ਸੁਖਵੰਤ ਹੁੰਦਲ
ਕੈਨੇਡਾ, 29 ਅਕਤੂਬਰ 2019 - ਦੋ ਭਾਰਤੀ ਨਿਸ਼ਾਨੇਬਾਜ਼ (ਸ਼ਾਰਪ ਸ਼ੂਟਰ) ਔਰਤਾਂ, ਚੰਦਰੋ ਤੋਮਰ ਅਤੇ ਪਰਕਾਸ਼ੀ ਤੋਮਰ ਦੀ ਜ਼ਿੰਦਗੀ 'ਤੇ ਆਧਾਰਤ ਬਣੀ ਫਿਲਮ 'ਸਾਂਢ ਕੀ ਆਂਖ' ਇਕ ਦੇਖਣਯੋਗ ਫਿਲਮ ਹੈ। ਇਹ ਦੋਵੇਂ ਔਰਤਾਂ 60 ਸਾਲ ਦੀ ਉਮਰ ਤੋਂ ਬਾਅਦ ਨਿਸ਼ਾਨੇਬਾਜ਼ੀ ਵਿੱਚ ਹਿੱਸਾ ਲੈਣਾ ਸ਼ੁਰੂ ਕਰਦੀਆਂ ਹਨ ਅਤੇ ਚਾਰ ਸਾਲਾਂ ਵਿੱਚ ਆਪਣੀ ਸ਼੍ਰੇਣੀ ਵਿੱਚ ਵੱਖ ਵੱਖ ਚੈਂਪਨੀਅਨਸ਼ਿੱਪਾਂ ਵਿੱਚ ਗੋਲਡ ਮੈਡਲ ਜਿੱਤ ਕੇ ਘੜੇ ਭਰ ਲੈਂਦੀਆਂ ਹਨ। ਪਰ ਉਨ੍ਹਾਂ ਨੂੰ ਇਹ ਸਭ ਕੁੱਝ ਆਪਣੇ ਘਰ ਦੇ ਮਰਦਾਂ ਤੋਂ ਲੁੱਕ ਕੇ ਕਰਨਾ ਪੈਂਦਾ ਹੈ ਕਿਉਂਕਿ ਮਰਦਾਂ ਦਾ ਵਿਚਾਰ ਹੈ ਕਿ ਔਰਤਾਂ ਦਾ ਕੰਮ ਘਰ ਅਤੇ ਖੇਤ ਸੰਭਾਲਣੇ ਹਨ, ਨਾ ਕਿ ਨਿਸ਼ਾਨੇਬਾਜ਼ੀ ਦੇ ਮੁਕਾਬਲਿਆਂ ਵਿੱਚ ਹਿੱਸਾ ਲੈਣਾ।
ਇਹ ਫਿਲਮ ਜਿੱਥੇ ਇਨ੍ਹਾਂ ਦੋ ਔਰਤਾਂ ਦੀ ਪ੍ਰੇਰਣਾਮਈ ਕਹਾਣੀ ਪੇਸ਼ ਕਰਦੀ ਹੈ, ਉੱਥੇ ਭਾਰਤੀ ਸਮਾਜ ਵਿੱਚ ਔਰਤਾਂ ਨਾਲ ਹੁੰਦੇ ਵਿਤਕਰੇ ਦੀ ਬਾਤ ਵੀ ਵਧੀਆ ਢੰਗ ਨਾਲ ਪਾਉਂਦੀ ਹੈ।
ਇਸ ਤਰ੍ਹਾਂ ਦੀਆਂ ਫਿਲਮਾਂ ਵੱਧ ਤੋਂ ਵੱਧ ਲੋਕਾਂ ਨੂੰ ਦੇਖਣੀਆਂ ਚਾਹੀਦੀਆਂ ਹਨ। ਪਰ ਅਫਸੋਸ ਇਹ ਹੈ ਕਿ ਇਹ ਨਹੀਂ ਦੇਖੀਆਂ ਜਾਂਦੀਆਂ। ਕੱਲ੍ਹ ਅਸੀਂ ਸਰੀ ਦੇ ਗਿੱਲਫੋਰਡ ਇਲਾਕੇ ਵਿੱਚ ਪੈਂਦੇ ਲੈਂਡਮਾਰਕ ਸਿਨਮੇ ਵਿੱਚ ਦਪਹਿਰ ਦੇ ਸਾਢੇ ਤਿੰਨ ਵਜੇ ਦਾ ਸ਼ੋਅ ਦੇਖਣ ਗਏ ਤਾਂ ਉਸ ਸ਼ੋਅ ਵਿੱਚ ਸਿਰਫ ਅਸੀਂ ਦੋ ਜਣੇ ਹੀ ਸਾਂ। ਸ਼ਾਇਦ ਇਸ ਦਾ ਇਕ ਕਾਰਨ ਫਿਲਮ ਦਾ ਨਾਂ ਹੋਵੇ। 'ਸਾਂਢ ਕੀ ਆਂਖ' ਦੇ ਨਾਂ ਤੋਂ ਫਿਲਮ ਬਾਰੇ ਕੁੱਝ ਵੀ ਪਤਾ ਨਹੀਂ ਲੱਗਦਾ। ਇਸ ਲਈ ਇਸ ਦੇ ਅਰਥ ਬਾਰੇ ਦੋ ਸ਼ਬਦ ਹਾਜ਼ਰ ਹਨ। 'ਸਾਂਢ ਕੀ ਆਂਖ' ਬੁੱਲਜ਼ ਆਈ (bulls eye) ਦਾ ਸਿੱਧਾ ਅਨੁਵਾਦ ਹੈ। ਬੁੱਲਜ਼ ਆਈ ਰੇਂਜ ਸ਼ੂਟਿੰਗ ਦੇ ਮੁਕਾਬਲਿਆਂ ਵਿੱਚ ਗੱਤੇ ਦੇ ਟਾਰਗੈੱਟ ਦੇ ਕੇਂਦਰ ਨੂੰ ਕਹਿੰਦੇ ਹਨ। ਇਸ ਖੇਡ ਵਿੱਚ ਖੇਡਣ ਵਾਲਾ ਆਪਣਾ ਨਿਸ਼ਾਨਾ ਜਿੰਨਾ ਜ਼ਿਆਦਾ ਇਸ ਕੇਂਦਰ ਦੇ ਨੇੜੇ ਲਾਉਂਦਾ ਹੈ, ਉਸ ਨੂੰ ਉਨੇ ਹੀ ਜ਼ਿਆਦਾ ਨੰਬਰ ਮਿਲਦੇ ਹਨ।
ਫਿਲਮ ਵਿੱਚ ਚੰਦਰੋ ਤੋਮਰ ਅਤੇ ਪਰਕਾਸ਼ੀ ਤੋਮਰ ਨੂੰ ਸਾਂਢ ਕੀ ਆਂਖ (ਬੁਲਜ਼ ਆਈ) ਦਾ ਨਿਸ਼ਾਨਾ ਲਾਉਣ ਦੀਆਂ ਮਾਹਰ ਦਿਖਾਇਆ ਜਾਂਦਾ ਹੈ। ਵੱਡੇ ਸਮਾਜਕ ਪੱਧਰ ਬਾਰੇ ਸੋਚਦਿਆਂ ਦਰਸ਼ਕ ਇਹ ਵੀ ਮਹਿਸੂਸ ਕਰਦੇ ਹਨ ਕਿ ਉਹ ਦੋਵੇਂ ਨਿਸ਼ਾਨੇਬਾਜ਼ੀ ਦੇ ਮੁਕਾਬਲਿਆਂ ਵਿੱਚ ਹੀ ਸਾਂਢ ਕੀ ਆਂਖ ਦਾ ਨਿਸ਼ਾਨਾ ਨਹੀਂ ਲਾਉਂਦੀਆਂ ਸਗੋਂ ਸਮਾਜ ਵਿੱਚ ਫੈਲੀ ਮਰਦ ਪ੍ਰਧਾਨਤਾ ਦੀ ਅੱਖ ਫੁੰਡਣ ਵਿੱਚ ਵੀ ਕਾਮਯਾਬ ਹੁੰਦੀਆਂ ਹਨ।
ਅੱਜਕੱਲ੍ਹ ਇਹ ਫਿਲਮ ਸਰੀ ਦੇ ਸਟਰਾਅਬਰੀ ਹਿੱਲ ਸਿਨਮੇ ਅਤੇ ਗਿੱਲਫੋਰਡ ਇਲਾਕੇ ਦੇ ਲੈਂਡਮਾਰਕ ਸਿਨਮਿਆਂ ਵਿੱਚ ਲੱਗੀ ਹੋਈ ਹੈ। ਹਰ ਰੋਜ਼ ਚਾਰ ਸ਼ੋਅ। ਜਿਹੜੇ ਲੋਕ ਸਮਾਂ ਕੱਢ ਸਕਦੇ ਹਨ, ਉਨ੍ਹਾਂ ਨੂੰ ਸਮਾਂ ਕੱਢ ਕੇ ਇਹ ਫਿਲਮ ਜ਼ਰੂਰ ਦੇਖਣੀ ਚਾਹੀਦੀ ਹੈ।
-
ਸੁਖਵੰਤ ਹੁੰਦਲ,
************
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.