ਕਿਸੇ ਗੁਰੂ, ਪੀਰ ਜਾਂ ਧਾਰਮਿਕ ਰਹਿਬਰ ਦਾ ਪੁਰਬ ਮਨਾਉਣਾ ਅਤੇ ਉਸ ਪੁਰਬ ਨੂੰ ਇਤਿਹਾਸਿਕ ਬਣਾਉਣਾ, ਦੁਨੀਆ ਵਿਚ ਸ਼ੋਭਾ ਖੱਟਣਾ ਅਲੱਗ-ਅਲੱਗ ਗੱਲਾਂ ਹਨ।
ਸਿੱਖ ਧਰਮ ਦੇ ਪਹਿਲੇ ਗੁਰੂ ਨਾਨਕ ਦੇਵ ਜੀ ਦਾ 550 ਵਾਂ ਪ੍ਰਕਾਸ਼ ਪੁਰਬ ਪੂਰੇ ਵਿਸ਼ਵ ਦੇ ਵੱਖ-ਵੱਖ ਦੇਸ਼ ਅਤੇ ਕੌਮਾਂਤਰੀ ਸੰਸਥਾਵਾਂ ਬੜੇ ਜੋਸ਼ੋ-ਖਰੋਸ਼ ਅਤੇ ਉਤਸ਼ਾਹ ਨਾਲ ਮਨਾਉਣ ਜਾ ਰਹੇ ਹਨ। ਇਸ ਮਹਾਂ-ਪੁਰਬ ਵਿਚ ਨਾ ਸਿਰਫ਼ ਨਾਨਕ ਨਾਮ ਲੇਵਾ ਲੋਕ ਹੀ ਸ਼ਾਮਿਲ ਹੋ ਰਹੇ ਹਨ ਬਲਕਿ ਦੂਸਰੇ ਧਰਮਾਂ, ਵਰਗਾਂ, ਰੰਗਾਂ, ਲਿੰਗਾਂ, ਭਾਸ਼ਾਵਾਂ, ਇਲਾਕਿਆਂ ਅਤੇ ਸਭਿਆਚਾਰਾਂ ਦੇ ਲੋਕ ਵੀ ਸ਼ਰਬਾ ਪੂਰਵਕ ਹਿੱਸਾ ਲੈ ਰਹੇ ਹਨ।
ਗੁਰੂ ਨਾਨਕ ਦਾ ਸਰਬ ਸਾਂਝੀਵਾਲਤਾ, ਮਨੁੱਖੀ ਅਤੇ ਰੱਬੀ ਏਕਤਾ, ਆਪਸੀ ਭਾਈਚਾਰਕ ਮਿਲਵਰਨ, ਸਮਾਜਿਕ ਬਰਾਬਰੀ ਅਤੇ ਇਨਸਾਫ, ਕਿਰਤ ਕਰੋ, ਨਾਮ ਜਪੋ ਅਤੇ ਵੰਡ ਛੱਕੋ ਦਾ ਸੰਦੇਸ਼ ਹਰ ਵਿਅਕਤੀ ਦੀ ਰੂਹ ਨੂੰ ਕੀਲ ਰਿਹਾ ਹੈ।
ਸਿੱਖ ਧਰਮ ਦੀ ਸਰਵਉੱਚ ਨਿਰਵੈਰ-ਨਿਰਲੇਪ ਮੁਕੱਦਮ ਅਤੇ ਸਰਬਕਾਲੀ ਰਾਹਦਸੇਰੀ ਸੰਸਥਾ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਫੁਰਮਾਨ ਨੂੰ ਨਜ਼ਰ ਅੰਦਾਜ਼ ਕਰਦਿਆਂ ਸਿੱਖ ਪ੍ਰਤੀਨਿਧ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਵੱਖਰੇ ਤੌਰ 'ਤੇ ਗੁਰੂ ਸਾਹਿਬ ਦਾ ਪੁਰਬ ਮਨਾ ਰਹੀਆ ਹਨ। ਦੁਬਿਧਾ ਵਿਚ ਫਸੀ ਕੇਂਦਰ ਸਰਕਾਰ, ਸੈਂਕੜੇ ਤੋਂ ਵਧ ਦੇਸ਼ਾਂ ਦੇ ਪ੍ਰਤੀਨਿਧ ਵੀ ਇੰਨਾਂ ਸਮਾਗਮਾਂ ਵਿਚ ਭਾਗ ਲੈ ਰਹੇ ਹਨ। ਇਸੇ ਦੌਰਾਨ ਕੇਂਦਰ ਸਰਕਾਰ ਵੱਲੋਂ ਹਰ ਦੇਸ਼ ਸਥਿੱਤ ਰਾਜਦੂਤ, ਹਾਈ ਕਮਿਸ਼ਨਰ ਅਤੇ ਕਾਊਸਲੇਟ ਜਨਰਲ ਪੱਧਰ 'ਤੇ ਇਸ ਨੂੰ ਮਨਾ ਕੇ ਪੂਰੇ ਵਿਸ਼ਵ ਦੇ ਕੋਨੇ-ਕੋਨੇ ਵਿਚ ਬਾਬੇ ਨਾਨਕ ਦਾ ਸੰਦੇਸ਼ ਪਹੁੰਚਾਇਆ ਜਾ ਰਿਹਾ ਹੈ। ਇਹ ਸ਼ਲਾਘਾਯੋਗ ਕਦਮ ਬਾਬੇ ਨਾਨਕ ਦੇ ਆਪਣੇ ਉਸ ਮਹਾਨ ਚਾਰ ਉਦਾਸੀਆਂ ਰਾਹੀਂ ਵੱਖ ਇਲਾਕਿਆਂ, ਰਾਜਾਂ, ਸਭਿਆਚਾਰਾਂ ਵਿਚ ਖ਼ੁਦ ਚਲ ਕੇ ਭਾਈ ਮਰਦਾਨੇ ਅਤੇ ਹੋਰ ਸਿੱਖਾਂ ਸਾਹਿਤ ਸੰਦੇਸ਼ ਪਹੁੰਚਾਉਣ ਦੀ ਤਰਜ਼ ਤੇ ਹੈ।
ਭਾਰਤ ਅਤੇ ਪੰਜਾਬ ਅੰਦਰ ਇਸ ਮਹਾਨ ਪੁਰਬ ਅਤੇ ਇਸ ਸਮੇਂ ਪਾਕਿਸਤਾਨ ਵੱਲੋਂ ਖੋਲ੍ਹੇ ਜਾ ਰਹੇ ਕਰਤਾਰਪੁਰ ਸਾਹਿਬ ਲਾਂਘੇ ਦੇ ਸਮਾਰੋਹਾਂ ਨੂੰ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ, ਕਾਂਗਰਸ ਪਾਰਟੀ ਅਤੇ ਪੰਜਾਬ ਅੰਦਰ ਇਸ ਦੀ ਸਰਕਾਰ ਵੱਲੋਂ, ਇਸ ਤੋਂ ਇਲਾਵਾ ਹੋਰ ਡੇਰੇਦਾਰ ਸੰਸਥਾਵਾਂ ਵੱਲੋਂ ਵੱਖੋ-ਵੱਖ ਮਨਾ ਕੇ ਇੰਨਾਂ ਮੁਕੱਦਸ ਕਾਰਜਾਂ ਨੂੰ ਪ੍ਰਦੂਸ਼ਤ ਕੀਤਾ ਜਾ ਰਿਹਾ ਹੈ। ਇਸ ਤੋਂ ਵੱਡਾ ਉਨ੍ਹਾਂ ਦੇ ਸਰਬ ਸਾਂਝੀਵਾਲਤਾ, ਭਾਈਚਾਰਕ ਸਾਂਝ, ਮਨੁੱਖੀ ਅਤੇ ਰੱਬੀ ਏਕਤਾ ਦੇ ਪਵਿੱਤਰ ਸੰਦੇਸ਼ ਨੂੰ ਹੋਰ ਕਿਹੜਾ ਗ੍ਰਹਿਣ ਹੋ ਸਕਦਾ ਹੈ?
