ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਹਰ ਸਾਲ ਜੁੜਦੇ ‘ਗ਼ਦਰੀ ਬਾਬਿਆਂ ਦੇ ਮੇਲੇ’ ਵਿੱਚ ਪਿਛਲੇ 15-16 ਵਰ੍ਹਿਆਂ ਤੋਂ ਨਿਰੰਤਰ ਹਾਜ਼ਰੀ ਭਰਦਾ ਰਿਹਾ ਹਾਂ। ਐਤਕੀਂ ਦਫ਼ਤਰੀ ਰੁਝੇਵਿਆਂ ਅਤੇ ਮੇਲੇ ਦੇ ਘਟਾਏ ਦਿਨਾਂ ਕਾਰਨ ਜਾਪ ਰਿਹਾ ਸੀ ਕਿ ਇਸ ਵਾਰ ਮੇਲਾ ਦੇਖਿਆਂ ਨਹੀਂ ਜਾਣਾ। ਪਰ ਸਬੱਬ ਅਜਿਹਾ ਬਣਿਆਂ ਕਿ ਕਰਤਾਰਪੁਰ ਲਾਂਘੇ ਵਾਲੇ ਸਥਾਨ ਡੇਰਾ ਬਾਬਾ ਨਾਨਕ ਵਿਖੇ ਡਿਊਟੀ ਤੋਂ ਪਰਤਦਿਆਂ 28ਵੇਂ ਗ਼ਦਰੀ ਮੇਲੇ ਵਿੱਚ ਹਾਜ਼ਰੀ ਦਾ ਮੌਕਾ ਮੇਲ ਬਣ ਹੀ ਗਿਆ।
ਗ਼ਦਰੀ ਮੇਲੇ ਵਿੱਚ ਵਿਸ਼ੇਸ਼ ਤੌਰ ਉਤੇ ਪੁੱਜੀ ਨਾਮਵਰ ਸਿਰਕੱਢ ਲੇਖਿਕਾ, ਮਨੁੱਖੀ ਅਧਿਕਾਰਾਂ ਦੀ ਝੰਡਾਬਰਦਾਰ ਅਤੇ ਨਿਤਾਣਿਆਂ, ਮਜ਼ਲੂਮਾਂ ਤੇ ਦੱਬੇ-ਕੁਚਲਿਆਂ ਲਈ ਆਵਾਜ਼ ਤੇ ਕਲਮ ਦੋਵੇਂ ਬੁਲੰਦ ਕਰਨ ਵਾਲੀ ਅਰੁੰਧਤੀ ਰਾਏ ਨੂੰ ਮਿਲਣ ਦਾ ਸਬੱਬ ਵੀ ਮਿਲ ਗਿਆ। ਕਵੀ ਦਰਬਾਰ ਸੈਸ਼ਨ ਦੀ ਪ੍ਰਧਾਨਗੀ ਵੀ ਉਸ ਨੇ ਕੀਤੀ ਜਿਸ ਨੇ ਸਮਾਪਤੀ ਉਤੇ ਆਪਣੇ ਭਾਸ਼ਣ ਦੀ ਸ਼ੁਰੂਆਤ ਹੀ ਇਸ ਗੱਲ ਤੋਂ ਕੀਤੀ ਕਿ ਕਵੀ ਆਪਣੀਆਂ ਭਾਵਨਾਵਾਂ ਉਜਾਗਰ ਕਰਦਾ ਹੋਇਆ ਸ਼ਬਦਾਂ ਨੂੰ ਸਮੇਟਦਾ ਹੈ ਜਦੋਂ ਕਿ ਨਾਵਲਕਾਰ ਦੂਜਿਆਂ ਦੀਆਂ ਭਾਵਨਾਵਾਂ ਨੂੰ ਪ੍ਰਗਟਾਉਂਦਾ ਹੋਇਆ ਵਿਆਪਕ ਗੱਲ ਕਰਦਾ ਹੈ।
