(ਕਰਤਾਰਪੁਰ ਲਾਂਘੇ ਬਾਰੇ ਪਿਛਲੇ ਸਾਲ ਤੋਂ ਲਗਾਤਾਰ ਇਹ ਚਰਚਾ ਚੱਲ ਰਹੀ ਹੈ ਕਿ ਆਖਰ ਇਸ ਲਾਂਘੇ ਨੂੰ ਖੁਲ੍ਹਵਾਉਣ ਲਈ ਅਸਲ ਜ਼ਿੰਮੇਵਾਰ ਕੌਣ ਹੈ। ਕੀ ਇਸ ਦੀ ਸ਼ੁਰੂਆਤ ਜਥੇਦਾਰ ਕੁਲਦੀਪ ਸਿੰਘ ਵਡਾਲਾ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਅਰਦਾਸ ਕਰਨ ਨਾਲ ਹੋਈ ਜਾਂ ਨਵਜੋਤ ਸਿੰਘ ਸਿੱਧੂ ਵੱਲੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ 'ਚ ਪਾਕਿਸਤਾਨੀ ਫੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨਾਲ ਗੱਲਬਾਤ ਦੌਰਾਨ ਹੋਈ ਜਾਂ ਫਿਰ ਇਸ ਨੂੰ ਇਮਰਾਨ ਖਾਨ ਨੇ ਅੱਗੇ ਵਧਾਇਆ। ਇਸ ਸਬੰਧ 'ਚ ਮਹੱਤਵਪੂਰਨ ਜਾਣਕਾਰੀ ਲਹਿੰਦੇ ਪੰਜਾਬ ਦੇ ਬਰਤਾਨੀਆ ਵਸਦੇ ਲੇਖਕ ਡਾ. ਗੁਲਾਮ ਮੁਸਤਫ਼ਾ ਡੋਗਰ ਵੱਲੋਂ ਦਿੱਤੀ ਗਈ ਜੋ ਕਿ ਸੋਮਵਾਰ ਦੇ ਅਜੀਤ ਅਖ਼ਬਾਰ ਦੇ ਸੰਪਾਦਕੀ ਸਫ਼ੇ 'ਤੇ ਛਾਪਿਆ ਗਿਆ ਹੈ. ਇਸ ਨੂੰ ਅਜੀਤ ਦੇ ਧੰਨਵਾਦ ਸਾਹਿਤ ਮੁੜ ਪ੍ਰਕਾਸ਼ਿਤ ਕਰ ਰਹੇ ਹਾਂ -ਸੰਪਾਦਕ )
ਸੋਚਣ ਵਾਲੀ ਗੱਲ ਇਹ ਹੈ ਕਿ ਕਰਤਾਰਪੁਰ ਸਾਹਿਬ ਲਾਂਘੇ ਦਾ ਫ਼ੈਸਲਾ ਕਿਸ ਨੇ ਕੀਤਾ ਤੇ ਇਸ ਨੂੰ ਬਣਾਉਣ ਲਈ ਅਸਲ ਵਿਚ ਜ਼ਿੰਮੇਵਾਰ ਕੌਣ ਏ? ਗੱਲ ਬੜੀ ਸਿੱਧੀ ਏ ਤੇ ਉਹ ਹੈ ਜਨਰਲ ਬਾਜਵਾ। ਪਰ ਇਹ ਵੀ ਨਾਲ ਹੈ ਕਿ ਜਨਰਲ ਬਾਜਵਾ ਇਹ ਕੰਮ ਇਕੱਲਿਆਂ ਨਹੀਂ ਕਰ ਸਕਦਾ, ਉਸ ਦੇ ਪਿੱਛੇ ਪੂਰੀ ਫ਼ੌਜ ਏ, ਤੇ ਜਿਹੜੀ ਫ਼ੌਜ ਏ, ਉਹ ਬਤੌਰ ਸੰਗਠਨ ਕੰਮ ਕਰਦੀ ਹੈ ਤੇ ਉਥੇ ਕੋਈ ਇਕੱਲਾ ਕੰਮ ਨਹੀਂ ਕਰ ਸਕਦਾ ਤੇ ਦੂਸਰੀ ਗੱਲ ਇਹ ਹੈ ਕਿ ਇਸ ਕੰਮ ਨੂੰ ਕਰਨ ਲਈ ਕਈ ਸਾਲ ਸੋਚ-ਵਿਚਾਰ ਕੀਤਾ ਗਿਆ ਹੋਵੇਗਾ। ਇਹ ਕੰਮ ਇਸ ਤਰ੍ਹਾਂ ਨਹੀਂ ਹੋਇਆ ਕਿ 'ਝੱਟ ਮੰਗਣੀ ਤੇ ਪੱਟ ਵਿਆਹ'। ਜਨਰਲ ਬਾਜਵਾ ਨੇ ਸਿੱਧੂ ਦੇ ਕੰਨ ਵਿਚ ਜੋ ਫੂਕ ਮਾਰੀ ਸੀ, ਉਸ ਪਿੱਛੇ ਕਈ ਸਾਲਾਂ ਦੀ ਤੇ ਕਈ ਲੋਕਾਂ ਦੀ ਤਪੱਸਿਆ ਏ ਪਰ ਇਹ ਗੱਲ ਯਾਦ ਰੱਖਣੀ ਚਾਹੀਦੀ ਏ ਕਿ ਜੇ ਜਨਰਲ ਬਾਜਵਾ ਇਹ ਗੱਲ ਨਾ ਚਾਹੁੰਦਾ ਤੇ ਭਾਵੇਂ ਥੱਲੇ 100 ਬੰਦਾ ਸੋਚਦਾ, 100 ਬੰਦਾ ਗੱਲ ਕਰਦਾ, ਇਹ ਕੰਮ ਹੋ ਨਹੀਂ ਸੀ ਸਕਦਾ। ਇਸ ਗੱਲ ਨੂੰ ਸਮਝਣ ਲਈ ਸਾਨੂੰ ਜਨਰਲ ਬਾਜਵਾ ਦਾ ਪਿਛੋਕੜ ਫਰੋਲਣਾ ਚਾਹੀਦਾ। ਸਾਨੂੰ ਫਿਰ ਪਤਾ ਲੱਗੇਗਾ ਕਿ ਉਨ੍ਹਾਂ ਦੀ ਕਰਤਾਰਪੁਰ ਸਾਹਿਬ ਨਾਲ ਜਾਣਕਾਰੀ ਕਿਵੇਂ ਸੀ ਤੇ ਕੀ ਵਜ੍ਹਾ ਹੋਈ ਕਿ ਇਹ ਕੰਮ ਉਨ੍ਹਾਂ ਹੀ ਕੀਤਾ, ਜੋ ਪਿਛਲੇ 70 ਸਾਲਾਂ ਵਿਚ ਨਹੀਂ ਹੋਇਆ।
ਕਈ ਕਾਰਨ ਹਨ, ਜਨਰਲ ਬਾਜਵਾ ਦਾ ਜੱਦੀ ਪਿੰਡ ਦਾ ਨਾਂਅ ਕਾਲਾ ਪਹਾੜ ਹੈ। ਕਾਲਾ ਪਹਾੜ ਤੇ ਉੱਚਾ ਪਹਾੜ ਦੋ ਪਿੰਡ ਨੇ, ਜਿਹੜੇ ਇਕੱਠੇ ਹਨ। ਨਾਂਅ ਇਕੱਠਾ ਬੋਲਿਆ ਜਾਂਦਾ ਏ। ਦੋਵਾਂ ਵਿਚ ਫ਼ਾਸਲਾ ਥੋੜ੍ਹਾ ਏ ਤੇ ਦੋਵੇਂ ਬਾਜਵੇਆਂ ਦੇ ਪਿੰਡ ਨੇ, ਤੇ ਇਹ ਦੋਵੇਂ ਪਿੰਡ ਨਾਰੋਵਾਲ ਸ਼ਹਿਰ ਤੋਂ ਦੂਰ ਨਹੀਂ। ਨਾਰੋਵਾਲ ਸ਼ਹਿਰ ਤੋਂ ਜਿਹੜੀ ਸੜਕ ਪਸਰੂਰ ਸ਼ਹਿਰ ਜਾਂਦੀ ਏ, ਇਹ ਪਿੰਡ ਉਸ ਸੜਕ 'ਤੇ ਹਨ ਤੇ ਨਾਲਾ ਡੇਕ ਦੇ ਕੋਲ ਹਨ। ਜਨਰਲ ਬਾਜਵਾ ਦੇ ਪਿੰਡ ਤੋਂ ਕਰਤਾਰਪੁਰ ਸਾਹਿਬ ਦਾ ਫ਼ਾਸਲਾ ਮੁਸ਼ਕਿਲ ਨਾਲ 40 ਮੀਲ ਏ। ਜਦੋਂ ਬਾਰਾਂ ਆਬਾਦ ਹੋਈਆਂ, ਉਸ ਵਕਤ ਜਨਰਲ ਬਾਜਵਾ ਦੇ ਬਜ਼ੁਰਗ ਇਸ ਪਿੰਡੋਂ ਉੱਠ ਕੇ ਲਾਇਲਪੁਰ ਦੇ ਇਲਾਕੇ, ਉਨ੍ਹਾਂ ਬਾਰਾਂ ਵਿਚ ਚਲੇ ਗਏ। ਉਸ ਤੋਂ ਬਾਅਦ ਜਦੋਂ ਜਨਰਲ ਬਾਜਵਾ ਦੇ ਪਿਤਾ ਕਰਨਲ ਇਕਬਾਲ ਬਾਜਵਾ ਫ਼ੌਜ ਵਿਚ ਭਰਤੀ ਹੋਏ ਤਾਂ ਉਹ ਵੀ ਪਿੰਡ ਛੱਡ ਗਏ। ਖ਼ੁਦ ਜਨਰਲ ਕਮਰ ਜਾਵੇਦ ਬਾਜਵਾ ਕਰਾਚੀ ਵਿਚ ਪੈਦਾ ਹੋਏ। ਜਦੋਂ ਇਹ 6 ਸਾਲ ਦੇ ਸਨ ਤੇ ਇਨ੍ਹਾਂ ਦੇ ਪਿਤਾ ਕਰਨਲ ਇਕਬਾਲ ਬਾਜਵਾ ਦੀ ਮੌਤ ਹੋ ਗਈ। ਇਨ੍ਹਾਂ ਦਾ ਖ਼ਾਨਦਾਨ ਗਖੜ ਜ਼ਿਲ੍ਹਾ ਗੁਜਰਾਂਵਾਲਾ ਵਿਚ ਆਬਾਦ ਏ। ਇਹ ਗੱਲ ਯਾਦ ਰੱਖਣ ਵਾਲੀ ਏ ਕਿ ਪਾਕਿਸਤਾਨੀ ਫ਼ੌਜ ਵਿਚ ਜਾਂ ਤਾਂ ਪੰਜਾਬੀ ਨੇ, ਜਾਂ ਪਠਾਣ ਨੇ, ਸਿੰਧੀ ਤੇ ਬਲੋਚੀ ਬੜੇ ਘੱਟ ਨੇ। ਹਾਂ, ਕਰਾਚੀ ਦੇ ਕੁਝ ਮੁਹਾਜ਼ਿਰ ਵੀ ਹਨ। ਪਾਕਿਸਤਾਨੀ ਫ਼ੌਜ ਵਿਚ ਅੱਜ ਤੱਕ ਆਉਣ ਵਾਲੇ ਮੁਖੀ ਜਾਂ ਤਾਂ ਪਠਾਣ ਸਨ, ਜਾਂ ਪੰਜਾਬੀ ਜੱਟ, ਜਾਂ ਰਾਜਪੂਤ ਸਨ। ਪਰ ਇਨ੍ਹਾਂ ਸਭ ਦਾ ਸਬੰਧ ਜ਼ਿਲ੍ਹਾ ਗੁਜਰਾਤ ਤੋਂ ਪਿੱਛੇ ਲਹਿੰਦੇ ਪਾਸੇ ਸੀ। ਜ਼ਿਲ੍ਹਾ ਗੁਜਰਾਤ ਤੋਂ ਲੈ ਕੇ ਪਿੱਛੇ ਪਿੰਡੀ ਚੱਕਵਾਲ ਤੇ ਪਰਲਾ ਇਲਾਕਾ ਸੀ, ਉਧਰ ਦੇ ਲੋਕ ਸਨ। ਪਿਛਲੇ ਫ਼ੌਜ ਮੁਖੀ ਰਾਹੀਲ ਸ਼ਰੀਫ ਜ਼ਿਲ੍ਹਾ ਗੁਜਰਾਤ ਦੇ ਸ਼ਹਿਰ ਕੁੰਜਾਹ ਦੇ ਰਾਜਪੂਤ ਤੇ ਉਸ ਤੋਂ ਪਹਿਲਾਂ ਜਨਰਲ ਕਿਆਨੀ ਸਨ। ਉਹ ਰਾਵਲਪਿੰਡੀ ਦੇ ਰਾਜਪੂਤ ਸਨ। ਜਨਰਲ ਬਾਜਵਾ ਗੁਜਰਾਤ ਤੋਂ ਚੜ੍ਹਦੇ ਵਾਲੇ ਪਾਸੇ ਸਿਆਲਕੋਟ ਦੇ ਜੱਟਾਂ ਤੇ ਬਾਜਵਿਆਂ ਦੇ ਪਹਿਲੇ ਪਾਕਿਸਤਾਨੀ ਫ਼ੌਜ ਮੁਖੀ ਹਨ। ਜੱਟ ਹੋਣ ਤੇ ਕਰਤਾਰਪੁਰ ਸਾਹਿਬ ਦੇ ਨੇੜੇ ਹੋਣ ਦੀ ਵਜ੍ਹਾ ਨਾਲ ਜਿੰਨਾ ਗਿਆਨ ਜਨਰਲ ਬਾਜਵਾ ਨੂੰ ਬਾਬਾ ਨਾਨਕ ਬਾਰੇ ਹੋ ਸਕਦਾ ਹੈ, ਉਹ ਕਿਸੇ ਨੂੰ ਹੋਰ ਨਹੀਂ ਹੋ ਸਕਦਾ।
ਇਸ ਦੀ ਦੂਸਰੀ ਵਜ੍ਹਾ ਇਹ ਵੀ ਹੈ ਕਿ ਬਾਜਵਿਆਂ ਦੀ ਲਗਪਗ ਅੱਧੀ ਗਿਣਤੀ ਸਿੱਖ ਹੈ ਜਾਂ ਉਹ ਹਿੰਦੂ ਹਨ। ਇਸ ਦਾ ਹਿਸਾਬ ਤੁਸੀਂ ਇਥੋਂ ਲਾ ਲਓ ਕਿ ਬਾਜਵੇ ਜੱਟਾਂ ਦੀ ਕੁੱਲ ਆਬਾਦੀ 1901 ਵਿਚ 42,683 ਸੀ ਤੇ ਇਸ ਵਿਚੋਂ ਦੋ ਹਿੱਸੇ ਆਬਾਦੀ ਭਾਵ 66 ਫ਼ੀਸਦੀ ਆਬਾਦੀ ਜ਼ਿਲ੍ਹਾ ਸਿਆਲਕੋਟ ਵਿਚ ਸੀ। ਇਸ 42,683 ਵਿਚੋਂ 27,844 ਜ਼ਿਲ੍ਹਾ ਸਿਆਲਕੋਟ ਵਿਚ ਸਨ, ਜਿਹਦੇ ਵਿਚੋਂ ਜ਼ਿਲ੍ਹਾ ਨਾਰੋਵਾਲ ਅੱਜਕਲ੍ਹ ਵੱਖਰਾ ਕੀਤਾ ਗਿਆ ਹੈ। ਸਿਆਲਕੋਟ ਵਿਚ ਇਨ੍ਹਾਂ ਬਾਜਵੇ ਜੱਟਾਂ ਦੀ ਆਬਾਦੀ ਵਿਚੋਂ 13,727 ਮੁਸਲਮਾਨ ਸਨ, ਜਿਹੜੇ 49.30 ਫ਼ੀਸਦੀ ਬਣਦੇ ਹਨ, 10,038 ਸਿੱਖ ਸਨ, ਜਿਹੜੇ 36.81 ਫ਼ੀਸਦੀ ਬਣਦੇ ਹਨ ਤੇ 4,079 ਉਹ ਹਿੰਦੂ ਸਨ, ਜਿਹੜੇ 11.33 ਫ਼ੀਸਦੀ ਬਣਦੇ ਹਨ। ਇਸ 42,683 ਆਬਾਦੀ ਵਿਚੋਂ 22,136 ਮੁਸਲਮਾਨ ਸਨ, ਜਿਹੜੇ 52 ਫ਼ੀਸਦੀ ਬਣਦੇ ਹਨ, ਤੇ 15,712 ਸਿੱਖ ਸਨ ਜਿਹੜੇ 37 ਫ਼ੀਸਦੀ ਬਣਦੇ ਹਨ, 4,835 ਹਿੰਦੂ ਸਨ ਜਿਹੜੇ 11 ਫ਼ੀਸਦੀ ਬਣਦੇ ਹਨ। ਭਾਵ ਕਿ ਹਿੰਦੂ ਬਾਜਵੇ ਸਾਰੇ ਦੇ ਸਾਰੇ ਜ਼ਿਲ੍ਹਾ ਸਿਆਲਕੋਟ ਵਿਚ ਵਸਦੇ ਸਨ। ਜ਼ਿਲ੍ਹਾ ਸਿਆਲਕੋਟ ਵਿਚ ਜੋ 27,844 ਬਾਜਵੇ ਸਨ, ਉਨ੍ਹਾਂ ਵਿਚੋਂ ਜੇਕਰ ਤਹਿਸੀਲਵਾਰ ਦੇਖੀਏ, ਤਾਂ 7800 ਸਿਆਲਕੋਟ ਤਹਿਸੀਲ, 7780 ਪਸਰੂਰ ਤਹਿਸੀਲ ਵਿਚ, 7351 ਰਈਆ ਤੇ 4285 ਜਫ਼ਰਵਾਲ ਤਹਿਸੀਲ ਵਿਚ ਤੇ ਡੱਸਕੇ ਵਿਚ 627 ਬਾਜਵੇ ਆਬਾਦ ਸਨ। ਸ੍ਰੀ ਕਰਤਾਰਪੁਰ ਸਾਹਿਬ ਦੇ ਚਾਰ ਚੁਫ਼ੇਰੇ ਦੇ ਜ਼ਿਲ੍ਹਿਆਂ ਵਿਚ ਬਾਜਵੇ ਜੱਟ ਵਸਦੇ ਸਨ। ਭਾਵੇਂ ਉਹ ਗੁਰਦਾਸਪੁਰ, ਹੁਸ਼ਿਆਰਪੁਰ, ਅੰਮ੍ਰਿਤਸਰ ਜਾਂ ਜਲੰਧਰ ਹੋਵੇ।
ਇਕ ਹੋਰ ਪੱਖ ਇਹ ਹੈ ਕਿ ਜਨਰਲ ਬਾਜਵਾ ਆਪਣੀ ਜ਼ਿੰਦਗੀ ਵਿਚ ਜੱਟਾਂ ਤੇ ਰਾਜਪੂਤਾਂ ਵਿਚ ਖੁੱਭੇ ਹੋਏ ਹਨ, ਜਿਹੜੇ ਕਿ ਪੰਜਾਬੀ ਜੱਟ ਤੇ ਰਾਜਪੂਤ ਹਨ। ਉਨ੍ਹਾਂ ਦੇ ਸਹੁਰੇ ਦਾ ਨਾਂਅ ਜਨਰਲ ਇਜ਼ਾਜ਼ ਅਹਿਮਦ ਜੰਜੂਆ ਸੀ, ਜਿਹੜੇ ਜੰਜੂਆ ਰਾਜਪੂਤ ਹਨ। ਉਨ੍ਹਾਂ ਦੇ ਇਕ ਸਾਂਢੂ ਦਾ ਨਾਂਅ ਬ੍ਰਿਗੇਡੀਅਰ ਇਮਤਿਆਜ਼ ਅਹਿਮਦ ਵੜੈਚ ਹੈ। ਇਨ੍ਹਾਂ ਦੇ ਜੋ ਰਿਸ਼ਤੇਦਾਰ ਹਨ, ਉਨ੍ਹਾਂ ਵਿਚ ਵੀ ਬਹੁਤੇ ਫ਼ੌਜੀ ਜਰਨੈਲ ਹਨ। ਉਨ੍ਹਾਂ ਵਿਚੋਂ ਮੇਜਰ ਜਨਰਲ ਅਨੀਸ਼ ਅਹਿਮਦ ਬਾਜਵਾ, ਮੇਜਰ ਜਨਰਲ ਮੁਮਤਾਜ ਅਹਿਮਦ ਬਾਜਵਾ ਤੇ ਹੁਣੇ ਸੇਵਾ-ਮੁਕਤ ਹੋਣ ਵਾਲੇ ਲੈਫਟੀਨੈਂਟ ਜਨਰਲ ਆਸਮ ਸਲੀਮ ਬਾਜਵਾ, ਜਿਹੜੇ ਬਲੋਚਿਸਤਾਨ ਵਿਚ ਕੋਰ ਕਮਾਂਡਰ ਸਨ।
ਇਕ ਹੋਰ ਮੇਜਰ ਜਨਰਲ ਅਜ਼ੀਮ ਬਾਜਵਾ, ਇਕ ਬ੍ਰਗੇਡੀਅਰ ਅਸ਼ਰਫ਼ ਬਾਜਵਾ, ਇਕ ਬ੍ਰਿਗੇਡੀਅਰ ਆਮਿਰ ਮੁਸਤਫ਼ਾ ਬਾਜਵਾ। ਇਹ ਉਹ ਅਫ਼ਸਰ ਹਨ ਜਿਹੜੇ ਮੇਰੀ ਜਾਣਕਾਰੀ ਵਿਚ ਹਨ। ਫ਼ੌਜ ਵਿਚ ਇਨ੍ਹਾਂ ਦੇ ਹੋਰ ਰਿਸ਼ਤੇਦਾਰ ਵੀ ਅਫ਼ਸਰ ਹੋ ਸਕਦੇ ਹਨ, ਜਿਨ੍ਹਾਂ ਦੀ ਸ਼ਾਇਦ ਮੈਨੂੰ ਜਾਣਕਾਰੀ ਨਾ ਹੋਵੇ। ਜਿਸ ਤਰ੍ਹਾਂ ਪਹਿਲਾਂ ਲਿਖਿਆ ਜਾ ਚੁੱਕਿਆ ਹੈ ਕਿ ਜਨਰਲ ਬਾਜਵਾ ਦਾ ਪਿੰਡ ਕਰਤਾਰਪੁਰ ਸਾਹਿਬ ਤੋਂ ਕਰੀਬ 40 ਮੀਲ ਦੂਰ ਹੈ ਤੇ ਇਹ ਕੋਈ ਬਹੁਤਾ ਫ਼ਾਸਲਾ ਨਹੀਂ ਹੈ। ਇਸ ਵਾਸਤੇ ਜਿਹੜੀਆਂ ਜ਼ਮੀਨੀ ਹਕੀਕਤਾਂ ਹਨ, ਉਨ੍ਹਾਂ ਨੂੰ ਜਿੰਨਾ ਜਨਰਲ ਬਾਜਵਾ ਕਰਤਾਰਪੁਰ ਸਾਹਿਬ ਦੇ ਹਵਾਲੇ ਨਾਲ ਨੇੜਿਓਂ ਤੋਂ ਜਾਣਦੇ ਹੋਣਗੇ, ਓਨਾ ਹੋਰ ਕੋਈ ਪਿੱਛੇ ਰਿਹਾ ਜਰਨੈਲ ਨਹੀਂ ਸਮਝ ਸਕਿਆ ਤੇ ਨਾ ਹੀ ਇਮਰਾਨ ਖਾਨ। ਜਨਰਲ ਬਾਜਵਾ ਦੀ ਦਿਲਚਸਪੀ ਕਰਤਾਰਪੁਰ ਲਾਂਘੇ ਦੇ ਨਿਰਮਾਣ ਲਈ ਏਨੀ ਜ਼ਿਆਦਾ ਸੀ ਕਿ ਉਨ੍ਹਾਂ ਨੇ ਇਸ ਕਾਰੀਡੋਰ ਦੀ ਤਾਮੀਰ ਦਾ ਜਿਹੜਾ ਫ਼ੈਸਲਾ ਏ, ਉਸ ਦਾ ਜਦੋਂ ਐਲਾਨ ਕੀਤਾ ਤਾਂ ਨਿੱਜੀ ਕੰਪਨੀਆਂ ਨੇ ਇਸ ਨੂੰ ਬਣਾਉਣ ਲਈ ਪੰਜ ਸਾਲ ਦਾ ਸਮਾਂ ਦੱਸਿਆ। ਕਿਉਂਕਿ ਬਾਜਵਾ ਸਾਹਿਬ ਨਵੰਬਰ ਵਿਚ ਸੇਵਾ-ਮੁਕਤ ਹੋ ਰਹੇ ਸਨ। ਇਸ ਲਈ ਉਨ੍ਹਾਂ ਸੋਚਿਆ ਕਿ ਇਹ ਉਨ੍ਹਾਂ ਦੇ ਕਾਰਜਕਾਲ ਵਿਚ ਪੂਰਾ ਨਹੀਂ ਹੋਏਗਾ, ਇਸ ਲਈ ਉਨ੍ਹਾਂ ਇਸ ਕੰਮ ਦਾ ਠੇਕਾ ਇਕ ਇਹੋ ਜਿਹੀ ਕੰਪਨੀ ਨੂੰ ਦਿੱਤਾ, ਜਿਸ ਦਾ ਨਾਂਅ ਐਫ.ਡਬਲਿਊ.ਏ. (ਫਰੰਟੀਅਰ ਵਰਕਸ ਆਰਗੇਨਾਈਜੇਸ਼ਨ) ਹੈ। ਇਹ ਫ਼ੌਜ ਦੀ ਹੀ ਕੰਪਨੀ ਹੈ ਤੇ ਫ਼ੌਜ ਦੇ ਅਧੀਨ ਕੰਮ ਕਰਦੀ ਹੈ। ਇਸ ਵਿਚ ਸੇਵਾ-ਮੁਕਤ ਫ਼ੌਜੀ ਹੁੰਦੇ ਹਨ। ਇਹ ਸੜਕਾਂ ਤੇ ਇਮਾਰਤਾਂ ਬਣਾਉਂਦੀ ਏ। ਇਸ ਕੰਪਨੀ ਨੂੰ ਆਦੇਸ਼ ਦਿੱਤਾ ਗਿਆ ਕਿ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਇਕ ਸਾਲ ਵਿਚ ਮੁਕੰਮਲ ਕਰਨਾ ਹੈ, ਤੇ ਇਸ 'ਤੇ ਲੋੜੀਂਦੇ ਖਰਚ ਦੀ ਕੋਈ ਕਮੀ ਨਹੀਂ ਹੋਵੇਗੀ।
