ਦਸੰਬਰ 1991 ਦੀ ਉਹ ਸੁਭਾਗੀ ਸ਼ਾਮ ਮੈਨੂੰ ਅੱਜ ਵੀ ਯਾਦ ਹੈ ਜਦ ਸ਼੍ਰੀ ਕਮਲ ਸ਼ਰਮਾ ਜੀ ਆਪਣੇ ਇਕ ਦੋਸਤ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹੋਸਟਲ ਦੇ ਕਮਰਾ ਨੰਬਰ 201 ਵਿੱਚ ਮੈਨੂੰ ਮਿਲਣ ਆਏ ਸਨ। ਗਾਜਰੀ ਰੰਗ ਦਾ ਕੁਰਤਾ, ਸ਼ਾਂਤ ਅਤੇ ਮਿੱਠੜੇ ਸੁਭਾ ਅਤੇ ਕਮਰੇ ਵਿਚ ਬੈਠਦਿਆਂ ਬੈਠਦਿਆਂ ਹੀ ਮੇਰੇ ਨਾਲ ਗੱਲਾਂ ਦੀ ਐਸੀ ਸਾਂਝ ਪਾ ਲਈ ਕਿ ਮੈਨੂੰ ਲੱਗਿਆ ਜਿਵੇਂ ਕਿਸੇ ਚਿਰਪਰਿਚਿਤ ਦੋਸਤ ਨੇ ਦਸਤਕ ਦਿੱਤੀ ਹੋਵੇ। ਇਹ ਓਹਨਾ ਨਾਲ ਮੇਰੀ ਪਹਿਲੀ ਮੁਲਾਕਾਤ ਸੀ।
ਕੁਝ ਦੇਰ ਬੈਠਣ ਤੋਂ ਬਾਅਦ ਅਸੀਂ ਚਾਹ ਪੀਣ ਹੋਸਟਲ ਦੀ ਕੰਟੀਨ ਵੱਲ ਨੂੰ ਹੋ ਤੁਰੇ। ਚਾਹ ਦੀ ਚੁਸਕੀਆਂ ਤੇ ਰਾਸ਼ਟਰਵਾਦ ਦਾ ਵਿਸ਼ਾ ਚਰਚਾ ਵਿਚ ਆ ਗਿਆ। ਮੈਨੂੰ ਹੈਰਾਨੀ ਹੋ ਰਹੀ ਸੀ ਕਿ ਕਮਲ ਸ਼ਰਮਾ ਜੀ ਦੀ ਰਾਸ਼ਟਰਵਾਦ ਦੇ ਮੁੱਦੇ ਤੇ ਪਕੜ ਕਿਸੇ ਯੂਨੀਵਰਸਿਟੀ ਦੇ ਪ੍ਰੋਫੈਸਰ ਤੋਂ ਘੱਟ ਨਹੀਂ ਸੀ। ਓਹਨਾ ਦੇ ਹਰ ਸ਼ਬਦ ਵਿੱਚ ਮੈਨੂੰ ਭਾਰਤ ਮਾਂ ਪ੍ਰਤੀ ਪ੍ਰੇਮ ਅਤੇ ਸਤਿਕਾਰ ਸੁਣਾਈ ਦੇ ਰਿਹਾ ਸੀ। ਮੈਨੂੰ ਲੱਗਿਆ ਸ਼ਾਇਦ ਮੈਂ ਕਿਸੇ ਐਸੇ ਕ੍ਰਾਂਤੀਕਾਰੀ ਨਾਲ ਗੱਲ ਕਰ ਰਿਹਾ ਹੋਵਾਂ ਜੋ ਸਮਾਜ ਵਿਚ ਵੱਡੇ ਬਦਲਾਵ ਵੇਖਣਾ ਚਾਹੁੰਦਾ ਹੋਵੇ। ਚਾਹ ਖਤਮ ਹੋਣ ਤੱਕ ਮੈਨੂੰ ਓਹਨਾ ਨੇ ਆਪਣੇ ਵਿਚਾਰਾਂ ਨਾਲ ਜੋੜ ਲਿਆ ਸੀ।
