ਸੰਕੇਤਕ ਤਸਵੀਰ
"ਵਿਆਹ ਕਾਹਦਾ,ਮੇਲਾ ਈ ਲਾ ਦਿੱਤਾ ਏਹਨਾਂ। ਸੈਂਕੜੈ ਬਰਾਤੀਆਂ ਦਾ ਇਕੱਠ ਵੇਖ ਕੇ ਸਾਰੇ ਅਸ਼ ਅਸ਼ ਕਰਦੇ ਪਏ ਨੇ।...ਵੈਸੇ ਵੀ ਮੇਰਾ ਵੱਡੀ ਉਮਰ ਦਾ ਮਿੱਤਰ ਦਿਲਾਵਰ ਵੀ ਤਾਂ ਅਕਸਰ ਇਹੀ ਕਹਿੰਦਾ ਰਿਹਾ ਕਿ ਉਹ ਆਪਣੇ ਇਕਲੌਤੇ ਪੁੱਤਰ ਦਾ ਵਿਆਹ ਸੱਜ-ਫ਼ੱਬ ਨਾਲ ਕਰੂ।ਧੂਮ-ਧੜੱਕਾ ਵੀ ਏਦਾਂ ਦਾ ਹੋਊ ਕਿ ਦੁਨੀਆ ਦੇਖੂ।ਦਿਲਾਵਰ ਦੀਆਂ ਰੀਝਾਂ ਪੂਰੀਆਂ ਹੁੰਦੀਆਂ ਦਿਸ ਰਹੀਆਂ ਸਨ ਮੈਨੂੰ।ਸੈਂਕੜਿਆਂ ਦਾ ਇਕੱਠ ਵਿੱਚ ਪੂਰੀ ਖ਼ਾਤਰਦਾਰੀ।ਕਿਤੇ ਬੈਂਡ ਵੱਜਦੇ,ਕਿਤੇ ਢੋਲ ਵੱਜਦੇ 'ਤੇ ਬਰਾਤੀਆਂ ਦੀ ਵੀ ਪੂਰੀ ਸੇਵਾ-ਪਾਣੀ।ਕੁੜੀ ਵਾਲੇ ਵੀ ਚੰਗੇ-ਚੋਖੇ ਅਮੀਰ ਘਰਾਣੇ ਦੇ ਲਗਦੇ।ਕੋਈ ਕਸਰ ਨਹੀਂ ਛੱਡ ਰਹੇ ਸਨ ਆਓ-ਭਗਤ 'ਚ।ਸੁਣਿਆ ਸੀ ਕਿ ਕੁੜੀ ਵਾਲੇ ਹੈ ਤਾਂ ਸਾਕਾਹਾਰੀ ਸੈਨ,ਪਰ ਵਿਆਹ ਮੁੰਡੇ ਵਾਲਿਆਂ ਦੇ ਕਹਿਣ 'ਤੇ ਹਰ ਤਰਾਂ ਦੀ 'ਸੇਵਾ-ਪਾਣੀ' ਨਾਲ ਈ ਕਰ ਰਹੇ ਸਨ।ਮੁੰਡੇ ਦਾ ਪਿਓ ਆਪ ਈ ਕਹਿੰਦਾ ਸੀ ਕਿ ਦਾਜ 'ਚ ਲੈਣਾ ਕੁਝ ਨਈਂ,ਪਰ ਬਰਾਤੀਆਂ ਦੀ ਸੇਵਾ ਹਰ ਤਰਾਂ ਦੀ ਹੋਵੇ।ਕੋਈ ਇਹ ਨਾ ਕਹੇ ਕਿ ਵਿਆਹ ਦਾਰੂ-ਪਾਣੀ ਤੋਂ ਬਿਨਾ 'ਸੁੱਕਾ' ਈ ਹੋ ਗਿਆ।
ਜਿਸ ਟੇਬਲ 'ਤੇ ਮੈਂ ਆਪਣੇ ਬੇਟੇ ਰਣਵੀਰ ਨਾਲ ਬੈਠਾਂ ਸਾਂ,ਉੱਥੇ ਵੀ ਜੇ ਕੋਈ ਬੈਰਾ੍ਹ ਆਉਂਦਾ ,ਤਾਂ ਮੇਰਾ ਪਹਿਲਾ ਸਵਾਲ ਇਹੀ ਹੁੰਦਾ ਕਿ "ਇਹ ਵੈੱਜ਼ ਹੈ?" ਅੱਗੋਂ ਜਵਾਬ ਆਉਂਦਾ "ਨੌਨ ਵੈੱਜ਼"।ਵੈੱਜ਼ ਲਿਆਉਣ ਲਈ ਬੈਰ੍ਹਿਆਂ ਨੂੰ ਕਹਿੰਦਾ ,ਤਾਂ ਉਹ ਝੱਟ ਵੈਜ਼ ਲੈ ਕੇ ਆਉਣ ਦਾ ਲਾਰਾ ਲਾ ਕੇ ਪੰਦਰਾਂ ਵੀਹ ਮਿੰਟ ਆਉਂਦੇ ਈ ਨਾ।ਮੇਰਾ ਬੇਟਾ ਭਾਵੇਂ ਨੌਂ ਕੁ ਸਾਲਾਂ ਦਾ ਸੀ,ਪਰ ਮੇਰੇ ਵਾਂਗ ਨੀਝ ਲਾ ਕੇ ਤੱਕਣ ਵਾਲਾ ਤੇ ਮਜ਼ਾਕੀਆ ਸੁਭਾ ਦਾ ਵੀ ਬੜਾ ਸੀ।ਹਰ ਗੱਲ ਬਰੀਕੀ ਨਾਲ ਦੇਖਦਾ ਪਰਖਦਾ ਉਹ।ਕਹਿੰਦਾ, " ਪਾਪਾ,ਆਹ ਵੈੱਜ਼ ਦੇ ਚੱਕਰ 'ਚ ਸਾਡਾ ਵਿਆਹ ਲਗਦੈ ਸੁੱਕਾ ਈ ਲੰਘ ਜਾਣਾ!...ਆਹ ਟੇਬਲਾਂ 'ਤੇ ਸ਼ਰਾਬ ਦੀਆਂ ਬੋਤਲਾਂ ਦੇ ਢੱਕਣ ਖੋਲ੍ਹ ਖੋਲ੍ਹ ਪੀਵੀ ਜਾਂਦੇ ਸਾਰੇ।ਇੱਕ ਅਸੀਂ ਵੀ ਪੀ ਕੇ ਵੇਖ ਲਈਏ।ਸਾਰੇ ਪੀਂਦੇ ਈ ਪਏ ਆ,ਇਹਨੂੰ ਪੀਣ ਨਾਲ ਸਾਡਾ ਵੀ ਕੀ ਵਿਗੜ ਚੱਲਿਆ?
ਮੈਂ ਬੇਟੇ ਦੀ ਗੱਲ ਦਾ ਜਵਾਬ ਦਿੰਦਿਆਂ ਕਿਹਾ,"ਬੇਟਾ,ਉਹ ਸ਼ਰਾਬ ਦੀਆਂ ਬੋਤਲਾਂ ਨੇ,ਕੋਈ ਕੋਲਡ ਡਰਿੰਕ ਨਈਂ ਜਿਹੜਾ ਅਸੀਂ ਵੀ ਪੀ ਲਈਏ।ਔਹ ਦੇਖ ,ਨਾਲ ਵੰਨ-ਸੁਵੰਨਾ ਮੀਟ,ਚਿਕਨ,ਨੌਨ ਵੈੱਜ਼ ਵੀ ਪਿਆ ਏ,ਜੋ ਨਾ ਅਸੀਂ ਕਦੇ ਖਾਧਾ ਤੇ ਨਾ ਖਾਣਾ।"
"ਪਾਪਾ,ਅਸੀਂ ਇਕੱਲੇ ਈ ਲਗਦੈ ਇਸ ਵਿਆਹ 'ਚ ਇੰਝ ਦੇ?"
