ਨਵੀਂ -ਨਵੀਂ ਕਾਰ ਚਲਾਉਣੀ ਸਿੱਖਣ ਤੇ ਟ੍ਰੈਫ਼ਿਕ ਨਿਯਮਾਂ ਅਨੁਸਾਰ ਪੂਰੀ ਤਰਾਂ ਢਲਣਾ ਮੈਨੂੰ ਕੁੱਝ ਔਖਾ ਲੱਗ ਰਿਹਾ ਸੀ। ਕੁੱਝ ਨੋਇਡਾ ਦਾ ਅਸਰ, ਸੈਕਟਰ 137 ਅਜੇ ਬਾਹਰ ਵਾਰ ਹੋਣ ਕਰਕੇ ਚੌਰਾਹਿਆਂ ਉੱਪਰ ਲਾਈਟਾਂ ਅਜੇ ਘੱਟ ਹੀ ਲੱਗੀਆਂ ਸਨ, ਜੇਕਰ ਕਿਤੇ ਸਨ ਤਾਂ ਟ੍ਰੈਫ਼ਿਕ ਪੁਲਿਸ ਮੌਜੂਦ ਨਹੀਂ ਹੁੰਦੀ ਸੀ ਤੇ ਲੋਕ ਆਪਣੀ ਮਰਜ਼ੀ ਨਾਲ ਆਪਣੇ ਦਿਮਾਗ ਅਤੇ ਮੂਡ ਮੁਤਾਬਕ ਲਾਈਟ ਸਿਗਨਲ ਉੱਪਰ ਰੁਕਦੇ ਜਾਂ ਨਹੀਂ ,ਜਾਂ ਫਿਰ ਬਿਨਾ ਫਾਟਕ ਲੱਗੇ ਰੇਲਵੇ ਟ੍ਰੈਕ ਵਾਂਗ, ਖੱਬੇ - ਸੱਜੇ ਵੇਖ ਕੇ ਲੰਘਣ ਦਾ ਸੁਭਾਅ ਰੱਖਦੇ ਸਨ ਤੇ ਸਾਈਡ ਲੇਨ ਉੱਪਰ ਕੋਈ ਸਿਗਨਲ ਦੀ ਪਾਲਣਾ ਕਰੇ ਇਹ ਤਾਂ ਦੂਰ ਦੀ ਗੱਲ ਸੀ।ਹਸਬੈਂਡ ਦੀ ਬਦਲੀ ਚੰਡੀਗੜ੍ਹ ਹੋਣ ਉਪਰੰਤ ਅਸੀਂ ਆਪਣੇ ਮੁਹਾਲੀ ਵਿਚਲੇ ਘਰ ਵਿੱਚ ਰਹਿਣ ਲੱਗ ਗਏ। ਬੱਚੇ ਨੂੰ ਸਕੂਲ ਛੱਡਣ ਅਤੇ ਲਿਆਉਣ ਦੀ ਡਿਊਟੀ ਮੇਰੇ ਜਿੰਮੇ ਸੀ। ਦੋ ਸਾਲ ਪਹਿਲਾਂ ਲਗਾਏ ਅਮਰੀਕਾ ਦੇ ਟੂਰ ਦੇ ਆਫਟਰ ਇਫੈਕਟ(ਬਾਅਦ ਦੇ ਅਸਰ) ਕਾਰਨ ਅਸੀਂ ਬੱਚੇ ਲਈ ਸਪੈਸ਼ਲ ਬੇਬੀ ਕਾਰ ਸੀਟ ਫਿੱਟ ਕਰ ਰੱਖੀ ਸੀ ਕਿਉਂਕਿ ਉੱਥੇ ਲੋਕ ਇਸ ਤੋਂ ਬਿਨਾ ਬੱਚੇ ਨੂੰ ਕਾਰ ਵਿੱਚ ਕਦੇ ਵੀ ਨਹੀਂ ਬਿਠਾਉਂਦੇ , ਉੱਥੇ ਜੁਰਮਾਨਾ ਬਹੁਤ ਜ਼ਿਆਦਾ ਹੈ , ਸ਼ਾਇਦ ਇਸ ਲਈ ਵੀ ਉਹ ਅਜਿਹਾ ਨਹੀਂ ਕਰਦੇ। ਬੇਬੀ ਕਾਰ ਚੇਅਰ ਵਿੱਚ ਡਰਾਇਵਰ ਤੋਂ ਉਲਟੀ ਸਾਇਡ ਪਿਛਲੀ ਸੀਟ ਉੱਪਰ ਬੈਲਟ ਲਗਾ ਕੇ ਬੈਠਣ ਦੀ ਆਦਤ ਵੀ ਅਸੀਂ ਬੱਚੇ ਨੂੰ ਅਮਰੀਕਾ ਤੋਂ ਆਉਣ ਉਪਰੰਤ ਭੁੱਲਣ ਨਹੀਂ ਦਿੱਤੀ ਸੀ।
ਬੱਚੇ ਦਾ ਦਾਖਲਾ ਚੰਡੀਗੜ੍ਹ ਵਿਚਲੇ ਇੱਕ ਸਕੂਲ ਵਿੱਚ ਹੋਣ ਕਰਕੇ ਮੈਂ ਰੋਜ਼ ਸਵੇਰੇ ਬੱਚੇ ਨੂੰ ਸਕੂਲ ਛੱਡਣ ਜਾਂਦੀ । ਮੁਹਾਲੀ ਵਿਚਲੇ ਚੌਂਕਾਂ ਦੀਆਂ ਲਾਈਟਾਂ ਨੂੰ ਸਰਸਰੀ ਲੈਣਾ ਅਤੇ ਚੰਡੀਗੜ੍ਹ ਵਿੱਚ ਟ੍ਰੈਫ਼ਿਕ ਸਿਗਨਲਾਂ ਦੀ ਪੂਰੀ ਤਰਾਂ ਪਾਲਣਾ ਕਰਨਾ ਮੈਂ ਸਹਿਜੇ ਹੀ ਆਪਣੀ ਆਦਤ ਬਣਾ ਲਿਆ ਸੀ। ਪਰ ਮੇਰੇ ਸਹੁਰੇ ਘਰ ਦਿਆਂ ਨੇ ਮੈਨੂੰ ਇੱਕ ਸਟੇਡੀਅਮ ਕੋਲ ਦੀਆਂ ਲਾਈਟਾਂ ਨੂੰ ਸਟਰਿਕਟਲੀ( ਸਖ਼ਤੀ ਨਾਲ) ਪਾਲਣਾ ਕਰਨ ਲਈ ਕਿਹਾ ਸੀ, ਕਿਉਂਕਿ ਉੱਥੇ ਅਕਸਰ ਲੁੱਕ ਕੇ ਟ੍ਰੈਫ਼ਿਕ ਪੁਲਿਸ ਵਾਲੇ( ਮਾਮੇ) ਖੜ੍ਹੇ ਹੁੰਦੇ ਸਨ।ਪਰ ਪਤੀ ਨੇ ਕਿਹਾ ਕਿ ਤੂੰ ਤਾਂ ਸਲਿੱਪ ਰੋਡ ਵਾਂਗ ਲੈਫਟ ਕੱਟ ( ਖੱਬਾ ਮੋੜ) ਲੈਣਾ ਹੁੰਦਾ ਹੈ ਤਾਂ ਤੂੰ ਰੈੱਡ ਲਾਈਟ ਸਿਗਨਲ ਹੁੰਦੇ ਹੋਏ ਵੀ ਲੰਘ ਸਕਦੀ ਐਂ, ਹਾਲਾਂਕਿ ਉੱਥੇ ਕੋਈ ਸਲਿੱਪ ਰੋਡ ਨਹੀਂ ਸੀ।ਇਹ ਖੱਬੇ ਮੋੜ ਵਾਲੀ ਹਾਲਤ ਸਕੂਲੋਂ ਮੁੜਨ ਸਮੇਂ ਹੁੰਦੀ ਸੀ, ਸਵੇਰੇ ਸਕੂਲ ਜਾਂਦੇ ਸਮੇਂ ਇਹੀ ਮੋੜ ਰਾਇਟ ਕੱਟ( ਸੱਜਾ ਮੋੜ ) ਬਣ ਜਾਂਦਾ ਸੀ ਪਰ ਸਵੇਰ ਸਮੇਂ ਭੀੜ ਘੱਟ ਹੋਣ ਕਾਰਨ ਰੈੱਡ ਲਾਇਟ ਨੂੰ ਅਣਦੇਖਿਆਂ ਕਰਕੇ ਨਿਧੜਕ ਹੋ ਕੇ ਲੰਘਣਾ ,ਮੈਂ ਆਪਣਾ ਨਿਯਮ ਬਣਾ ਰੱਖਿਆ ਸੀ। ਜਦੋਂ ਕਿ ਉਸ ਸਮੇਂ ਸਵੇਰੇ ਵੀ ਜੇ ਦੂਸਰੀ ਦਿਸ਼ਾ ਤੋਂ ਕੋਈ ਮੇਰੇ ਵਰਗਾ ਲੈਫਟ ਮੋੜ ਦੀ ਲਾਇਟ ਨੂੰ ਅਣਗੌਲਿਆਂ ਕਰਕੇ ਲੰਘਣਾ ਆਪਣਾ ਹੱਕ ਸਮਝ ਕੇ ਲੰਘ ਰਿਹਾ ਹੋਵੇ ਤਾਂ ਮੇਰੀ ਕਾਰ ਦੀ ਜ਼ੋਰਦਾਰ ਟੱਕਰ ਹੋ ਸਕਦੀ ਸੀ।
ਇੱਕ ਦਿਨ ਦੁਪਹਿਰ ਸਮੇਂ ਜਦੋਂ ਮੈਂ ਸਹਿਜੇ ਹੀ ਗੱਡੀ ਮੋੜ ਰਹੀ ਤਾਂ ਟ੍ਰੈਫ਼ਿਕ ਪੁਲਿਸ ਵਾਲਾ ਭੂਤ ਵਾਂਗ ਮੇਰੀ ਗੱਡੀ ਦੇ ਅੱਗੇ ਹੱਥ ਦਿੰਦਾ ਹੋਇਆ ਆ ਖਲੋਇਆ । ਮੈਂ ਗੱਡੀ ਪਾਸੇ ਕਰਕੇ ਰੋਕ ਲਈ, ਪਿੱਛੋਂ ਬੱਚਾ ਪੁੱਛਣ ਲੱਗਿਆ,” ਮੰਮਾ ਗਾੜੀ ਕਿਉਂ ਰੋਕ ਲੀ ਪੁਲਿਸ ਅੰਕਲ ਨੇ?” ਟ੍ਰੈਫ਼ਿਕ ਪੁਲਿਸ ਵਾਲੇ ਨੇ ਗੱਡੀ ਦਾ ਸ਼ੀਸ਼ਾ ਹੇਠਾਂ ਕਰਨ ਲਈ ਕਿਹਾ, ਮੈਂ ਗੱਡੀ ਅੰਦਰ ਚੱਲਦਾ ਰੇਡੀਓ ਬੰਦ ਕਰਕੇ ਸ਼ੀਸ਼ਾ ਹੇਠਾਂ ਕੀਤਾ ਤਾਂ ਉਸਨੇ ਕਿਹਾ,” ਮੈਡਮ ਗੱਡੀ ਦੇ ਕਾਗ਼ਜ਼ ਦਿਖਾਓ”,ਉਸਨੇ ਪੁੱਛਿਆ,” ਮੈਡਮ ਤੁਸੀਂ ਰੈੱਡ ਲਾਇਟ ਕਿਉਂ ਲੰਘੇ?” ਬੱਚਾ ਪਿੱਛੋਂ ਪੁੱਛਣ ਲੱਗਿਆ,” ਮੰਮਾ ਕਿਯਾ ਹਮਨੇ ਰੈੱਡ ਲਾਈਟ ਪੇ ਸਟਾਪ ਨਹੀਂ ਕੀਆ, ਪਰ ਆਪ ਤੋ ਕਹਤੇ ਹੋਤੇ ਹੋ ਕਿ ਰੈੱਡ ਲਾਇਟ ਪੇ ਸਟਾਪ ਕਰਨਾ ਹੋਤਾ ਹੈ, ਫਿਰ ਆਪ ਨੇ ਸਟਾਪ ਕਿਉਂ ਨਹੀਂ ਕੀਆ”। ਮੈਂ ਬੱਚੇ ਨੂੰ ਚੁੱਪ ਕਰਨ ਲਈ ਕਿਹਾ ਅਤੇ ਪੁਲਿਸ ਵਾਲੇ ਨੂੰ ਕਹਿਣ ਲੱਗੀ ਕਿ ਮੈਂ ਤਾਂ ਖੱਬਾ ਮੋੜ ਲਿਆ ਹੈ ਇਸ ਲਈ ਤਾਂ ਰੈੱਡ ਲਾਇਟ ਦਾ ਨਿਯਮ ਨਹੀਂ ਲਗਦਾ।ਉਸਨੇ ਕਿਹਾ ਮੈਡਮ ਜੀ ਤੁਸੀਂ ਕਾਰ ਤੋਂ ਹੇਠਾਂ ਉੱਤਰੋ ,ਮੈਂ ਤੁਹਾਨੂੰ ਸਮਝਾਉਂਦਾ ਹਾਂ। ਮੈਂ ਸਭ ਕੁੱਝ ਪਤਾ ਹੋਣ ਦੇ ਬਾਵਜੂਦ ਵੀ ਅਣਜਾਣ ਹੋਣ ਦਾ ਨਾਟਕ ਕਰ ਰਹੀ ਸੀ।ਬੱਚਾ ਗੱਡੀ ਵਿੱਚ ਬੈਠਾ ਕਹਿ ਰਿਹਾ ਸੀ ,”ਮੰਮਾ ਆਪ ਗਾੜੀ ਸੇ ਨੀਚੇ ਕਿਉਂ ਉਤਰ ਰਹੇ ਹੋ? ਕਯਾ ਹਮੇ ਅਬ ਪੁਲਿਸ ਵਾਲੇ ਅੰਕਲ ਜੇਲ੍ਹ ਮੇਂ ਡਾਲ ਦੇਂਗੇ?”
ਗੱਡੀ ਦੇ ਕਾਗ਼ਜ਼ ਚੈੱਕ ਕਰਨ ਉਪਰੰਤ ਗੱਡੀ ਦਾ ਇਨਸ਼ੋਰੈਂਸ ਅਤੇ ਪ੍ਰਦੂਸ਼ਣ ਸਰਟਿਫੀਕੇਟ ਵੀ ਨਹੀਂ ਮਿਲੇ। ਪੁਲਿਸ ਵਾਲੇ ਦੇ ਪੁੱਛਣ ਤੇ ਮੈਂ ਕਿਹਾ,” ਮੈਨੂੰ ਪਤਾ ਨਹੀਂ ਕਾਗ਼ਜ਼ਾਂ ਬਾਰੇ, ਮੇਰੇ ਪਤੀ ਹੀ ਕਾਗ਼ਜ਼ ਦੇਖਦੇ ਹਨ।” ਉਸਨੇ ਕਿਹਾ,” ਗੱਡੀ ਤਾਂ ਮੈਡਮ ਤੁਹਾਡੇ ਨਾਂ ਤੇ ਹੈ ਤੇ ਚਲਾਉਂਦੇ ਵੀ ਤੁਸੀਂ ਹੋ,ਫਿਰ ਕਾਗ਼ਜ਼ ਪਤੀ ਕਿਉਂ ...? ਤੁਸੀਂ ਕਿਉਂ ਨਹੀਂ ? ਚਲੋ ਖ਼ੈਰ ,ਇਸ ਹਿਸਾਬ ਨਾਲ ਤੁਹਾਡਾ ਚਲਾਨ 1500 ਰੁਪਈਆ ਬਣਦਾ ਹੈ।