1991 ਤੋਂ 1993 ਤੱਕ ਦਾ ਸਮਾਂ ਪੰਜਾਬ ਵਿਚ ਅੱਤਵਾਦ ਦਾ ਦੌਰ ਸ਼ਿਖਰ ਤੇ ਸੀ ਇਹ ਭਾਰਤ ਮਾਂ ਦਾ ਪਰਵਾਨਾ ਰਾਸ਼ਟਰਵਾਦ, ਧਰਮ, ਦੇਸ਼ ਭਗਤੀ ਅਤੇ ਸਮਾਜ ਵਿਚ ਦਿਨੋ ਦਿਨ ਵਧ ਰਹੀਆਂ ਕੁਰੀਤੀਆਂ ਨੂੰ ਦੂਰ ਕਰਨ ਦੀ ਮਸ਼ਾਲ ਚੁੱਕੀ ਪੰਜਾਬ ਦੇ ਸ਼ਹਿਰ ਸ਼ਹਿਰ ਨੌਜਵਾਨਾਂ ਨੂੰ ਸੰਗਠਿਤ ਕਰਨ ਲਈ ਤੁਰਿਆ ਫਿਰਦਾ ਸੀ। ਮੈਨੂੰ ਯਾਦ ਹੈ ਕਿ ਜਨਵਰੀ 1992 ਵਿੱਚ ਮੈਨੂੰ ਕਮਲ ਜੀ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ " ਰਾਸ਼ਟਰਵਾਦ, ਧਰਮ ਨਿਰਪੱਖਤਾ ਅਤੇ ਦੇਸ਼ ਪ੍ਰੇਮ" ਵਿਸ਼ੇ ਤੇ ਇੱਕ ਸੈਮੀਨਾਰ ਕਰਵਾਉਣ ਲਈ ਕਿਹਾ। ਉਸ ਸੈਮੀਨਾਰ ਵਿਚ ਮੁੰਬਈ ਤੋਂ ਸੰਘ ਵਿਚਾਰਕ ਦੱਤਾੱਤਰੇ ਜੀ ਮੁੱਖ ਵਕਤਾ ਦੇ ਤੋਰ ਤੇ ਆਉਣ ਵਾਲੇ ਸਨ।
ਉਹਨੀ ਦਿਨੀਂ ਰਾਸ਼ਟਰਵਾਦ ਦੀ ਗੱਲ ਕਰਨਾ ਥੋੜਾ ਔਖਾ ਜਿਹਾ ਕੰਮ ਸੀ, ਪਰ ਕਮਲ ਜੀ ਨੇ ਮੈਨੂੰ ਉਸ ਸੈਮੀਨਾਰ ਦਾ ਕਨਵੀਨਰ ਬਣਾ ਅੱਗੇ ਲਿਆਂਦਾ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਬ੍ਰੇਰੀ ਦੇ ਉੱਪਰ ਇਹ ਸੈਮੀਨਾਰ ਹੋਇਆ ਤੇ ਲੋਕਾਂ ਦੇ ਬਹੁਤ ਭੁਲੇਖੇ ਦੂਰ ਹੋਏ। ਕਮਲ ਜੀ ਦੇ ਵਿਚਾਰਾਂ ਦੀ ਪਰਿਪੱਕਤਾ, ਵਿਸ਼ੇ ਤੇ ਪਕੜ, ਦੂਸਰਿਆਂ ਦੀ ਗੱਲ ਨੂੰ ਸੁਣਨ ਤੇ ਸਮਝਣ ਦੀ ਸਮਰੱਥਾ ਬਾ ਕਮਾਲ ਸੀ। ਉਹ ਦੂਸਰੇ ਦੇ ਵਿਚਾਰਾਂ ਨੂੰ ਕਦੇ ਕੱਟਣ ਦੀ ਕੋਸ਼ਿਸ਼ ਨਹੀਂ ਸਨ ਕਰਦੇ ਬਲਕਿ ਆਪਣੀ ਗੱਲ ਪਰਿਪੱਕਤਾ ਨਾਲ ਤਰਕ ਦੇ ਅਧਾਰ ਤੇ ਕਹਿ ਕੇ ਇੱਕ ਅਜਿਹਾ ਮੰਥਨ ਛੇੜ ਦਿੰਦੇ ਸਨ ਕਿ ਦੂਸਰਾ ਵਿਅਕਤੀ ਪ੍ਰਭਾਵਿਤ ਹੋ ਓਹਨਾ ਨਾਲ ਹੋ ਜੁੜਦਾ ਸੀ।