ਮੈਂ ਜਨਮ ਤੋਂ ਸ਼ਰਾਬ ਦਾ ਟੇਸਟ ਨਹੀਂ ਦੇਖਿਆ ਸੀ,ਤੇ ਆਹ ਅੱਜ ਕੀ ਭਾਣਾ ਵਾਪਰ ਗਿਆ ਇਸ ਵਿਆਹ ਵਿੱਚ?ਮੇਰਾ ਬੇਟਾ ਕਹਿੰਦਾ "ਪਾਪਾ,ਅੱਜ ਮੈਂ ਵੀ ਤੁਹਾਡੇ ਨਾਲ ਸ਼ਰਾਬ ਪੀਣੀ ਈ ਪੀਣੀ"!ਮੇਰੇ ਪੈਰਾਂ ਹੋਠੋਂ ਜਿਵੇਂ ਜ਼ਮੀਨ ਖਿਸਕ ਗਈ ਹੋਵੇ!ਬੜਾ ਜਿਗਰਾ ਕਰਕੇ ਸਮਝਾਉਣਾ ਸ਼ੁਰੂ ਕੀਤਾ ਬੇਟੇ ਨੂੰ..."ਸ਼ਰਾਬ 'ਚ ਨਸ਼ਾ ਹੁੰਦਾ..ਸ਼ਰਾਬ ਸਰੀਰ ਦਾ ਸੱਤਿਆ ਨਾਸ ਕਰਦੀ...ਬੰਦੇ ਦੀ ਬੁੱਧੀ ਭ੍ਰਿਸ਼ਟ ਕਰਦੀ...ਬੰਦੇ ਦਾ ਦਿਲ,ਦਿਮਾਗ,ਜਿਗਰ ਸਭ ਗਲ਼ਦਾ..."।
ਵਿਆਹ ਕਾਹਦਾ ਸੀ,ਅੰਦਰੋਂ ਅੰਦਰ ਗੁੱਸਾ ਆਉਣ ਲਗ ਪਿਆ।ਅੱਗੋਂ ਬੇੇਟੇ ਦੇ ਜਵਾਬ ਨੇ ਤਾਂ ਹੋਰ ਵੀ ਲਾਜਵਾਬ ਕਰ ਦਿੱਤਾ।ਅਖੇ, "ਜੇ ਸ਼ਰਾਬ ਇੰਨੀ ਮਾੜੀ ਆ,ਤਾਂ ਆਹ ਸਾਰੇ ਟੇਬਲਾਂ 'ਤੇ ਸਾਰੇ ਅੰਕਲ ਇਸਨੂੰ ਪੀਵੀ ਕਿਉਂ ਜਾਂਦੇ ਧੜਾ ਧੜ?ਆਪਾਂ 'ਕੱਲੇ ਈ ਨਈਂ ਪੀਂਦੇ ਪਏ?...ਔਹ ਦੇਖੋ ਸਾਰੇ ਜਾਣੇ ਸ਼ਰਾਬ ਦੀ ਬੋਤਲ ਫੜ੍ਹ ਕੇ ਕਿਵੇਂ ਨੱਚ ਨੱਚ ਕੇ ਇੰਜੌਏ ਪਏ ਕਰਦੇ ਨੇ!"
ਬੇਟੇ ਦੇ ਜਵਾਬਾਂ ਸਾਹਮਣੇ ਇੰਝ ਮਹਿਸੂਸ ਹੋ ਰਿਹਾ ਸੀ ,ਜਿਵੇਂ ਸ਼ਰਾਬ ਦੇ ਚਹੇਤਿਆਂ ਦੀ ਭੀੜ 'ਚ ਇਕੱਲਾ ਪੈ ਕੇ ਝੂਠਾ ਸਿੱਧ ਹੋ ਰਿਹਾ ਹੋਵਾਂ।ਮਨ ਹੀ ਮਨ 'ਚ ਇਹ ਪ੍ਰਣ ਕੀਤਾ ਕਿ ਅੱਗੇ ਤੋਂ ਆਪਣੇ ਕਿਸੇ ਵੀ ਬੱਚੇ ਨੂੰ ਅਜਿਹੇ ਵਿਆਹਾਂ ਵਿੱਚ ਨਹੀਂ ਲੈ ਕੇ ਜਾਵਾਂਗਾ,ਜਿੱਥੋਂ ਆਪਣੇ ਟੱਬਰ 'ਚ ਖੁਸ਼ੀ ਦੀ ਥਾਵੇਂ ਸ਼ਰਾਬ ਵਰਗੀ ਬੁਰਾਈ ਦੇ ਮੰਦ ਪ੍ਰਭਾਵ ਨੂੰ ਨਾਲ ਲੈ ਆਵਾਂ।ਗੁੱਸਾ ਆ ਰਿਹਾ ਸੀ ਕਿ ਇਹ ਕਿਹੜੇ ਵਿਆਹ ਨੇ ਜੋ ਸਭ ਨਸ਼ਿਆਂ ਦੀ ਮਾਂ ਸਮਝੀ ਜਾਂਦੀ ਸ਼ਰਾਬ ਦਾ ਹੜ੍ਹ ਲਾਈ ਫਿਰਦੇ?ਨਾਲੇ ਇਹ ਕਿੱਦਾਂ ਦੇ ਬਰਾਤੀ ਆ,ਜਿਹੜੇ ਸ਼ਰਾਬ ਨੂੰ ਈ ਸੇਵਾ ਸਮਝੀ ਬੈਠੇ?
