ਜਲੰਧਰ ਦੂਰਦਰਸ਼ਨ ਦੇ ਚੰਗੇ ਦਿਨ ਚੇਤੇ ਆ ਰਹੇ ਨੇ ਜਦ ਗੇਦੜੀ ਦੇ ਲਾਲ ਲੱਭ ਲੱਭ ਕੇ ਮੌਲਿਕ ਸੋਚ ਨਾਲ ਹਰਜੀਤ, ਓਮ ਗੌਰੀ ਦੱਤ ਸ਼ਰਮਾ, ਬਲਜੀਤ ਸੰਦਲੀ ਪੈੜਾਂ, ਬਲਕਾਰ ਸੰਧਾਵਾਲੀਆ ਤੇ ਲਖਵਿੰਦਰ ਜੌਹਲ ਤੇ ਕਈ ਹੋਰ ਦੋਸਤ ਕਲਾਵੰਤ ਸੱਜਣ ਪਿਆਰਿਆਂ ਨੂੰ ਲੱਭ ਲੱਭ ਕੇ ਰੀਕਾਰਡ ਕਰਦੇ ਸਨ।
ਮੈਨੂੰ ਯਾਦ ਆ ਰਿਹੈ ਇਕ ਗੀਤ, ਕੁਲਦੀਪ ਮਾਣਕ ਦਾ ਗਾਇਆ ਹੋਇਆ
ਕੋਠੇ ਤੇ ਗਲਾਸੀ ਏ!
ਆਏ ਦੀਆਂ ਲੱਖ ਖ਼ੁਸ਼ੀਆਂ,
ਤੁਰ ਗਏ ਦੀ ਉਦਾਸੀ ਏ।
ਇਸ ਗੀਤ ਨੂੰ ਟੀ ਵੀ ਸਕਰੀਨ ਤੇ ਸੁਣਦਿਆਂ ਮਾਣਕ ਨਾਲ ਵੱਜਦਾ ਸਾਜ਼ ਤੇ ਵਜੰਤਰੀ ਚੇਤੇ ਆ ਰਿਹੈ!
ਉਦੋਂ ਨਹੀਂ ਸੀ ਪਤਾ ਕਿ ਇਹ ਰਾਜਿਸਥਾਨੀ ਸਾਜ਼ ਹੈ। ਵਜਾ ਰਹੇ ਸੱਜਣ ਬਾਰੇ ਵੀ ਕੱਖ ਨਹੀਂ ਸੀ ਪਤਾ।
ਕੁਲਦੀਪ ਮਾਣਕ ਨੂੰ ਪੁੱਛਿਆ ਤਾਂ ਉਹ ਵੀ ਤਸੱਲੀ ਬਖ਼ਸ਼ ਜਵਾਬ ਨਾ ਦੇ ਸਕਿਆ।
ਦੇ ਤਿੰਨ ਸਾਲਾਂ ਬਾਦ ਅਚਨਚੇਤ ਸ: ਜਗਦੇਵ ਸਿੰਘ ਜੱਸੋਵਾਲ ਦੇ ਘਰ ਇਹ ਵਜੰਤਰੀ ਮਿੱਤਰ ਮਿਲ ਪਿਆ।
ਨਾਂ ਪੁੱਛਿਆ ਤਾਂ ਉਸ ਦੱਸਿਆ ਕਿ ਸਰੂਪ ਹੈ ਪਰ ਹੁਣ ਮੈਂ ਸਰੂਪ ਮਾਣਕ ਦੇ ਨਾਂ ਨਾਲ ਜਾਣਿਆ ਜਾਂਦਾ ਹਾਂ।
ਘਰ ਪਤਾ ਕੋਈ ਨਹੀਂ ਸੀ ਕਿਉਂਕਿ ਉਹ ਕਿਤੇ ਝੁੱਗੀ ਪਾ ਕੇ ਰਹਿੰਦਾ ਸੀ। ਪਤਾ ਨਹੀਂ ਕਦੋਂ ਝੁੱਗੀ ਢਹਿ ਜਾਵੇ ਜਾਂ ਸਰਕਾਰ ਢਾਹ ਜਾਵੇ , ਇਹ ਕਹਿੰਦਿਆਂ ਉਹਦਾ ਗੱਚ ਭਰ ਆਇਆ।
ਜੱਸੋਵਾਲ ਜੀ ਨੇ ਹਿੱਕ ਨਾਲ ਲਾਇਆ , ਸੰਭਾਲਿਆ ਤੇ ਕਿਹਾ,
ਸਰੂਪ! ਉਹ ਗੀਤ ਸੁਣਾ!
ਵੱਡਾ ਹਾਉਕਾ ਭਰ ਕੇ ਉਸ ਸਾਜ਼ ਸੁਰ ਕੀਤੀ ਤੇ ਗਾਉਣਾ ਸ਼ੁਰੂ ਕਰ ਦਿੱਤਾ।
ਕੀੜੇ ਪੈਣਗੇ ,
ਮਰੇਂਗੀ ਸੱਪ ਲੜਕੇ,
ਪੱਟੇਂਗੀ ਜਹਾਨੋਂ ਜਾਣੀਏਂ।
ਅਸਲ ਚ ਉਹਨੀਂ ਦਿਨੀਂ ਸਰੂਪ ਮਾਣਕ ਨਾਲ ਸਟੇਜ ਪ੍ਰੋਗਰਾਮ ਕਰਨ ਜਾਂਦਾ ਸੀ ਪਰ ਕਿਸੇ ਕਾਰਨ ਉਹ ਫ਼ਾਸਲਾ ਬਣਾ ਰਿਹਾ ਸੀ। ਉਹਦਾ ਦਿਲ ਕਰਦਾ ਸੀ ਕਿ ਉਹਦੀ ਵੀ ਕੋਈ ਆਪਣੀ ਕੈਸਿਟ ਹੋਵੇ।
ਜੱਸੋਵਾਲ ਨੇ ਐੱਮ ਐੱਲ ਏ ਵਾਲੀ ਮਹੀਨੇ ਦੀ ਪੂਰੀ ਪੈਨਸ਼ਨ ਖ਼ਰਚ ਕੇ ਉਸ ਦੀ ਇੰਦਰਲੋਕ ਸਟੁਡੀਓ ਵਿੱਚ ਪੰਡਿਤ ਸੋਮ ਨਾਥ ਸ਼ਰਮਾ ਦੇ ਸੰਗੀਤ ਚ ਕੈਸਿਟ ਰੀਕਾਰਡ ਕਰਵਾ ਦਿੱਤੀ।
ਨਵਾਂ ਕੁੜਤਾ ਚਾਦਰਾ ਸਿੰਵਾ ਦਿੱਤਾ। ਆਪਣੀ ਕਾਰ ਚ ਹੀ ਲਿਜਾ ਕੇ ਸੈਂਕੜੇ ਮੇਲਿਆਂ ਤੇ ਪੇਸ਼ ਕੀਤਾ ਪਰ ਗੱਲ ਨਾ ਬਣੀ। ਅਨਪੜ੍ਹਤਾ ਤੇ ਗਰੀਬੀ ਪਿੱਛਾ ਨਹੀਂ ਸੀ ਛੱਡ ਰਹੀ।
ਉਹ ਸਮਰਾਲੇ ਚਲਾ ਗਿਆ ਤੇ ਉਥੇ ਝੁੱਗੀ ਪਾ ਲਈ। ਉਸ ਦੇ ਨਿੱਕੇ ਜਹੇ ਪੁੱਤਰ ਨੂੰ ਕੋਈ ਖੇਡਦਿਆਂ ਚੁੱਕ ਕੇ ਲੈ ਗਿਆ ਤਾਂ ਉਹ ਅੰਦਰੋਂ ਟੁੱਟ ਗਿਆ। ਪੁਲਿਸ ਤੇ ਸੱਜਣ ਪਿਆਰੇ ਲੱਭਦੇ ਹਾਰ ਗਏ। ਸਰੂਪ ਬੀਮਾਰ ਪੈ ਗਿਆ। ਨਾਲ ਹੀ ਕੈਂਸਰ ਰੋਗ ਨੇ ਘੇਰ ਲਿਆ। ਇਲਾਜ ਖੁਣੋਂ ਤੁਰ ਗਿਆ ਜਹਾਨੋਂ।
ਪਤਾ ਨਹੀਂ ਕਿੱਥੋਂ ਆਇਆ ਸੀ ਤੇ ਕਿੱਧਰ ਗਿਆ ਉਹ।
ਅਚਨਚੇਤ ਚੇਤੇ ਆ ਗਿਆ।
ਜਿਸ ਲੋਕ ਸਾਜ਼ ਨਾਲ ਗਾਉਂਦਾ ਸੀ ਉਸ ਨੂੰ ਰਾਵਣਹੱਥਾ ਕਹਿੰਦੇ ਨੇ ਪਰ ਲੋਕ ਭਾਸ਼ਾ ਚ ਰੌਣਥਾ।
ਦੋ ਕੁ ਸਾਲ ਪਹਿਲਾਂ ਖਾਲਸਾ ਕਾਲਿਜ ਪਟਿਆਲਿਓਂ ਪਰਤਦਿਆਂ ਸਾਨੂੰ ਇਸ ਸਾਜ਼ ਦਾ ਇੱਕ ਵਜੰਤਰੀ ਮਿਲ ਪਿਆ।
ਅਸਾਂ ਕਾਰ ਰੋਕ ਕੇ ਉਸ ਨੂੰ ਸੁਣਿਆ। ਕੈਨੇਡਾ ਤੋਂ ਆਏ ਮਿੱਤਰਾਂ ਮੰਗਾ ਸਿੰਘ ਬਾਸੀ ਤੇ ਮੋਹਨ ਗਿੱਲ ਨੇ ਉਸ ਨੂੰ ਮੋਬਾਈਲ ਕੈਮਰੇ ਤੇ ਰੀਕਾਰਡ ਕਰ ਲਿਆ। ਉਹ ਕਲਾਕਾਰ ਵੀ ਪਟਿਆਲੇ ਝੁੱਗੀਆਂ ਚ ਹੀ ਰਹਿੰਦਾ ਹੈ।
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.