ਗੁਰਪ੍ਰੀਤ ਸਿੰਘ ਮੰਡਿਆਣੀ
31 ਅਕਤੂਬਰ 1984 ਸਵੇਰੇ 10-11 ਦਾ ਟਾਈਮ ਹੋਵੇਗਾ ਰੇਡੀਓ ਤੋਂ ਕ੍ਰਿਕਟ ਮੈਚ ਦੀ ਲਾਈਵ ਕੁਮੈਂਟਰੀ ਚੱਲ ਰਹੀ ਸੀ। ਅਚਾਨਕ ਕੁਮੈਂਟਰੀ ਰੁਕ ਗਈ ਤੇ ਅਕਾਸ਼ਬਾਣੀ ਦੀ ਅਨਾਊਂਸਰ ਬੋਲੀ, "ਅਬ ਆਪ ਹਮਾਰਾ ਵਿਸ਼ੇਸ਼ ਬੁਲੇਟਨ ਸੁਨੀਏ।"ਇਸ ਖਾਸ ਖਬਰਨਾਮੇ ਵਿੱਚ ਦੱਸਿਆ ਗਿਆ ਕਿ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਤੇ ਅੱਜ ਸਵੇਰ ਵੇਲੇ ਗੋਲੀਆਂ ਨਾਲ ਹਮਲਾ ਕੀਤਾ ਗਿਆ ਤੇ ਉਹਨਾਂ ਨੂੰ ਗੰਭੀਰ ਜਖਮੀ ਹਾਲਤ ਵਿੱਚ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ। ਇਹ ਹਮਲਾ ਉਦੋਂ ਕੀਤਾ ਜਦੋਂ ਉਹ ਆਪਣੇ ਘਰ ਤੋਂ ਦਫ਼ਤਰ ਜਾ ਰਹੀ ਸੀ। ਸਿਰਫ਼ ਇੰਨੀ ਗੱਲ ਨਸ਼ਰ ਕੇ ਖਬਰਨਾਮਾ ਖਤਮ ਹੋ ਗਿਆ। ਉਸ ਦਿਨ ਮੈਂ ਪਟਿਆਲੇ ਆਪਣੇ ਕਿਸੇ ਦੋਸਤ ਦੇ ਘਰ ਬੈਠਾ ਸੀ। ਉਥੇ ਰੇਡੀਓ ਤੇ ਕਿਸੇ ਕ੍ਰਿਕਟ ਮੈਚ ਦੇ ਸਿੱਧੇ ਪ੍ਰਸਾਰਣ ਦੀ ਕੁਮੈਂਟਰੀ ਚਲ ਰਹੀ ਸੀ। ਉਨ੍ਹੀਂ ਦਿਨੀਂ ਟੈਲੀਵਿਜ਼ਨ ਤੇ ਕ੍ਰਿਕਟ ਮੈਚ ਦਾ ਪ੍ਰਸਾਰਣ ਦਾ ਰਿਵਾਜ਼ ਨਹੀਂ ਸੀ ਚੱਲਿਆ। ਕ੍ਰਿਕਟ ਦਾ ਲਗਭਗ ਹਰੇਕ ਨੌਜਵਾਨ ਸ਼ੁਕੀਨ ਸੀ ਤੇ ਘਰਾਂ ਤੋਂ ਬਾਹਰ ਵੀ ਨਿੱਕੇ ਨਿੱਕੇ ਰੇਡੀਓ ਕੰਨਾਂ ਨੂੰ ਲਾ ਕੇ ਕੁਮੈਂਟਰੀ ਗਲੀਆਂ, ਬਜਾਰਾਂ ਤੇ ਕਾਲਜਾਂ ਵਿੱਚ ਸੁਣੀ ਜਾਂਦੀ ਸੀ। ਮੇਰੇ ਦੋਸਤ ਦੇ ਘਰ ਜਿਹੜਾ ਰੇਡੀਓ ਸੀ ਉਹ ਵੀ ਟੂ ਇਨ ਵਨ ਸੀ ਭਾਵ ਕਿ ਉਸ ਟੇਪ ਰਿਕਾਰਡ ਅਤੇ ਰੇਡੀਓ ਦੋਨੋਂ ਚੱਲਦੇ ਸਨ।