ਜੇ ਸ਼ਰਾਬ ਈ ਇੰਨਾਂ ਲਈ ਏਡੀ 'ਦਾਰੂ' ਆ,ਤਾਂ ਕਿਹੜੇ ਨਸ਼ਿਆਂ ਦਾ ਖਾਹ-ਮਖਾਹ ਢੰਡੋਰਾ ਪਿੱਟੀ ਫਿਰਦੇ ਆਪਾਂ? ਇਸ ਅੰਦਰਲੇ ਮਨ ਨਾਲ ਘਮਸਾਨ ਯੁੱਧ ਹੋਣ ਦੇ ਨਾਲ ਨਾਲ ਅਜੇ ਕਸ਼ਮਕਸ਼ ਚੱਲ ਈ ਰਹੀ ਹੁੰਦੀ ਹੈ ਮੇਰੀ ਮੇਰੇ ਬੇਟੇ ਨਾਲ ਕਿ ਅਚਾਨਕ "ਠਾਹ" ਦੀ ਆਵਾਜ਼ ਆਉਂਦੀ ਏ।ਚੀਕ ਚਿਹਾੜਾ ਸ਼ੁਰੂ ਹੁੰਦਾ ਹੈ।ਵਿਆਹ ਮਾਤਮ ਵਿੱਚ ਬਦਲਦਾ ਹੈ।"ਪਾਪਾ ਇਹ ਕੀ ਹੋ ਗਿਆ?"-ਮੇਰਾ ਬੇਟਾ ਡਰ ਨਾਲ ਕੁਝ ਸਹਿਮ ਕੇ ਪੁੱਛਦਾ ਹੈ।ਸਭ ਕੁਝ ਦੇਖ ਕੇ ਇਸ ਦਰਦਨਾਕ ਦ੍ਰਿਸ਼ ਨੂੰ ਬੱਸ ਇੱਕ ਵਾਕ 'ਚ ਕਹਿਣ ਦਾ ਹੌਂਸਲਾ ਈ ਪਿਆ, "ਸ਼ਰਾਬ ਪੀ ਕੇ ਨੱਚਦੇ ਵਿਆਹ ਵਾਲੇ ਮੁੰਡੇ ਦੇ ਮਿੱਤਰਾਂ ਦੀ ਹਵਾਈ ਫਾਇਰ ਕਰਦਿਆਂ ਇੱਕ ਗੋਲ਼ੀ ਵਿਆਹ ਵਾਲੇ ਮੁੰਡੇ ਨੂੰ ਜਾ ਵੱਜੀ ਤੇ ਮੁੰਡਾ ਥਾਏਂ ਈ ਮਾਰਿਆ ਗਿਆ"।
ਲੋਕਾਂ ਦਾ ਚੀਕ ਚਿਹਾੜਾ ਅੱਖੀਂ ਦੇਖ ਕੇ ਬੇਟਾ ਮੇਰਾ ਚੁੱਪ ਕਰਨ ਦਾ ਨਾਂ ਈ ਨਹੀ ਲੈ ਰਿਹਾ ਸੀ।ਸਹਿਮਿਆਂ ਹੋਇਆ ਰੋਂਦਾ ਇੱਕੋ ਗੱਲ ਈ ਵਾਰ ਵਾਰ ਕਹੀ ਜਾ ਰਿਹਾ ਸੀ, "ਪਾਪਾ,ਮੈਂ ਕਦੀ ਇਹ ਗੰਦੀ ਸ਼ਰਾਬ ਨਹੀਂ ਪੀਆਂਗਾ।ਪਾਪਾ ਮੈਂ ਕਦੇ ਵੀ ਨਈਂ ਪੀਆਂਗਾ"।
ਵਿਆਹ 'ਚ ਮੇਰੇ ਨੇੜੇ ਦੇ ਟੇਬਲ 'ਤੇ ਜਿਹੜੇ ਚਾਰ ਕੁ ਬਰਾਤੀ ਧੜਾ ਧੜ ਸ਼ਰਾਬ ਪੀਂਦੇ ਪਏ ਸੀ,ਉਹ ਵੀ ਹੁਣ ਗਿਰਗਟ ਵਾਂਗ ਰੰਗ ਬਦਲ ਕੇ ਇਹੀ ਕਹਿੰਦੇ ਸੁਣੇ, "ਵਿਆਹਾਂ 'ਚ ਸ਼ਰਾਬ ਤੇ ਹਥਿਆਰ ਸਰਕਾਰਾਂ ਬੰਦ ਕਿਉਂ ਨਈਂ ਕਰਦੀਆਂ?" ਓਧਰ ਮੁੰਡੇ ਦਾ ਪਿਓ ਧਾਂਹਾਂ ਮਾਰ ਮਾਰ ਰੋਂਦਾ ਇਹ ਕਹਿੰਦਾ ਸੁਣਿਆ ਕਿ "ਲੋਕੋ,ਸ਼ਰਾਬ 'ਤੇ ਹਥਿਆਰ ਲੈ ਬੈਠਾ ਮੇਰੇ ਪੁੱਤ ਨੂੰ!