ਦੂਸਰੇ ਪਾਸੇ ਪਾਕਿਸਤਾਨ ਦੀ ਇਮਰਾਨ ਖਾਨ ਸਰਕਾਰ ਨੇ ਭਾਰਤ ਨਾਲ ਕਸ਼ਮੀਰ ਨੂੰ ਲੈ ਕੇ ਮਾਰੂ ਟਕਰਾਅ ਦੇ ਬਾਵਜੂਦ ਗੁਰੂ ਨਾਨਕ ਦੇ ਸਰਬ ਸਾਂਝੀਵਾਲਤਾ, ਰੱਬੀ-ਏਕਤਾ, ਮਨੁੱਖੀ ਏਕਤਾ, ਭਾਈਚਾਰਕ ਮਿਲਵਰਤਨ ਦੇ ਮਹਾਨ ਸਦੀਵੀ ਸੰਦੇਸ਼ ਦੀ ਕਦਰ ਕਰਦੇ ਉਨ੍ਹਾਂ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਪੂਰੀ ਕਾਇਨਾਤ ਅੰਦਰ ਇਤਿਹਾਸਕ ਬਣਾਉਣ ਦਾ ਸੰਕਲਪ ਲਿਆ ਹੋਇਆ ਹੈ। ਇੰਜ ਕਰਕੇ ਪ੍ਰਧਾਨ ਮੰਤਰੀ ਇਮਰਾਨ ਖਾਨ, ਉਸਦੀ ਸਰਕਾਰ ਅਤੇ ਸਮੂਹ ਪਾਕਿਸਤਾਨ ਮੁਸਲਿਮ ਭਾਈਚਾਰਾ ਬਾਬੇ ਨਾਨਕ ਦੀ ਅਸੀਸ ਦਾ ਵਡਭਾਗੀ ਬਣ ਰਿਹਾ ਹੈ। ਭਾਰਤ ਅਤੇ ਭਾਰਤੀ ਪੰਜਾਬ ਵਿਚ ਮਿਲਜੁਲ ਅਤੇ ਪੂਰੀ ਸ਼ਰਧਾ ਅਨੁਸਾਰ ਇਹ ਪੂਰਬ ਨਾ ਮਨਾ ਕੇ ਅਜੋਕੇ ਆਗੂਆਂ ਨੇ ਅਪਣੇ ਆਪ ਨੂੰ ਕਲੰਕਿਤ ਕਰ ਲਿਆ ਹੈ। ਸ਼੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਹੀਰੋ ਨਵਜੋਤ ਸਿੰਘ ਸਿੱਧੂ ਨੂੰ ਇਸ ਸਬੰਧੀ ਸਮਾਰੋਹਾਂ ਵਿਚੋਂ ਮਨਫ਼ੀ ਕਰਕੇ ਰਾਜਨੀਤਕ, ਧਾਰਮਿਕ ਅਤੇ ਸਮਾਜਿਕ ਅਕ੍ਰਿਤਘਣਤਾ ਦਾ ਸਬੂਤ ਦਿਤਾ ਹੈ।
ਇਮਰਾਨ ਖਾਨ ਬਾਬੇ ਗੁਰੂ ਨਾਨਕ ਦੇ ਜਨਮ ਸਥਾਨ ਸ਼੍ਰੀ ਨਨਕਾਣਾ ਸਾਹਿਬ (ਰਾਏ ਭੋਇ ਦੀ ਤਲਵੰਡੀ) ਨੂੰ ਸਿੱਖ ਭਾਈਚਾਰੇ ਦਾ ਮੱਕਾ ਜਦ ਕਿ ਸ਼੍ਰੀ ਕਰਤਾਰਪੁਰ ਸਾਹਿਬ ਜਿਥੇ ਉਨ੍ਹਾਂ ਜੀਵਨ ਦੇ ਆਖਰੀ 18 ਸਾਲ ਕਿਰਤ ਕਰਦੇ, ਨਾਮ ਸਿਮਰਨ ਦਾ ਛੱਟਾ ਦਿੰਦੇ, ਵੰਡ ਛੱਕਣ ਦੀ ਪ੍ਰੰਪਰਾ ਤੋਰਦੇ ਗੁਜ਼ਾਰੇ ਨੂੰ ਸਿੱਖ ਭਾਈਚਾਰੇ ਦਾ ਮਦੀਨਾ ਸਮਝਦੇ ਹਨ। ਇਸ ਮਹਾਨ ਪੁਰਬ ਸਮੇਂ ਇੰਨਾਂ ਦੋਹਾਂ ਪਵਿੱਤਰ ਸਥਾਨਾਂ ਤੇ ਇੱਕ ਨਵੇਂ ਇਤਿਹਾਸ ਦੀ ਰਚਨਾ ਕਰਦੇ ਉਨ੍ਹਾ ਨੇ ਸ਼੍ਰੀ ਨਨਕਾਣਾ ਸਾਹਿਬ ਵਿਖੇ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਅਤੇ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ 444 ਏਕੜ ਕੰਪਲੈਕਸ ਤੇ ਵਿਸ਼ਾਲ ਅਜੂਬਾ ਨੁੰਮਾ ਗੁਰਦਵਾਰਾ ਸਾਹਿਬ ਅਤੇ ਭਾਰਤ ਨੂੰ ਲਾਂਘਾ ਉਸਾਰ ਕੇ ਦੇਣ ਦੇ ਕਾਰਜ ਕੀਤੇ ਹਨ। ਲਾਂਘੇ ਦੇ ਸਵਾਗਤੀ ਗੇਟ ਤੇ ਪੰਜਾਬੀ ਵਿਚ ਲਿਖਿਆ ਹੈ 'ਪਾਕਿਸਤਾਨ ਆਉਣ ਵਾਲੀ ਸੰਗਤ ਨੂੰ ਜੀ ਆਇਆਂ ਨੂੰ ਆਖਦੇ ਹਾਂ।'
ਵੈਸੇ ਤਾਂ 15 ਸਾਲ ਪਹਿਲਾਂ ਤੋਂ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦਾ ਜੋ ਪ੍ਰਾਜੇਕਟ ਵਿਚਾਰਿਆ ਜਾ ਰਿਹਾ ਸੀ, ਉਸ ਨੂੰ 70 ਏਕੜ ਤੇ ਉਸਾਰਨ ਦੀ ਤਜ਼ਵੀਜ਼ ਸੀ। ਹੁਣ ਇਸਦਾ ਪ੍ਰਧਾਨ ਮੰਤਰੀ ਵੱਲੋਂ ਨੀਂਹ ਪੱਥਰ ਰੱਖਦੇ ਇਸ ਨੂੰ 10 ਏਕੜ ਵਿਚ ਉਸਾਰਨ ਦਾ ਐਲਾਨ ਕੀਤਾ ਗਿਆ ਹੈ। ਜਿਵੇਂ ਗੁਰੂ ਜੀ ਨੇ ਆਪਣਾ ਸਾਰਾ ਜੀਵਨ ਮਾਨਵਤਾ ਦੀ ਸੇਵਾ ਲਈ ਅਰਪਨ ਕਰ ਦਿਤਾ ਸੀ, ਇਹ ਯੂਨੀਵਰਸਿਟੀ ਇਹੀ ਸੰਦੇਸ਼ ਘਰ-ਘਰ ਪਹੁੰਚਾਉਣ ਦਾ ਯਤਨ ਕਰੇਗੀ। ਇਸ ਵਿਚ ਪ੍ਰਮੁੱਖ ਆਧੁਨਿਕ ਕੋਰਸਾਂ ਅਤੇ ਖੋਜ ਕਾਰਜਾਂ ਨੂੰ ਸ਼ਾਮਿਲ ਕੀਤਾ ਗਿਆ। ਸਿੱਖ ਵਿਦਿਆਰਥੀਆਂ ਇਲਾਵਾ ਦੂਸਰੇ ਧਰਮਾਂ ਅਤੇ ਵਰਗਾਂ ਦੇ ਵਿਦਿਆਰਥੀ ਵੀ ਇਥੇ ਵਿਦਿਆ ਪ੍ਰਾਪਤ ਕਰ ਸਕਣਗੇ। 6 ਬਿਲੀਅਨ ਰੁਪਇਆਂ ਨਾਲ ਉਸਾਰੀ ਜਾਣ ਵਾਲੀ ਇਹ ਯੂਨੀਵਰਸਿਟੀ ਬਾਬੇ ਨਾਨਕ ਦੇ ਆਸ਼ੇ ਅਨੁਸਾਰ ਧਾਰਮਿਕ ਟੂਰਿਜ਼ਮ ਨੂੰ ਕੌਮਾਂਤਰੀ ਪੱਧਰ 'ਤੇ ਉਤਸ਼ਾਹਿਤ ਕਰੇਗੀ। ਸਿੱਖ ਧਰਮ, ਸਭਿਆਚਾਰ ਅਤੇ ਕਲਾਕ੍ਰਿਰਤਾਂ ਦੀ ਸਿਖਿਆ ਨੂੰ ਪ੍ਰਦਾਨ ਕਰੇਗੀ।