ਫਾਈਲ ਫੋਟੋ
ਰੇਡੀਓ ਵਾਲਾ ਪ੍ਰੋਗਰਾਮ ਨਾਲੋ ਨਾਲ ਰਿਕਾਰਡ ਵੀ ਕੀਤਾ ਜਾਂਦਾ ਸੀ। ਜਦੋਂ ਕੁਮੈਂਟਰੀ ਰੋਕ ਕੇ ਵਿਸ਼ੇਸ਼ ਸਮਾਚਾਰ ਬੁਲੇਟਿਨ ਦੀ ਗੱਲ ਕੀਤੀ ਤਾਂ ਮੈਂ ਭਾਂਪ ਗਿਆ ਕਿ ਕੋਈ ਖਾਸ ਘਟਨਾ ਵਾਪਰੀ ਹੋਵੇਗੀ ਜਿਸ ਕਰਕੇ ਵਿਸ਼ੇਸ਼ ਖਬਰਨਾਮਾ ਦਿੱਤਾ ਜਾ ਰਿਹਾ ਹੈ ਨਹੀ ਤਾਂ ਖਬਰਾਂ ਕਿਤੇ ਦੁਪਹਿਰੇ ਇੱਕ ਵੱਜ ਕੇ ਚਾਲੀ ਮਿੰਟ ਤੇ ਆਉਣੀਆਂ ਸਨ। ਮੈਂ ਇਕਦਮ ਟੇਪ ਰਿਕਾਰਡਿੰਗ ਵਾਲਾ ਬਟਨ ਦੱਬ ਦਿੱਤਾ ਤੇ ਖਬਰਾਂ ਦਾ ਵਿਸ਼ੇਸ਼ ਸਮਾਚਾਰ ਬੁਲੇਟਿਨ ਇਸ ਵਿੱਚ ਰਿਕਾਰਡ ਹੋ ਗਿਆ। ਪਰ ਇਹ ਇਤਹਾਸਿਕ ਖਬਰਨਾਮੇ ਵਾਲੀ ਟੇਪ ਮੇਰਾ ਦੋਸਤ ਸੰਭਾਲ ਨਾ ਸਕਿਆ। ਉਹਨੂੰ ਉਲਟਾ ਰੀਲ ਖਰਾਬ ਹੋਣ ਦਾ ਕੁੱਝ ਦੁੱਖ ਵੀ ਸੀ। ਏਹਤੋਂ ਬਾਅਦ ਅਸੀਂ ਸ਼ਹਿਰ ਤੋਂ ਨਿਕਲ ਤੁਰੇ ਪਰ ਬਜ਼ਾਰ ਵਿੱਚ ਇਸ ਗੱਲ ਦਾ ਕਿਸੇ ਨੂੰ ਕੋਈ ਪਤਾ ਨਹੀਂ ਸੀ। ਜਿਵੇਂ ਅੱਜਕੱਲ ਹਰੇਕ ਹੱਟੀ ਤੇ ਦੁਕਾਨ ਨਾਲੋ ਨਾਲੋ ਟੀ.ਵੀ. ਵੀ ਦੇਖ ਰਹੇ ਹੁੰਦੇ ਹਨ ਉਹਨੀਂ ਦਿਨੀ ਕੋਈ ਦੁਕਾਨਦਾਰ ਹੱਟੀ ਤੇ ਰੇਡੀਓ ਨਹੀਂ ਸੀ ਰੱਖਦਾ ਹੁੰਦਾ ਤੇ ਨਾ ਅੱਜ ਵਾਂਗ ਮੋਬਾਇਲ ਫੋਨ ਹੁੰਦੇ ਸਨ ਕਿ ਨਾਲੋ ਨਾਲ ਖਬਰ ਅਗਾਂਹ ਪਤਾ ਲੱਗਦੀ ਜਾਵੇ। ਮੋਬਾਇਲ ਫੋਨ ਦੀ ਤਾਂ ਗੱਲ ਛੱਡੋ ਤਾਰਾਂ ਵਾਲਾ ਫੋਨ ਵੀ ਬਹੁਤ ਟਾਵੇਂ ਟੱਲੇ ਘਰਾਂ ਅਤੇ ਹੱਟੀਆਂ ਤੇ ਹੁੰਦੇ ਸੀ।
ਅੱਜ ਦੇ ਹਾਲਾਤਾਂ ਮੁਤਾਬਿਕ ਇਹ ਯਾਦ ਕਰਕੇ ਬਹੁਤ ਹੈਰਾਨੀ ਹੁੰਦੀ ਹੈ ਕਿ ਪ੍ਰਧਾਨ ਮੰਤਰੀ ਦੇ ਗੋਲੀ ਵੱਜਣ ਨੂੰ ਕਈ ਘੰਟੇ ਹੋ ਗਏ ਸਨ ਤੇ ਰੇਡੀਓ ਤੇ ਆਈ ਖਬਰ ਨੂੰ ਇੱਕ ਘੰਟੇ ਤੋਂ ਵੱਧ ਟਾਇਮ ਹੋ ਗਿਆ ਸੀ ਪਰ ਬਜ਼ਾਰ 'ਚ ਕਿਸੇ ਨੂੰ ਪਤਾ ਵੀ ਨਹੀਂ। ਇਥੇ ਇਹ ਵੀ ਦੱਸਣਯੋਗ ਹੈ ਉਨ੍ਹੀ ਦਿਨੀਂ ਟੈਲੀਵਿਜ਼ਨ ਦਾ ਵੀ ਇੱਕੋ ਚੈਨਲ ਹੁੰਦਾ ਸੀ ਤੇ ਉਹ ਵੀ ਸਰਕਾਰੀ ਤੇ ਇਹ ਦਾ ਪ੍ਰੋਗਰਾਮ ਵੀ ਇੱਕ ਘੰਟਾ ਸਵੇਰੇ ਤੇ 2-3 ਘੰਟੇ ਸ਼ਾਮ ਨੂੰ ਚਲਦਾ ਸੀ। ਸ਼ਾਇਦ ਸਵੇਰ ਦਾ ਪ੍ਰੋਗਰਾਮ ਵੀ ਅਜੇ ਚੱਲਣਾ ਸ਼ੁਰੂ ਨਹੀਂ ਸੀ ਹੋਇਆ ਦੁਪਹਿਰ ਦੀ ਤਾਂ ਗੱਲ ਹੀ ਛੱਡੋ। ਸੂਚਨਾ ਦਾ ਸਾਧਨ ਅਕਾਸ਼ਬਾਣੀ ਤੋਂ ਬਿਨਾਂ ਹੋਰ ਕੋਈ ਨਹੀਂ ਸੀ। ਇਸ ਤੋਂ ਇਲਾਵਾ ਬੀ.ਬੀ.ਸੀ. ਲੰਡਨ ਰੇਡੀਓ ਤੋਂ ਸਵੇਰੇ ਸੱਤ ਵਜੇ ਸ਼ਾਮ 8 ਵਜੇ ਹਿੰਦੀ ਦੀਆਂ ਖਬਰਾਂ ਨਸ਼ਰ ਹੁੰਦੀਆਂ ਸੀਗੀਆਂ। ਇਥੋਂ ਤੱਕ ਕਿ ਪ੍ਰਧਾਨ ਮੰਤਰੀ ਦੇ ਪੁੱਤ ਰਾਜੀਵ ਗਾਂਧੀ ਨੇ ਵੀ ਆਪਣੀ ਮਾਂ ਤੇ ਹੋਏ ਜਾਨਲੇਵਾ ਹਮਲੇ ਦੀ ਖਬਰ ਵੀ ਬੀ.ਬੀ.ਸੀ. ਰੇਡੀਓ ਦੀ ਅੰਗਰੇਜੀ ਵਾਲੀ ਵਰਲਡ ਨਿਊਜ਼ ਸਰਵਿਸ ਰਾਹੀਂ ਦੁਪਹਿਰ ਦੇ ਸਾਢੇ ਬਾਰਾਂ ਵਜੇ ਵਾਲੇ ਬੁਲਟਿਨ ਤੋਂ ਸੁਣੀ।
ਫਾਈਲ ਫੋਟੋ
ਬਤੌਰ ਕਾਂਗਰਸ ਦੇ ਜਰਨਲ ਸਕੱਤਰ ਇੰਦਰਾ ਦਾ ਪੁੱਤਰ ਰਾਜੀਵ ਗਾਂਧੀ ਉਸ ਦਿਨ ਬੰਗਾਲ ਦੀ ਰਾਜਧਾਨੀ ਕੱਲਕਤਾ ਤੋਂ ਦੱਖਣ ਵੱਲ ਹੁਗਲੀ ਡੈਲਟਾ ਇਲਾਕੇ ਦੇ ਸਿਆਸੀ ਦੌਰੇ ਤੇ ਸੀ। ਪ੍ਰਧਾਨ ਮੰਤਰੀ ਦੀ ਮੌਤ ਦੀ ਖਬਰ ਨੂੰ ਸਰਕਾਰੀ ਤੰਤਰ ਜਾਣ ਬੁੱਝ ਕੇ ਲਕੋ ਰਿਹਾ ਸੀ ਤੇ ਰੇਡੀਓ ਤੋਂ ਸ਼ਾਮ 6 ਵਜੇ ਤੱਕ ਇਹ ਨਿਊਜ਼ ਲਕੋ ਕੇ ਰੱਖੀ ਗਈ। ਰਾਜੀਵ ਗਾਂਧੀ ਦੇ ਕਾਫਲੇ ਨੂੰ ਇੱਕ ਪੁਲਿਸ ਦੀ ਗੱਡੀ ਨੇ ਰੋਕਿਆ ਤੇ ਉਸਨੂੰ ਇਹ ਸਿਰਫ ਦੋ ਫਿਕਰਿਆਂ ਦਾ ਅੰਗਰੇਜੀ ਵਿੱਚ ਦਿਲੀਓਂ ਆਇਆ ਇਹ ਸੁਨੇਹਾ ਸੁਣਾਇਆ ਗਿਆ। "ਯੂ ਮਸਟ ਰਿਟਰਨ ਟੂ ਡੈਲੀ ਇਮੀਜੇਟਲੀ ਬਿਕਾਜ਼ ਸਮਥਿੰਗ ਵੈਰੀ ਸੀਰੀਅਸ ਹੈਡ ਹੈਪਨਡ।" (ਤੁਹਾਨੂੰ ਏਨੀਂ ਪੈਰੀਂ ਦਿੱਲੀ ਮੁੜ ਜਾਣਾ ਚਾਹੀਦਾ ਹੈ ਕਿਉਂਕਿ ਉੱਥੇ ਕੋਈ ਵੱਡਾ ਭਾਣਾ ਵਰਤ ਗਿਆ) । ਰਾਜੀਵ ਗਾਂਧੀ ਫੌਰਨ ਹੈਲੀਪੈਡ ਤੇ ਗਿਆ ਜਿਥੋਂ ਹੈਲੀਕਾਟਰ ਰਾਂਹੀ ਉਹ ਕੱਲਕਤਾ ਹਵਾਈ ਅੱਡੇ ਪੁਜਿਆ। ਉਥੇ ਜਾ ਕੇ ਉਸ ਨੇ ਰੇਡੀਓ ਦੀ ਬੀ.ਬੀ.ਸੀ. ਵਰਲਡ ਸਰਵਿਸ ਔਨ ਕੀਤੀ ।ਬੀ ਬੀ ਸੀ ਨੇ 12:30 ਵਾਲੀਆਂ ਖਬਰਾਂ 'ਚ ਦਿੱਲੀ ਤੋਂ ਆਪਦੇ ਪੱਤਰਕਾਰ ਸਤੀਸ਼ ਜੈਕਬ ਦੀ ਘੱਲੀ ਹੋਈ ਖਬਰ ਨਸ਼ਰ ਕੀਤੀ। ਇਸ ਵਿੱਚ ਦੱਸਿਆ ਗਿਆ ਕਿ ਇੰਦਰਾ ਗਾਂਧੀ ਦੇ ਗੋਲੀਆਂ ਵੱਜੀਆਂ ਨੇ ਤੇ ਉਹਦੀ ਹਾਲਤ ਨਾਜ਼ੁਕ ਹੈ। ਇਸ ਤੋਂ ਕੁੱਝ ਮਿੰਟਾਂ ਬਾਅਦ ਹੀ ਬੀ.ਬੀ.