16 ਨਵੰਬਰ ਜਿੱਥੇ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਉਨ੍ਹਾਂ ਦੇ ਛੇ ਹੋਰ ਸਾਥੀਆਂ ਦਾ ਸ਼ਹੀਦੀ ਦਿਨ ਹੈ।16 ਨਵੰਬਰ 1915 ਗ਼ਦਰ ਲਹਿਰ ਦੇ ਸਭ ਤੋਂ ਛੋਟੀ ਉਮਰ ਦੇ ਮਹਾਨ ਯੋਧੇ ਅਤੇ 'ਗਦਰ ' ਅਖ਼ਬਾਰ ਦੇ ਸੰਪਾਦਕ ਸ਼ਹੀਦ ਕਰਤਾਰ ਸਿੰਘ ਸਰਾਭਾ ਸਮੇਤ ਲਾਹੌਰ ਜੇਲ੍ਹ 'ਚ ਫਾਂਸੀ ਚੜ੍ਹਨ ਵਾਲੇ ਸੂਰਮਿਆਂ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਸ਼ਹੀਦ ਭਾਈ ਜਗਤ ਸਿੰਘ ਪਿੰਡ ਸੁਰ ਸਿੰਘ, ਸ਼ਹੀਦ ਭਾਈ ਬਖਸ਼ੀਸ਼ ਸਿੰਘ ਪਿੰਡ ਗਿੱਲਵਾਲੀ, ਸ਼ਹੀਦ ਭਾਈ ਸੁਰੈਣ ਸਿੰਘ (ਛੋਟਾ)ਪਿੰਡ ਗਿੱਲ ਵਾਲੀ,ਸ਼ਹੀਦ ਭਾਈ ਸੁਰੈਣ ਸਿੰਘ (ਵੱਡਾ )ਪਿੰਡ ਗਿੱਲਵਾਲੀ,ਸ਼ਹੀਦ ਭਾਈ ਹਰਨਾਮ ਸਿੰਘ ਪਿੰਡ ਭੱਟੀ ਗੋਰਾਇਆ (ਸਿਆਲਕੋਟ),ਵਿਸ਼ਨੂੰ ਗਣੇਸ਼ ਪਿੰਗਲੇ ਯਰਵਦਾ(ਮਹਾਰਾਸ਼ਟਰ) ਸੱਤ ਗ਼ਦਰੀ ਯੋਧੇ ਸ਼ਾਮਲ ਸਨ।
ਆਜ਼ਾਦੀ ਦੀ ਲਹਿਰ ਵਿੱਚ ਗ਼ਦਰ ਪਾਰਟੀ ਦੁਆਰਾ ਕੀਤੇ ਇਨਕਲਾਬ ਦੇ ਸੰਦਰਭ ਵਿੱਚ ਸਥਿਤੀ ਵਿਸ਼ਲੇਸ਼ਣ ਵਿਸ਼ੇਸ਼ ਅਹਿਮੀਅਤ ਰੱਖਦਾ ਹੈ । ਵਿਸ਼ਵ ਯੁੱਧ ਸ਼ੁਰੂ ਹੋਣ ਕਾਰਨ ਵੱਡੀ ਗਿਣਤੀ ਵਿੱਚ ਫਰੰਗੀ ਸੈਨਾ ਇੰਗਲੈਂਡ ਦੀ ਹਿਫਾਜ਼ਤ ਲਈ ਭੇਜੀ ਗਈ । ਉੱਤਰੀ ਭਾਰਤ ਦੀਆਂ ਪ੍ਰਮੁੱਖ ਛਾਉਣੀਆਂ ਦੇ ਦੇਸੀ ਫ਼ੌਜੀਆਂ ਅੰਦਰ ਬਗ਼ਾਵਤ ਫ਼ੈਲਾਉਣ ਲਈ ਕ੍ਰਾਂਤੀਕਾਰੀ ਸਾਹਿਤ ਦੇ ਵਿਚਾਰਾਂ ਨੂੰ ਵੱਧ ਤੋਂ ਵੱਧ ਵਰਤੋਂ ਵਿਚ ਲਿਆਂਦਾ ਗਿਆ। ਦੇਸ਼ਭਰ ਦੇ ਗ਼ਦਰੀਆਂ 'ਚ ਬਹੁਗਿਣਤੀ ਸਾਬਕਾ ਸਿੱਖ ਫ਼ੌਜੀਆਂ ਦੀ ਹੋਣ ਕਾਰਨ ਇਨਕਲਾਬੀਆਂ ਦੀ ਗ਼ਦਰ ਸਫਲਤਾ ਵਾਸਤੇ, ਆਸ ਦਾ ਚਾਨਣ ਵਧੇਰੇ ਫੈਲਿਆ । ਪੂਰੀ ਤਿਆਰੀ ਮਗਰੋਂ ਵੱਖ -ਵੱਖ ਸਥਾਨਾਂ 'ਤੇ ਗ਼ਦਰ ਪਾਰਟੀ ਦਾ ਕੌਮੀ ਝੰਡਾ ਭੇਜਿਆ ਗਿਆ । ਇਸ ਝੰਡੇ ਦੇ ਤਿੰਨ ਰੰਗ ਸਨ ਲਾਲ ,ਨੀਲਾ ਅਤੇ ਪੀਲਾ। ਮਜ਼ਹਬੀ ਸਦਭਾਵਨਾ ਦੇ ਮੁਦੱਈ ਗ਼ਦਰ ਲਹਿਰ ਚ ਬੇਸ਼ੱਕ ਨੱਬੇ ਫ਼ੀਸਦੀ ਇਨਕਲਾਬੀ ਸਿੱਖ ਸਨ, ਪਰ ਝੰਡੇ 'ਚ ਸਭ ਧਰਮਾਂ ਨੂੰ ਸਮਾਨਤਾ ਦਿੱਤੀ ਗਈ ਅਤੇ ਲਾਲ ਰੰਗ ਹਿੰਦੂਆਂ ਨੀਲਾ ਰੰਗ ਮੁਸਲਮਾਨਾਂ ਅਤੇ ਪੀਲਾ ਰੰਗ ਸਿੱਖਾਂ ਦੀ ਸ਼ਕਤੀ ਦਾ ਪ੍ਰਤੀਕ ਬਣਿਆ।
ਗ਼ਦਰ 1915 ਦੀ ਪੂਰੀ ਵਿਉਂਤਬੰਦੀ, ਗ਼ਦਰੀਆਂ ਵੱਲੋਂ ਕੀਤੀ ਗਈ ਸੀ ਇਸ ਸਬੰਧੀ ਬਾਬੂ ਸਚਿੰਨਦਰ ਨਾਥ ਸਨਿਆਲ ਪੁਸਤਕ (ਬੰਦੀ ਜੀਵਨ ) ਵਿੱਚ ਲਿਖਦੇ ਹਨ 'ਇੱਕ ਦਿਨ ਅਚਾਨਕ ਬਿਨਾਂ ਕਿਸੇ ਨੂੰ ਆਪਣੀ ਇੱਛਾ ਦੱਸੇ, ਉੱਤਰੀ ਭਾਰਤ ਦੀਆਂ ਛਾਉਣੀਆਂ ਦੇ ਤਮਾਮ ਅੰਗਰੇਜ਼ ਸਿਪਾਹੀਆਂ ਉੱਤੇ ਇੱਕ ਦਿਨ ਤੇ ਸਹੀ ਇੱਕੋ ਸਮੇਂ ਇੱਕ ਦਮ ਹਮਲਾ ਕਰ ਦਿੱਤਾ ਜਾਵੇ। ਤੇ ਉਸ ਹਫੜਾ ਤਫੜੀ ਦੌਰਾਨ, ਜੋ ਲੋਕ ਸਾਡੇ ਕਾਬੂ ਆ ਜਾਣ ਉਨ੍ਹਾਂ ਨੂੰ ਕੈਦ ਕਰ ਲਿਆ ਜਾਵੇ।ਉਸ ਵੇਲੇ ਸ਼ਹਿਰਾਂ ਦੇ ਤਾਰ ਆਦਿ ਕੱਟ ਕੇ ਅੰਗਰੇਜ਼ਾਂ ਨੂੰ ਬੰਦੀ ਬਣਾ ਲਿਆ ਜਾਵੇ ਤੇ ਫਿਰ ਖਜ਼ਾਨਾ ਲੁੱਟ ਕੇ ਮਗਰੋਂ ਸਾਰੇ ਕੈਦੀ ਛੱਡ ਦਿੱਤੇ ਜਾਣ।ਇਸ ਮਗਰੋਂ ਸ਼ਹਿਰਾਂ ਦਾ ਇੰਤਜ਼ਾਮ ਆਪਣੇ ਚੁਣੇ ਹੋਏ ਯੋਗ ਬੰਦਿਆਂ ਨੂੰ ਸੌਂਪ ਕੇ ਤਮਾਮ ਇਨਕਲਾਬੀਆਂ ਦੇ ਦਲ ਪੰਜਾਬ ਵਿੱਚ ਜਾ ਇਕੱਤਰ ਹੋਣ।ਬਗਾਵਤ ਵਾਸਤੇ ਸਮੁੱਚੇ ਸਥਿਤੀ ਨੂੰ ਢੁੱਕਵੀਂ ਜਾਣਦਿਆਂ ਸਾਰੀ ਵਿਉਂਤ ਕਰਨ ਮਗਰੋਂ, 12 ਫਰਵਰੀ 1915 ਈਸਵੀ ਨੂੰ ਗ਼ਦਰ ਦੀ ਤਾਰੀਖ ਨਿਯਮਿਤ ਕਰ ਦਿੱਤੀ ਗਈ 21 ਫਰਵਰੀ ਲਈ ਸਾਰੀ ਤਿਆਰੀ ਹੋ ਚੁੱਕੀ ਸੀ ।
ਪਰ ਐਨ ਵੇਲੇ ਤੇ 'ਘਰ ਦਾ ਭੇਤੀ ਲੰਕਾ ਢਾਇ 'ਵਾਲੀ ਸਥਿਤੀ ਆ ਬਣੀ। ਪਾਰਟੀ ਦੀ ਕੇਂਦਰੀ ਕਮੇਟੀ ਦੇ ਇੱਕ ਦੇਸ਼ ਧ੍ਰੋਹੀ ਮੈਂਬਰ ਕਿਰਪਾਲ ਸਿੰਘ ਪਿੰਡ ਬਰਾੜ ਜ਼ਿਲ੍ਹਾ ਅੰਮ੍ਰਿਤਸਰ ਨੇ ਗ਼ਦਰ ਦੀ ਤਾਰੀਖ ਪੁਲਿਸ ਨੂੰ ਸੂਚਿਤ ਕਰ ਕੇ ਇਤਿਹਾਸ ਦੇ ਪੰਨਿਆਂ ਤੇ ਆਪਣਾ ਨਾਂ ਸਦਾ ਲਈ ਕਲੰਕਿਤ ਕਰ ਲਿਆ।ਮੁਖ਼ਬਰ ਰਾਹੀਂ ਗ਼ਦਰ ਦੀ ਖ਼ਬਰ ਸਰਕਾਰ ਤੱਕ ਪਹੁੰਚਾਉਣ ਦੀ ਜਾਣਕਾਰੀ ਛੇਤੀ ਹੀ ਗ਼ਦਰ ਪਾਰਟੀ ਨੂੰ ਮਿਲ ਗਈ। ਅਜਿਹੀ ਹਾਲਤ ਵਿੱਚ 16ਂ ਫਰਵਰੀ ਨੂੰ ਪਾਰਟੀ ਨੇ ਨਵਾਂ ਫੈਸਲਾ ਲੈ ਲਿਆ ਤੇ ਗ਼ਦਰ ਦੀ ਤਾਰੀਖ 21 ਦੀ ਬਜਾਏ 19 ਫਰਵਰੀ ਕਰ ਦਿੱਤੀ ਗਈ, ਪਰ ਬਦਕਿਸਮਤੀ ਨਾਲ ਕਿਰਪਾਲ ਸਿੰਘ ਨੂੰ ਬਦਲੀ ਤਾਰੀਖ ਦਾ ਵੀ ਇਲਮ ਹੋ ਗਿਆ ਤੇ ਉਸ ਨੇ ਇਸ ਬਾਰੇ ਵੀ ਅੰਗਰੇਜ਼ ਸਰਕਾਰ ਨੂੰ ਸੂਚਿਤ ਕਰ ਦਿੱਤਾ। ਬੇਸ਼ੱਕ ਗ਼ਦਰ ਆਗੂਆਂ ਨੂੰ ਕਿਰਪਾਲ ਸਿੰਘ ਦੀ ਮੰਦੀ ਨੀਅਤ 'ਤੇ ਸ਼ੱਕ ਹੋ ਗਿਆ ਸੀ ਤੇ ਉਸ ਤੇ ਨਿਗਰਾਨੀ ਵੀ ਰੱਖੀ ਜਾ ਰਹੀ ਸੀ, ਪਰ ਤਦ ਵੀ ਉਹ ਆਪਣੇ ਘਟੀਆ ਮਨਸੂਬਿਆਂ 'ਚ ਸਫਲ ਹੋ ਗਿਆ। ਉਸ ਤੋਂ ਮਿਲੀ ਇਤਲਾਹ ਮੁਤਾਬਿਕ ਹਕੂਮਤ ਪੂਰੀ ਤਰ੍ਹਾਂ ਚੌਕੰਨੀ ਹੋ ਗਈ । ਛਾਉਣੀਆਂ ਦੀ ਨਿਗਰਾਨੀ ਸਖਤ ਕਰ ਦਿੱਤੀ ਗਈ ਜਿਨ੍ਹਾਂ ਥਾਵਾਂ ਤੋਂ ਬਗ਼ਾਵਤ ਦਾ ਸੰਦੇਹ ਸੀ, ਉੱਥੋਂ ਸ਼ੱਕੀ ਫੌਜੀਆਂ ਨੂੰ ਬਦਲ ਦਿੱਤਾ ਗਿਆ। ਪੁਲਿਸ ਨੇ ਪੂਰੀ ਤਿਆਰੀ ਨਾਲ 19 ਫਰਵਰੀ ਸ਼ਾਮ ਸਾਢੇ ਚਾਰ ਵਜੇ ਲਾਹੌਰ ਵਿਚਲੇ ਗ਼ਦਰੀਆਂ ਦੇ ਮੁੱਖ ਟਿਕਾਣੇ ਮੋਚੀ ਦਰਵਾਜ਼ੇ ਵਾਲੇ ਮਕਾਨ 'ਤੇ ਛਾਪਾ ਮਾਰਿਆ ਤੇ ਸੱਤ ਪ੍ਰਮੁੱਖ ਇਨਕਲਾਬੀਆਂ ਨੂੰ ਗ੍ਰਿਫਤਾਰ ਕਰ ਲ਼ਿਆ।