ਕਮਲ ਜੀ ਨੂੰ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਕ ਸੀ ਅਤੇ ਓਹਨਾ ਦੇ ਬੈਗ ਵਿਚ ਕੋਈ ਨਾ ਕੋਈ ਕਿਤਾਬ ਜਰੂਰ ਰਿਹਾ ਕਰਦੀ ਸੀ। ਮੈਨੂੰ ਯਾਦ ਹੈ ਇੱਕ ਵਾਰ ਅਸੀਂ ਪੁਤਲੀ ਘਰ ਅਮ੍ਰਿਤਸਰ ਦੇ ਦਫਤਰ ਵਿਚ ਬੈਠੇ ਸਾਂ ਤਾਂ ਉਹਨਾਂ ਦੇ ਹੱਥ ਵਿਚ ਵਾਜਪਾਈ ਜੀ ਦੀ ਸੰਪਾਦਿਤ ਇੱਕ ਪੁਸਤਕ ਸੀ ਜਿਸ ਵਿੱਚ ਐਮਰਜੈਂਸੀ ਦੇ ਅਨੁਭਵਾਂ ਬਾਰੇ ਕੁਝ ਲੇਖ ਪ੍ਰਕਾਸ਼ਿਤ ਸਨ। ਅਸੀਂ ਪੁਤਲੀ ਘਰ ਤੋਂ ਯੂਨੀਵਰਸਿਟੀ ਇਕੱਠੇ ਜਾਣਾ ਸੀ ਤੇ ਉਹਨਾਂ ਮੈਨੂੰ ਕਿਹਾ ਅਸੀਂ ਆਟੋ ਚ ਨਹੀਂ ਰਿਕਸ਼ਾ ਵਿਚ ਜਾਵਾਂਗੇ ਤਾਂ ਕਿ ਸ਼ਹਿਰ ਦੇ ਦੀਦਾਰ ਕਰਨ ਦੇ ਨਾਲ ਨਾਲ ਕੁਝ ਗੱਲਬਾਤ ਵੀ ਕੀਤੀ ਜਾ ਸਕੇ।
ਉਸ ਸਮੇਂ ਓਹਨਾ ਨਾਲ ਚੰਡੀਗੜ੍ਹ ਤੋਂ ਵਿਨੀਤ ਜੋਸ਼ੀ ਵੀ ਨਾਲ ਸੀ। ਪੁਤਲੀ ਘਰ ਤੋਂ ਯੂਨੀਵਰਸਿਟੀ ਤੱਕ ਦੇ ਰਿਕਸ਼ਾ ਦੇ ਸਫ਼ਰ ਤੱਕ ਓਹਨਾ ਵਾਜਪਾਈ ਜੀ ਦੇ ਪੁਸਤਕ ਦੇ ਤਕਰੀਬਨ ਸਾਰੇ ਲੇਖਾਂ ਦਾ ਸਾਰ ਸਾਡੇ ਨਾਲ ਸਾਂਝਾ ਕਰ ਦਿਤਾ ਸੀ। ਉਸ ਸਮੇਂ 24 ਸਾਲ ਦਾ ਨੌਜਵਾਨ ਕਮਲ ਸ਼ਰਮਾ ਮੈਨੂੰ ਬਹੁਤ ਹੀ ਪਰਿਪੱਕ ਤੇ ਸੁਲਝਿਆ ਹੋਇਆ ਇਨਸਾਨ ਲਗਦਾ ਸੀ , ਜਿਸਨੇ ਆਪਣੀ ਇਸੇ ਸ਼ਕਤੀ ਕਰਕੇ ਸਮਾਜ ਵਿਚ ਆਪਣਾ ਨਾਮ ਵੀ ਬਣਾਇਆ ਅਤੇ ਸਮਾਜ ਦੀ ਸੇਵਾ ਵੀ ਕੀਤੀ। ਅੱਜ ਇਹ ਨੌਜਵਾਨ 49 ਸਾਲ ਦੀ ਉਮਰ ਵਿਚ ਹੀ ਸਾਥੋਂ ਵਿਛੜ ਗਿਆ ਹੈ। ਹਾਲੇ ਬਹੁਤ ਉਮੀਦਾਂ ਸਨ ਇਸ ਨੌਜਵਾਨ ਤੋਂ। ਇਸ ਕ੍ਰਾਂਤੀਕਾਰੀ ਦੀ ਹਾਲੇ ਬਹੁਤ ਲੋੜ ਸੀ। ਰੱਬਾ ਖੈਰ ਕਰੀਂ......
-
ਡਾ ਅਸ਼ਵਨੀ ਭੱਲਾ, ਪ੍ਰਧਾਨ, ਪੰਜਾਬ ਕੋਮਰਸ ਤੇ ਮੈਨੇਜਮੈਂਟ ਐਸੋਸੀਏਸ਼ਨ
ashwanibhalla@gmail.com
+919478020043
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.