ਸੀ. ਨੇ ਇੰਦਰਾ ਗਾਂਧੀ ਦੀ ਮੌਤ ਹੋਣ ਦੀ ਵੀ ਤਸਦੀਕ ਕਰ ਦਿੱਤੀ। ਇਥੋਂ ਇਹ ਗੱਲ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਜੇ ਪ੍ਰਧਾਨ ਮੰਤਰੀ ਦਾ ਪੁੱਤਰ ਵੀ ਕਿਸੇ ਸਿਖਰਲੇ ਲੈਵਲ ਵਾਲੀ ਗੰਭੀਰ ਘਟਨਾ ਦੀ ਸੱਚਾਈ ਜਾਨਣ ਖਾਤਰ ਬੀ.ਬੀ.ਸੀ. ਰੇਡੀਓ ਦਾ ਮੁਥਾਜ ਹੋਇਆ ਹੋਵੇ ਤਾਂ ਉਨ੍ਹੀਂ ਦਿਨੀ ਕਿੰਨੀ ਕੁ ਸਚਾਈ ਲੋਕ ਰੇਡੀਓ ਤੋਂ ਸੁਣ ਸਕਦੇ ਹੋਣਗੇ। ਖਬਰਾਂ ਦਾ ਦੂਜਾ ਸਾਧਨ ਖਬਰ ਏਜੰਸੀਆਂ ਦੇ ਟੈਲੀਪ੍ਰਿੰਟਰ ਹੁੰਦੇ ਸੀ।
ਉਦੋਂ ਦੋ ਮੁੱਖ ਏਜੰਸੀਆਂ ਹੁੰਦੀਆਂ ਸੀ ਪੀ.ਟੀ ਆਈ ਤੇ ਯੂ.ਐਨ.ਆਈ ਤੇ ਉਹ ਵੀ ਦੋਨੋਂ ਸਰਕਾਰੀ। ਅੱਜ ਕੱਲ ਦੀ ਪੀੜ੍ਹੀ ਤੋਂ ਸ਼ਾਇਦ ਹੀ ਕਿਸੇ ਨੇ ਟੈਲੀਪਿੰ੍ਰਟਰ ਦੇਖਿਆ ਹੋਵੇ ਜਿਵੇਂ ਕਚੈਹਰੀਆ 'ਚ ਟਾਈਪਿਸਟ ਪੁਰਾਣੀਆਂ ਟਾਈਪ ਦੀਆਂ ਮਸ਼ੀਨਾਂ ਲਈ ਬੈਠੇ ਹੁੰਦੇ ਸੀ ਉਵੇਂ ਦੀ ਹੀ ਇੱਕ ਵੱਡੀ ਮਸ਼ੀਨ ਹੁੰਦੀ ਸੀ ਤੇ ਇਹ ਬਿਜਲੀ ਨਾਲ ਚੱਲਦੀ ਸੀ। ਅਖਬਾਰਾਂ ਦੇ ਹੈੱਡ ਕੁਆਟਰਾਂ 'ਚ ਅਜਿਹੇ ਟੈਲੀਪ੍ਰਿੰਟਰ ਲੱਗੇ ਹੁੰਦੇ ਸੀ। ਖਬਰ ਏਜੰਸੀ ਜਦੋਂ ਆਪਣੇ ਦਫਤਰ ਤੋਂ ਕੋਈ ਖਬਰ ਭੇਜਦੀ ਸੀ ਤਾਂ ਇਹਨਾਂ ਟੈਲੀਪ੍ਰਿੰਟਰਾਂ ਦੇ ਵਿੱਚ ਪਾਏ ਜਾਂਦੇ ਕਾਗਜ ਦੇ ਰੋਲ ਤੇ ਇਹ ਟਾਈਪ ਹੋ ਜਾਂਦੀ ਸੀ। ਖਬਰ ਏਜੰਸੀ ਯੂ.ਐਨ.ਆਈ ਦਾ ਅਜਿਹਾ ਇੱਕ ਟੈਲੀਪ੍ਰਿੰਟਰ ਜਿਲ੍ਹਾ ਲੋਕ ਸੰਪਰਕ ਦਫਤਰ ਵਿੱਚ ਲੱਗਿਆ ਹੁੰਦਾ ਸੀ। ਪਟਿਆਲੇ ਵਾਲਾ ਇਹ ਜਿਲਾ ਦਫਤਰ ਬਾਰਾਂਦਰੀ ਬਾਗ ਵਿੱਚ ਇੱਕ ਪੁਰਾਣੀ ਸ਼ਾਹੀ ਇਮਾਰਤ ਚ ਚੱਲਦਾ ਸੀ। ਸ਼ਹਿਰ ਦੇ ਪੱਤਰਕਾਰਾਂ ਦਾ ਇਹ ਪੱਕਾ ਠਿਕਾਣਾ ਹੁੰਦਾ ਸੀ। ਇੱਥੇ ਬੈਠਦੇ ਉੱਠਦੇ ਮੇਰੇ ਕਈ ਪੱਤਰਕਾਰਾਂ ਨਾਲ ਚੰਗੇ ਤਾਲੁਕਆਤ ਸਨ ਜਿਨ੍ਹਾਂ ਚੋ ਪ੍ਰਮੁੱਖ ਟ੍ਰਿਬਿਊਨ ਦੇ ਸ਼੍ਰੀ ਵੀ.ਪੀ ਭਰਬਾਕਰ ਅਤੇ ਇੰਡੀਅਨ ਐਕਸਪ੍ਰੈਸ ਦੇ ਸ਼੍ਰੀ ਯੋਗਿੰਦਰ ਮੋਹਨ ਸਨ । ਉਥੇ ਤਾਇਨਾਤ ਇੱਕ ਸਹਾਇਕ ਲੋਕ ਸੰਪਰਕ ਅਫਸਰ ਅਤੇ ਬਹੁਤ ਨੇਕ ਇਨਸਾਨ ਸਰਦਾਰ ਉਜਾਗਰ ਸਿੰਘ ਨਾਲ ਦਿਲੀ ਨੇੜਤਾ ਹੋਣ ਕਾਰਨ ਇਹ ਦਫਤਰ ਆਪਣਾ ਹੀ ਲੱਗਦਾ ਸੀ ।
ਇੰਦਰਾ ਗਾਂਧੀ ਵਾਲੀ ਖਬਰ ਬਾਰੇ ਹੋਰ ਜਾਣਕਾਰੀ ਲੈਣ ਲਈ ਅਸੀਂ ਬਾਰਾਂਦਰੀ ਲੋਕ ਸੰਪਰਕ ਦਫਤਰ ਚਲੇ ਗਏ । ਉੱਥੇ ਇਹੀ ਗੱਲਾਂ ਚਲਦੀਆਂ ਸੀ । ਉਥੋ ਲੱਗਿਆ ਯੂ.ਐਨ.ਆਈ ਦਾ ਟੈਲੀਪ੍ਰਿੰਟਰ ਵੀ ਰੇਡੀਓ ਕੁ ਜਿੰਨੀ ਖਬਰ ਹੀ ਦੇ ਰਿਹਾ ਸੀ । ਹਾਲਾਂਕਿ ਬੀ.ਬੀ.ਸੀ ਦੀ ਵਰਲਡ ਸਰਵਿਸ ਤੋਂ ਪ੍ਰਧਾਨ ਮੰਤਰੀ ਦੀ ਮੌਤ ਵਾਲੀ ਖਬਰ ਸਾਢੇ ਬਾਰਾਂ ਵਜੇ ਪ੍ਰਸਾਰਿਤ ਹੋ ਚੁੱਕੀ ਸੀ ਪਰ ਇੱਥੇ ਕਿਸੇ ਨੂੰ ਇਹ ਨਹੀ ਸੀ ਪਤਾ ਕਿ ਬੀ.ਬੀ.ਸੀ ਤੋਂ ਦਿਨੇ ਵੀ ਖਬਰਾਂ ਆਉਂਦੀਆ ਨੇ । ਪਟਿਆਲੇ ਇੱਕ ਵੀਕਲੀ ਅਖਬਾਰ ਦੇ ਐਡੀਟਰ ਸਨ ਉਹਨਾਂ ਦਾ ਪੱਕਾ ਨਾਮ ਤਾਂ ਮੈਨੂੰ ਯਾਦ ਨਹੀ ਪਰ ਸਾਰੇ ਉਹਨਾਂ ਨੂੰ ਕਾਮਰੇਡ ਜੀ ਕਹਿ ਕੇ ਬੁਲਾਉਂਦੇ ਸਨ । ਲੋਕ ਸੰਪਰਕ ਦੇ ਦਫਤਰ ਵਿਚ ਕਾਮਰੇਡ ਸਾਹਿਬ ਨੇ ਆ ਕੇ ਖਬਰ ਦਿੱਤੀ ਕਿ ਰੇਡੀਓ ਪਾਕਿਸਤਾਨ ਨੇ 'ਤਾਸ' ਦੇ ਹਵਾਲੇ ਨਾਲ ਸ਼੍ਰੀਮਤੀ ਗਾਂਧੀ ਦੀ ਮੌਤ ਦੀ ਖਬਰ ਸੁਣਾਈ ਹੈ । 'ਤਾਸ' ਰੂਸ ਦੀ ਦੀ ਸਰਕਾਰੀ ਖਬਰ ਏਜੰਸੀ ਸੀ ।