ਛਾਪੇ ਦੌਰਾਨ ਪੁਲਿਸ ਨੂੰ ਅਜਿਹੇ ਖੁਫੀਆ ਪੱਤਰ ਵੀ ਮਿਲ ਗਏ ਜਿਨ੍ਹਾਂ ਚ ਗ਼ਦਰ ਦੀ ਵਿਉਂਤ ਬਾਰੇ ਡੂੰਘੀ ਵਾਕਫੀਅਤ ਸੀ। ਕਰੀਬ ਸਾਢੇ ਛੇ ਵਜੇ ਫਰੰਗੀ ਸਰਕਾਰ ਨੇ ਪ੍ਰਾਪਤ ਦਸਤਾਵੇਜ਼ਾਂ ਦੇ ਆਧਾਰ 'ਤੇ ਤਾਰਾਂ ਰਾਹੀਂ ਸਾਰੀਆਂ ਛਾਉਣੀਆਂ ਨੂੰ ਚੌਕਸ ਕਰ ਦਿੱਤਾ ।ਇਸ ਤਰ੍ਹਾਂ ਆਜ਼ਾਦੀ ਲਈ ਹੋਣ ਵਾਲੀ ਵੱਡੀ ਬਗਾਵਤ ਨੂੰ ਫਿਰੰਗੀ ਨੇ ਸਿਰੇ ਨਾ ਚੜ੍ਹਨ ਦਿੱਤਾ ਅਤੇ ਗ਼ਦਰ ਨੂੰ ਨਾਕਾਮਯਾਬ ਬਣਾ ਦਿੱਤਾ।ਵਿਦਰੋਹ ਵਾਸਤੇ ਕੇਂਦਰ ਲਾਹੌਰ ਦੀ ਛਾਉਣੀ ਮੀਆਂ ਮੀਰ ਦੇ ਅਸਲੇ ਨੰਬਰ ਦੋ ਦੇ ਸਿਪਾਹੀਆਂ ਨੂੰ, ਗਦਰ ਚ ਸ਼ਮੂਲੀਅਤ ਲਈ ਸ਼ੱਕ ਦੇ ਆਧਾਰ ਤੇ ਲਾਈਨ ਹਾਜ਼ਰ ਕਰ ਦਿੱਤਾ ਗਿਆ। ਫਿਰੋਜ਼ਪੁਰ ਛਾਉਣੀ ਵਿੱਚ ਗ਼ਦਰ ਫੈਲਾਉਣ ਲਈ ਜ਼ਿੰਮੇਵਾਰ ਆਗੂਆਂ ਭਾਈ ਸਾਹਿਬ ਭਾਈ ਰਣਧੀਰ ਸਿੰਘ ਤੇ ਸਰਦਾਰ ਕਰਤਾਰ ਸਿੰਘ ਸਰਾਭਾ ਦੁਆਰਾ ਸੰਪਰਕ ਕਰਨ ਤੋਂ ਪਹਿਲਾਂ ਹੀ ਸਾਜਿਸ਼ 'ਚ ਸ਼ਾਮਿਲ ਫੌਜੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਤੇ ਗ਼ਦਰੀ ਮੁੱਲਾ ਸਿੰਘ ਮੀਰਾਕੋਟ ਨੂੰ ਕੈਦੀ ਬਣਾ ਲਿਆ ਗਿਆ,ਜੋ ਪੁਲਿਸ ਦਾ ਜ਼ੁਲਮ ਸਹਿਣ ਨਾ ਕਰਦੇ ਹੋਏ ਮਗਰੋਂ ਵਾਅਅ- ਮੁਆਫ਼ ਗਵਾਹ ਬਣ ਗਿਆ। ਮੁੱਲਾ ਸਿੰਘ ਵਾਂਗ ਹੀ ਪਾਰਟੀ ਕਾਰਕੁੰਨ ਅਮਰ ਸਿੰਘ ਵੀ ਸਰਕਾਰੀ ਕੁੱਟਮਾਰ ਅੱਗੇ ਝੁਕ ਗਿਆ ਤੇ ਇਨ੍ਹਾਂ ਨੇ ਆਪਣੇ ਸਰਗਰਮ ਸਾਥੀਆਂ ਦੇ ਟਿਕਾਣਿਆਂ ਦੇ ਭੇਦ ਖੋਲ• ਦਿੱਤੇ । ਪੁਲਿਸ ਨੇ ਪਿੰਡਾਂ ਸ਼ਹਿਰਾਂ ਵਿੱਚ ਬਹੁਤ ਛਾਪੇ ਮਾਰੇ ਤੇ ਤਕਰੀਬਨ ਸਾਰੇ ਗ਼ਦਰੀ ਆਗੂਆਂ ਫੜ ਲਏ।
ਦੂਸਰੇ ਪਾਸੇ ਕਈ ਵਰ੍ਹੇ ਕੈਨੇਡਾ 'ਚ ਗ਼ਦਰੀਆਂ ਨਾਲ ਰਹੇ ਮੁਖ਼ਬਰ ਕਿਰਪਾਲ ਸਿੰਘ ਦੁਆਰਾ ਹਕੂਮਤ ਨੂੰ ਗ਼ਦਰ ਦੀ ਸੂਹ ਦੇਣ ਤੇ ਕੌਮ ਨਾਲ ਗੱਦਾਰੀ ਕਰਨ ਦੇ ਇਨਾਮ ਵਜੋਂ ਤੀਹ ਹਜ਼ਾਰ ਰੁਪਏ ਨਕਦ ਤੇ ਪੰਜ ਮੁਰੱਬੇ ਜ਼ਮੀਨ ਮਿਲੀ,ਪਰ ਉਸ ਦੇ ਗੁਨਾਹਾਂ ਤੇ ਪਾਪਾਂ ਦੀ ਸਜ਼ਾ ਸਮਾਂ ਪਾ ਕੇ ਦੇਸ਼ ਭਗਤਾਂ ਨੇ 1932 ਵਿੱਚ ਉਸ ਨੂੰ ਮੌਤ ਦੇ ਘਾਟ ਉਤਾਰ ਦੇ ਕੇ ਦਿੱਤਾ। ਫਰੰਗੀ ਮੁਖਬਰਾਂ ਦੀ ਸੂਚੀ ਇੱਕ ਹੋਰ ਨਾਂ ਨਵਾਬ ਖਾਂ ਹਲਵਾਰਾ ਜ਼ਿਲ੍ਹਾ ਲੁਧਿਆਣਾ ਵੀ ਜ਼ਿਕਰਯੋਗ ਹੈ। ਇਹ ਇਹ ਔਰੇਗਨ ਸਟੇਟ ਦੇ ਸ਼ਹਿਰ ਆਸਟੇਰੀਆ 'ਚ ਗ਼ਦਰੀ ਸਰਗਰਮੀਆਂ 'ਚ ਆਗੂ ਰਿਹਾ ਅਤੇ ਇਸ ਬਾਰੇ ਕਿਸੇ ਨੂੰ ਸਰਕਾਰੀ ਸੂਹੀਆ ਹੋਣ ਦਾ ਜ਼ਰਾ ਵੀ ਖਿਆਲ ਨਹੀਂ ਸੀ। ਨਵਾਬ ਖਾਨ ਬਹੁਤੇ ਗ਼ਦਰੀਆਂ ਦੇ ਰਿਸ਼ਤੇਦਾਰਾ ਆਦਿ ਬਾਰੇ ਭਲੀ-ਭਾਂਤ ਜਾਣਕਾਰੀ ਜਾਣਦਾ ਸੀ ਤੇ ਇਸ ਦੀਆਂ ਰਿਪੋਰਟਾਂ 'ਤੇ ਬਹੁਤ ਸਾਰੇ ਇਨਕਲਾਬੀ ਗ੍ਰਿਫਤਾਰ ਹੋਏ । ਮਗਰੋਂ ਨਵਾਬ ਖਾਨ ਲਾਹੌਰ ਕੇਸ ਅਤੇ ਫਿਰ ਅਮਰੀਕਾ ਸਾਜ਼ਿਸ਼ ਕੇਸ ਵਿੱਚ ਸਰਕਾਰੀ ਗਵਾਹ ਬਣਿਆ।
ਵਾਸਤਵ ਵਿੱਚ ਗਦਰ ਦੇ ਮਨੋਰਥ 'ਤੇ ਉਦੋਂ ਹੀ ਪਾਣੀ ਫਿਰ ਗਿਆ, ਜਦ ਇਸ ਦੇ ਸੱਚ ਤੋਂ ਪਹਿਲਾਂ ਹੀ ਇਤਲਾਹ ਅੰਗਰੇਜ਼ ਸਰਕਾਰ ਨੂੰ ਮੁਖ਼ਬਰਾਂ ਪਾਸੋਂ ਮਿਲ ਗਈ । ਮਾਈਕਲ ਉਡਵਾਇਰ ਆਪਣੇ ਸ਼ਬਦਾਂ ਵਿੱਚ ਲਿਖਦਾ ਹੈ '' 19 ਫਰਵਰੀ ਦੇ ਛਾਪੇ ਨੇ ਉਸ ਰਾਤ ਗਦਰ ਕਰਾਉਣ ਦੀ ਵਿਉਂਤ ਨੂੰ ਅਸਫ਼ਲ ਬਣਾ ਦਿੱਤਾ।ਅਸੀਂ ਖੁਫੀਆ ਭਾਸ਼ਾ ਵਿੱਚ ਸਿਆਲਕੋਟ ਫ਼ਿਰੋਜ਼ਪੁਰ ਅਤੇ ਰਾਵਲਪਿੰਡੀ ਆਦਿ ਵੱਖ-ਵੱਖ ਛਾਉਣੀਆਂ ਵਿੱਚ ਤਾਰਾਂ ਭੇਜ ਦਿੱਤੀਆਂ ਅਤੇ ਸੈਨਿਕ ਅਫ਼ਸਰਾਂ ਨੇ ਲਾਜ਼ਮੀ ਤੇ ਕਈ ਜਗ੍ਹਾ ਜ਼ਰੂਰਤ ਨਾਲੋਂ ਵਧੇਰੇ ਪੇਸ਼ਾਵਰ ਲਈਆਂ ਰਿਪੋਰਟਾਂ ਦੇ ਅਧਾਰ 'ਤੇ ਪੰਜਾਬ ਭਰ ਵਿੱਚ ਕ੍ਰਾਂਤੀਕਾਰੀਆਂ ਦੀਆਂ ਗ੍ਰਿਫ਼ਤਾਰੀਆਂ ਵੱਡੇ ਪੱਧਰ ਤੇ ਹੋ ਰਹੀਆਂ ਸਨ।" ਗ਼ਦਰ ਦੀਆਂ ਕੋਸ਼ਿਸ਼ਾਂ ਨੂੰ ਸਰਕਾਰ ਨੇ ਅਸਫਲ ਬਣਾ ਦਿੱਤਾ ਸੀ । ਅਜਿਹੀ ਸਥਿਤੀ ਵਿੱਚ ਗ਼ਦਰ ਲਹਿਰ ਦੇ ਕਈ ਆਗੂਆਂ ਨੇ ਵਿਚਾਰ ਕੀਤੀ ਕਿ ਆਪਣੇ ਆਪ ਨੂੰ ਸਰਕਾਰੀ ਪੰਜਿਆਂ ਦੀ ਪਕੜ ਤੋਂ ਬਚਾਇਆ ਜਾਵੇ ਤੇ ਸਮਾਂ ਪਾ ਕੇ ਫਿਰ ਤੋਂ ਦੇਸ਼-ਭਗਤਾਂ ਨੂੰ ਸੰਗਠਿਤ ਕੀਤਾ ਜਾਵੇ । ਨੌਜਵਾਨ ਕਰਤਾਰ ਸਿੰਘ ਸਰਾਭਾ ਤੇ ਹਰਨਾਮ ਸਿੰਘ ਟੁੰਡੀਲਾਟ ਨੇ ਬੰਗਾਲ ਤੋਂ ਪੰਜਾਬੀ ਗ਼ਦਰੀਆਂ ਦੀ ਅਗਵਾਈ ਲਈ ਮੰਗਵਾਏ ਰਾਸ ਬਿਹਾਰੀ ਬੋਸ ਨੂੰ ਪੁਲਿਸ ਹੱਥੋਂ ਬਚਾਉਣ ਲਈ ਲਾਹੌਰ ਸਟੇਸ਼ਨ ਤੇ ਪਹੁੰਚਾਇਆ, ਜਿੱਥੋਂ ਬੋਸ ਬਨਾਰਸ ਚੱਲਿਆ ਗਿਆ । ਮਗਰੋਂ ਉਹ ਫਰੰਗੀ ਤੋਂ ਬਚਾਉਂਦੇ ਬਚਾਉਂਦੇ ਜਾਪਾਨ ਪਹੁੰਚ ਗਿਆ, ਜਿੱਥੇ ਕੁੱਝ ਸਮਾਂ ਬਾਅਦ ਬੋਸ ਦੀ ਮੌਤ ਹੋ ਗਈ।
