ਜਗਤ-ਗੁਰੂ, ਗੁਰੂ ਨਾਨਕ ਦੇਵ ਜੀ ਦੇ 550-ਸਾਲਾ ਪ੍ਰਕਾਸ਼ ਗੁਰਪੁਰਬ ਸਮੇਂ ਵਿਸ਼ਵ ਭਰ ਵਿਚ ਉਨਾਂ ਨਾਲ ਸਬੰਧਤ ਤਿੰਨ ਇਤਿਹਾਸਕ ਸ਼ਹਿਰਾਂ ਦਾ ਜ਼ਿਕਰ ਬਹੁਤ ਸਤਿਕਾਰ ਨਾਲ ਹੋ ਰਿਹਾ ਹੈ। ਨਨਕਾਣਾ ਸਾਹਿਬ, ਪਾਕਿਸਤਾਨ ਗੁਰਦੇਵ ਦਾ ਪ੍ਰਕਾਸ਼ ਅਸਥਾਨ ਹੋਣ, ਸੁਲਤਾਨਪੁਰ ਲੋਧੀ, ਪੰਜਾਬ ਜਗਤ ਗੁਰੂ, ਦੀ ਸੰਸਾਰਿਕ ਕਰਮ ਭੂਮੀ ਤੇ ਧੁਰ ਕੀ ਬਾਣੀ (ਮੂਲਮੰਤਰ) ਉਚਾਰਣ ਦਾ ਆਗਾਜ਼ ਹੋਣ ਅਤੇ ਸ੍ਰੀ ਕਰਤਾਰਪੁਰ ਸਾਹਿਬ, ਪਾਕਿਸਤਾਨ ਗੁਰੂ ਜੀ ਦੀ ਸੰਸਾਰਿਕ ਯਾਤਰਾ ਦਾ ਅੰਤਿਮ ਪੜਾਅ ਅਤੇ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਖੁੱਲਣ ਕਾਰਣ। ਇਸ ਲੇਖ ਵਿਚ ਅਸੀਂ ਕੇਵਲ ਕਰਤਾਰਪੁਰ ਸਾਹਿਬ ਬਾਰੇ ਹੀ ਸੰਖੇਪ ਵਿਚਾਰ ਕਰਨੀ ਹੈ ਕਿ ਇਸ ਪਾਵਨ-ਪਵਿੱਤਰ ਇਤਿਹਾਸਕ ਅਸਥਾਨ ਦਾ ‘ਨਾਨਕ ਨਿਰਮਲ ਪੰਥ’ ਦੀ ਨਿਰਮਲ ਵਿਚਾਰਧਾਰਾ, ਵਿਰਾਸਤ, ਸਿੱਖ ਇਤਿਹਾਸ, ਪਰੰਪਰਾ ਤੇ ਰਵਾਇਤਾਂ ਵਿਚ ਕੀ ਸਥਾਨ ਹੈ।
ਜਗਤ-ਗੁਰੂ, ਗੁਰੂ ਨਾਨਕ ਦੇਵ ਜੀ ਦੀ ਸੰਸਾਰਿਕ ਯਾਤਰਾ ’ਤੇ ਜੇਕਰ ਪੰਛੀ ਝਾਤ ਮਾਰੀ ਜਾਵੇ ਤਾਂ ਸਪੱਸ਼ਟ ਹੁੰਦਾ ਹੈ ਕਿ ਪਹਿਲੇ ਪੜਾਅ ਵਿਚ ਗੁਰਦੇਵ ਨਨਕਾਣਾ ਸਾਹਿਬ ਦੀ ਧਰਤ ਸੁਹਾਵੀ ’ਤੇ ਪ੍ਰਗਟ ਹੋ, ਬਾਲ ਵਰੇਸ ਦੇ ਕੌਤਕਾਂ ਰਾਹੀਂ ਮਨੱੁਖਤਾ ਨੂੰ ਰੂਹਾਨੀਅਤ ਦਾ ਪਾਠ ਪੜਾਉਂਦੇ ਹਨ। ਦੂਸਰੇ ਪੜਾਅ ’ਚ ਸੁਲਤਾਨਪੁਰ ਲੋਧੀ ਦੀ ਧਰਤੀ ’ਤੇ ਸੰਸਾਰਿਕ ਮੋਦੀ ਦੇ ਰੂਪ ਵਿਚ ਵਿਚਰਦੇ ਹਨ। ਤਿੰਨ ਦਿਨ ਵੇਈਂ ’ਚ ਅਲੋਪ ਰਹਿਣ ਉਪਰੰਤ ਰੱਬੀ ਬਾਣੀ: ‘ਮੂਲ ਮੰਤਰ’ ਦਾ ਉਚਾਰਣ ਕਰ ਇਕ ਅਕਾਲ ਪੁਰਖ ਦੇ ਬ੍ਰਹਿਮੰਡੀ ਸਰੂਪ ਨੂੰ ਦਰਸਾਉਂਦੇ-ਸਮਝਾਉਂਦੇ ਹਨ। ਫਿਰ ਚੜਿਆ ਸੋਧਣਿ ਧਰਤਿ ਲੁਕਾਈ ਦੇ ਰੂਹਾਨੀ ਮਿਸ਼ਨ ਨੂੰ ਪੂਰਿਆਂ ਕਰਨ ਲਈ ਸੰਸਾਰ ਦਾ ਮੋਦੀ ਬਣ ਵਿਸ਼ਵ ਯਾਤਰਾ ਆਰੰਭ ਕਰਦੇ ਹਨ। ਚਾਰ ਉਦਾਸੀਆਂ ਪ੍ਰਮੱੁਖ ਰੂਪ ਵਿਚ ਤੀਸਰੇ ਪੜਾਅ ’ਚ ਸ਼ਾਮਲ ਹਨ। ਭਾਈ ਗੁਰਦਾਸ ਜੀ ਦੇ ਪਾਵਨ ਕਥਨ ਅਨੁਸਾਰ:
ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤਿ ਚਲਾਈ।
ਚੜਿਆ ਸੋਧਣਿ ਧਰਤਿ ਲੁਕਾਈ॥ (ਵਾਰਾਂ ਭਾਈ ਗੁਰਦਾਸ ਜੀ 1 / 24)
ਭਾਈ ਗੁਰਦਾਸ ਜੀ ਨੇ ਆਪਣੀ ਪਹਿਲੀ ਵਾਰ ਵਿਚ ਗੁਰਦੇਵ ਪਿਤਾ ਦੇ ਇਸ ਤੀਸਰੇ ਪੜਾਅ ਨੂੰ ਵੀ ਬਾਖੂਬੀ ਵਰਨਣ ਕੀਤਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸੰਸਾਰਿਕ ਜੀਵਨ-ਯਾਤਰਾ ਦਾ ਅੰਤਿਮ ਤੇ ਚੌਥਾ ਪੜਾਅ ਕਰਤਾਰਪੁਰ ਸਾਹਿਬ ਹੈ। ਕਰਤਾਰਪੁਰ ਸਾਹਿਬ ਦੇ ਇਸ ਪੜਾਅ ਬਾਰੇ ਸਾਨੂੰ ਸਭ ਤੋਂ ਵੱਧ ਪ੍ਰਮਾਣਿਕ ਤੇ ਇਤਿਹਾਸਕ ਜਾਣਕਾਰੀ ਭਾਈ ਗੁਰਦਾਸ ਜੀ ਦੀਆਂ ਵਾਰਾਂ ਤੋਂ ਹੀ ਪ੍ਰਾਪਤ ਹੈ। ਭਾਈ ਗੁਰਦਾਸ ਜੀ ਦਾ ਕਥਨ ਸਪੱਸ਼ਟ ਕਰਦਾ ਹੈ:
ਫਿਰਿ ਬਾਬਾ ਆਇਆ ਕਰਤਾਰਪੁਰਿ ਭੇਖੁ ਉਦਾਸੀ ਸਗਲ ਉਤਾਰਾ।
ਪਹਿਰਿ ਸੰਸਾਰੀ ਕਪੜੇ ਮੰਜੀ ਬੈਠਿ ਕੀਆ ਅਵਤਾਰਾ।
ਉਲਟੀ ਗੰਗ ਵਹਾਈਓਨਿ ਗੁਰ ਅੰਗਦੁ ਸਿਰਿ ਉਪਰਿ ਧਾਰਾ।...
ਸੋਦਰੁ ਆਰਤੀ ਗਾਵੀਐ ਅੰਮਿ੍ਰਤ ਵੇਲੇ ਜਾਪੁ ਉਚਾਰਾ।
ਗੁਰਮੁਖਿ ਭਾਰ ਅਥਰਬਣਿ ਤਾਰਾ॥ (ਵਾਰਾਂ ਭਾਈ ਗੁਰਦਾਸ ਜੀ 1 / 38)
ਇਨਾਂ ਪਉੜੀਆਂ ਤੋਂ ਨਾਨਕ ਨਿਰਮਲ ਪੰਥ ਦੀ ਵਿਚਾਰਧਾਰਾ, ਸਿਧਾਂਤ, ਮਰਯਾਦਾ, ਪਰੰਪਰਾ ਤੇ ਕਰਤਾਰਪੁਰ ਸਾਹਿਬ ਦੇ ਕਰਤਾਰੀ ਰੂਹਾਨੀ-ਅਧਿਆਤਮਕ ਵਾਤਾਵਰਣ ਬਾਰੇ ਬੇਮਿਸਾਲ ਅਦੁੱਤੀ-ਅਲੌਕਿਕ ਜਾਣਕਾਰੀ ਪ੍ਰਾਪਤ ਹੁੰਦੀ ਹੈ। ਸਪੱਸ਼ਟ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਵਸਾਏ ਇਸ ਨਗਰ ਵਿਚ ਅੰਤਮ ਪੜਾਅ ’ਚ ਉਦਾਸੀ ਬਾਣਾ ਜੋ ਸੰਸਾਰ ਦੇ ਉਧਾਰ ਹਿਤ ਸੁਲਤਾਨਪੁਰ ਲੋਧੀ ਵਿਖੇ ਧਾਰਣ ਕੀਤਾ ਸੀ, ਉਸ ਨੂੰ ਉਤਾਰ ਦੇਂਦੇ ਹਨ, ਮੰਜੀ ’ਤੇ ਬੈਠ ਕੇ ਆਸਣ ਲਗਾ ਕੇ ਸੰਗਤ ਦਾ ਪਾਰਉਤਾਰਾ ਕਰਦੇ ਹਨ। ਅਲੌਕਿਕ ਕੌਤਕ, ਆਪਣੇ ਪਿਆਰੇ ਸਿੱਖ ਭਾਈ ਲਹਿਣਾ ਜੀ ਨੂੰ ਆਪਣੇ ਅਸਥਾਨ ’ਤੇ ਬਿਠਾ ਕੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਰੂਪ ’ਚ ‘ਗੁਰੂ’ ਪ੍ਰਵਾਨ ਕਰਦੇ ਤੇ ਸੰਗਤ ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਅੱਗੇ ਝੁਕਣ ਦਾ ਆਦੇਸ਼ ਕਰਦੇ ਹਨ। ਕਰਤਾਰਪੁਰ ਸਾਹਿਬ ਦੀ ਧਰਤਿ ਸੁਹਾਵੀ ’ਤੇ ਬਾਣੀ ਉਚਾਰਣ ਕਰਦੇ ਹਨ ਤੇ ਹਰ ਸਮੇਂ ਗੁਰਬਾਣੀ ਦੀ ਵਿਚਾਰ ਹੁੰਦੀ ਹੈ ਤੇ ਗੁਰਬਾਣੀ ਦੇ ਗਾਇਨ ਦੀਆਂ ਅਲਾਹੀ- ਅਨਾਦੀ ਧੁਨਾਂ ਗੂੰਜਦੀਆਂ ਹਨ। ਗੁਰਸਿੱਖਾਂ ਦੇ ਨਿੱਤਨੇਮ ਦੀ ਮਰਯਾਦਾ ਆਰੰਭ ਹੁੰਦੀ ਹੈ ਕਿ ਅੰਮਿ੍ਰਤ ਵੇਲੇ ਜਪੁਜੀ ਸਾਹਿਬ ਤੇ ਸ਼ਾਮ ਨੂੰ ਸੋਦਰੁ ਤੇ ਆਰਤੀ ਦਾ ਗਾਇਨ ਹੋਵੇ।
ਵਿਸ਼ਵ ਦੇ ਅਧਿਆਤਮਕ ਵਿਜੇਤਾ, ਗੜ, ਬਗਦਾਦ, ਮੱਕਾ-ਮਦੀਨਾ ਨਿਵਾ ਕੇ ਸਤਿਗੁਰੂ, ਗੁਰੂ ਨਾਨਕ ਦੇਵ ਜੀ ਮੁਲਤਾਨ ਦੀ ਯਾਤਰਾ ਤੋਂ ਉਪਰੰਤ ਫਿਰ ਕਰਤਾਰਪੁਰ ਆਉਂਦੇ ਹਨ। ਘਰ-ਘਰ ਵਿਚ ਗੁਰੂ ਨਾਨਕ ਸਾਹਿਬ ਦੀ ਵਡਿਆਈ ਹੋਣ ਲੱਗੀ। ਕਲਜੁਗ ’ਚ ਗੁਰੂ ਜੀ ਨੇ ਮਨੁੱਖਤਾ ਨੂੰ ਸਰਬ-ਸ਼ਕਤੀਮਾਨ, ਸਰਬ ਸਾਂਝੇ, ਸਰਬ ਵਿਆਪਕ, ਸਵੈ-ਪ੍ਰਕਾਸ਼ਮਾਨ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਾਇਆ। ਹਉਮੈਂ-ਹੰਕਾਰ ਤੋਂ ਰਹਿਤ ਨਿਰਮਲ ‘ਨਾਨਕ ਨਿਰਮਲ ਪੰਥ’ ਚਲਾਇਆ, ਆਪਣੀ ਹਯਾਤੀ ’ਚ ਹੀ ਭਾਈ ਲਹਿਣਾ ਸਾਹਿਬ ਜੀ ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਰੂਪ ਵਿਚ ਗੁਰੂ ਥਾਪ ਕੇ ਗੁਰਿਆਈ ਦਾ ਛਤਰ ਝੁਲਾ ਦਿੱਤਾ। ਜਗਤ-ਗੁਰੂ, ਗੁਰੂ ਨਾਨਕ ਦੇਵ ਜੀ ਨੇ ਅਚਰਜ-ਕੌਤਕ ਕੀਤਾ, ਆਪਣੀ ਜੋਤਿ ਭਾਈ ਲਹਿਣਾ ਜੀ ਨੂੰ ਅਰਪਤ ਕਰ ਕੇ ਆਪਣਾ ਹੀ ਰੂਪ ਵਟਾ (ਬਦਲ) ਲਿਆ। ਕਰਤਾ ਪੁਰਖ ਵਾਹਿਗੁਰੂ ਦੀ ਅਲਾਹੀ ਜੋਤਿ ਤੇ ਸਰੀਰ ਸਰੂਪ ਬਦਲ ਲਿਆ ਪਰ ਮੂਲ ਇਕ ਸੀ ਤੇ ਇਕ ਹੀ ਰਿਹਾ। ਭਾਈ ਗੁਰਦਾਸ ਜੀ ਸਾਨੂੰ ਸੰਸਾਰਿਕ ਲੋਕਾਂ ਨੂੰ ਸਮਝਾਉਂਦੇ ਹਨ:
ਜਾਰਤਿ ਕਰਿ ਮੁਲਤਾਨ ਦੀ ਫਿਰਿ ਕਰਤਾਰ ਪੁਰੇ ਨੋ ਆਇਆ।...
ਮਾਰਿਆ ਸਿਕਾ ਜਗਤਿ੍ਰ ਵਿਚਿ ਨਾਨਕ ਨਿਰਮਲ ਪੰਥ ਚਲਾਇਆ।
ਥਾਪਿਆ ਲਹਿਣਾ ਜੀਵਦੇ ਗੁਰਿਆਈ ਸਿਰਿ ਛਤ੍ਰ ਫਿਰਾਇਆ।
(ਵਾਰਾਂ ਭਾਈ ਗੁਰਦਾਸ ਜੀ 1 / 45)
ਵਿਸ਼ਵ ਦੇ ਇਤਿਹਾਸ ਵਿਚ ਕਰਤਾਰਪੁਰ ਸਾਹਿਬ ਪਹਿਲਾ ਇਤਿਹਾਸਕ ਨਗਰ ਹੈ, ਜਿਸ ਨੂੰ ਪ੍ਰਮਾਣਿਕ ਰੂਪ ’ਚ ਸੱਚ-ਖੰਡ ਕਿਹਾ ਗਿਆ ਹੈ। ਗੁਰੂ ਜੀ ਕਰਤਾਰਪੁਰ ਵਾਸ ਸਮੇਂ ਧਰਮ ਦੀ ਧਰਮਸਾਲ ਸਤਿਸੰਗਤਿ ਸਥਾਪਿਤ ਕਰਦੇ ਹਨ। ਕਰਤਾਰਪੁਰ ਸਾਹਿਬ ਦੇ ਕੁਦਰਤੀ ਰੂਹਾਨੀ ਅਧਿਆਤਮਕ ਵਾਤਾਵਰਣ-ਫਿਜ਼ਾ ’ਚ ਅੱਜ ਵੀ ‘ਸਤਿਨਾਮੁ-ਵਾਹਿਗੁਰੂ’ ਸ਼ਬਦ ਉਚਾਰਣ ਹੋ ਰਿਹਾ ਹੈ, ਸੁਣਿਆ ਜਾ ਰਿਹਾ ਹੈ।
ਧਰਮਸਾਲ ਕਰਤਾਰ ਪੁਰੁ ਸਾਧਸੰਗਤਿ ਸਚਖੰਡ ਵਸਾਇਆ।
ਵਾਹਿਗੁਰੂ ਗੁਰ ਸਬਦੁ ਸੁਣਾਇਆ ॥ (ਵਾਰਾਂ ਭਾਈ ਗੁਰਦਾਸ ਜੀ 24 / 1)
ਅਕਾਲ ਪੁਰਖ ਦੇ ਕਰਤਾਰੀ ਰੂਪ, ਗੁਰੂ ਨਾਨਕ ਦੇਵ ਜੀ ਕਰਤਾਰਪੁਰ ਸਾਹਿਬ ਦੀ ਧਰਮ ਭੂਮੀ ’ਚ ‘ਕਰਤਾ ਪੁਰਖ’ ਦੀ ਕਿਰਤ, ਕਿਰਸਾਣ ਰੂਪ ’ਚ ਕਰਦੇ ਹਨ। ਕਰਤਾਰਪੁਰ ਦੀ ਧਰਤੀ ’ਤੇ ‘ਕਰਤਾਰ’ ਦੀ ਸਿਫ਼ਤ-ਸਲਾਹ ਬਾਣੀ ਰੂਪ ਉਚਾਰਣ ਕਰ, ਕਰਤੇ ਦੀ ਕੀਰਤੀ ਸਿਫ਼ਤ-ਸਲਾਹ ਨੇਮ ਨਾਲ ਕਰਨ ਦੀ ਮਰਯਾਦਾ ਨਿਰਧਾਰਤ ਕਰਦੇ ਹਨ। ਕਰਤਾਰਪੁਰ ਸਾਹਿਬ ਦੀ ਕਰਤਾਰੀ ਧਰਤ ਸੁਹਾਵੀ ’ਤੇ ਆਏ ਪ੍ਰੇਮੀ-ਸ਼ਰਧਾਲੂ ਸਿੱਖਾਂ ਨੂੰ ਇਹੀ ਅਸੀਸ ਸਤਿਗੁਰੂ ਜੀ ਦੇਂਦੇ ਬੋਲਹੁ ਸਚੁ ਨਾਮੁ ਕਰਤਾਰ ਕਰਤਾਰ ਚਿਤ ਆਵੇ ਦਾ ਕਰਤਾਰੀ ਸੰਦੇਸ਼ ਦਿ੍ਰੜ ਕਰਵਾਇਆ ਜਾਂਦਾ। ਕਰਤਾਰਪੁਰ ਸਾਹਿਬ ’ਚ ਕਰਤਾ ਪੁਰਖ ਦਾ ਕਰਤਾਰੀ ਸਰੂਪ ਸ੍ਰੀ ਗੁਰੂ ਨਾਨਕ ਦੇਵ ਜੀ, ਕਰਤਾਰ-ਕਰਤਾਰ ਕਰਦੇ ਕਰਤੇ ’ਚ ਅਭੇਦ ਹੋ ਜਾਂਦੇ ਹਨ।
ਸਤਿਗੁਰੂ, ਗੁਰੂ ਨਾਨਕ ਦੇਵ ਜੀ ਦੇ ਆਦੇਸ਼ ਅਨੁਸਾਰ ਸ੍ਰੀ ਗੁਰੂ ਅੰਗਦ ਦੇਵ ਜੀ ਫਿਰ ਕਰਤਾਰਪੁਰ ਨੂੰ ਛੱਡ ਦੇਂਦੇ ਹਨ ਤੇ ਖਡੂਰ ਸਾਹਿਬ ’ਚ ਜਗਤ-ਗੁਰੂ, ਗੁਰੂ ਨਾਨਕ ਜੋਤਿ ਨੂੰ ਪ੍ਰਗਟ ਕਰਦੇ ਹਨ:
ਦਿਤਾ ਛੋੜਿ ਕਰਤਾਰ ਪੁਰੁ ਬੈਠਿ ਖਡੂਰੇ ਜੋਤਿ ਜਗਾਈ।... (ਵਾਰਾਂ ਭਾਈ ਗੁਰਦਾਸ ਜੀ 1 / 46)
ਕਰਤਾਰਪੁਰ ਸਾਹਿਬ ਦੇ ਦੈਵੀ-ਰੂਹਾਨੀ ਕਰਤਾਰੀ ਰੰਗਾਂ-ਦਿ੍ਰਸ਼ਾਂ ਦਾ ਇਹ ਇਕ ਸੰਖੇਪ ਪੱਖ ਹੈ। ਸਮੁੱਚੇ ਰੂਪ ’ਚ ਕਰਤਾਰਪੁਰ ਦੇ ਕਰਤਾਰੀ ਵਰਤਾਰੇ ਨੂੰ ਸੰਸਾਰਿਕ ਜੁਬਾਨ-ਕਲਮ ਬਿਆਨ ਨਹੀਂ ਕਰ ਸਕਦੀ ਪਰ ਕਰਤਾਰਪੁਰ ਸਾਹਿਬ ਦੀਆਂ ਰੂਹਾਨੀ ਅਧਿਆਤਮਕ ਤਰੰਗਾਂ ਨੂੰ ਅੱਜ ਵੀ ਮਾਣਿਆ-ਮਹਿਸੂਸ ਕੀਤਾ ਜਾ ਸਕਦਾ ਹੈ, ਜੇ ਕਰਤਾ ਪੁਰਖ ਬਖਸ਼ਿਸ਼ ਕਰਕੇ ਉਸ ਧਰਤ ਸੁਹਾਵੀ ਦੇ ਦਰਸ਼ਨ ਇਸ਼ਨਾਨ ਦਾ ਸੁਭਾਗ ਬਖਸ਼ਿਸ਼ ਕਰ ਦੇਣ ਤਾਂ।
ਇਤਿਹਾਸਕ-ਸੰਸਾਰਿਕ ਪੱਖ ਤੋਂ ਸੰਖੇਪ ’ਚ ਅਸੀਂ ਕਰਤਾਰਪੁਰ ਸਾਹਿਬ ਬਾਰੇ ਇਹ ਹੀ ਕਹਿ ਸਕਦੇ ਹਾਂ ਕਿ ਕਰਤਾਰਪੁਰ ਸਾਹਿਬ ਜਗਤ-ਗੁਰੂ, ਗੁਰੂ ਨਾਨਕ ਦੇਵ ਜੀ ਨੇ ਰਾਵੀ ਦਰਿਆ ਦੇ ਕਿਨਾਰੇ ਕੁਦਰਤੀ ਵਾਤਾਵਰਣ ’ਚ ਸੰਮਤ 1561 (1504 ਈ.) ਵਸਾਇਆ। ਸੰਸਾਰ ਦੇ ਉਧਾਰ ਕਰਤਾ, ਸ੍ਰੀ ਗੁਰੂ ਨਾਨਕ ਦੇਵ ਜੀ ਸੰਸਾਰਿਕ ਯਾਤਰਾਵਾਂ-ਉਦਾਸੀਆਂ ਉਪਰੰਤ ਸੰਮਤ 1579 (1521-22 ਈ.) ’ਚ ਆਪਣੇ ਵਸਾਏ ਪਵਿੱਤਰ ਨਗਰ ਕਰਤਾਰਪੁਰ ’ਚ ਸੰਸਾਰਿਕ ਯਾਤਰਾ ਦੌਰਾਨ ਅੰਤਿਮ ਪੜਾਅ ’ਚ ਪੱਕੇ ਤੌਰ ’ਤੇ ਨਿਵਾਸ ਕੀਤਾ। ਕਰਤਾਰਪੁਰ ਨਗਰ ਵਸਾਉਣ ’ਚ ਗੁਰੂ-ਘਰ ਦੇ ਪ੍ਰੀਤਵਾਨ ਭਾਈ ਦੋਦਾ ਅਤੇ ਦੁਨੀ ਚੰਦ (ਕਰੋੜੀ ਮਲ) ਨੇ ਬਹੁਤ ਸਹਿਯੋਗ ਦਿੱਤਾ। ਸੰਮਤ 1589 (1532 ਈ.) ’ਚ ਭਾਈ ਲਹਿਣਾ ਜੀ ਦਾ ਮਿਲਾਪ ਹੋਇਆ ਜੋ ਅੰਤਮ ਹੋ ਨਿਬੜਿਆ। ਸੰਮਤ 1596 (1539 ਈ.) ’ਚ ਗੁਰੂ ਜੀ, ਕਰਤਾਰਪੁਰ ਦੀ ਧਰਤੀ ਤੇ ਕਰਤੇ ਦੀ ਕਿਰਤ-ਕੀਰਤੀ ਕਰਦੇ ਹੋਏ ਕਰਤਾਰ ਵਿਚ ਅਭੇਦ ਹੋ ਗਏ।