ਰੂਸ ਭਾਰਤ ਦਾ ਗੂੜ੍ਹਾ ਮਿੱਤਰ ਸੀ । ਇਸ ਕਰਕੇ ਤਾਸ ਦੀ ਖਬਰ ਨੂੰ ਪੱਕਾ ਸੱਚ ਮੰਨ ਕੇ ਸਭ ਨੂੰ ਇਹ ਯਕੀਨ ਹੋ ਗਿਆ ਕਿ ਵਾਕਿਆ ਹੀ ਪ੍ਰਧਾਨ ਮੰਤਰੀ ਦੀ ਮੌਤ ਹੋ ਚੁੱਕੀ ਹੈ । ਉਸਤੋਂ ਬਾਅਦ ਜਦੋਂ ਅਸੀ ਫੇਰ ਸ਼ਹਿਰ ਵਿਚ ਨਿਕਲੇ ਤਾਂ ਸਭ ਨੂੰ ਪ੍ਰਧਾਨ ਮੰਤਰੀ 'ਤੇ ਹੋਏ ਹਮਲੇ ਬਾਰੇ ਤਾਂ ਪਤਾ ਲੱਗ ਚੁੱਕਿਆ ਸੀ , ਮੌਤ ਦੀ ਖਬਰ ਤੋਂ ਸਾਰੇ ਬੇਖਬਰ ਸਨ ਤੇ ਉਦੋਂ ਤੱਕ ਬੇਖਬਰ ਰਹੇ ਜਦੋਂ ਤੱਕ ਸ਼ਾਮ 6 ਵਜੇ ਸਰਕਾਰ ਨੇ ਖੁਦ ਇਸ ਖਬਰ ਦਾ ਐਲਾਨ ਨਾ ਕੀਤਾ । ਇਸ ਕਹਾਣੀ ਤੋਂ 35 ਸਾਲਾਂ ਦੌਰਾਨ ਖਬਰਾਂ ਨਸ਼ਰ ਹੋਣ ਵਿਚ ਆਈ ਜਮੀਨ-ਅਸਮਾਨ ਜਿੰਨੀ ਤਬਦੀਲੀ ਦਾ ਅੰਦਾਜਾ ਲਾਇਆ ਜਾ ਸਕਦਾ ਹੈ । ਇਸ ਕਰਕੇ ਹੀ 31 ਅਕਤੂਬਰ ਸ਼ਾਮ ਤੋਂ ਸ਼ੁਰੂ ਹੋ ਕੇ ਸਾਰੇ ਮੁਲਕ ਵਿਚ ਲਗਭਗ ਇੱਕ ਹਫਤਾ ਸਿੱਖਾਂ ਦੇ ਖਿਲਾਫ ਚਲਾਏ ਗਏ ਜੁਲਮੀ ਝੱਖੜ ਦੀ ਖਬਰ ਪੰਜਾਬ ਵਿਚ ਸੁਣਾਈ ਨਹੀ ਦਿੱਤੀ , ਇਨਾਂ ਖ਼ਬਰਾਂ ਨੂੰ ਸਰਕਾਰੀ ਜੋਰ ਨਾਲ ਅਖਬਾਰਾਂ ਚ ਛਪਣੋ ਰੋਕਿਆ ਵੀ ਗਿਆ ।
(31/10/2019)
-
ਗੁਰਪ੍ਰੀਤ ਸਿੰਘ ਮੰਡਿਆਣੀ,
ਗੁਰਪ੍ਰੀਤ ਸਿੰਘ ਮੰਡਿਆਣੀ
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.