉਂਦਾ ਹੈ, ਹੰਝੂਆਂ ਹਾਰ ਪਰੋਣਾ ਇਥੇ।
ਮਾਖਿਓਂ ਮੱਖੀ ਵਾਂਗ ਇਕੱਠਾ ਕਰਕੇ, ਸ਼ਹਿਦ ਹੈ ਚੋਣਾ ਇਥੇ।
ਹੋਰ ਨਹੀਂ ਕੋਈ ਵੀ ਦੁਨੀਆਂ, ਇਹੀਓ ਜੱਗ ਹੈ ਸੋਹਣਾ ਇਥੇ।
ਢਿੱਲੋਂ ਦਾ ਇੰਝ ਤੁਰ ਜਾਣਾ ਸਾਹਿਤ ਜਗਤ ਲਈ ਵੱਡਾ ਘਾਟਾ ਹੈ, ਅਗਾਂਹਵਧੂ ਵਿਚਾਰਧਾਰਾ ਵਾਲੇ ਕਾਫ਼ਲੇ ਲਈ ਦੁੱਖਦਾਈ ਹੈ। ਉਸਦੇ ਪਰਿਵਾਰਕ ਮੈਂਬਰ, ਉਸਦੇ ਹਮਖ਼ਿਆਲ ਸਾਥੀ ਐਤਵਾਰ, 24 ਨਵੰਬਰ 2019 ਪਿੰਡ ਦਬੜੀਖ਼ਾਨਾ ਵਿਖੇ ਉਸ ਨੂੰ ਸ਼ਰਧਾਂਜਲੀ ਭੇਟ ਕਰਨਗੇ।
-ਬਰਾੜ ਪੈਲੇਸ ਦੇ ਪਿੱਛੇ, ਜੈਤੋ। ਸੰਪਰਕ : 94173 33316
-
ਹਰਮੇਲ ਪਰੀਤ, ਲੇਖਕ
####
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.