ਇਹ ਵਿਆਹ ਨਈਂ ਸੀ ਲੋਕੋ,ਮੇਰੇ ਟੱਬਰ ਦੀ ਆਪਣੇ ਹੱਥੀਂ ਪੁੱਟੀ ਮੜੀ੍ਹ ਸੀ,ਮੜੀ੍ਹ!ਬੰਦ ਕਰਦਿਓ ਇੰਨਾਂ ਸ਼ਰਾਬਾਂ ਤੇ ਹਥਿਆਰਾਂ ਨੂੰ ਵਿਆਹਾਂ 'ਚੋਂ...ਬਸ,ਬੰਦ ਕਰਦਿਓ!ਐਵੇਂ ਮੇਰੇ ਵਾਂਗ ਭੰਗ ਦੇ ਭਾਣੇ ਪੁੱਤ ਨਾ ਮਰਵਾ ਲਿਓ!ਨਾ ਮਰਵਾ ਲਿਓ ਆਪਣੇ ਪੁੱਤ ਕਿਤੇ!"
ਦੇਖਿਆ ਨਹੀਂ ਜਾਂਦਾ ਸੀ ਇਹ ਸਭ ਕੁਝ।ਬੇਟਾ ਚੀਕਾਂ ਮਾਰਦਾ ਕਹਿੰਦਾ, "ਪਾਪਾ,ਮੈਨੂੰ ਇੱਥੋਂ ਲੈ ਜਾਓ!ਕਦੇ ਨਾ ਖੜਿਓ ਮੈਨੂੰ ਇਹੋ ਜਿਹੇ ਸ਼ਰਾਬਾਂ ਵਾਲੇ ਵਿਆਹ ਵਿੱਚ!ਮੈਂ ਨਈਂ ਜਾਣਾ ਇਹੋ ਜਿਹੇ ਵਿਆਹਾਂ ਵਿੱਚ!"ਵਾਪਰਿਆ ਦੁਖਾਂਤ ਏਡਾ ਡਾਹਢਾ ਸੀ ਕਿ ਮੈਨੂੰ ਲੱਗਾ ਇਹ ਮੇਰੇ ਮਿੱਤਰ ਦਿਲਾਵਰ ਦੀ ਹੀ ਨਹੀਂ,ਮੇਰੀ ਹੀ ਦੁਨੀਆ ਜਿਵੇਂ ਖ਼ਤਮ ਜਿਹੀ ਹੋ ਗਈ ਹੋਵੇ!ਆਖ਼ਿਰ ਉਹ ਉਹਦਾ ਈ ਨਹੀਂ,ਮੇਰੇ ਪੰਜਾਬ ਦਾ ਵੀ ਇੱਕ ਪੁੱਤਰ ਮੌਤ ਦੀ ਬਲੀ ਚੜ੍ਹਿਆ ਸੀ!
ਡਾ.ਪਰਮਜੀਤ ਸਿੰਘ ਕਲਸੀ (ਸਟੇਟ ਅਤੇ ਨੈਸ਼ਨਲ ਐਵਾਰਡੀ),
ਪਿੰਡ ਤੇ ਡਾਕਖਾਨਾ ਊਧਨਵਾਲ, ਤਹਿਸੀਲ ਬਟਾਲਾ, ਗੁਰਦਾਸਪੁਰ-143505, ,
-
ਡਾ.ਪਰਮਜੀਤ ਸਿੰਘ ਕਲਸੀ, ਲੈਕਚਰਾਰ ਪੰਜਾਬੀ
kalsi19111@gmail.com
7068900008
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.