ਏਧਰ ਕਰਤਾਰ ਸਿੰਘ ਸਰਾਭਾ, ਹਰਨਾਮ ਸਿੰਘ ਟੁੰਡੀਲਾਟ ਅਤੇ ਜਗਤ ਸਿੰਘ ਲਾਇਲਪੁਰ ਚਲੇ ਗਏ ਤੇ ਉੱਥੋਂ ਪਠਾਣਾਂ ਦਾ ਭੇਸ ਬਦਲ ਕੇ ਪੇਸ਼ਾਵਰ ਦੇ ਕਬਾਇਲੀ ਇਲਾਕੇ ਵਿੱਚ ਪਹੁੰਚ ਗਏ। ਇੱਥੇ ਉਹ ਪੂਰੀ ਤਰ੍ਹਾਂ ਸੁਰੱਖਿਅਤ ਸਨ, ਪਰ ਇਕ ਸਮੇਂ ਅਚਾਨਕ ਹੀ ਉਨ•ਾਂ ਗ਼ਦਰ ਦੀ ਗੂੰਜ ਵਿੱਚ ਛਪੀ ਇਨਕਲਾਬੀ ਨਜ਼ਮ 'ਬਣੀ ਸਿਰ ਸ਼ੇਰਾਂ ਕੀ ਜਾਣਾ ਭੱਜ ਕੇ!' ਪੜ੍ਹੀ, ਤਾਂ ਮਨ ਅੰਦਰ ਆਪਣੀਆਂ ਜਾਨਾਂ ਬਚਾ ਕੇ,ਛੁਪਣ 'ਤੇ ਡੂੰਘਾ ਅਫਸੋਸ ਹੋਇਆ। ਨਾਲ ਹੀ ਇਹ ਖ਼ਿਆਲ ਆਇਆ ਕਿ ਜੇਕਰ ਜਾਨ ਹੀ ਬਚਾਉਣੀ ਸੀ, ਤਾਂ ਅਮਰੀਕਾ ਤੋਂ ਸ਼ਹੀਦੀਆਂ ਦੇ ਵਾਅਦੇ ਕਰਕੇ ਆਉਣ ਦੀ ਕੀ ਲੋੜ ਸੀ । ਅਜਿਹੀ ਮਨ ਅੰਤਰ ਦੀ ਪੀੜਾ ਨੂੰ ਪਛਾਣਦਿਆਂ ਇਹ ਇਹ ਮਰਜੀਵੜੇ ਮੁੜ ਮੌਤ ਦੇ ਮੂੰਹ ਵਿੱਚ ਪਰਤਣ ਲਈ ਤਿਆਰ ਹੋਏ । ਪੇਸ਼ਾਵਰ ਤੋਂ ਪੰਜਾਬ ਵੱਲ ਚੱਲ ਪਏ 3 ਸੂਰਮੇ 22 ਵੇਂ ਰਸਾਲੇ ਦੇ ਘੋੜਿਆਂ ਦੇ ਫਾਰਮ ਕੋਲ ਚੱਕ ਨੰਬਰ ਪੰਜ, ਸਰਗੋਧਾ ਪਹੁੰਚੇ, ਜਿੱਥੋਂ ਉਨ੍ਹਾਂ ਹਥਿਆਰ ਲੈ ਕੇ ਆਪਣੇ ਬੰਦੀ ਸਾਥੀਆਂ ਨੂੰ ਛੁਡਾਉਣ ਦੀ ਯੋਜਨਾ ਬਣਾਈ, ਪਰ ਉਨ੍ਹਾਂ ਦੀ ਇਹ ਵਿਉਂਤ ਸਿਰੇ ਨਾ ਚੜ੍ਹੀ ਕਿਉਂਕਿ ਇੱਕ ਹੋਰ ਗਦਾਰ ਗੰਡਾ ਸਿੰਘ ਰਸਾਲਦਾਰ ਨੇ 2 ਮਾਰਚ 1915 ਈਸਵੀ ਨੂੰ ਤਿੰਨੇ ਸੂਰਮਿਆਂ ਨੂੰ ਪੁਲਿਸ ਪਾਸ ਇਤਲਾਹ ਦੇ ਕੇ ਗ੍ਰਿਫ਼ਤਾਰ ਕਰਵਾ ਦਿੱਤਾ। ਇੱਥੇ ਵਿਸ਼ੇਸ਼ ਮਹੱਤਵ ਵਾਲੀ ਗੱਲ ਇਹ ਹੈ ਕਿ ਅੰਗਰੇਜ਼ ਪੁਲਿਸ ਦੇ ਖੂਨੀ ਸ਼ਿਕੰਜੇ 'ਚ ਜਕੜੇ ਜਾਣ 'ਤੇ ਵੀ ਇਨ੍ਹਾਂ ਸੂਰਵੀਰਾਂ ਦੇ ਚਿਹਰੇ ਚੜ੍ਹਦੀ ਕਲਾ ਵਿੱਚ ਸਨ ਤੇ ਸਰਾਭਾ ਤਾਂ ਅਕਸਰ ਇਹ ਕਵਿਤਾ ਪੜ੍ਹਿਆ ਕਰਦਾ ਸੀ:
ਸੇਵਾ ਦੇਸ ਦੀ ਜਿੰਦੜੀਏ ਬੜੀ ਔਖੀ
ਗੱਲਾਂ ਕਰਨੀਆਂ ਢੇਰ ਸੁਖਾਲੀਆਂ ਨੇ ।
ਜਿੰਨਾ ਦੇਸ ਸੇਵਾ ਵਿੱਚ ਪੈਰ ਪਾਇਆ
ਉਨ•ਾਂ ਲੱਖ ਮੁਸੀਬਤਾਂ ਝੱਲੀਆਂ ਨੇ। ''
ਗ਼ਦਰ ਲਹਿਰ ਦੇ ਆਗੂਆਂ ਨੇ ਵਿਦਰੋਹ ਦੇ ਸਫਲ ਨਾ ਹੋਣ ਦੇ ਬਾਵਜੂਦ ਹੌਸਲਾ ਨਾ ਛੱਡਿਆ ਤੇ ਕਿਤੇ ਨਾ ਕਿਤੇ ਕੋਈ ਅਜਿਹੀ ਇਨਕਲਾਬੀ ਸਰਗਰਮੀ ਕਰਦੇ ਰਹੇ, ਜੋ ਗ਼ਦਰ ਪਾਰਟੀ ਦੇ ਉਸ ਮਨੋਰਥ ਨੂੰ ਚੇਤੇ ਕਰਵਾਉਂਦੀ ਸੀ ਕਿ ਜਦ ਤੱਕ ਇੱਕ ਵੀ ਗ਼ਦਰੀ ਸਿਪਾਹੀ ਬਾਕੀ ਹੈ, ਉਦੋਂ ਤੱਕ ਕੌਮੀ ਆਨ ਬਾਨ ਤੇ ਸ਼ਾਨ ਲਈ ਕੁਰਬਾਨ ਹੋਣ ਤੋਂ ਨਹੀਂ ਝਿਜਕਾਂਗੇ। ਗ਼ਦਰੀਆਂ ਨੇ 11ਂ ਜੂਨ ਦੀ ਰਾਤ ਨੂੰ 42 