ਸੁਖਵਿੰਦਰ ਚਹਿਲ ਦਾ ਪਲੇਠਾ ਨਾਵਲ 'ਖੇਤ 'ਚ ਉੱਗੀ ਸੂਲੀ' ਪੰਜਾਬ ਦੇ ਦਿਹਾਤੀ ਤਾਣੇ ਬਾਣੇ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰਦਾ ਹੈ। ਪੰਜਾਬ ਦੇ ਲੋਕਾਂ ਦਾ ਰਹਿਣ ਸਹਿਣ, ਖਾਣ ਪੀਣ, ਬੋਲ ਵਰਤਾਵਾ, ਆਪਸੀ ਟਕਰਾਓ ਤੇ ਪ੍ਰੇਮ ਭਾਵ, ਚੁੰਝ ਚਰਚਾ, ਵਿਵਹਾਰ ਅਤੇ ਸੱਥਾਂ ਦਾ ਸਭਿਆਚਾਰ ਦੇਸ਼ ਦੇ ਬਾਕੀ ਰਾਜਾਂ ਤੋਂ ਵੱਖਰਾ ਹੈ। ਇਸਨੂੰ ਨਾਵਲਕਾਰ ਨੇ ਬੜੇ ਸੁਚੱਜੇ ਢੰਗ ਨਾਲ ਚਿਤਰਿਆ ਹੈ। ਆਧੁਨਿਕਤਾ ਦੇ ਸਮੇਂ ਦਾ ਪ੍ਰਭਾਵ ਵੀ ਜੋ ਪੰਜਾਬੀ ਕਦਰਾਂ ਕੀਮਤਾਂ ਤੇ ਪੈ ਰਿਹਾ ਹੈ, ਉਸ ਬਾਰੇ ਵੀ ਦੱਸਿਆ ਗਿਆ ਹੈ। ਸੁਖਵਿੰਦਰ ਚਹਿਲ ਦਾ ਇਹ ਨਾਵਲ ਪੰਜਾਬੀਆਂ ਦੀਆਂ ਪੁਰਾਤਨ ਪਰੰਪਰਾਵਾਂ ਅਤੇ ਉਸ ਉਪਰ ਪੈ ਰਹੇ ਆਧੁਨਿਕਤਾ ਦੇ ਪ੍ਰਭਾਵਾਂ ਬਾਰੇ ਹੂਬਹੂ ਜਾਣਕਾਰੀ ਪ੍ਰਦਾਨ ਕਰਦਾ ਹੈ। ਪੰਜਾਬ ਇਸ ਸਮੇਂ ਬਹੁਤ ਸਾਰੀਆਂ ਸਮਾਜਿਕ ਬੁਰਾਈਆਂ ਦੀ ਲਪੇਟ ਵਿਚ ਆਇਆ ਹੋਇਆ ਹੈ। ਇਸ ਨਾਵਲ ਵਿਚ ਪੰਜਾਬ ਦੇ ਪਿੰਡਾਂ ਵਿਚ ਨਸ਼ਿਆਂ ਦੇ ਪ੍ਰਕੋਪ ਕਰਕੇ ਜਿਹੜਾ ਮਾਹੌਲ, ਕਿਸਾਨਾ ਦੀਆਂ ਆਰਥਿਕ ਮਜ਼ਬੂਰੀਆਂ ਕਰਕੇ ਉਨ੍ਹਾਂ ਵੱਲੋਂ ਆਤਮਹੱਤਿਆਵਾਂ, ਕੁਦਰਤੀ ਆਫ਼ਤਾਂ, ਸੱਥਾਂ ਦੀਆਂ ਚੁੰਝ ਚਰਚਾਵਾਂ, ਅਵਾਰਾ ਪਸ਼ੂਆਂ, ਭਰਿਸ਼ਟਾਚਾਰ, ਮਹਿੰਗਾਈ ਅਤੇ ਨੌਜਵਾਨਾ ਦੇ ਮੋਬਾਈਲ ਦੀ ਵਧੇਰੇ ਵਰਤੋਂ ਕਰਕੇ ਬਣਿਆਂ ਹੋਇਆ ਹੈ, ਉਸ ਦੀ ਤਸਵੀਰ ਪੇਸ਼ ਕੀਤੀ ਹੋਈ ਹੈ। ਨਾਵਲਕਾਰ ਪਿੰਡਾਂ ਵਿਚ ਜੋ ਵਾਪਰ ਰਿਹਾ ਹੈ, ਉਸਦਾ ਹੂਬਹੂ ਦ੍ਰਿਸ਼ ਅਜਿਹੇ ਢੰਗ ਨਾਲ ਪੇਸ਼ ਕਰ ਦਿੰਦਾ ਹੈ ਕਿ ਉਹ ਸਾਰਾ ਕੁਝ ਤੁਹਾਨੂੰ ਤੁਹਾਡੇ ਸਾਹਮਣੇ ਵਾਪਰ ਰਿਹਾ ਮਹਿਸੂਸ ਹੁੰਦਾ ਹੈ। ਪਿੰਡਾਂ ਦੀ ਆਮ ਠੇਠ ਪੰਜਾਬੀ ਬੋਲੀ ਵਿਚ ਗੱਲਬਾਤੀ ਢੰਗ ਨਾਲ ਲਿਖਿਆ ਇਹ ਨਾਵਲ ਪਾਠਕ ਲਈ ਰੌਚਕਤਾ ਬਣਾਈ ਰੱਖਦਾ ਹੈ। ਇਕ ਵਾਰ ਨਾਵਲ ਪੜ੍ਹਨਾ ਸ਼ੁਰੂ ਕਰਕੇ ਖ਼ਤਮ ਹੋਣ ਤੱਕ ਦਲਚਸਪੀ ਬਣੀ ਰਹਿੰਦੀ ਹੈ।
ਪੰਜਾਬ ਦੇ ਪਿੰਡਾਂ ਦੀ ਆਪਸੀ ਖਹਿਬਾਜ਼ੀ, ਪਾਰਟੀਬਾਜ਼ੀ ਅਤੇ ਕੁਝ ਚਾਲਬਾਜ਼ਾਂ ਵੱਲੋਂ ਇਕ ਦੂਜੇ ਨੂੰ ਲੂਤੀ ਲਾ ਕੇ ਵਰਗਲਾਉਣ ਅਤੇ ਲੜਾਉਣ ਦੀ ਕਲਾਕਾਰੀ ਨੂੰ ਦ੍ਰਿਸ਼ਟਾਂਤਕ ਰੂਪ ਵਿਚ ਪ੍ਰਗਟ ਕਰਦਾ ਹੈ। ਅਰਜਨ ਅਤੇ ਭਿੰਦੇ ਵਰਗੇ ਅਜਿਹੇ ਬਹੁਰੂਪੀਏ ਪਾਤਰ ਲਗਪਗ ਹਰ ਪਿੰਡ ਵਿਚ ਮਿਲਦੇ ਹਨ, ਜਿਹੜੇ ਪਿੰਡਾਂ ਦੇ ਸਦਭਾਵਨਾ ਦੇ ਵਾਤਾਵਰਨ ਨੂੰ ਗੰਧਲਾ ਕਰਦੇ ਹਨ। ਗੱਗੀ ਅਤੇ ਬਿੰਦਰ ਪਾਤਰਾਂ ਰਾਹੀਂ ਪਾੜ੍ਹੇ ਨੌਜਵਾਨਾਂ ਦੀ ਉਸ ਰੁਚੀ ਨੂੰ ਵੀ ਦਰਸਾਇਆ ਹੈ ਕਿ ਉਹ ਕਿਸ ਤਰ੍ਹਾਂ ਪਾਰਟੀਬਾਜ਼ੀ ਦਾ ਪੱਲਾ ਫੜਕੇ ਲੜਾਈ ਝਗੜੇ ਕਰਨ ਲਈ ਤੱਤਪਰ ਰਹਿੰਦੇ ਹੋਏ ਕਾਲਜਾਂ ਵਿਚ ਪੜ੍ਹਨ ਦੀ ਥਾਂ ਲੜਕੀਆਂ ਦੇ ਚਕਰਾਂ ਵਿਚ ਪਏ ਰਹਿੰਦੇ ਹਨ। ਭੋਲੇ ਵਰਗੇ ਕਿਸਾਨ ਕੁਦਰਤੀ ਕਰੋਪੀਆਂ ਨਾਲ ਫ਼ਸਲਾਂ ਦੇ ਖ਼ਰਾਬੇ ਤੋਂ ਦੁੱਖੀ ਹੋ ਜਾਂਦੇ ਹਨ ਅਤੇ ਆਪਣੀਆਂ ਲੜਕੀਆਂ ਦੇ ਵਿਆਹ ਤੇ ਖ਼ਰਚੇ ਲਈ ਆਰਥਿਕ ਤੰਗੀ ਕਰਕੇ ਆਤਮ ਹੱਤਿਆਵਾਂ ਕਰ ਲੈਂਦੇ ਹਨ। ਪੰਚਾਇਤੀ ਚੋਣਾਂ ਵਿਚ ਹੱਦ ਤੋਂ ਵੱਧ ਪੈਸਾ ਖ਼ਰਚਕੇ ਹਰ ਹੀਲੇ ਜਿੱਤਣ ਦੇ ਢੰਗ ਤਰੀਕਿਆਂ ਨੂੰ ਦ੍ਰਿਸ਼ਟਾਂਤਕ ਰੂਪ ਵਿਚ ਲਿਖਿਆ ਗਿਆ ਹੈ। ਇਸ ਨਾਵਲ ਦਾ ਮੁੱਖ ਵਿਸ਼ਾ ਕਿਸਾਨੀ ਦੀਆਂ ਆਰਥਿਕ ਸਮੱਸਿਆਵਾਂ ਹਨ, ਜਿਹੜੀਆਂ ਕੁਦਰਤੀ ਆਫ਼ਤਾਂ ਅਤੇ ਫ਼ੋਕੀ ਸ਼ੋਹਰਤ ਲਈ ਕੀਤੀ ਜਾਂਦੀ ਫ਼ਜ਼ੂਲ ਖ਼ਰਚੀ ਹੈ। ਕਿਸਾਨਾ ਦੇ ਪੁੱਤਰ ਮਾਪਿਆਂ ਦੇ ਗਲ ਗੂਠਾ ਦੇ ਕੇ ਮੋਟਰ ਸਾਈਕਲ, ਜੀਪਾਂ ਅਤੇ ਮੋਬਾਈਲ ਖ਼ਰੀਦਦੇ ਹਨ, ਜੋ ਕਿਸਾਨੀ ਨੂੰ ਜੜੋਂ ਖੋਖਲਾ ਕਰ ਦਿੰਦੀਆਂ ਹਨ। ਮਾਵਾਂ ਦਾ ਆਪਣੇ ਬੱਚਿਆਂ ਪ੍ਰਤੀ ਹਮਦਰਦੀ ਦਾ ਵਿਵਹਾਰ ਵੀ ਆਪਣਾ ਯੋਗਦਾਨ ਪਾਉਂਦਾ ਹੈ। ਨਾਵਲ ਦੀਆਂ ਬਾਕੀ ਘਟਨਾਵਾਂ ਕਿਸਾਨੀ ਦੇ ਆਲੇ ਦੁਆਲੇ ਹੀ ਘੁੰਮਦੀਆਂ ਹਨ। ਇਸ ਨਾਵਲ ਦੀ ਸਾਰੀ ਕਹਾਣੀ ਪੰਚਾਇਤੀ ਚੋਣਾਂ ਦੀ ਪ੍ਰਕ੍ਰਿਆ ਨਾਲ ਸੰਬੰਧਤ ਹੈ। ਨਾਵਲਕਾਰ ਅਨੁਸਾਰ ਸਰਪੰਚੀ ਦੀਆਂ ਚੋਣਾਂ ਦਿਹਾਤੀ ਭਾਈਚਾਰੇ ਦੀ ਬਰਬਾਦੀ ਦਾ ਕਾਰਨ ਬਣਦੀਆਂ ਹਨ। ਇਕ ਕਿਸਮ ਨਾਲ ਲੋਕਤੰਤਰ ਦਾ ਢਕਵੰਜ ਪੰਜਾਬੀਆਂ ਵਿਚ ਦੁਫਾੜ ਪਾਉਣ ਦਾ ਕੰਮ ਕਰਦਾ ਹੈ। ਇਸ ਮੌਕੇ ਤੇ ਪਿੰਡਾਂ ਵਿਚ ਰਹਿੰਦੇ ਚਾਲਬਾਜ਼ ਆਪਣੀਆਂ ਕਰਤੂਤਾਂ ਕਰਕੇ ਲੋਕਾਂ ਦੀ ਸਦਭਾਵਨਾ ਨੂੰ ਠੇਸ ਹੀ ਨਹੀਂ ਪਹੁੰਚਾਉਂਦੇ ਸਗੋਂ ਦੋਹਾਂ ਧਿਰਾਂ ਦਾ ਟਕਰਾਓ ਕਰਕਵਾਕੇ ਆਪਣਾ ਉਲੂ ਸਿੱਧਾ ਕਰਦੇ ਹਨ। ਆੜ੍ਹਤੀਏ ਕਿਸਾਨਾ ਨੂੰ ਕਰਜ਼ਿਆਂ ਦੇ ਨਾਮ ਤੇ ਆਪਣੇ ਵਿਚੋਲਿਆਂ ਰਾਹੀਂ ਠੱਗਦੇ ਹਨ। ਨਾਵਲ ਪੜ੍ਹਨ ਤੋਂ ਬਾਅਦ ਪਾਠਕ ਇਸ ਸਿੱਟੇ ਤੇ ਪਹੁੰਚਦਾ ਹੈ ਕਿ ਕੋਈ ਵੀ ਕੰਮ ਭਰਿਸ਼ਟਾਚਾਰ ਤੋਂ ਬਿਨਾ ਨੇਪਰੇ ਨਹੀਂ ਚੜ੍ਹਦਾ। ਸਰਪੰਚੀ ਚੋਣਾ ਵਿਚ ਅੰਨ੍ਹੇਵਾਹ ਪੈਸਾ ਕਰਜ਼ਾ ਲੈ ਕੇ ਕਿਸਾਨ ਖ਼ਰਚ ਕਰਦੇ ਹਨ। ਜਾਣੀ ਕਿ ਇਹ ਚੋਣਾ ਪਾਰਦਰਸ਼ੀ ਨਹੀਂ ਹੁੰਦੀਆਂ, ਜਿਹੜਾ ਉਮੀਦਵਾਰ ਨਸ਼ੇ ਅਤੇ ਪੈਸੇ ਨਾਲ ਵੋਟਾਂ ਖ਼੍ਰੀਦ ਲੈਂਦਾ ਹੈ ਉਹੀ ਸਫਲ ਹੁੰਦਾ ਹੈ। ਜਿਵੇਂ ਕਿ ਪਾਲੀ ਸਮਾਜ ਸੇਵਕ ਵੀ ਹੈ, ਪਿੰਡ ਦੇ ਕੰਮ ਵੀ ਕਰਵਾਉਂਦਾ ਹੈ, ਸੱਚਾ ਸੁੱਚਾ ਅਤੇ ਇਮਾਨਦਾਰ ਵੀ ਹੈ। ਵੋਟਾਂ ਵਿਚ ਨਸ਼ੇ ਵੀ ਨਹੀਂ ਵੰਡਦਾ ਅਤੇ ਨਾ ਹੀ ਕੋਈ ਗ਼ਲਤ ਢੰਗ ਵਰਤਦਾ ਹੈ ਪ੍ਰੰਤੂ ਅਖ਼ੀਰ ਵਿਚ ਨਸ਼ਿਆਂ ਦੇ ਸੌਦਾਗਰਾਂ ਤੋਂ ਹਾਰ ਖਾ ਜਾਂਦਾ ਹੈ। ਨਾਵਲਕਾਰ ਨੇ ਇਹ ਵੀ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਕੁਝ ਸਰਪੰਚ ਪੁਲਿਸ ਨਾਲ ਮਿਲਕੇ ਪਿੰਡਾਂ ਵਿਚ ਨਸ਼ਾ ਵੰਡਦੇ ਹਨ ਅਤੇ ਐਸ਼ ਆਰਾਮ ਦੀ ਜ਼ਿੰਦਗੀ ਜਿਉਂਦੇ ਹਨ। ਇਹ ਵੀ ਸਾਬਤ ਕੀਤਾ ਹੈ ਕਿ ਪੁਲਿਸ ਕਿਸੇ ਦੀ ਮਿਤ ਨਹੀਂ ਹੁੰਦੀ, ਜਿਧਰੋਂ ਵੱਧ ਰਕਮ ਮਿਲ ਜਾਂਦੀ ਹੈ ਕਾਨੂੰਨ ਨੂੰ ਓਧਰ ਹੀ ਮੋੜ ਲੈਂਦੇ ਹਨ। ਪਰਜਾਤੰਤਰ ਦਾ ਥੰਮ ਵਿਧਾਨਕਾਰ ਵੀ ਗ਼ਲਤ ਢੰਗ ਵਰਤਦੇ ਹਨ। ਇਸ ਨਾਵਲ ਵਿਚ ਵਿਧਾਨਕਾਰ ਹਰਜਿੰਦਰ ਸਿੰਘ ਨੂੰ ਪੁਲਿਸ ਨੂੰ ਪੈਸੇ ਦੇਣ ਦੀ ਗੱਲ ਕਰਦਾ ਹੈ। ਇਹ ਨਾਵਲ ਪੜ੍ਹਕੇ ਇਹ ਵੀ ਮਹਿਸੂਸ ਹੁੰਦਾ ਹੈ ਕਿ ਜਿਵੇਂ ਨਾਵਲਕਾਰ ਨੇ ਵਰਤਮਾਨ ਦਿਹਾਤੀ ਸਮਾਜਿਕ ਤਾਣੇ ਬਾਣੇ ਵਿਚ ਜੋ ਵਾਪਰ ਰਿਹਾ ਹੈ, ਉਸਦਾ ਪਰਦਾ ਫ਼ਾਸ਼ ਕਰ ਦਿੱਤਾ ਹੈ।
ਸੁਖਵਿੰਦਰ ਚਹਿਲ ਨੇ ਜਿਹੜੀ ਸ਼ਬਦਾਵਲੀ ਵਰਤੀ ਹੈ, ਉਹ ਦਿਹਾਤੀ ਪੰਜਾਬ ਵਿਚ ਬੋਲੀ ਜਾਣ ਵਾਲੀ ਠੇਠ ਪੰਜਾਬੀ ਹੈ। ਉਦਾਹਰਣ ਲਈ ਕੁਝ ਪਾਤਰਾਂ ਦਾ ਵਾਰਤਾਲਾਪ ਦੇ ਰਿਹਾ ਹਾਂ, ਜਿਵੇਂ ਚਾਨਣ ਸਿਉਂ ਆਪਣੀ ਪਤਨੀ ਬਲਜੀਤ ਕੌਰ ਨੂੰ ਕਹਿੰਦਾ ਹੈ '' ਗੰਗਾ ਗਈਆਂ ਹੱਡੀਆਂ ਵਾਪਿਸ ਨੀ ਆਉਂਦੀਆਂ ਕਮਲੀਏ, ਇਹ ਜ਼ਮੀਨ ਨੀ ਵਾਪਸ ਆਉਣੀ ਹੁਣ, ਬੈਅ ਹੋ ਕੇ ਹੀ ਖਹਿੜਾ ਛੁੱਟਣਾ ਇਹ ਤਾਂ''। ਹਰੀ ਸਿਉਂ ਕਹਿ ਰਿਹਾ ਹੈ 'ਦੇਵਤਾ ਬੰਦਾ ਐ ਚਾਨਣ ਸਿਉਂ, ਵਿਚਾਰੇ ਤੋਂ ਜ਼ਮੀਨ ਵਾਲਾ ਸਦਮਾ ਝੱਲਿਆ ਨੀ ਗਿਆ'। ਜਦੋਂ ਪਿਓ ਪੁੱਤ ਅਰਜਨ ਤੇ ਵਿਕੀ ਆਪਸ ਵਿਚ ਧੱਕਾ ਮੁੱਕੀ ਹੁੰਦੇ ਹਨ ਤਾਂ ਇਕ ਗੁਆਂਢੀ ਅਰਜਨ ਨੂੰ ਕਹਿ ਰਿਹਾ ਹੈ 'ਨਾ ਅਰਜਨਾ ਮੁੰਡਾ ਹੁਣ ਜੁਆਨ ਐ, ਹੱਥ ਨੀ ਚੁੱਕਦੇ ਹੁੰਦੇ'। ਵਿਕੀ ਦੇ ਚਿੱਟੇ ਦੇ ਨਸ਼ੇ ਨੂੰ ਲੱਗ ਜਾਣ ਤੇ ਉਸਦੀ ਮਾਂ ਕਰਤਾਰੀ ਗੁੱਸੇ ਵਿਚ ਅਰਜਨ ਨੂੰ ਕਹਿੰਦੀ ਹੈ 'ਮੈਨੂੰ ਤਿੰਨ ਮਹੀਨੇ ਹੋ ਗਏ ਪਿੱਟਦੀ ਨੂੰ, ਜਵਕ ਦੀ ਗੌਰ ਕਰੋ ਪਤਾ ਨੀ ਕਿੱਥੇ ਰਹਿੰਦਾ ਸਾਰਾ ਦਿਨ, ਪਰ ਥੋਡੇ ਸਿਰ 'ਤੇ ਜੂੰ ਨੀ ਸਰਕੀ, ਹੁਣ ਪਤਾ ਲੱਗ ਗਿਆ'। ਜਦੋਂ ਅਰਜਨ ਦਾ ਮੁੰਡਾ ਵਿਕੀ ਨਸ਼ਾ ਕਰਨ ਲੱਗ ਗਿਆ ਤਾਂ ਗੇਲਾ ਕਹਿੰਦਾ ਹੈ, ਮੇਰੇ ਸਾਲੇ ਨੂੰ ਸਭ ਭੋਗਣੀਆਂ ਪੈਣੀਆਂ ਨੇ, ਜਿਵੇਂ ਲੋਕਾਂ ਨਾਲ ਇਸਨੇ ਕੀਤੀਆਂ, ਉਹ ਹੁਣ ਸਾਹਮਣੇ ਆਉਣਗੀਆਂ ਇਸ ਚਬਲ ਦੇ'। ਹਰੀ ਸਿਉਂ ਕਹਿੰਦਾ 'ਜਿਹਾ ਬੀਜਾਂਗੇ ਓਹੀ ਵੱਢਣਾ ਵੀ ਪੈਂਦਾ ਭਾਈ' ਜਰਨੈਲ ਸਿੰਘ ਨੂੰ ਲੋਕੀ ਘਾਗ ਸਮਝਦੇ ਹਨ ਇਸ ਲਈ ਗੇਲਾ ਕਹਿੰਦਾ 'ਦੇਖਦੇ ਹਾਂ, ਜਰਨੈਲ ਦਾ ਕੋਈ ਪਤਾ ਨੀ, ਕੀ ਸੱਪ ਕੱਢ ਦੇਵੇ, ਬਾਹਲੀ ਕੁੱਤੀ ਚੀਜ਼ ਐ', ਦੋ ਤਰੀਕ ਨੂੰ ਸਤ ਵਜੇ ਕੱਟਾ ਕੱਟੀ ਹੋ ਜਾਣੀ ਹੈ'। ਜਦੋਂ ਜਰਨੈਲ ਸਿੰਘ ਉਪਰ ਅਖੌਤੀ ਹਮਲਾ ਹੋਣ ਤੇ ਜ਼ਖ਼ਮੀ ਹੋਣ ਦਾ ਰੌਲਾ ਪੈਂਦਾ ਹੈ ਤਾਂ ਜੱਸੀ ਕਚੀਚੀ ਵੱਟ ਕੇ ਕਹਿੰਦਾ ਹੈ' ਮੇਰੇ ਸਾਲੇ ਦਾ ਫਾਹਾ ਵੱਢਣਾ ਸੀ, ਕੱਚੀ ਗੱਲ ਛੱਡ ਗਿਆ ਕੋਈ'। ਜਦੋਂ ਹਰਜਿੰਦਰ ਐਮ.ਐਲ.ਏ.ਦੀ ਥਾਣੇਦਾਰ ਨੂੰ ਕੀਤੀ ਸਿਫਾਰਸ ਮਗਰੋਂ ਥਾਣੇ ਆਪਣੇ ਉਪਰ ਦਰਜ ਕੇਸ ਬਾਰੇ ਥਾਣੇਦਾਰ ਨੂੰ ਮਿਲਣ ਲਈ ਉਡੀਕਦਾ ਤਾਂ ਮੁਨਸ਼ੀ ਨੂੰ ਥਾਣੇਦਾਰ ਨੂੰ ਮਿਲਣ ਲਈ ਕਹਿੰਦਾ ਹੈ ਤਾਂ ਮੁਨਸ਼ੀ ਅੱਗੋਂ ਕਹਿੰਦਾ ਹੈ 'ਕਿਉਂ ਅੱਗ ਲੱਗੀ ਐ, ਬੈਠਿਆ ਨੀ ਜਾਂਦਾ ਥੋੜ੍ਹੀ ਦੇਰ'। ਜਦੋਂ ਮੁਨਸ਼ੀ ਨੂੰ ਰਿਸ਼ਵਤ ਦੇ ਦਿੱਤੀ ਤਾਂ ਤੁਰੰਤ ਥਾਣੇਦਾਰ ਨੂੰ ਮਿਲਵਾ ਦਿੱਤਾ। ਥਾਣੇਦਾਰ ਨੇ ਵੀ ਮੁਨਸ਼ੀ ਰਾਹੀਂ ਰਿਸ਼ਵਤ ਲੈ ਕੇ ਹਰਜਿੰਦਰ ਨੂੰ ਛੱਡ ਦਿੱਤਾ। ਅਰਜਨ ਭਿੰਦੇ ਨੂੰ ਕਹਿੰਦਾ' ਘਿਓ ਮੱਲਾਂ ਨੂੰ ਤੇ ਦਾਰੂ ਗੱਲਾਂ ਨੂੰ'
-
ਉਜਾਗਰ ਸਿੰਘ, ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
94178 13072
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.