"ਮੇਰੀ ਸੀਐੱਮ ਨਾਲ ਸਿੱਧੀ ਗੱਲ ਹੈ" ਇਹ ਬੋਲ ਅੱਜ ਕੱਲ੍ਹ ਹਰ ਤੀਜਾ ਜਾਂ ਚੌਥਾ ਆਦਮੀ ਕਹਿੰਦਾ ਹੈ। ਅਸੀਂ ਕਿਸੇ ਵੀ ਬੈਠਕ ਵਿਚ ਇਹ ਆਮ ਸੁਣਦੇ ਹਾਂ ਕਿ ਮੇਰੇ ਚਾਚੇ, ਮਾਮੇ,ਮਾਸੜ ਆਦਿ ਦੀ ਸੀਐੱਮ ਨਾਲ ਸਿੱਧੀ ਗੱਲ ਹੈ,ਪਰ ਜਦੋਂ ਕਿਸੇ ਆਪਣੇ ਖਾਸ ਨੂੰ ਕਹਿ ਦੋ ਕਿ ਸਾਨੂੰ ਸੀਐੱਮ ਲੈਵਲ 'ਤੇ ਇੱਕ ਛੋਟਾ ਜਿਹਾ ਕੰਮ ਹੈ ਤਾਂ ਉਸੇ ਮਾਮੇ, ਚਾਚੇ, ਮਾਸੜ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ। ਅਜਿਹੇ ਇਨਸਾਨ ਇੱਕ ਇੱਕ ਮਹੀਨਾ ਫੋਨ ਨਹੀਂ ਚੁੱਕਦੇ । ਅਜਿਹੀ ਹੀ ਮਿਲਦੀ ਜੁਲਦੀ ਘਟਨਾ ਸਾਡੇ ਗਵਾਂਢ 'ਚ ਵਾਪਰੀ। ਮੇਰਾ ਹੀ ਦੋਸਤ ਜੋ ਉਮਰ 'ਚ ਮੇਰੇ ਤੋਂ ਵੱਡਾ ਸੀ ਹਰ ਗੱਲ ਵਿੱਚ ਕਹਿ ਦਿੰਦਾ ਕਿ ਮੇਰੇ ਚਾਚੇ ਦੀ ਡੀਜੀਪੀ ਨਾਲ ਸਿੱਧੀ ਗੱਲਬਾਤ ਹੈ। ਡੀਜੀਪੀ ਹਰ ਕੰਮ ਮੇਰੇ ਚਾਚੇ ਕੋਲੋਂ ਪੁੱਛ ਕੇ ਕਰਦਾ ਹੈ।
ਇੱਥੇ ਤੱਕ ਸਾਡੇ ਗੁਆਂਢ ਦੇ ਕਈ ਲੋਕ ਇਹ ਕਹਿਣ ਲੱਗ ਗਏ ਕਿ ਡੀਜੀਪੀ ਸੂਸੂ ਵੀ ਕਰਨ ਜਾਂਦਾ ਹੈ ਤਾਂ ਇਸ ਦੇ ਚਾਚੇ ਨੂੰ ਪੁੱਛ ਕੇ ਜਾਂਦਾ ਹੈ, ਪਰ ਕਈਆਂ ਨੂੰ ਪਤਾ ਸੀ ਕਿ ਜਿਹੜਾ ਬੰਦਾ ਆਪ ਵਿਹਲਾ ਹੈ ਉਸ ਦਾ ਚਾਚਾ ਵੀ ਅਜਿਹਾ ਹੀ ਹੋਵੇਗਾ, ਪਰ ਇੱਕ ਦਿਨ ਗਲੀ 'ਚ ਜਾਂਦੇ ਇੱਕ ਪਤੀ-ਪਤਨੀ ਵਿੱਚ ਉਸ ਦਾ ਮੋਟਰਸਾਈਕਲ ਵੱਜ ਗਿਆ। ਝਗੜਾ ਸ਼ੁਰੂ ਹੋ ਗਿਆ। ਗੱਲ ਹੱਥੋ ਪਾਈ ਤੱਕ ਪਹੁੰਚ ਗਈ। ਪਤੀ-ਪਤਨੀ ਨੇ ਪੁਲਿਸ 'ਚ ਰਿਪੋਰਟ ਲਿਖਾ ਦਿੱਤੀ ਹਾਲੇ ਤੱਕ ਥਾਣੇ ਤੋਂ ਚਾਚੇ ਦੇ ਭਤੀਜੇ ਨੂੰ ਕੋਈ ਫੋਨ ਨਹੀਂ ਆਇਆ ਸੀ ਉਹ ਸਾਰੇ ਲੋਕਾਂ ਨੂੰ ਦੱਸਦਾ ਫਿਰਦਾ ਸੀ ਕਿ ਕੱਲ੍ਹ ਰੇਸ਼ਮਾ (ਬਦਲਿਆ ਹੋਇਆ ਨਾਮ) ਦੇ ਪਤੀ ਦੀ ਚੰਗੀ ਖੜਕਾਈ ਕੀਤੀ। ਸਾਨੂੰ ਵੀ ਦੱਸ ਰਿਹਾ ਸੀ ਕਿ ਰੇਸ਼ਮਾ ਦੇ ਘਰ ਵਾਲੇ ਦੀ ਤਸੱਲੀ ਕਰਾ ਦਿੱਤੀ। ਮਹੱਲੇ 'ਚ ਚਾਮ੍ਹਲਿਆ ਫਿਰਦਾ ਸੀ ਲਓ ਜੀ ਥਾਣੇ ਤੋਂ ਸਾਡੇ ਸਾਹਮਣੇ ਹੀ ਫੋਨ ਆਉਂਦਾ ਹੈ ਤੁਹਾਡੇ ਖਿਲਾਫ ਸ਼ਿਕਾਇਤ ਆਈ ਹੈ ਠਾਣੇ ਆ ਜਾਓ।
ਹਾਲੇ ਤੱਕ ਚਾਚੇ ਦੇ ਭਤੀਜੇ ਦੇ ਹੋਸ਼ ਟਿਕਾਣੇ ਨਹੀਂ ਆਏ ਸਨ ਉਹ ਕਹਿਣ ਲੱਗਾ ਇਨ੍ਹਾਂ ਪਤੀ-ਪਤਨੀ ਨੂੰ ਮਜ਼ਾ ਚੁਕਾਉਣਾ ਪੂਰਾ.. ਚਾਚੇ ਦੇ ਭਤੀਜੇ ਨੇ ਦੋ ਤਿੰਨ ਫੋਨ ਕੀਤੇ ਅਤੇ ਉਸ ਤੋਂ ਬਾਅਦ ਕਹਿੰਦਾ ਮੈਨੂੰ ਪਟਿਆਲੇ ਜਾਣਾ ਪੈਣਾ ਹੈ ਪਰ ਜਦੋਂ ਉਹ ਪੁਲਿਸ ਥਾਣੇ ਨਾ ਪਹੁੰਚ ਪਟਿਆਲੇ ਚਲੇ ਗਿਆ ਤਦ ਤੱਕ ਪਰਚਾ ਕੱਟਿਆ ਗਿਆ ਤੇ ਸਾਨੂੰ ਫ਼ੋਨ ਕਰਕੇ ਕਹਿੰਦਾ ਤੇ ਅੱਜ ਪਤੀ-ਪਤਨੀ ਦੀ ਪੂਰੀ ਤਸੱਲੀ ਹੋਣੀ ਥਾਣੇ 'ਚ ਅਸੀਂ ਜਦੋਂ ਉਸ ਨੂੰ ਦੱਸਿਆ ਕਿ ਤੇਰੇ ਖਿਲਾਫ ਪਰਚਾ ਕੱਟਿਆ ਗਿਆ ਹੈ। ਤੇਰੇ 'ਤੇ ਧਾਰਾ 354 ਲੱਗੀ ਕੇਸ ਕੋਰਟ 'ਚ ਜਾਊਂਗਾ ਤੁਰੰਤ ਹੀ ਮੇਰੇ ਦੂਸਰੇ ਦੋਸਤਾਂ ਤੋਂ ਸਲਾਹ ਲੈਣ ਲੱਗਾ। ਮੈਨੂੰ ਹੁਣ ਕੀ ਕਰਨਾ ਚਾਹੀਦਾ ਹੈ ਅਸੀਂ ਕਿਹਾ ਚਾਚਾ ਜੀ ਨੂੰ ਕਹੋ ਤਾਂ ਕਹਿੰਦਾ ਇਹ ਸ਼ਿਕਾਇਤ ਔਰਤ ਵੱਲੋਂ ਹੈ। ਉੱਥੇ ਚਾਚਾ ਜੀ ਸਾਹਮਣੇ ਬਦਨਾਮੀ ਹੋਵੇਗੀ ਸਾਡੇ ਸਾਹਮਣੇ ਚਾਚੇ ਦਾ ਭਤੀਜਾ ਰੋਣ ਲੱਗਾ ਤੇ ਕਹਿੰਦਾ ਮੇਰੇ ਫ਼ੈਸਲਾ ਕਰਵਾਓ ਅਸੀਂ ਸਾਰੇ ਸ਼ਹਿਰ ਦੇ ਹੀ ਕੁਝ ਪ੍ਰਧਾਨਾਂ ਨੂੰ ਵਿੱਚ ਪਾਇਆ ਅਤੇ ਸ਼ਰਤ ਦੇ ਤਹਿਤ ਫੈਸਲਾ ਹੋਇਆ ਕਿ ਉਸ ਪਤੀ-ਪਤਨੀ ਤੋਂ ਪੈਰਾਂ ਨੂੰ ਹੱਥ ਲਾ ਕੇ ਮੁਆਫੀ ਮੰਗਣੀ ਪਵੇਗੀ। ਭਤੀਜਾ ਜੀ ਤਿਆਰ ਹੋ ਗਏ। ਫੈਸਲਾ ਤਾਂ ਹੋ ਗਿਆ ਕਾਗਜ਼ੀ ਕਾਰਵਾਈ ਬਾਕੀ ਸੀ।
ਆਉਂਦੇ ਹੀ ਕਹਿਣ ਲੱਗਾ ਜੇਕਰ ਕੇਸ ਰੇਸ਼ਮਾ ਨਾ ਕਰਦੀ ਤਾਂ ਇਨ੍ਹਾਂ ਨੂੰ ਦੱਸਦਾ.... ਅਸੀਂ ਸਾਰੇ ਜ਼ੋਰ ਜ਼ੋਰ ਨਾਲ ਹੱਸਣ ਲੱਗੇ ਤੇ ਚਾਚੇ ਦੇ ਭਤੀਜੇ ਨੂੰ ਸਮਝਾਉਣ ਲੱਗੇ ਹਾਲੇ ਵੀ ਤੈਨੂੰ ਪੂਰੀ ਤਰ੍ਹਾਂ ਅਕਲ ਨਹੀਂ ਆਈ ਚਾਚੇ ਦੇ ਭਤੀਜਿਆਂ ....ਪਿਛਲੇ ਸਮਿਆਂ 'ਚ ਅਜਿਹਾ ਘੱਟ ਹੁੰਦਾ ਸੀ ਅੱਜ ਸੀਐੱਮ ਤੋਂ ਨੀਚੇ ਕੋਈ ਗੱਲ ਹੀ ਨਹੀਂ ਕਰਦਾ ਜੇਕਰ ਇੱਕ ਆਦਮੀ ਕਹਿ ਦੇਵੇ ਮੇਰੀ ਸੀਐੱਮ ਜਾਂ ਮੇਰੇ ਚਾਚੇ, ਮਾਮੇ ਆਦਿ ਦੀ ਸੀਐੱਮ ਨਾਲ ਸਿੱਧੀ ਗੱਲ ਹੈ ਤਾਂ ਦੂਸਰਾ ਆਦਮੀ ਝੱਟ ਹੀ ਕਹਿ ਦਿੰਦਾ ਮੇਰੀ ਮੋਦੀ ਨਾਲ ਸਿੱਧੀ ਗੱਲਬਾਤ ਹੈ। ਪਹਿਲੇ ਸਮੇਂ 'ਚ ਸਰਪੰਚਾਂ, ਡੀਸੀ, ਐਸਐਸਪੀ ਨਾਲ ਸਿੱਧੀ ਗੱਲ ਕਹਿੰਦੇ ਸਨ। ਕਹਿੰਦੇ ਮੇਰਾ ਤਾਇਆ ਸਰਪੰਚ ਹੈ ,ਪਟਵਾਰੀ ਹੈ ਡੀਐੱਸਪੀ ਹੈ ,ਥਾਣੇਦਾਰ ਹੈ। ਸਕੂਲਾਂ ਵਿੱਚ ਬੱਚਿਆਂ ਨੂੰ ਮਾਸਟਰ ਤੱਕ ਦਾ ਡਰ ਹੁੰਦਾ ਸੀ ਮਾਸਟਰ ਬੱਚਿਆਂ ਦੇ ਚੰਗੇ ਭਵਿੱਖ ਨੂੰ ਦੇਖ ਕੇ ਬੱਚਿਆਂ ਦਾ ਕੁਟਾਪਾ ਤੱਕ ਕਰ ਦਿੰਦੇ ਸਨ। ਅੱਜ ਦੇ ਸਮੇਂ ਵਿੱਚ ਤੁਸੀਂ ਕਿਸੇ ਦੇ ਬੱਚੇ ਨੂੰ ਕਹਿ ਤਾਂ ਦਿਓ ਮਾਂ ਬਾਪ ਵੀ ਬੱਚਿਆਂ ਨਾਲ ਲੱਗ ਕੇ ਧਰਨੇ ਦੇਣ ਲੱਗ ਜਾਂਦੇ ਹਨ ਜਾਂ ਬਦਲੀ ਕਰਾਉਣ ਦੀ ਧਮਕੀ ਦਿੰਦੇ ਹਨ। ਬੱਚਿਆਂ ਨੂੰ ਵੀ ਮਾਪੇ ਪੂਰੀ ਸ਼ਹਿ ਦਿੰਦੇ ਹਨ। ਬੱਚੇ ਆਪ ਹੀ ਮਾਸਟਰ ਨੂੰ ਕਹਿ ਦਿੰਦੇ ਹਨ ਮੇਰਾ ਪਿਓ ਡੀਸੀ ਦਫਤਰ 'ਚ ਲੱਗਾ ਜਾ ਮੇਰੇ ਚਾਚੇ ਦੀ ਸੀਐੱਮ ਨਾਲ ਸਿੱਧੀ ਗੱਲ ........ਕਿਸੇ ਨੇ ਸੱਚ ਹੀ ਕਿਹਾ ਹੈ ਪਹਿਲਾਂ ਤੋਲੋ ਫਿਰ ਬੋਲੋ ਲੋਕਾਂ 'ਚ ਮੈਂ ਮੈਂ ਇੰਨੀ ਹੈ ਕਿ ਉਹ ਬੋਲਣ ਵੇਲੇ ਨਹੀਂ ਸੋਚਦੇ ਕਿ ਅਸੀਂ ਕੀ ਬੋਲਦੇ ਹਾਂ। ਮੇਰੀ ਸੀਐੱਮ ਨਾਲ ਸਿੱਧੀ ਗੱਲ ਹੈ ਕਹਿ ਤਾਂ ਦਿੰਦੇ ਹਨ ਪਰ ਦੇਖਿਆ ਜਾਵੇ ਤਾਂ ਸੀਐੱਮ ਦੇ ਮੰਤਰੀ, ਵਿਧਾਇਕ ਵੀ ਪਹਿਲਾਂ 100 ਵਾਰੀ ਸੋਚਦੇ ਹਨ ਕਿ ਸੀਐੱਮ ਸਾਹਿਬ ਨੂੰ ਕਿਵੇਂ ਮਿਲਿਆ ਜਾਵੇ ਵਿਧਾਇਕ ਆਪ ਤਾਂ ਓਐੱਸਡੀ ਜਾਂ ਪੀ ਏ ਕੋਲ ਬੈਠ ਕੇ ਆ ਜਾਂਦੇ ਹਨ। ਸੀਐੱਮ ਸਾਹਿਬ ਮੰਤਰੀਆਂ ਤੇ ਵਿਧਾਇਕਾਂ ਨੂੰ ਤਾਂ ਬਹੁਤ ਮੁਸ਼ਕਿਲ ਨਾਲ ਟਾਈਮ ਦਿੰਦੇ ਹਨ ਅਜਿਹੀ ਹਾਲਤ ਵਿੱਚ ਉਹ ਆਮ ਬੰਦੇ ਨੂੰ ਕਿਵੇਂ ਬੜੀ ਆਸਾਨੀ ਨਾਲ ਮਿਲ ਸਕਦੇ ਹਨ ਇਹ ਇੱਕ ਵੱਡਾ ਸਵਾਲ ਹੈ।
ਖਾਸਕਰ ਪੰਜਾਬ ਵਿੱਚ.... ਪਹਿਲੇ ਸਮੇਂ ਮਾਂ ਪਿਓ ਇਹ ਨਹੀਂ ਦੱਸਦੇ ਸਨ ਕਿ ਸਾਡੀ ਅਪਰੋਚ ਕੀ ਹੈ ਤਾਂ ਕਿ ਸਾਡਾ ਬੱਚਾ ਹੰਕਾਰੇ ਨਾ, ਪਰ ਅੱਜ ਦੇ ਸਮੇਂ ਵਿੱਚ ਲੋਕਾਂ ਨੇ ਟਰੈਂਡ ਬਣਾ ਲਿਆ ਹੈ ਕਿ ਸਾਡੀ ਅਪਰੋਚ ਬਾਰੇ ਹਰ ਬੰਦੇ ਨੂੰ ਪਤਾ ਹੋਵੇ। ਸਕੂਲਾਂ ਕਾਲਜਾਂ ਦੇ ਬਾਹਰ ਅਸੀਂ ਆਮ ਦੇਖਦੇ ਹਾਂ ਕਿ ਕਿਸੇ ਵੱਡੇ ਅਧਿਕਾਰੀ ਨੂੰ ਸਰਕਾਰ ਨੇ ਜੋ ਫੈਸਿਲਿਟੀ ਦਿੱਤੀਆਂ ਹਨ ਉਨ੍ਹਾਂ ਦਾ ਉਪਯੋਗ ਜ਼ਿਆਦਾਤਰ ਉਨ੍ਹਾਂ ਦੇ ਬੱਚੇ ਕਰਦੇ ਹਨ। ਬੱਚਿਆਂ ਨੂੰ ਸਕੂਲਾਂ 'ਚ ਗੰਨਮੈਨ ਛੱਡਣ ਆਉਂਦੇ ਹਨ ਸੋਸ਼ਲ ਮੀਡੀਆ 'ਤੇ ਹਰ ਦੂਜਾ ਵਿਅਕਤੀ ਆਪਣੀਆਂ ਫੋਟੋਆਂ ਵੱਡੇ ਅਧਿਕਾਰੀ, ਸੈਲੀਬ੍ਰਿਟੀਜ਼ ਜਾ ਮੰਤਰੀਆਂ ਨਾਲ ਪਾਉਂਦਾ ਹੈ ,ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਮੇਰੀ ਕਿੰਨੀ ਚੜ੍ਹਾਈ ਹੈ। ਪਿਛਲੇ ਦਿਨੀਂ ਇੱਕ ਆਪਣੇ ਦੋਸਤ ਦੀ ਫੋਟੋ ਮੈਂ ਸੀਐੱਮ ਨਾਲ ਵੇਖੀ ਫ਼ੋਟੋ ਪੁਰਾਣੀ ਸੀ ਪਰ ਜਦੋਂ ਉਸ ਨਾਲ ਗੱਲ ਕੀਤੀ ਕਿ ਇੱਕ ਬਦਲੀ ਕਰਵਾਉਣੀ ਹੈ ਸੀਐੱਮ ਸਾਹਿਬ ਨੂੰ ਸਿਫਾਰਿਸ਼ ਕਰ ਦਿਓ ਤਾਂ ਉਸ ਨੇ ਤੁਰੰਤ ਕਿਹਾ ਇਹ ਤਾਂ ਬਹੁਤ ਛੋਟਾ ਜਿਹਾ ਕੰਮ ਹੈ। ਮੈਂ ਕਿਸੇ ਦੀ ਡਿਊਟੀ ਲਗਾ ਦਿੰਦਾ ਹਾਂ ਜਿੱਦਾਂ ਹੀ ਉਸ ਨੇ ਇਹ ਕਿਹਾ ਮੈਨੂੰ ਲੱਗਿਆ ਕੰਮ ਦੋ ਜਾਂ ਤਿੰਨ ਦਿਨ ਤੱਕ ਹੋ ਜਾਵੇਗਾ। ਪਤਾ ਨਹੀਂ ਮੈਨੂੰ ਉਸਨੇ ਦੋ ਤਿੰਨ ਕਿਹੜੇ ਕਿਹੜੇ ਲੋਕਾਂ ਨੂੰ ਫੋਨ ਕਰਨ ਨੂੰ ਕਿਹਾ ਮੈਂ ਫੋਨ ਕਰ ਦਿੱਤੇ ਫਿਰ ਇੱਕ ਵਿਧਾਇਕ ਨੂੰ ਫੋਨ ਕਰਨ ਨੂੰ ਕਿਹਾ ਜਦੋਂ ਮੈਂ ਵਿਧਾਇਕ ਨੂੰ ਫੋਨ ਕੀਤਾ ਤਾਂ ਵਿਧਾਇਕ ਨੇ ਅਰਜ਼ੀ ਭੇਜਣ ਨੂੰ ਕਿਹਾ ਚਲੋ ਅਰਜ਼ੀ ਵੀ ਭੇਜ ਦਿੱਤੀ ਦਸ ਦਿਨ ਪਹਿਲਾਂ ਹੀ ਨਿਕਲ ਗਏ ਔਖੇ ਸੌਖੇ ਦਸ ਦਿਨ ਹੋਰ ਨਿਕਲ ਗਏ। ਮੰਤਰੀ ਕੋਲ ਵੀ ਆ ਗਏ ਅਰਜੀ ਰਿਕਮੈਂਡ ਵੀ ਹੋ ਗਈ ਮੇਰਾ ਦੋਸਤ ਕਹਿੰਦਾ ਸੀਐੱਮ ਤੱਕ ਦੀ ਲੋੜ ਹੀ ਨਹੀਂ ਪੈਣੀ।
ਅਰਜ਼ੀ ਦਿੱਤੇ ਨੂੰ ਹੁਣ 30 ਦਿਨ ਹੋ ਗਏ ਸਨ ਮੇਰੇ ਸਾਹਮਣੇ ਸਾਡੇ ਮਿੱਤਰ ਪਿਆਰੇ ਵਿਧਾਇਕ ਨੂੰ ਫੋਨ ਕਰਦੇ ਹਨ। ਵਿਧਾਇਕ ਜੀ ਫੋਨ ਚੁੱਕਦੇ ਹਨ ਤੇ ਕਹਿੰਦੇ ਹਨ ਤੁਹਾਡਾ ਕੰਮ ਪ੍ਰੋਸੈੱਸ ਵਿੱਚ ਹੈ ਦੋ ਮਹੀਨੇ ਬਾਅਦ ਸਟੇਟਸ ਪੁੱਛਦੇ ਹਾਂ ਤਾਂ ਪ੍ਰੋਸੈੱਸ ਚੱਲਦਾ ਹੈ ਪਰ ਸਾਡੀ ਅਰਜ਼ੀ ਤਾਂ ਹਾਲੇ ਮਹਿਕਮੇ ਤੱਕ ਪਹੁੰਚੀ ਹੀ ਨਹੀਂ ਸੀ। ਹਾਰ ਕੇ ਮੈਂ ਕਿਹਾ ਜੇ ਕੰਮ ਹੁੰਦਾ ਹੈ ਤਾਂ ਕਰਾਓ ਨਹੀਂ ਰਹਿਣ ਦਿਓ ਅਸੀਂ ਕੋਈ ਹੋਰ ਬੰਦਾ ਵੇਖ ਲੈਂਦੇ ਹਾਂ। ਮਿੱਤਰ ਜੀ ਸਾਡੇ ਕਹਿੰਦੇ ਵਿਧਾਇਕ ਦੀ ਤੇਰੇ ਸਾਹਮਣੇ ਕਲਾਸ ਲਗਾਉਂਦਾ ਹਾਂ। ਫੋਨ ਦਾ ਸਪੀਕਰ ਓਨ ਕਰਕੇ ਮੇਰੇ ਸਾਹਮਣੇ ਇਹੀ ਗੱਲ ਬੋਲਦਾ ਹੈ ਕੇ ਜੇ ਕੰਮ ਹੁੰਦਾ ਹੈ ਤਾਂ ਕਰਾਓ ਲਾਰੇ ਨਾ ਲਗਾਓ ਤਾਂ ਤੁਰੰਤ ਵਿਧਾਇਕ ਜੀ ਬੋਲਦੇ ਨੇ ਕਾਕਾ ਜੀ ਤੁਹਾਡਾ ਹੀ ਕੰਮ ਜ਼ਰੂਰੀ ਨਹੀਂ। ਸਾਨੂੰ ਹੋਰ ਵੀ ਕੰਮ ਨੇ ਨਾਲੇ ਤੁਹਾਡੇ ਕੰਮ ਦਾ ਅਸੀਂ ਠੇਕਾ ਨਹੀਂ ਲਿਆ ਹੋਇਆ ਬੋਲਣ ਵੇਲੇ ਸੋਚਿਆ ਕਰੋ ਤੁਸੀਂ ਕਿਸ ਨਾਲ ਗੱਲ ਕਰ ਰਹੇ ਹੋ। ਮੇਰੇ ਮਿੱਤਰ ਜੀ ਪਾਣੀ ਪਾਣੀ ਹੋ ਗਏ ਤੇ ਕਹਿਣ ਲੱਗੇ ਭਰਾਵਾਂ ਤੁਸੀਂ ਆਪ ਹੀ ਦੇਖ ਲਓ। ਇਹ ਕੰਮ ਸੀਐੱਮ ਨਾਲ ਸਿੱਧੀ ਗੱਲ ਕਹਿਣ ਵਾਲੇ ਮਿੱਤਰ ਦੀ ਵਿਧਾਇਕ ਨੇ ਹੀ ਚੰਗੀ ਕਲਾਸ ਲਗਾਈ। ਇਹ ਬਿਲਕੁੱਲ ਸੱਚ ਹੈ ਕਿ ਜਿਹੜੇ ਬੰਦੇ ਦੀ ਸੱਚਮੁੱਚ ਹੀ ਸੀਐੱਮ ਜਾਂ ਪੀਐੱਮ ਨਾਲ ਸਿੱਧੀ ਗੱਲਬਾਤ ਹੋਵੇ ਉਹ ਸ਼ੋਅ ਨਹੀਂ ਕਰਦਾ ਉਹ ਕਤਰਾਉਂਦਾ ਹੈ ਕਿ ਜੇਕਰ ਲੋਕਾਂ ਨੂੰ ਇਸ ਬਾਰੇ ਪਤਾ ਲੱਗ ਗਿਆ ਤਾਂ ਉਹ ਜ਼ਿਆਦਾਤਰ ਵਗਾਰਾਂ ਹੀ ਪਾਉਣਗੇ।
14-11-2019
ਚੰਡੀਗੜ੍ਹ
-
ਅੰਕੁਰ ਤਾਂਗੜੀ , ਲੇਖਕ
******
9780216988
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.