ਮੈਂ ਕਿਹਾ, ਤੁਸੀਂ ਕੁੱਝ ਵੈਸੇ ਗੱਲ-ਬਾਤ ਰਾਂਹੀ ਸੈਟਲ ਕਰ ਲਓ। ਪੁਲਿਸ ਵਾਲਾ ਇੱਕ ਦੂਸਰੇ ਰੋਕੇ ਹੋਏ ਆਟੋ ਕੋਲ ਜਾ ਕੇ ਖਲੋ ਗਿਆ ਅਤੇ ਮੈਨੂੰ ਉੱਥੇ ਆਉਣ ਦਾ ਇਸ਼ਾਰਾ ਕੀਤਾ, ਸੈਟਲਮੈਂਟ ਲਈ ਕੁੱਝ ਪਰ੍ਹਾਂ ਜਾ ਕੇ ਕੋਨੇ ਤੇ ਗੱਲ ਕਰਨ ਵਾਲਾ ਸਟਾਈਲ ਮੈਨੂੰ ਪਤਾ ਨਹੀਂ ਸੀ। ਮੈਂ ਉਸਨੂੰ ਕਿਹਾ , ਮੇਰਾ ਬੱਚਾ ਗੱਡੀ ਵਿੱਚ ਇਕੱਲਾ ਬੈਠਾ ਹੈ, ਘਬਰਾਇਆ ਹੋਇਆ ਹੈ , ਮੈਂ ਨਹੀਂ ਆ ਸਕਦੀ, ਤੁਸੀਂ ਇੱਥੇ ਹੀ ਆ ਜਾਓ। ਚੌਕ ਉੱਪਰ ਪੈਸੇ ਲੈਣ ਤੋਂ ਔਖਿਆਈ ਕਰਕੇ ਉਹ ਮੈਨੂੰ ਉੱਥੇ ਹੀ ਬੁਲਾਉਂਦਾ ਰਿਹਾ। ਪੰਜ ਛੇ ਮਿੰਟ ਬਾਅਦ ਉਸਨੇ ਮੇਰੇ ਕੋਲ ਆ ਕੇ ਪੁੱਛਿਆ,” ਮੈਡਮ, ਤੁਸੀਂ ਉੱਧਰ ਕਿਉਂ ਨਹੀਂ ਆਏ ? “
ਮੈਂ ਕਿਹਾ,” ਤੁਸੀਂ ਮੇਰਾ ਜਿੰਨਾ ਚਲਾਨ ਬਣਦਾ ਹੈ , ਕੱਟ ਦਿਓ?” ਉਂਝ ਵੀ ਮੇਰੇ ਪਰਸ ਵਿੱਚ ਉਸ ਦਿਨ ਏ.ਟੀ.ਐਮ. ਕਾਰਡ ਤਾਂ ਸਨ ਪਰ ਨਕਦ ਪੰਜ ਸੌ ਦਾ ਨੋਟ ਉਸ ਦਿਨ ਨਹੀਂ ਸੀ ਤੇ ਏ.ਟੀ.ਐਮ. ਕਾਰਡ ਤੋਂ ਰਿਸ਼ਵਤ ਉਹ ਲੈਂਦੇ ਨਹੀਂ ।ਅੱਕ ਕੇ ਉਸਨੇ ਮੇਰਾ ਰੈੱਡ ਲਾਈਟ ਉਲ਼ੰਘਣਾ ਦਾ ਚਲਾਨ ਕੱਟ ਦਿੱਤਾ ਅਤੇ ਮੈਨੂੰ ਕਿਹਾ ਕਿ ਮੈਡਮ ਤੁਹਾਨੂੰ 1500 ਰੁਪਏ ਭਰਨੇ ਪੈਣਗੇ ਕੋਰਟ ਵਿੱਚ ਜਾ ਕੇ।
ਮੈਨੂੰ 1500 ਰੁਪਏ ਕਰਕੇ, ਆਪਣੀ ਗਲਤੀ ਕਰਕੇ ਅਤੇ ਬੱਚੇ ਦੀਆਂ ਗੱਲਾਂ ਸੁਣ ਕੇ ਬਹੁਤ ਪਛਤਾਵਾ ਹੋ ਰਿਹਾ ਸੀ।