ਨਤੀਜੇ ਦੇ ਤੌਰ 'ਤੇ 15 ਤੋਂ 20 ਬਿਲੀਅਨ ਪਾਕਿਸਤਾਨੀ ਰੁਪਿਆ ਫ਼ੌਜ ਦੇ ਰਾਹੀਂ ਐਫ.ਡਬਲਿਊ.ਓ. ਨੂੰ ਮਿਲਿਆ ਤੇ ਉਨ੍ਹਾਂ ਨੇ ਤਿੰਨ ਵਾਰੀਆਂ ਵਿਚ 24 ਘੰਟੇ ਕੰਮ ਕੀਤਾ। ਜਿਹੜਾ ਕੰਮ ਨਿੱਜੀ ਕੰਪਨੀ ਨੇ 5 ਸਾਲ ਵਿਚ ਪੂਰਾ ਕਰਨਾ ਸੀ ਉਹ ਐਫ.ਡਬਲਿਊ.ਓ. ਨੇ 11 ਮਹੀਨੇ ਦੀ ਅਣਥੱਕ ਮਿਹਨਤ ਨਾਲ ਮੁਕੰਮਲ ਕਰ ਦਿੱਤਾ। ਇਸ ਗੱਲ ਦਾ ਖ਼ਿਆਲ ਸਿੱਖ ਭਰਾਵਾਂ ਨੂੰ ਕਰਨਾ ਚਾਹੀਦਾ ਹੈ ਕਿ ਪਾਕਿਸਤਾਨ ਆਰਥਿਕ ਪੱਖੋਂ ਕੋਈ ਤਕੜਾ ਮੁਲਕ ਨਹੀਂ, ਤੇ ਅੱਜਕਲ੍ਹ ਇਸ ਦੇ ਹਾਲਾਤ ਏਨੇ ਠੀਕ ਨਹੀਂ, ਤੇ ਜੇਕਰ 20 ਅਰਬ ਰੁਪਇਆ ਵੀ ਲੱਗ ਗਿਆ ਹੈ ਤਾਂ ਤੁਸੀਂ ਦੇਖੋ ਕਿ ਪਾਕਿਸਤਾਨੀ ਦੀ 20 ਕਰੋੜ ਆਬਾਦੀ ਹੈ, ਇਹਦਾ ਮਤਲਬ ਇਹ ਹੈ ਕਿ ਹਰ ਪਾਕਿਸਤਾਨੀ ਭਾਵੇਂ ਬੱਚਾ ਏ ਭਾਵੇਂ ਔਰਤ, ਭਾਵੇਂ ਮਰਦ ਹੈ, ਨੂੰ ਆਪਣੀ ਜੇਬ ਵਿਚੋਂ 100 ਰੁਪਇਆ ਦੇਣਾ ਪਿਆ ਹੈ। ਕਈ ਸਿੱਖ ਵੀਰ ਕਹਿੰਦੇ ਹਨ ਕਿ ਵਲਾਇਤੀ ਸਿੱਖਾਂ ਨੇ ਬੜੇ ਰੁਪਏ ਭੇਜੇ ਹਨ। ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਫਿਲਹਾਲ ਕਿਸੇ ਨੇ ਕੋਈ ਪੈਸਾ ਨਹੀਂ ਭੇਜਿਆ। ਸਾਰਾ ਪੈਸਾ ਪਾਕਿਸਤਾਨ ਸਰਕਾਰ ਨੇ ਖ਼ਰਚਿਆ ਏ, ਬਾਹਰਲੇ ਸਿੱਖਾਂ ਨੇ ਵਾਅਦਾ ਕੀਤਾ ਹੈ ਕਿ ਬਾਅਦ ਵਿਚ ਸਰਮਾਏਕਾਰੀ ਕਰਨਗੇ। ਜਨਰਲ ਬਾਜਵਾ ਦਾ ਜਿਸ ਤਰ੍ਹਾਂ ਦਾ ਨਾਂਅ ਏ, ਉਸ ਨੇ ਕੰਮ ਵੀ ਉਸੇ ਤਰ੍ਹਾਂ ਦਾ ਕੀਤਾ ਹੈ। ਇਸ ਦੇ ਨਾਂਅ ਦੇ ਅੱਖਰੀ ਅਰਥ ਇਸ ਤਰ੍ਹਾਂ ਹਨ। ਕਮਰ ਅਰਬੀ ਜ਼ਬਾਨ ਦਾ ਲਫ਼ਜ਼ ਹੈ, ਜਿਸ ਦਾ ਮਤਲਬ ਹੈ 'ਚੰਨ' ਤੇ ਜਾਵੇਦ ਫਾਰਸੀ ਜ਼ਬਾਨ ਦਾ ਲਫ਼ਜ਼ ਹੈ, ਜਿਸ ਦਾ ਮਤਲਬ ਹੈ 'ਜਿਊਂਦਾ' ਭਾਵ ਕਿ ਜਿਊਂਦਾ ਰਹਿਣ ਵਾਲਾ ਚੰਨ। ਇਸ ਵਲੋਂ ਕੀਤਾ ਗਿਆ ਇਹ ਪਵਿੱਤਰ ਕੰਮ ਇਤਿਹਾਸ ਵਿਚ ਚੰਨ ਵਾਂਗ 'ਜਿਊਂਦਾ' ਰਹੇਗਾ।
ਮੁਕਦੀ ਗੱਲ ਇਹ ਹੈ ਕਿ ਇਹ ਲਾਂਘੇ ਦਾ ਕੰਮ ਭਾਵੇਂ ਜਿਨ੍ਹੇ ਵੀ ਕੀਤਾ, ਬਹੁਤ ਹੀ ਇਤਿਹਾਸਕ ਕੰਮ ਹੈ, ਬਹੁਤ ਜ਼ਬਰਦਸਤ ਕੰਮ ਹੋਇਆ ਹੈ ਤੇ ਇਸ ਕੰਮ ਨੂੰ ਕੋਈ ਵੀ ਪੰਜਾਬੀ ਭੁਲਾ ਨਹੀਂ ਸਕਦਾ। ਕਰਤਾਰਪੁਰ ਸਾਹਿਬ ਦੇ ਪਵਿੱਤਰ ਗੁਰਦੁਆਰਿਆਂ ਨੇ ਦੋਵਾਂ ਮੁਲਕਾਂ ਵਿਚ ਅਮਨ ਪੈਦਾ ਕਰਨਾ ਹੈ। ਇਸ ਦੀ ਵਜ੍ਹਾ ਨਾਲ ਲੋਕਾਂ ਨੇ ਇਕੱਠਿਆਂ ਹੋਣਾ ਹੈ। ਇਸੇ ਦੀ ਵਜ੍ਹਾ ਨਾਲ ਹੀ ਅਮਨ ਸ਼ੁਰੂ ਹੋਣਾ ਹੈ, ਇਸ ਨੂੰ ਭਾਵੇਂ ਅਮਨ ਦੇ ਦੁਸ਼ਮਣ ਕਿੰਨਾ ਹੀ ਕਿਉਂ ਨਾ ਰੋਕਦੇ ਰਹਿਣ, ਇਹ ਹੁਣ ਰੁਕ ਨਹੀਂ ਸਕਦਾ। ਭਾਵੇਂ ਸਾਰੀ ਦੁਨੀਆ ਨੂੰ ਲੋਕ ਭੁੱਲ ਜਾਣ ਪਰ ਜਨਰਲ ਕਮਰ ਜਾਵੇਦ ਬਾਜਵਾ, ਇਮਰਾਨ ਖਾਨ ਤੇ ਨਵਜੋਤ ਸਿੰਘ ਸਿੱਧੂ ਨੂੰ ਕੋਈ ਵੀ ਪੰਜਾਬੀ, ਖ਼ਾਸ ਤੌਰ 'ਤੇ ਸਿੱਖ ਕਦੇ ਵੀ ਨਹੀਂ ਭੁੱਲ ਸਕਦੇ। ਇਹ ਸਾਰੇ ਬਾਬੇ ਨਾਨਕ ਦੀ ਕਿਰਪਾ ਨਾਲ ਅਜਿਹਾ ਕੰਮ ਕਰ ਗਏ, ਜਿਹੜਾ ਇਤਿਹਾਸ ਦੇ ਸੁਨਹਿਰੀ ਅੱਖਰਾਂ ਵਿਚ ਲਿਖਿਆ ਜਾ ਚੁੱਕਾ ਹੈ।
-
ਡਾ. ਗੁਲਾਮ ਮੁਸਤਫ਼ਾ ਡੋਗਰ, ਲੇਖਕ
******
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.