ਅਰੁੰਧਤੀ ਨੂੰ ਜਦੋਂ ਪੁੱਛਿਆ ਗਿਆ ਕਿ 1997 ਵਿੱਚ ਬੁੱਕਰ ਇਨਾਮ ਜੇਤੂ ਨਾਵਲ ‘The God of Small Things’ ਤੋਂ ਬਾਅਦ ਦੂਜਾ ਨਾਵਲ ਲਿਖਣ ਵਿੱਚ 22 ਸਾਲ ਦਾ ਸਮਾਂ ਕਿਉਂ ਲੱਗ ਗਿਆ ਤਾਂ ਉਸ ਦਾ ਜਵਾਬ ਬਾਕਮਾਲ ਸੀ। ਉਸ ਨੇ ਕਿਹਾ ਕਿ ਵਪਾਰਕ ਯੁੱਗ ਵਿੱਚ ਜਦੋਂ ਵਸਤੂਵਾਦ ਦੇ ਬੋਲਬਾਲੇ ਦੇ ਦੌਰ ਵਿੱਚ ਉਸ ਨੂੰ ਵੀ ਕਈ ਮੁਲਕਾਂ ਤੋਂ ਆਫਰਜ਼ ਆਈਆਂ ਕਿ ਉਹ ਉਨ੍ਹਾਂ ਲਈ ਕੁਝ ਲਿਖੇ ਤਾਂ ਐਡਵਾਂਸ ਵਿੱਚ ਕਈ ਮਿਲੀਅਨ ਡਾਲਰ ਮਿਲਣਗੇ, ਇੱਥੋਂ ਤੱਕ ਕੀ ਲਾਸ ਏਂਜਲਸ ਦੀ ਫੇਰੀ ਦੌਰਾਨ ਹਾਲੀਵੁੱਡ ਫ਼ਿਲਮ ਬਣਾਉਣ ਦੀ ਪੇਸ਼ਕਸ਼ ਵੀ ਆਈ। ਅਰੁੰਧਤੀ ਨੇ ਕਿਹਾ ਕਿ ਉਸ ਨੂੰ ਕੋਈ ਕਿੰਨੀਆਂ ਵੀ ਆਫਰਜ਼ ਕਰੇ ਹਰ ਵਾਰ ਹੀ ਉਸ ਦਾ ਜਵਾਬ ਨਾਂਹ ਵਿੱਚ ਹੋਵੇਗਾ। ਉਂਝ ਅਰੁੰਧਤੀ ਦੀ ਸਮੇਂ ਸਮੇਂ ਉਤੇ ਕਸ਼ਮੀਰ, ਬਸਤਰ ਆਦਿ ਥਾਂਵਾ ਦੀਆਂ ਫੇਰੀਆਂ ਮੌਕੇ ਜਬਰ ਜ਼ੁਲਮ ਦਾ ਸਾਹਮਣਾ ਕਰਨ ਵਾਲੀ ਕਲਾਸ ਲਈ ਬੁਲੰਦ ਕੀਤੀ ਆਵਾਜ਼ ਅਤੇ ਉਨ੍ਹਾਂ ਦੇ ਹੱਕ ਵਿੱਚ ਲਿਖੀਆਂ ਲਿਖਤਾਂ ਉਸ ਦੀ ਹਾਜ਼ਰੀ ਲਗਾਉਂਦੀਆਂ ਰਹੀਆਂ ਹਨ।
ਅਰੁੰਧਤੀ ਜੋ ਹਿੰਦੀ ਭਾਸ਼ਾ ਵਿੱਚ ਵੀ ਬੋਲਣ ਵਿੱਚ ਥੋੜਾ ਅਸਹਿਜ ਮਹਿਸੂਸ ਕਰ ਰਹੀ ਸੀ, ਨੇ ਆਪਣੀ ਗੱਲ ਹਿੰਦੀ ਵਿੱਚ ਕੀਤੀ। ਵਿੱਚ ਥੋੜੇ- ਬਹੁਤੇ ਅੰਗਰੇਜ਼ੀ ਦੇ ਸ਼ਬਦਾਂ ਦੀ ਵੀ ਵਰਤੋਂ ਕੀਤੀ। ਅਰੁੰਧਤੀ ਰਾਏ ਦੇ ਨਵੇਂ ਅੰਗਰੇਜ਼ੀ ਨਾਵਲ ‘The Ministry of Utmost Happiness’ ਦਾ ਪੰਜਾਬੀ ਅਨੁਵਾਦ ਦਲਜੀਤ ਅਮੀ ਵੱਲੋ ਕੀਤਾ ਗਿਆ ਹੈ। ਉਸ ਦੇ ਨਵੇਂ ਨਾਵਲ ਦੇ ਪੰਜਾਬੀ ਰੂਪ ਦਾ ਸਿਰਲੇਖ ‘ਦਰਬਾਰਿ-ਖ਼ੁਸ਼ੀਆਂ ਬੇਪਨਾਹ’ ਹੈ। ਅੱਜ ਸਟੇਜ ਉਪਰ ਵੀ ਦਲਜੀਤ ਨੇ ਹੀ ਦੁਭਾਸ਼ੀਏ ਦੀ ਭੂਮਿਕਾ ਨਿਭਾਈ।ਇਸ ਦੌਰਾਨ ਅਨੁਵਾਦ ਬਾਰੇ ਪੁੱਛੇ ਜਾਣ ਉਤੇ ਵੀ ਉਸ ਦਾ ਕਮਾਲ ਦਾ ਜਵਾਬ ਸੀ। ਉਹ ਕਹਿੰਦੀ ਇੱਥੇ ਅੱਜ ਭਾਵੇਂ ਉਸ ਨੂੰ ਕਈ ਪੰਜਾਬੀ ਕਵਿਤਾਵਾਂ ਸਮਝ ਨਹੀਂ ਆਈਆਂ ਪਰ ਉਸ ਨੂੰ ਬੋਲਾਂ ਜ਼ਰੀਏ ਕਵਿਤਾ ਦੀ ਲੈਅ ਜ਼ਰੂਰ ਸਮਝ ਆ ਰਹੀ ਸੀ ਕਿਉਂਕਿ ਉਹ ਕਿਸੇ ਭਾਸ਼ਾ ਨੂੰ ਉਸ ਦੇ ਬੋਲਾਂ ਦੀ ਲੈਅ ਨਾਲ ਸਮਝਦੀ ਹੈ ਭਾਵੇਂ ਉਹ ਭਾਰਤ ਦੀ ਕੋਈ ਭਾਸ਼ਾ ਹੋਵੇ ਜਾਂ ਫੇਰ ਵਿਦੇਸ਼ੀ ਭਾਸ਼ਾ ਹੋਵੇ। ਉਸ ਨੇ ਦੱਸਿਆ ਕਿ ਨਵਾਂ ਨਾਵਲ 50 ਤੋਂ ਵੱਧ ਭਾਸ਼ਾਵਾਂ ਵਿੱਚ ਅਨੁਵਾਦ ਹੋਇਆ ਹੈ।
‘The Ministry of Utmost Happiness’ ਦੇ ਪੰਜਾਬੀ ਅਨੁਵਾਦ ‘ਦਰਬਾਰਿ-ਖ਼ੁਸ਼ੀਆਂ ਬੇਪਨਾਹ’ ਦੀ ਕਾਪੀ ਵੀ ਅੱਜ ਮੇਲੇ ਦੌਰਾਨ ਖਰੀਦੀ। ਅਰੁੰਧਤੀ ਨਾਲ ਸੈਲਫੀ ਅਤੇ ਤਸਵੀਰ ਕਰਵਾਉਣ ਤੋਂ ਇਲਾਵਾ ਕਿਤਾਬ ਉਪਰ ਉਸ ਦਾ ਆਟੋਗ੍ਰਾਫ ਵੀ ਲਿਆ ਜੋ ਇਸ ਵਾਰ ਦੇ ਮੇਲੇ ਦਾ ਹਾਸਲ ਸੀ।
-
ਨਵਦੀਪ ਸਿੰਘ ਗਿੱਲ, ਲੇਖਕ
navdeepsinghgill82@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.