ਗੁਰੂ ਨਾਨਕ ਦੇ ਘਰ ਦਾ ਰਾਹ ਖੁੱਲ੍ਹਾ ਕਹੋ ਕਰਤਾਰਪੁਰ ਲਾਂਘਾ ਨਾ ਕਹੋ। ਮੁਸ਼ੱਕਤ ਦੇ ਦਰ ਵਲ ਜਾਂਦੀ ਪਗਡੰਡੀ। ਬ੍ਰਹਿਮੰਡ ਵੱਲ ਨੂੰ ਉਡਾਣ। ਇਹ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਪ੍ਰਸਤਾਵਿਤ ਸਰਹੱਦੀ ਲਾਂਘਾ ਹੈ।ਸਿੱਖ ਸ਼ਰਧਾਲੂਆਂ ਲਈ ਗੁਰਦੁਆਰਾ ਡੇਰਾ ਬਾਬਾ ਨਾਨਕ ਸਾਹਿਬ ਅਤੇ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਵਿਚਕਾਰ ਮਿਲਾਪ ਹੈ। ਜੋ ਪਾਕਿਸਤਾਨ-ਭਾਰਤ ਸਰਹੱਦ ਤੋਂ ਪਾਕਿਸਤਾਨ ਵਿੱਚ 4.7 ਕਿਲੋਮੀਟਰ ਦੀ ਦੂਰੀ ਤੇ ਹਨ। ਕਰਤਾਰਪੁਰ ਵਿਖੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਆਖ਼ਰੀ ਅਠਾਰਾਂ ਵਰ੍ਹੇ ਕਿਰਤ ਕਰਕੇ ਆਪਣੇ ਦਰਸ਼ਨ ਨੂੰ ਹਕੀਕੀ ਰੂਪ ਦਿੱਤਾ। ਕਰਤਾਰਪੁਰ ਲਾਂਘਾ ਕੇਵਲ ਆਸਥਾ ਦਾ ਮਾਮਲਾ ਨਹੀਂ ਹੈ ਬਲਕਿ ਭਾਰਤ ਅਤੇ ਪਾਕਿਸਤਾਨ ਦੀ ਤਰੱਕੀ ਦਾ ਰਾਹ ਵੀ ਬਣੇਗਾ।ਗੁਰੂ ਨਾਨਕ ਦੇ ਸਾਢੇ ਪੰਜ ਸੌ ਸਾਲਾ ਪ੍ਰਕਾਸ਼ ਦਿਹਾੜੇ ਉੱਤੇ ਲਾਂਘਾ ਖੁੱਲ੍ਹਣ ਨਾਲ ਦੋਵੇਂ ਪਾਸਿਆਂ ਦੇ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਨਾਲ ਧਾਰਮਿਕ ਸਥਾਨਾਂ ਨਾਲ ਜੁੜਿਆ ਟੂਰਿਜ਼ਮ ਵੀ ਵਿਕਸਿਤ ਹੋਵੇਗਾ। ਆਰਥਿਕ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਅਤੇ ਬੇਰੁਜ਼ਗਾਰੀ, ਗ਼ਰੀਬੀ ਤੇ ਖੇਤੀ ਸੰਕਟ ਨਾਲ ਜੂਝ ਰਹੇ ਭਾਰਤ ਲਈ ਵੀ ਭਾਰਤ-ਪਾਕਿ ਸਰਹੱਦਾਂ ਮੋਕਲੀਆਂ ਕਰਨ ਲਈ ਰਾਹ ਫਿਰ ਖੁੱਲ੍ਹਣਗੇ। ਲਾਂਘਾ ਖੋਲ੍ਹਣ ਸਬੰਧੀ ਮਤੇ ’ਤੇ ਅੱਗੇ ਵਧਣ ਦਾ ਫ਼ੈਸਲਾ ਇਸਲਾਮੀ ਸਿਧਾਂਤਾਂ ਮੁਤਾਬਕ ਕੀਤਾ ਗਿਆ ਹੈ, ਜੋ ਸਾਰੇ ਧਰਮਾਂ ਦਾ ਸਨਮਾਨ ਅਤੇ ਪਾਕਿਸਤਾਨ ਦੇ ਅੰਤਰ-ਵਿਸ਼ਵਾਸ ਤੇ ਧਾਰਮਿਕ ਸਹਿਣਸ਼ੀਲਤਾ ਨੂੰ ਹੁਲਾਰਾ ਦੇਣ ਦੀ ਨੀਤੀ ਦੀ ਵਕਾਲਤ ਕਰਦਾ ਹੈ। ਇਸ ਲਾਂਘੇ ਨੂੰ ਪਹਿਲੀ ਵਾਰ 1999 ਵਿੱਚ ਪਾਕਿਸਤਾਨ ਅਤੇ ਭਾਰਤ ਦੇ ਪ੍ਰਧਾਨ ਮੰਤਰੀ, ਨਵਾਜ਼ ਸ਼ਰੀਫ ਅਤੇ ਅਟਲ ਬਿਹਾਰੀ ਵਾਜਪਾਈ ਦੁਆਰਾ ਪ੍ਰਸਤਾਵਿਤ ਕੀਤਾ ਗਿਆ ਸੀ।