ਘਰ ਆ ਕੇ ਦੁਪਹਿਰ ਦਾ ਖਾਣਾ ਜਿਵੇਂ -ਕਿਵੇਂ ਅੰਦਰ ਲੰਘਾ ਕੇ ਜਦੋਂ ਮੈਂ ਗੂਗਲ ਕਰਕੇ ਚਲਾਨ ਲਿਸਟ ਵੇਖੀ ਤਾਂ ਉਸ ਉੱਪਰ ਰੈੱਡ ਲਾਈਟ ਜੰਪ ਦੇ ਸਿਰਫ 300 ਰੁਪਏ ਦਿਖਾਈ ਦਿੱਤੇ, ਫਿਰ ਮੈਂ ਚਲਾਨ ਦੀ ਕਾਪੀ ਦੇਖੀ ,ਉਸ ਉੱਤੇ ਸਿਰਫ ਰੈੱਡ ਲਾਈਟ ਜੰਪ ਨੂੰ ਹੀ ਟਿੱਕ ਕੀਤਾ ਹੋਇਆ ਸੀ।ਸ਼ਾਇਦ ਟ੍ਰੈਫ਼ਿਕ ਪੁਲਿਸ ਵਾਲਾ ਮੈਨੂੰ 1500 ਰੁਪਏ ਕਹਿ ਕੇ ਸਿਰਫ ਡਰਾ ਰਿਹਾ ਸੀ ਤਾਂ ਜੋ ਮੈਂ ਉਸਨੂੰ ਪੰਜ ਸੌ ਦਾ ਨੋਟ ਦੇ ਕੇ ਗੱਲ ਨਿਬੇੜ ਦੇਵਾਂ । ਪਰ ਜਦੋਂ ਮੈਨੂੰ ਉਸ ਦਾ ਅੰਦਾਜ਼ ਸਮਝ ਨਹੀਂ ਆਇਆ ਤਾਂ ਸ਼ਾਇਦ ਉਸ ਨੂੰ ਮੇਰੇ ਉੱਪਰ ਤਰਸ ਆ ਗਿਆ ਤੇ ਉਸਨੇ ਸਿਰਫ ਮੇਰਾ ਰੈੱਡ ਲਾਈਟ ਦਾ ਪਰਚਾ ਹੀ ਕੱਟਿਆ।
ਇੱਕ ਦਿਨ ਸ਼ਾਮ ਨੂੰ ਫਿਰ ਉਸੇ ਥਾਂ ਤੋਂ ਗੁਜ਼ਰਦੇ ਹੋਏ ਮੇਰੇ ਸਾਢੇ ਤਿੰਨ ਸਾਲ ਦੇ ਬੇਟੇ ਨੇ ਕਿਹਾ, “ਮੰਮਾ ਯੇ ਵਹੀ ਜਗ੍ਹਾ ਹੈ ਨਾ ਜਹਾਂ ਹਮੇ ਪੁਲਿਸ ਅੰਕਲ ਨੇ ਰੋਕਾ ਥਾ ?” ਉਸਦੇ ਕੁੱਝ ਹੋਰ ਕਹਿਣ ਤੋਂ ਪਹਿਲਾਂ ਹੀ ਮੈਂ ਕਿਹਾ , “ ਹਾਂ ਬੇਟਾ ਯੇ ਵਹੀ ਜਗ੍ਹਾ ਹੈ, ਉਸ ਦਿਨ ਆਪਨੇ ਬੈਲਟ ਨਹੀਂ ਲਗਾਈ ਥੀ ਨਾ ,ਇਸ ਲੀਏ ਪੁਲਿਸ ਅੰਕਲ ਨੇ ਹਮੇ ...” ,ਉਸ ਮਾਸੂਮ ਨੂੰ ਇਹ ਯਾਦ ਨਹੀਂ ਸੀ ਕਿ ਉਸ ਦਿਨ ਉਸਦੇ ਸੀਟ ਬੈਲਟ ਲੱਗੀ ਹੋਈ ਸੀ ।
6 ਨਵੰਬਰ, 2019
-
ਹਰਲਵਲੀਨ ਬਰਾੜ, ਲੇਖਕ
herloveleen@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.