ਕਰਤਾਰਪੁਰ ਸਾਹਿਬ ਰਾਵੀ ਦਰਿਆ ਦੇ ਕਿਨਾਰੇ ਵਸਾਇਆ ਗਿਆ ਸੀ। ਗੁਰੂ ਜੀ ਸੰਸਾਰ ’ਤੇ ਜਾਹਰ ਪੀਰ ਜਗਤੁ ਗੁਰੁ ਬਾਬਾ ਦੇ ਰੂਪ ’ਚ ਵਿਚਰੇ, ਗੁਰੂ ਨਾਨਕ ਦੇਵ ਜੀ ਨੂੰ ਸਭ ਲੋਕਾਈ ਨੇ ਸਵੀਕਾਰਿਆ-ਸਤਿਕਾਰਿਆ। ਇਸ ਦੀ ਅਲੌਕਿਕ-ਅਨੋਖੀ ਇਕਲੌਤੀ ਮਿਸਾਲ ਦੁਨੀਆਂ ਦੇ ਇਤਿਹਾਸ ਵਿਚ ਕਰਤਾਰਪੁਰ ’ਚ ਵਾਪਰਦੀ ਹੈ। ਸਤਿਗੁਰੂ ਜੀ ਕਰਤਾਰਪੁਰ ’ਚ ਜੋਤੀ-ਜੋਤਿ ਸਮਾਅ ਜਾਂਦੇ ਹਨ। ਉਨਾਂ ਦੇ ਸਰੀਰ ਨੂੰ ਸੰਭਾਲਣ ਵਾਸਤੇ ਉਸ ਸਮੇਂ ਦੀਆਂ ਦੋਨੋਂ ਵੱਡੀਆਂ ਕੌਮਾਂ-ਮੁਸਲਮਾਨਾਂ ਤੇ ਹਿੰਦੂਆਂ ’ਚ ਝਗੜਾ ਹੁੰਦਾ ਹੈ ਕਿ ਅੰਤਿਮ ਸੰਸਕਾਰ-ਰਸਮਾਂ ਮੁਸਲਮ ਰੀਤੀ ਨਾਲ ਹੋਣ ਜਾਂ ਹਿੰਦੂ ਰੀਤੀ ਅਨੁਸਾਰ। ਇਕ ਧਿਰ ਗੁਰੂ ਜੀ ਦੇ ਸਰੀਰ ਨੂੰ ਦਫਨਾਉਣ ਤੇ ਦੂਸਰੀ ਧਿਰ ਅਗਨ ਭੇਂਟ ਕਰਨੀ ਲੋਚਦੀ ਸੀ। ਸਾਡੀ ਬਲਵਾਨ ਪਰੰਪਰਾ ਤੇ ਰਵਾਇਤ ਇਸ ਗੱਲ ਦੀ ਸ਼ਾਹਦੀ ਭਰਦੀ ਹੈ ਕਿ ਜਦ ਗੁਰੂ ਜੀ ਦੇ ਸਰੀਰ ਤੋਂ ਚਾਦਰ ਚੱੁਕੀ ਗਈ ਤਾਂ ਹੇਠਾਂ ਕੁਝ ਨਹੀਂ ਸੀ। ਫਿਰ ਚਾਦਰ ਦੀ ਵੰਡ ਹੋਈ, ਇਕ ਧਿਰ ਨੇ ਆਪਣੀਆਂ ਰਸਮਾਂ ਅਨੁਸਾਰ ਉਸ ਨੂੰ ਦਫਨਾ ਦਿੱਤਾ ਤੇ ਦੂਸਰੀ ਧਿਰ ਨੇ ਜਲਾ ਦਿੱਤਾ। ਇਕ ਧਿਰ ਨੇ ਕਬਰ ਬਣਾ ਲਈ ਦੂਸਰੀ ਨੇ ਸਮਾਧ ਪਰ ਦੇਖੋ ਕਰਤਾਰਪੁਰ ਦੇ ਕਰਤੇ ਦੇ ਰੰਗ ਉਸ ਨੇ ਦੋਨਾਂ ਨੂੰ ਰਾਵੀ ਦਰਿਆ ਦੀਆਂ ਛੱਲਾਂ ਦੇ ਭੇਂਟ ਕਰ ਇਕਮਿਕ ਕਰ ਦਿੱਤਾ। ਸ੍ਰੀ ਗੁਰੂ ਅਰਜਨ ਦੇਵ ਜੀ ਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਪਾਵਨ-ਚਰਨ ਛੋਹ ਇਸ ਧਰਤੀ ਨੂੰ ਪ੍ਰਾਪਤ ਹੋਈ। ਕਿਹਾ ਜਾਂਦਾ ਹੈ ਕਿ ਕਰਤਾਰਪੁਰ ਸਾਹਿਬ ਕਰਤਾਰੀ ਰੂਹਾਨੀ ਵਾਤਾਵਰਣ ਨੂੰ ਮਾਣਦਿਆਂ ਹੋਇਆਂ ਪੰਚਮ ਨਾਨਕ, ਗੁਰੂ ਅਰਜਨ ਦੇਵ ਜੀ ਦੇ ਬਿਲਾਵਲ ਰਾਗ ’ਚ ਪਾਵਨ ਬਚਨ ਹਨ:
ਕਰਤਾਰ ਪੁਰਿ ਕਰਤਾ ਵਸੈ ਸੰਤਨ ਕੈ ਪਾਸਿ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 816)
1557 ਈ. ’ਚ ਰਾਵੀ ਦਰਿਆ ’ਚ ਹੜ ਆਇਆ ਨਗਰ ਕਰਤਾਰਪੁਰ ਨੂੰ ਰੋੜ ਕੇ ਲੈ ਗਿਆ। ਪਰ ਧਰਮਸ਼ਾਲ (ਗੁਰਦੁਆਰਾ ਦਰਬਾਰ ਸਾਹਿਬ) ਸਲਾਮਤ ਰਹੀ। 1919 ਈ. ਰਾਵੀ ਦਰਿਆ ਨੇ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਦੀ ਪਵਿੱਤਰ ਇਤਿਹਾਸਕ ਇਮਾਰਤ ਨੂੰ ਖਤਰੇ ਵਿਚ ਪਾ ਦਿੱਤਾ ਪਰ ਗੁਰੂ ਕਿਰਪਾ ਸਦਕਾ ਇਤਿਹਾਸਕ ਇਮਾਰਤ, ਸੁਰੱਖਿਅਤ ਰਹੀ, ਭਾਵੇਂ ਕਿ ਹੜ ਦੀ ਮਾਰ ਨੇ ਲੰਗਰ ਦੀ ਇਮਾਰਤ ਤੋਂ 15 ਫੁੱਟ ਦੀ ਦੂਰੀ ਤੀਕ ਬਹੁਤ ਭਾਰੀ ਨੁਕਸਾਨ ਪਹੁੰਚਾਇਆ।
ਸਿੱਖ ਸੰਗਤਾਂ ਤੇ ਮਹਾਰਾਜਾ ਸਰ ਭੁਪਿੰਦਰ ਸਿੰਘ ਪਟਿਆਲਾ ਨੇ 1 ਲੱਖ 35 ਹਜ਼ਾਰ 6 ਸੌ ਰੁਪਏ ਦੇ ਭਰਵਂੇ ਸਹਿਯੋਗ ਸਦਕਾ ਰਾਵੀ ਦਰਿਆ ਸ੍ਰੀ ਦਰਬਾਰ ਸਾਹਿਬ, ਕਰਤਾਰਪੁਰ ਸਾਹਿਬ ਵੱਲ ਮੌਜੂਦਾ ਬੰਨ ਬੰਨਿਆ ਗਿਆ, ਜਿਸ ਸਦਕਾ ਦਰਿਆ ਦਾ ਖਤਰਾ ਹਮੇਸ਼ਾ ਲਈ ਟਲ ਗਿਆ।
ਕਰਤਾਰਪੁਰ ਸਾਹਿਬ ਦੇ ਕਰਤਾ ਦੀ ਉਮਤ ਸਿੱਖਾਂ-ਸੇਵਕਾਂ-ਨਾਨਕ ਨਾਮ ਲੇਵਾ ਸੰਗਤਾਂ ਨੇ ਮੌਜੂਦਾ ਸ੍ਰੀ ਦਰਬਾਰ ਸਾਹਿਬ, ਕਰਤਾਰਪੁਰ ਸਾਹਿਬ ਦੀ ਇਮਾਰਤ ਨੂੰ ਤਿਆਰ ਕਰਵਾਇਆ। ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੀ ਸਿੱਕ-ਲੋਚਾ ਮਨੋਕਾਮਨਾ ਸਮੂਹ ਗੁਰੂ ਨਾਨਕ ਨਾਮ ਲੇਵਾ, ਸਿੱਖ ਸੰਗਤਾਂ ’ਚ ਬਹੁਤ ਚਿਰੌਕਣੀ-ਦੈਹਹੀਨਾ ਤੇ ਪ੍ਰਬਲ ਹੈ। ਕਰਤਾਰਪੁਰ ਸਾਹਿਬ ਦੇ ਕਰਤਾ ਦੀ ਰਹਿਮਤ ਹੋਈ ਹੈ, ਅਰਜੋਈ ਸੁਣੀ ਗਈ ਹੈ। ਕਰਤਾਰਪੁਰ ਸਾਹਿਬ ਦੀ ਧਰਤੀ ’ਤੇ ਹੀ ਵਿਲੱਖਣ, ਅਦਭੁੱਤ, ਅਲੌਕਿਕ, ਰੂਹਾਨੀ-ਵਿਸਮਾਦੀ ਵਰਤਾਰਾ ਵਾਪਰਿਆ ਤੇ ਵਾਪਰ ਰਿਹਾ ਹੈ, ਜਿਸ ਨੂੰ ਸ਼ਬਦਾਂ ਦੀ ਸੀਮਤ ਸ਼ਬਦਾਵਲੀ ’ਚ ਦਰਸਾ ਸਕਣਾ ਅਸੰਭਵ ਹੈ। ਇਹ ਅਦਭੁੱਤ ਅਜੂਬੇ ਵਜੋਂ ਉਭਰਿਆ ਹੈ ਸ੍ਰੀ ਦਰਬਾਰ ਸਾਹਿਬ ਵਿਸ਼ਵ ਦੇ ਮੌਜੂਦਾ ਨਕਸ਼ੇ ਤੇ ਲੋਕਾਈ ਦੇ ਦਿਲਾਂ ’ਤੇ।
ਦੋਨਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਕਰਤਾਰਪੁਰ ਸਾਹਿਬ ਦੀ ਅਹਿਮੀਅਤ ਦਾ ਅਹਿਸਾਸ ਹੋਇਆ। ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਵਾਸਤੇ ਦੋਨਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਕਰੋੜਾਂ ਰੁਪਏ ਖਰਚ ਕਰਕੇ ਸਿੱਖ ਸੰਗਤਾਂ ਦੀ ਤਾਂਘ ਨੂੰ ਪੂਰਿਆਂ ਕਰਨ ਦਾ ਇਤਿਹਾਸਕ ਕਾਰਜ ਕੀਤਾ। ਕਰਤਾਰੀ ਜੋਤਿ, ਗੁਰੂ ਨਾਨਕ ਦੇਵ ਜੀ ਦੀ ਕਰਤਾਰੀ ਕਿਰਤ, ਰੱਬੀ ਰੰਗ ’ਚ ਰੰਗੀ ਧਰਤੀ ਕਰਤਾਪੁਰ ਸਾਹਿਬ ਨੂੰ ਲਾਂਘਾ ਖੁੱਲਣ ਦੇ ਪਵਿੱਤਰ ਇਤਿਹਾਸਕ ਦਿਹਾੜੇ ’ਤੇ ਭਾਰਤ-ਪਾਕਿਸਤਾਨ ਦੋਨਾਂ ਹੀ ਸਰਕਾਰਾਂ ਦਾ ਰੋਮ-ਰੋਮ ਤੋਂ ਧੰਨਵਾਦ, ਦਰਸ਼ਨ-ਅਭਿਲਾਖੀਆਂ ਨੂੰ ਮੁਬਾਰਕਾਂ, ਮੇਰੇ ਸਾਹਿਬ ਨਿਰੰਕਾਰੀ ਜੋਤਿ, ਸ੍ਰੀ ਗੁਰੂ ਨਾਨਕ ਦੇਵ ਜੀ ਮਿਹਰਬਾਨ ਬਣੇ ਰਹਿਣ ।
-
ਡਾ. ਰੂਪ ਸਿੰਘ, ਮੁੱਖ ਸਕੱਤਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ।
sgpcmedia2@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.