ਇਹ ਗੁਰੂ ਨਾਨਕ ਮਾਰਗ 9 ਨਵੰਬਰ 2019 ਨੂੰ ਗੁਰੂ ਨਾਨਕ ਦੇਵ ਜੀ ਦੀ 550 ਵੀਂ ਵਰ੍ਹੇਗੰਢ ਤੋਂ ਪਹਿਲਾਂ ਤਿਆਰ ਹੋ ਜਾਏਗਾ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋਵਾਂ ਮੁਲਕਾਂ ਵੱਲੋਂ ਇਸ ਲਾਂਘੇ ਦੇ ਖੁੱਲ੍ਹਣ ਦੀ ਤੁਲਨਾ ਬਰਲਿਨ ਦੀ ਦੀਵਾਰ ਦੇ ਡਿੱਗਣ ਨਾਲ ਕਰਦੇ ਹੋਏ ਕਿਹਾ ਕਿ ਇਹ ਪ੍ਰੋਜੈਕਟ ਦੋਵਾਂ ਦੇਸ਼ਾਂ ਦਰਮਿਆਨ ਤਣਾਅ ਨੂੰ ਘੱਟ ਕਰਨ ਵਿਚ ਮਦਦ ਕਰ ਸਕਦਾ ਹੈ।
ਕਰਤਾਰਪੁਰ ਲਾਂਘਾ ਜੰਗ ਤੋਂ ਪੈਦਾ ਹੋਣ ਵਾਲੇ ਹਨੇਰੇ ਵਿਰੁੱਧ ਅਮਨ ਦੀ ਲੋਅ ਹੈ।ਇਸ ਲਾਂਘੇ ਬਾਰੇ ਭਾਰਤ ਵਿੱਚ ਬਹੁਤ ਵਿਰੋਧੀ ਰਾਵਾਂ ਦਿੱਤੀਆਂ ਗਈਆਂ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਲਾਂਘੇ ਨਾਲ ਪੰਜਾਬ ਦੇ ਸਿੱਖਾਂ ਦੀ ਪਾਕਿ ਨਾਲ ਹਮਦਰਦੀ ਵਧ ਰਹੀ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ। ਉਹਨਾਂ ਕਿਹਾ ਕਿ ਇਸ ਲਾਂਘੇ ਨਾਲ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਨੂੰ ਪੰਜਾਬ ਵਿੱਚ ਹਾਲਾਤ ਖ਼ਰਾਬ ਕਰਾਉਣ ਲਈ ਨਵੇਂ ਰੰਗਰੂਟ ਮਿਲਣਗੇ।
ਡੇਰਾ ਬਾਬਾ ਨਾਨਕ ਕੋਲ ਕੌਮਾਂਤਰੀ ਸਰਹੱਦ ’ਤੇ ਹੋਈ ਮੀਟਿੰਗ ਅਨੁਸਾਰ ਦੋਵਾਂ ਦੇਸ਼ਾਂ ਦੇ ਲਾਂਘੇ ਲਈ ਬਣਨ ਵਾਲੇ ਗੇਟ ਆਹਮੋ-ਸਾਹਮਣੇ ਹੋਣਗੇ। ਇਹ ਗੇਟ ਕੌਮਾਂਤਰੀ ਸੀਮਾ ’ਤੇ ਬਣੇ ਦਰਸ਼ਨੀ ਸਥਲ ਨੇੜੇ ਹੀ ਬਣਨਗੇ।
ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਖੁੱਲ੍ਹਣ ਮੌਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਪੰਜਾਬ ਦੇ ਸਾਬਕਾ ਕਾਂਗਰਸੀ ਮੰਤਰੀ ਨਵਜੋਤ ਸਿੱਧੂ ਨੂੰ 9 ਨਵੰਬਰ ਨੂੰ ਪ੍ਰੋਗਰਾਮ 'ਚ ਸ਼ਾਮਿਲ ਹੋਣ ਲਈ ਦਿੱਤੇ ਵਿਸੇਸ਼ ਸੱਦੇ ਨੂੰ ਲੈਕੇ ਜਿੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਈ ਟਿੱਪਣੀ ਕਰਨ ਤੋਂ ਨਾਂਹ ਕੀਤੀ ਹੈ ਉਥੇ ਦੂਜੇ ਪਾਸੇ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅਤੇ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਅਤੇ ਵਿਧਾਇਕ ਰਾਜਾ ਅਮਰਿੰਦਰ ਸਿੰਘ ਵੜਿੰਗ ਨੇ ਸਿੱਧੂ ਲਾਂਘੇ ਲਈ ਨਿਭਾਈ ਭੂਮਿਕਾ ਦੀ ਖੁੱਲ੍ਹਕੇ ਸ਼ਾਲਾਘਾ ਕੀਤੀ ਹੈ। ਅੱਜ ਇੱਥੇ ਪੰਜਾਬ ਕਾਂਗਰਸ ਭਵਨ 'ਚ ਹੋਏ ਇੱਕ ਪ੍ਰੋਗਰਾਮ 'ਚ ਪਹੁੰਚੇ ਪੰਜਾਬ ਕਾਂਗਰਸ ਪ੍ਰਧਾਨ ਜਾਖੜ ਨੇ ਸਿੱਧੂ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵੱਲੋਂ ਮਿਲੇ ਸੱਦੇ ਬਾਰੇ ਪੁੱਛੇ ਜਾਣ 'ਤੇ ਕਿਹਾ ਕਿ ਨਵਜੋਤ ਸਿੱਧੂ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਖੁੱਲ੍ਹਵਾਉਣ ਦਾ ਕੰਮ ਸ਼ੁਰੂ ਕਰਵਾਉਣ ਦਾ ਸਿਹਰਾ ਲੈਣ ਦੇ ਪੂਰੇ ਹੱਕਦਾਰ ਹਨ। ਇਸ ਲਈ ਪਾਕਿਸਤਾਨ ਵੱਲੋਂ ਨਵਜੋਤ ਸਿੱਧੂ ਨੂੰ ਲਾਂਘਾ ਖੋਲ੍ਹਣ ਮੌਕੇ ਪ੍ਰੋਗਰਾਮ 'ਚ ਬੁਲਾਉਣਾ ਗਲਤ ਨਹੀਂ ਹੈ। ਜਾਖੜ ਨੇ ਕਿਹਾ ਕਿ ਸਿੱਧੂ ਨੇ ਗੱਲਬਾਤ ਸ਼ੁਰੂ ਕੀਤੀ ਤਾਂ ਲਾਂਘਾ ਬਣਾਉਣ ਦੀ ਗੱਲ ਅੱਗੇ ਤੁਰੀ ਪਰ ਹੁਣ ਅਕਾਲੀ ਦਲ ਦੇ ਆਗੂ ਬਿਨਾਂ ਵਜ੍ਹਾ ਸਿਹਰਾ ਆਪਣੇ ਸਿਰ ਲੈਣ ਲਈ ਕਰਤਾਰਪੁਰ ਦੇ ਲਾਂਘੇ ਦੇ ਮੁੱਦੇ 'ਤੇ ਸਿਆਸਤ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਯਤਨ ਕਰ ਰਹੇ ਹਨ। ਇਸੇ ਦੌਰਾਨ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਰਾਜਾ ਵੜਿੰਗ ਨੇ ਵੀ ਨਵਜੋਤ ਸਿੱਧੂ ਵੱਲੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਵਾਉਣ ਲਈ ਗੱਲਬਾਤ ਕਰਕੇ ਨਿਭਾਈ ਭੂਮਿਕਾ ਨੂੰ ਅਹਿਮ ਦੱਸਦਿਆਂ ਉਨ੍ਹਾਂ ਦੀ ਸਰਾਹਨਾ ਕੀਤੀ। ਰਾਜਾ ਵੜਿੰਗ ਨੇ ਹਰਸਿਮਰਤ ਬਾਦਲ ਵੱਲੋਂ ਦਿੱਤੇ ਉਸ ਬਿਆਨ 'ਤੇ ਵੀ ਇਤਰਾਜ਼ ਪ੍ਰਗਟ ਕੀਤਾ ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਜਾਣ ਵਾਲੇ ਭਾਰਤੀ ਜੱਥੇ ਦੀ ਅਗਵਾਈ ਉਪ ਰਾਸ਼ਟਰਪਤੀ ਵੈਂਕਿਈਆ ਨਾਇਡੂ ਕਰਨਗੇ। ਉਨ੍ਹਾਂ ਨੇ ਕਿਹਾ ਕਿ ਨਾਇਡੂ ਤਾਮਿਲਨਾਡੂ ਤੋਂ ਹਨ ਅਤੇ ਗੈਰ ਸਿੱਖ ਹਨ ਅਤੇ ਉਹ ਕਰਤਾਰਪੁਰ ਸਾਹਿਬ ਜਾਣ ਵਾਲੇ ਜੱਥੇ ਦੀ ਅਗਵਾਈ ਨਹੀਂ ਕਰ ਸਕਦੇ। ਜੱਥੇ ਵਿਚ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਸ਼ਾਮਿਲ ਹਨ ਅਤੇ ਇਕ ਸਿੱਖ ਵਜੋਂ ਇਹ ਅਗਵਾਈ ਉਨ੍ਹਾਂ ਵੱਲੋਂ ਹੀ ਕੀਤੀ ਜਾਣੀ ਚਾਹੀਦੀ ਹੈ।
ਪਾਕਿਸਤਾਨ ਵਿੱਚ ਸਥਿਤ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨਾਂ ਲਈ ਭਾਰਤੀ ਸਰਹੱਦ 'ਤੇ ਬੀਐਸਐਫ ਵਲੋਂ ਬਣਾਏ ਗਏ ਦਰਸ਼ਨ ਅਸਥਾਨ 'ਤੇ ਵੱਡੀ ਗਿਣਤੀ 'ਚ ਦੂਰ ਦੁਰਾਡੇ ਤੋਂ ਸੰਗਤਾਂ ਇੱਥੇ ਦਰਸ਼ਨ ਕਰਨ ਲਈ ਪਹੁੰਚਦੀਆਂ ਹਨ। ਇਸ ਅਸਥਾਨ ਦਾ ਸਬੰਧ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਨੇ ਰਾਵੀ ਦਰਿਆ ਦੇ ਕੰਢੇ ਇਹ ਨਗਰ ਵਸਾਇਆ ਅਤੇ ਇੱਥੇ ਖੇਤੀ ਕਰਕੇ ਗੁਰੂ ਨਾਨਕ ਦੇਵ ਜੀ ਨੇ "ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ" ਦਾ ਫ਼ਲਸਫ਼ਾ ਦਿੱਤਾ ਸੀ। ਇਤਿਹਾਸ ਮੁਤਾਬਕ ਗੁਰੂ ਨਾਨਕ ਦੇਵ ਜੀ ਵੱਲੋਂ ਭਾਈ ਲਹਿਣਾ ਜੀ ਨੂੰ ਗੁਰਗੱਦੀ ਵੀ ਇਸ ਸਥਾਨ 'ਤੇ ਹੀ ਸੌਂਪੀ ਗਈ ਸੀ, ਜਿਨ੍ਹਾਂ ਨੂੰ ਦੂਜੀ ਪਾਤਸ਼ਾਹੀ ਗੁਰੂ ਅੰਗਦ ਦੇਵ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਅਤੇ ਆਖ਼ਿਰ 'ਚ ਗੁਰੂ ਨਾਨਕ ਦੇਵ ਜੀ ਇਸੇ ਸਥਾਨ 'ਤੇ ਹੀ ਜੋਤੀ ਜੋਤ ਸਮਾਏ ਸਨ।