ਸ਼੍ਰੀ ਕਰਤਾਰਪੁਰ ਸਾਹਿਬ ਜੋ ਐਨ ਭਾਰਤ-ਪਾਕਿਸਤਾਨ ਸਰਹੱਦ 'ਤੇ ਸਥਿੱਤ, ਨੂੰ ਇੱਕ ਵਿਸ਼ਾਲ ਅਜੂਬਾ ਨੁੰਮਾ ਧਾਰਮਿਕ ਗੁਰਦਵਾਰੇ, ਧਾਰਮਿਕ ਕੇਂਦਰ ਅਤੇ ਆਧੁਨਿਕ ਸ਼ਹਿਰ ਵਜੋਂ ਵਿਕਸਤ ਕਰਕੇ ਪੂਰੇ ਵਿਸ਼ਵ ਅੰਦਰ ਵਸਦੀ ਸਿੰਖ ਕੌਮ ਨੂੰ ਇੱਕ ਤੋਹਫੇ ਵਜੋਂ ਇਮਰਾਨ ਖਾਨ ਸਰਕਾਰ ਭੇਂਟ ਕਰਨ ਜਾ ਰਹੀ ਹੈ।
ਜਿਹੜਾ ਗੁਰਦਵਾਰਾ ਸਿਰਫ਼ 4 ਏਕੜ 'ਤੇ ਸਥਿਤ ਸੀ ਅਤੇ ਜਿਸ ਨੂੰ ਭਾਰਤ ਵਾਲੇ ਪਾਸਿਉਂ ਸਿੱਖ ਪਿੱਛਲੇ ਕਈ ਸਾਲਾਂ ਤੋਂ ਸਰਹੱਦ ਤੋਂ ਦੂਰਬੀਨ ਨਾਲ ਵੇਖਦੀ ਅਤੇ ਇਸ ਸਬੰਧੀ ਖੁੱਲ੍ਹੇ ਲਾਂਘੇ ਦੀ ਉਸਾਰੀ ਲਈ ਅਰਦਾਸ ਕਰਦੀ ਆ ਰਹੀ ਸੀ, ਉਸ ਨੂੰ ਹੁਣ 42 ਏਕੜ ਤੇ ਉਸਾਰਿਆ ਗਿਆ ਹੈ। ਅੰਗਰੇਜ਼ੀ ਦੇ ਸ਼ਬਦ ਯੂ ਦੇ ਆਕਾਰਵਾਂਗ ਉਸਾਰਿਆ ਇਸ ਧਾਰਮਿਕ ਅਜੂਬੇ ਵਿਚ 26 ਏਕੜ ਜ਼ਮੀਨ ਫਲ ਅਤੇ ਸਬਜ਼ੀਆਂ ਅਤੇ 36 ਏਕੜ ਵਿਚ ਕਣਕ, ਝੋਨਾ ਜਾਂ ਦਾਲਾਂ ਗੁਰੂ ਨਾਨਕ ਪ੍ਰੰਪਰਾ ਅਨੁਸਾਰ ਉਗਾਈਆਂ ਜਾਇਆ ਕਰਨਗੀਆਂ।
ਜਿੱਥੇ ਸ਼੍ਰੀ ਹਰਿਮੰਦਰ ਸਾਹਿਬ, ਅਮਿਰਤਸਰ ਕੰਪਲੈਕਸ 30.7 ਏਕੜ ਵਿਚ ਸਥਿੱਤ ਹੈ, ਸ਼੍ਰੀ ਕਰਤਾਰਪੁਰ ਸਾਹਿਬ ਕੰਪਲੈਕਸ 444 ਏਕੜ ਵਿਚ ਸਥਿੱਤ ਹੈ। ਸਰਕਾਰ ਨੇ ਇਸ ਪ੍ਰਾਜੈਕਟ ਲਈ ਕੁੱਲ 800 ਏਕੜ ਜ਼ਮੀਨ ਖਰੀਦੀ ਹੈ। ਬਾਕੀ ਥਾਂ 'ਤੇ ਹੋਟਲ, ਸੈਮੀਨਾਰ ਕੰਪਲੈਕਸ, ਕਾਰੋਬਾਰ ਮਾਰਕੀਟ ਉਸਾਰੀ ਜਾਵੇਗੀ।
ਗੁਰਦਵਾਰਾ ਸਾਹਿਬ ਆਲੇ-ਦੁਆਲੇ 660×660 ਮੀਟਰ ਮਾਰਥਲ ਵਿਹੜਾ ਉਸਾਰਿਆ ਗਿਆ ਹੈ। 50×50 ਮੀਟਰ ਸਰੋਵਰ ਉਸਾਰਿਆ ਗਿਆ ਹੈ ਜਿੱਥੇ ਮਰਦਾਂ ਅਤੇ ਔਰਤਾਂ ਲਈ ਅੱਡ-ਅੱਡ ਇਸ਼ਨਾਨ ਖਾਨਿਆਂ, ਟਾਇਲਟਾਂ ਅਤੇ ਸਮਾਨ ਰਖਣ ਲਈ ਲਾਕਰਾਂ ਦਾ ਪ੍ਰਬੰਧ ਕੀਤਾ ਗਿਆ ਹੈ।
ਸਿੱਖ ਕਲਾ-ਕ੍ਰਿਤ, ਸਭਿਆਚਾਰ ਅਤੇ ਮਰਿਯਾਦਾ ਅਨੁਸਾਰ ਯਾਤਰੀ ਘਰ, ਦੀਵਾਨਸਤਾਨ ਇਬਾਦਤਖਾਨਾ, ਵੱਖਰੇ ਲੰਗਰ ਕੰਪਲੈਕਸ ਉਸਾਰੇ ਗਏ ਹਨ। ਗੁਰਮਤਿਕਲਾ ਅਨੁਸਾਰ ਆਰਕਾਂ, ਡੋਮਾਂ, ਬੁਰਜ ਉਸਾਰੇ ਹਨ। ਲੰਗਰ ਹਾਲ ਵਿਚ ਇਕੋ ਵੇਲੇ ਢਾਈ ਹਜ਼ਾਰ ਸੰਗਤਾਂ ਪ੍ਰਸ਼ਾਦਾ ਛੱਕ ਸਕਣਗੀਆਂ ਰਿਹਾਇਸ਼ ਲਈ 1000 ਤੋਂ ਵੱਧ ਕਮਰੇ ਹਨ।
ਲਾਂਘੇ ਲਈ ਕੌਮਾਂਤਰੀ ਪੱਧਰ ਦੀ ਸੜਕ, ਪੈਦਲ ਯਾਤਰੀਆਂ ਲਈ ਸਾਈਡ ਵਾਕ, ਰਾਵੀ ਦਰਿਆ ਅਤੇ ਵੇਈਂ ਨਦੀ 'ਤੇ ਇੱਕ ਕਿਲੋਮੀਟਰ ਤੋਂ ਵੱਧ ਲੰਬਾ ਪੁਲ, ਚੈਕਿੰਗ ਟਰਮੀਨਲ, ਅੱਧ ਵਿਚਕਾਰ ਆਰਾਮਗਾਹ, ਯਾਤਰੂਆਂ ਲਈ ਆਧੁਨਿਕ ਬਸਾਂ ਜਿੰਨਾਂ ਵਿਚ ਬਜ਼ੁਰਗਾਂ ਲਈ ਅਲਗ ਸੀਟਾਂ ਅਤੇ ਵੀਲ ਚੇਅਰਜ਼ ਦਾ ਇੰਤਜ਼ਾਮ ਕੀਤਾ ਗਿਆ ਹੈ। ਵਿਸ਼ੇਸ਼ ਮੈਡੀਕਲ ਕੇਂਦਰ ਸਥਾਪਿਤ ਕੀਤਾ ਗਿਆ ਹੈ ਜਿਥੇ ਬੀਮਾਰ ਜਾਂ ਦੁਰਘਟਨਾ ਗ੍ਰਹਸਤ ਯਾਤਰੂਆਂ ਦੀ ਦੇਖ-ਰੇਖ ਕੀਤੀ ਜਾਵੇਗੀ।
ਡੇਰਾ ਬਾਬਾ ਨਾਨਕ ਵੱਲੋਂ ਲਾਂਘੇ ਰਾਹੀਂ ਰੋਜ਼ਾਨਾ ਪੰਜ ਹਜ਼ਾਰ ਯਾਤਰੂਆਂ ਦਾ ਪ੍ਰਬੰਧ ਕੀਤਾ ਹੈ ਜੋ ਸਵੇਰੇ ਆ ਕੇ, ਸ਼ਾਮ ਨੂੰ ਵਾਪਸ ਚਲੇ ਜਾਇਆ ਕਰਨਗੇ। ਲੇਕਿਨ 550 ਵੇਂ ਪ੍ਰਕਾਸ਼ ਪੁਰਬ ਮਦੇਨਜ਼ਰ ਇੱਕ ਟੈਂਪਰੇਰੀ ਪਿੰਡ ਟੈਂਟਾਂ ਦਾ ਉਸਾਰਿਆ ਗਿਆ ਹੈ। ਇਸ ਵਿਚ 10 ਹਜ਼ਾਰ ਵਿਅਕਤੀਆਂ ਦਾ ਪ੍ਰਬੰਧ, ਟਾਇਲੈਟਾਂ, ਇਸ ਨਾਨਗਾਹਾਂ ਦੀ ਉਸਾਰੀ ਕੀਤੀ ਹੈ। ਸਿਆਲਕੋਟ ਵਿਖੇ ਰੋਜ਼ਾਨਾ ਕੌਮਾਂਤਰੀ ਹਵਾਈ ਉਡਾਣਾ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤਰ੍ਹਾਂ ਦਾ ਪ੍ਰਬੰਧ ਭਾਰਤ ਸ਼੍ਰੀ ਅੰਮਿਰਤਸਰ ਰਾਜਸਾਂਸੀ ਹਵਾਈ ਅੱਡੇ 'ਤੇ ਨਹੀਂ ਕਰ ਸਕਿਆ।
ਅਜੋਕੇ ਸਮੁੱਚੇ ਪ੍ਰਾਜੈਕਟ ਤੇ ਨਿਰੋਲ ਪਾਕਿਸਤਾਨ ਸਰਕਾਰ ਖ਼ਰਚ ਕਰ ਰਹੀ ਹੈ। ਉਹ ਪੂਰੇ ਵਿਸ਼ਵ ਅੰਦਰ ਸਭ ਤੋਂ ਵਿਸ਼ਾਲ, ਖੂਬਸੂਰਤ ਅਤੇ ਬਹੁਤ ਹੀ ਪਿਆਰਾ ਗੁਰਦਵਾਰਾ ਕੰਪਲੈਕਸ ਉਸਾਰ ਕੇ ਸਿੱਖ ਕੌਮ ਨੂੰ ਇੱਕ ਤੋਹਫੇ ਵਜੋਂ ਭੇਂਟ ਕਰ ਰਹੇ ਹਨ। ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਐਲਾਨ ਕਰਦੇ ਪੂਰੇ ਵਿਸ਼ਵ ਵਿਚ ਵੱਸਦੀ ਸਿੱਖ ਕੌਮ ਨੂੰ ਵਿਸ਼ਵਾਸ ਦੁਆਇਆ ਹੈ ਕਿ ਭਾਰਤ-ਪਾਕਿਸਤਾਨ ਸਬੰਧ ਭਾਵੇਂ ਕਿੰਨੇ ਵੀ ਸੰਕਟ ਗ੍ਰਹਸਤ ਕਿਉਂ ਨਾ ਹੋਣ ਉਨ੍ਹਾਂ ਲਈ ਸਾਰਾ ਸਾਲ 24 ਘੰਟੇ ਸ਼੍ਰੀ ਕਰਤਾਰਪੁਰ ਲਾਂਘਾ ਅਤੇ ਹਵਾਈ ਜਾਂ ਸੜਕੀ ਆਂਵਦ ਖੁੱਲ੍ਹੀ ਰਹੇਗੀ। ਕੀ ਇਹ ਬਾਬੇ ਨਾਨਕ ਦਾ ਜੀਵਤ ਅਸ਼ੀਰਵਾਦ ਅਤੇ ਰੱਬੀ ਦਾਤ ਨਹੀਂ? ਚੰਗਾ ਹੋਵੇ ਹੁਣ 20 ਡਾਲਰ ਪ੍ਰਤੀ ਵਿਅਕਤੀ ਸੇਵਾ ਫੀਸ ਬੰਦ ਕਰ ਦਿਤੀ ਜਾਵੇ ਜਿਸਦੀ ਪੂਰਤੀ ਸਿੱਖ ਸੰਗਤ ਕਰਨੋਂ ਕੋਈ ਕਸਰ ਬਾਕੀ ਨਹੀਂ ਛਡੇਗੀ।
-
ਦਰਬਾਰਾ ਸਿੰਘ ਕਾਹਲੋਂ, ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ।
kahlondarbarasingh@gmail.com
+ 343 889 2550
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.