ਨੰਬਰ ਪਲਟਣ ਦੀ ਗਾਰਦ ਉੱਤੇ ਅੰਮ੍ਰਿਤਸਰ ਜ਼ਿਲ੍ਹੇ 'ਚ ਪੈਂਦੇ ਪਿੰਡ ਬੱਲਾਂ ਲਾਗਲੇ ਨਹਿਰ ਦੇ ਪੁੱਲ 'ਤੇ ਹਮਲਾ ਕਰ ਦਿੱਤਾ। ਹਮਲੇ ਦੌਰਾਨ ਪਲਟਣ ਦੇ ਦੋ ਸਿਪਾਹੀ ਦੇ ਦੋ ਹੋਰ ਬੰਦੇ ਮਾਰੇ ਗਏ। ਗ਼ਦਰੀ ਹਥਿਆਰ ਤੇ ਗੋਲੀ ਸਿੱਕਾ ਖੋਹ ਕੇ ਲੈ ਗਏ। ਬਗਾਵਤ ਦੌਰਾਨ ਇੱਕ ਹੋਰ ਘਟਨਾ ਰਿਆਸਤ ਮੰਡੀ ਵਿੱਚ ਹੋਈ। ਦਰਅਸਲ ਮੰਡੀ ਦੀ ਰਾਣੀ ਵੀ ਅੰਗਰੇਜ਼ ਹਕੂਮਤ ਦੀਆਂ ਵਧੀਕੀਆਂ ਤੋਂ ਪ੍ਰੇਸ਼ਾਨ ਸੀ ਉਸ ਦੇ ਭਰਾ ਮੀਆਂ ਜਵਾਹਰ ਸਿੰਘ ਦੀ ਮੁਲਾਕਾਤ ਗ਼ਦਰੀ ਨਿਧਾਨ ਸਿੰਘ ਚੁੱਘਾ ਨਾਲ ਹੋਈ। ਮਾਰਚ 1915 ਈਸਵੀ ਵਿੱਚ ਇਹ ਵਿਉਂਤ ਬਣਾਈ ਗਈ ਕਿ ਪੰਜਾਬ ਦੇ ਗਦਰੀ ਯੋਧੇ ਮੰਡੀ ਦੇ ਕਿਲ੍ਹੇ 'ਤੇ ਕਬਜ਼ਾ ਕਰ ਲੈਣ, ਇਸ ਕੰਮ ਚ ਉਨ•ਾਂ ਦਾ ਪੂਰਾ ਸਾਥ ਦੇਣਗੇ ਤੇ ਹਥਿਆਰਾਂ ਸਣੇ ਕਿਲੇ 'ਤੇ ਹਮਲੇ ਕਰ ਦਿੱਤਾ ਜਾਵੇਗਾ। ਮਗਰੋਂ ਮੰਡੀ ਦੇ ਅੰਗਰੇਜ਼ ਰੈਜ਼ੀਡੈਂਟ ਦੇ ਵਜ਼ੀਰ ਨੂੰ ਮਾਰ ਦਿੱਤਾ ਜਾਵੇਗਾ ।ਇਸ ਯੋਜਨਾ ਦੀ ਪੂਰਤੀ ਵਾਸਤੇ ਗ਼ਦਰੀ ਇਕੱਠੇ ਕਰਨ ਲਈ ਪੰਜਾਬ ਆ ਰਹੇ ਬਾਬਾ ਨਿਧਾਨ ਸਿੰਘ ਚੁੱਘਾ ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਕਮਾਲਪੁਰਾ ਕੋਲੋਂ ਫੜ ਲਿਆ ਗਿਆ। ਦੂਜੇ ਪਾਸੇ ਸਾਜ਼ਿਸ਼ ਰਚਣ ਦੇ ਦੋਸ਼ ਅਧੀਨ ਮੀਆਂ ਜਵਾਹਰ ਸਿੰਘ ਨੂੰ ਗ੍ਰਿਫਤਾਰ ਕਰ ਲ਼ਿਆ ਗਿਆ। ਰਾਣੀ ਨੂੰ ਕਿਲੇ 'ਚ ਹੀ ਨਜ਼ਰਬੰਦ ਕਰ ਦਿੱਤਾ ਗਿਆ । ਗ਼ਦਰ 1915 ਦੇ ਇਤਿਹਾਸ ਵਿੱਚ ਇਹ ਮੁਕੱਦਮਾ 'ਮੰਡੀ ਸਾਜ਼ਿਸ਼ ਕੇਸ' ਦੇ ਨਾਂ ਵਜੋਂ ਪ੍ਰਸਿੱਧ ਹੈ।
ਗ਼ਦਰ ਲਹਿਰ ਦੇ ਇਨਕਲਾਬੀਆਂ ਨੂੰ ਵੱਡੀ ਗਿਣਤੀ ਵਿੱਚ ਫੜੇ ਜਾਣ ਮਗਰੋਂ ਹਿੰਦ ਰੱਖਿਆ ਕਾਨੂੰਨ (ਡਿਫੈਂਸ ਆਫ਼ ਇੰਡੀਆ ਐਕਟ ) ਦੀਆਂ ਧਾਰਾਵਾਂ ਅਨੁਸਾਰ ਬਹੁਤ ਸਾਰੇ ਮੁਕੱਦਮੇ ਚਲਾਏ ਗਏ। ਇਨ੍ਹਾਂ ਕੇਸਾਂ ਦਾ ਮੂਲ ਮੰਤਵ ਇਨਕਲਾਬੀਆਂ ਨੂੰ ਆਜ਼ਾਦੀ ਸੰਗਰਾਮੀਆਂ ਸਾਬਤ ਕਰ ਕੇ ਸਜ਼ਾਵਾਂ ਦੇਣ ਦਾ ਨਹੀਂ, ਬਲਕਿ ਲੁਟੇਰੇ ਤੇ ਕਾਤਲ ਦਰਸਾ ਕੇ ਫਾਂਸੀਆਂ ਦੇਣ ਦਾ ਸੀ। ਇਸ ਦੌਰਾਨ ਕਚਹਿਰੀ ਵਿੱਚ ਮੁਜਰਿਮਾਂ ਪਾਸੋਂ ਕੋਈ ਅਪੀਲ ਦੀ ਸੰਭਾਵਨਾਵਾਂ ਨਹੀਂ ਸੀ, ਕੇਵਲ ਸਰਕਾਰ ਅੱਗੇ ਹੀ ਰਹਿਮ ਦੀ ਅਪੀਲ ਹੋ ਸਕਦੀ ਸੀ। ਗ਼ਦਰ ਦੇ ਗ਼ਦਰ ਲਹਿਰ ਦੇ ਆਗੂਆਂ 'ਤੇ ਦਾਇਰ ਕੇਸਾਂ ਵਿੱਚ ਸਭ ਤੋਂ ਪਹਿਲਾਂ ਜ਼ਿਕਰ 'ਲਾਹੌਰ ਸਾਜ਼ਿਸ਼ ਕੇਸ' ਦੇ ਪਹਿਲੇ ਮੁਕੱਦਮੇ ਵਜੋਂ ਆਉਂਦਾ ਹੈ। ਇਹ ਮੁਕੱਦਮਾ 26 ਅਪਰੈਲ 1915 ਈਸਵੀ ਨੂੰ ਸੈਂਟਰਲ ਜੇਲ੍ਹ ਲਾਹੌਰ ਚ ਸ਼ੁਰੂ ਹੋਇਆ ਅਤੇ 13 ਸਤੰਬਰ 1915ਂ ਈਸਵੀ ਨੂੰ ਬਾਦਸ਼ਾਹ ਬਨਾਮ ਆਨੰਦ ਕਿਸ਼ੋਰ ਤੇ ਹੋਰਨਾਂ ਦੇ ਨਾਂ ਅਧੀਨ ਅੰਕਿਤ ਇਸ ਕੇਸ ਦਾ ਫੈਸਲਾ ਸੁਣਾਇਆ ਗਿਆ। ਇਸ ਮੁਕੱਦਮੇ ਵਿੱਚ ਚੌਹਟ ਮੁਲਜ਼ਮ ਰੱਖੇ ਗਏ ਸਨ, ਜਿਹੜੀ ਗਿਣਤੀ ਉਸੇ ਵੇਲੇ ਪੂਰੇ ਦੇਸ਼ 'ਚ ਹੋਏ ਕਿਸੇ ਵੀ ਕੇਸ 'ਚ ਸ਼ਾਮਲ ਮੁਲਜ਼ਮਾਂ ਤੋਂ ਵੱਧ ਸੀ। ਇਸ ਕੇਸ ਵਿੱਚ ਸੱਤ ਗ਼ਦਰੀ ਯੋਧਿਆਂ ਕਰਤਾਰ ਸਿੰਘ ਸਰਾਭਾ, ਹਰਨਾਮ ਸਿੰਘ ਭੱਟੀ ਗੁਰਾਇਆ, ਜਗਤ ਸਿੰਘ ਸੁਰਸਿੰਘ, ਬਖਸ਼ੀਸ਼ ਸਿੰਘ ਗਿੱਲਵਾਲੀ, ਵਿਸ਼ਨੂੰ ਗਣੇਸ਼ਪਿੰਗਲੇ ਪੂਨਾ, ਸੁਰੈਣ ਸਿੰਘ ਗਿਲਵਾਲੀ ਤੇ ਇੱਕ ਹੋਰ ਯੋਧੇ ਸੁਰੈਣ ਸਿੰਘ ਨੂੰ 16 ਨਵੰਬਰ 1915 ਈਸਵੀ ਨੂੰ ਫਾਂਸੀ ਦੀ ਸਜਾ ਦਿੱਤੀ ਗਈ। ਇਨ੍ਹਾਂ ਤੋਂ ਇਲਾਵਾ ਚਾਲੀ ਹੋਰਾਂ ਨੂੰ ਉਮਰ ਕੈਦ, ਕਾਲੇ ਪਾਣੀ ਤੇ ਹੋਰ ਲੰਮੀਆਂ ਸਜ਼ਾਵਾਂ ਹੋਈਆਂ ਇਨ੍ਹਾਂ ਯੋਧਿਆਂ ਬਾਬਾ ਸੋਹਣ ਸਿੰਘ ਭਕਨਾ , ਬਾਬਾ ਨਿਧਾਨ ਸਿੰਘ ਚੁੰਘਾ, ਬਾਬਾ ਜੁਆਲਾ ਸਿੰਘ , ਬਾਬਾ ਵਿਸਾਖਾ ਸਿੰਘ, ਪੰਡਿਤ ਜਗਤ ਰਾਮ ਤੇ ਪਰਮਾਨੰਦ ਜੀ ਸ਼ਾਮਲ ਸਨ।
ਇਹ ਵਿਚਾਰਨਾ ਬਣਦਾ ਹੈ ਕਿ ਜਿਸ ਉਦੇਸ਼ ਲਈ ਇਨ੍ਹਾਂ ਸ਼ਹੀਦੀਆਂ ਦਿੱਤੀਆਂ, ਉਹ ਉਦੇਸ਼ ਪੂਰਾ ਹੋਇਆ? ਅੱਜ ਭਾਰਤ ਵਿੱਚ ਫਾਸ਼ੀਵਾਦ ਦਾ ਬੋਲਬਾਲਾ ਨਹੀਂ ? ਕੀ ਇਨ੍ਹਾਂ ਸ਼ਹੀਦਾਂ ਦੇ ਸੁਪਨੇ ਸਾਕਾਰ ਹੋਏ ਹਨ? ਇਸ ਦਾ ਉੱਤਰ 'ਨਾਂਹ' ਵਿੱਚ ਹੀ ਮਿਲੇਗਾ, ਕਿਉਂਕਿ ਅੱਜ ਵੀ ਫਾਸ਼ੀਵਾਦ ਅਤੇ ਨਾਜ਼ੀਵਾਦ ਜ਼ੋਰਾਂ 'ਤੇ ਹੈ ਅਤੇ ਅਖੌਤੀ ਆਜ਼ਾਦੀ ਦੇ ਬਾਵਜੂਦ ਭਾਰਤ ਅੰਦਰ ਘੱਟ- ਗਿਣਤੀਆਂ 'ਤੇ ਜ਼ੁਲਮ ਦਿਨੋਂ- ਦਿਨ ਵਧ ਰਹੇ ਹਨ। ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਉਨ੍ਹਾਂ ਦੇ ਸਾਥੀਆਂ ਦੀ ਰੂਹ ਅੱਜ ਦੇ ਅਖੌਤੀ ਲੋਕਤੰਤਰੀ ਆਗੂਆਂ ਨੂੰ ਲਾਅਣਤ ਪਾ ਰਹੀ ਹੈ ਅਤੇ ਉਨ੍ਹਾਂ ਨੂੰ ਕੋਈ ਹੱਕ ਨਹੀਂ ਅਜਿਹੇ ਯੋਧਿਆਂ ਦੇ ਸ਼ਹੀਦੀ ਦਿਨ ਮਨਾਉਣ ਦਾ, ਜਿਨ੍ਹਾਂ ਦੇ ਸਿਧਾਂਤਾਂ ਦੇ ਉਲਟ ਫਾਸ਼ੀਵਾਦੀ ਰਾਜ ਕਰ ਰਹੇ ਹਨ।
16 ਨਵੰਬਰ ਜਿੱਥੇ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਉਨ੍ਹਾਂ ਦੇ ਛੇ ਹੋਰ ਸਾਥੀਆਂ ਦਾ ਸ਼ਹੀਦੀ ਦਿਨ ਹੈ, ਉੱਥੇ ਹੀ ਕੈਨੇਡਾ ਦੇ ਮਹਾਨ ਯੋਧੇ ਲੂਈਸ ਰਿਆਲ ਦਾ ਸ਼ਹੀਦੀ ਦਿਨ ਵੀ ਹੈ।16 ਨਵੰਬਰ 1885 ਵਿੱਚ ਕੈਨੇਡਾ ਦੀ ਧਰਤੀ ਤੇ ਮੈਟਿਸ ਭਾਈਚਾਰੇ ਦੇ ਆਗੂ ਅਤੇ ਮੈਨੀਟੋਬਾ ਦੀ ਸੰਸਥਾਪਕ ਵਿਦਰੋਹੀ ਯੋਧੇ ਲੂਈਸ ਰਿਆਲ ਨੂੰ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਬੀਤੇ ਵਰ੍ਹੇ 16 ਨਵੰਬਰ ਨੂੰ ਬੀਸੀ ਵਿਧਾਨ ਸਭਾ ਲੂਇਸ ਰਿਆਲ ਦਿਵਸ਼ ਮਨਾਇਆ। ਇਸ ਮੌਕੇ ਤੇ ਪ੍ਰੋਕਲੇਮੇਸ਼ਨ ਵੀ ਜਾਰੀ ਕੀਤਾ ਗਿਆ, ਜੋ ਕਿ ਇਕ ਚੰਗੀ ਗੱਲ ਹੈ। ਮਹਾਨ ਯੋਧਿਆਂ ਦੇ ਸੰਘਰਸ਼ ਯਾਦ ਰੱਖਣ ਵਾਲੇ ਹਨ।ਕੈਨੇਡਾ ਦੇ Métis nation ਵਾਸਤੇ ਅਤੇ ਪ੍ਰੋਵਿੰਸ ਮੈਨੀਟੋਬਾ ਦੀ ਬਾਨੀ ਦੇ ਤੌਰ ਤੇ ਲੁਈਸ ਰਿਆਲ ਨੂੰ ਸੱਚੀ ਸ਼ਰਧਾਂਜਲੀ ਹੈ।
ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਲੁਈਸ ਵਾਂਗ ਹੀ ਕੈਨੇਡਾ ਦੇ ਮਹਾਨ ਯੋਧੇ ਭਾਈ ਮੇਵਾ ਸਿੰਘ ਜੀ ਨੂੰ ਸ਼ਹੀਦ ਕੀਤਾ ਗਿਆ ਸੀ । ਉਨ੍ਹਾਂ ਨੂੰ 11 ਜਨਵਰੀ 1915 ਵਿੱਚ ਨਿਊਵੈਸਟਮਨਿਸਟਰ, ਵੈਨਕੂਵਰ ਚ ਫਾਂਸੀ ਦਿੱਤੀ ਗਈ। ਸਵਾਲ ਇਹ ਹੈ ਕਿ ਕੀ ਲੂਈਸ ਰਿਆਲ ਵਾਂਗ ਸ਼ਹੀਦ ਮੇਵਾ ਸਿੰਘ ਨੂੰ ਵੀ ਕਦੇ ਇਸੇ ਤਰ੍ਹਾਂ ਯਾਦ ਕੀਤਾ ਜਾਏਗਾ? ਕੀ ਸਾਡੀ ਕੌਮ ਅਤੇ ਮਨੁੱਖੀ ਅਧਿਕਾਰ ਕਾਰਕੁਨ ਇਸ ਗੱਲ ਲਈ ਲਾਮਬੰਦੀ ਕਰਨਗੇ? ਕੀ ਸਾਡੇ ਸਿਆਸਤਦਾਨ ਚੁੱਪ ਤੋੜਨਗੇ ਅਤੇ ਪਾਰਲੀਮੈਂਟ ਜਾਂ ਵਿਧਾਨ ਸਭਾਵਾਂ ਚ ਕਦੇ ਮੇਵਾ ਸਿੰਘ ਦੀ ਸ਼ਹਾਦਤ ਨੂੰ ਵੀ ਮਾਨਤਾ ਦੇਣਗੇ ਤੇ ਉਨ੍ਹਾਂ ਦੇ ਨਾਲ ਨਾਲ ਅਜੇ ਤੱਕ ਵੀ ਚੱਲ ਰਹੇ 'ਕਾਤਲ' ਸ਼ਬਦ ਨੂੰ ਉਤਾਰਨਗੇ? 16 ਨਵੰਬਰ ਨੂੰ 'ਲੁਈਸ ਡੇ' ਦੇ ਮੌਕੇ ਪ੍ਰਣ ਕਰਨਾ ਚਾਹੀਦਾ ਹੈ ਕਿ ਕਦੇ ਸ਼ਹੀਦ 'ਭਾਈ ਮੇਵਾ ਸਿੰਘ ਦਿਵਸ' ਵੀ ਮਨਾਇਆ ਜਾਏ ਅਤੇ ਮਾਣ ਨਾਲ਼ ਸਾਡੇ ਸਿਆਸੀ ਆਗੂ ਵੀ ਚੁੱਪ ਤੋੜਦਿਆਂ, ਸ਼ਹੀਦ ਮੇਵਾ ਸਿੰਘ ਨੂੰ, ਕੈਨੇਡਾ ਦਾ ਯੋਧਾ ਆਖਣ ਦੀ ਹਿੰਮਤ ਕਰਨ। ਆਓ ਇਸ ਮਕਸਦ ਲਈ ਸਾਰੇ ਇਕਮੁੱਠ ਹੋ ਕੇ ਯਤਨ ਕਰੀਏ ਅਤੇ ਇਨ੍ਹਾ ਯੋਧਿਆਂ ਦੀਆਂ ਕੁਰਬਾਨੀਆਂ ਨੂੰ ਚੇਤੇ ਕਰੀਏ।
-
ਡਾ ਗੁਰਵਿੰਦਰ ਸਿੰਘ, ਪ੍ਰਧਾਨ ਪੰਜਾਬੀ ਪ੍ਰੈੱਸ ਕਲੱਬ ਆਫ਼ ਬੀ. ਸੀ.
singhnews@gmail.com
0016048251550
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.