ਇਹ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਵਿੱਚ ਹੈ, ਜੋ ਲਾਹੌਰ ਤੋਂ 130 ਕਿਲੋਮੀਟਰ ਦੂਰ ਹੈ।
ਨਾਰੋਵਾਲ ਦੀ ਤਹਿਸੀਲ ਸ਼ਕਰਗੜ੍ਹ ਵਿੱਚ ਸਥਿਤ ਸਿੱਖਾਂ ਦਾ ਇਹ ਧਾਰਮਿਕ ਸਥਾਨ ਅੱਜ ਭਾਰਤ ਅਤੇ ਪਾਕਿਸਤਾਨ ਦੀਆਂ ਖ਼ਬਰਾਂ ਦਾ ਕੇਂਦਰ ਬਣ ਗਿਆ ਹੈ।ਸਿੱਖਾਂ ਅਤੇ ਮੁਸਲਮਾਨਾਂ ਦੋਨਾਂ ਧਰਮਾਂ ਦੀ ਇਸ ਸਥਾਨ ਵਿੱਚ ਮਾਨਤਾ ਹੈ।ਇਹ ਗੁਰਦੁਆਰਾ ਸ਼ਕਰਗੜ੍ਹ ਤਹਿਸੀਲ ਦੇ ਕੋਟੀ ਪੰਡ ਪਿੰਡ ਵਿੱਚ ਰਾਵੀ ਨਦੀ ਦੇ ਪੱਛਮੀ ਪਾਸੇ ਸਥਿਤ ਹੈ।1920 ਤੋਂ ਲੈ ਕੇ 1929 ਤੱਕ ਮਹਾਰਾਜਾ ਪਟਿਆਲਾ ਵੱਲੋਂ ਇਸ ਨੂੰ ਮੁੜ ਬਣਵਾਇਆ ਗਿਆ ਜਿਸ 'ਤੇ 1,35,600 ਦਾ ਖਰਚਾ ਆਇਆ ਸੀ। ਪਾਕਿਸਤਾਨ ਕਰਤਾਰਪੁਰ ਲਾਂਘੇ ਤੋਂ ਰੋਜ਼ਾਨਾ 1 ਕਰੋੜ 56 ਲੱਖ ਦੀ ਕਮਾਈ ਕਰੇਗਾ ਅਤੇ ਇਹ ਰਕਮ ਹਰ ਹਫ਼ਤੇ 10 ਕਰੋੜ 92 ਲੱਖ ਬਣ ਜਾਂਦੀ ਹੈ। ਜਦੋਂ ਕਿ ਇਕ ਮਹੀਨੇ ਦੀ ਕਮਾਈ 46 ਕਰੋੜ 80 ਲੱਖ ਰੁਪਏ ਹੈ। ਜੇ ਇਕ ਸਾਲ ਦਾ ਅਨੁਮਾਨ ਲਗਾਇਆ ਜਾਂਦਾ ਹੈ, ਤਾਂ ਇਹ ਕਮਾਈ 5,61,60,00,000 ਯਾਨੀ 5 ਬਿਲੀਅਨ ਤੋਂ ਵੱਧ ਹੈ। ਜਦੋਂ ਕਿ ਗੁਰਪੁਰਬ ਦੌਰਾਨ ਇਹ ਅੰਕੜਾ ਹੋਰ ਵਧੇਗਾ।
ਭਾਰਤ ਦੀ ਵੰਡ ਸਮੇਂ ਇਹ ਇਮਾਰਤ ਪਾਕਿਸਤਾਨ ਵਿੱਚ ਚਲੀ ਗਈ। ਦੋਵਾਂ ਦੇਸਾਂ ਵਿਚਾਲੇ ਦਹਾਕਿਆਂ ਤੋਂ ਇਸ ਤਣਾਅ ਨੇ ਸ਼ਰਧਾਲੂਆਂ ਨੂੰ ਇੱਥੋਂ ਦੇ ਦਰਸ਼ਨਾਂ ਲਈ ਵਾਂਝਾ ਰੱਖਿਆ ਗਿਆ ਸੀ ਜੋ ਹੁਣ ਖੁੱਲੇਗਾ।
-
ਡਾ. ਅਮਰਜੀਤ ਟਾਂਡਾ,
drtanda101@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.