ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਅਮਰੀਕਾ ਸਥਿਤ ਯੂਨੀਵਰਸਿਟੀ ਵਾਸ਼ਿੰਗਟਨ ਡੀ. ਸੀ. ਦੇ ਵਿਦਿਆਰਥੀਆਂ ਨਾਲ 11 ਮਾਰਚ 2016 ਵਿੱਚ ਕੀਤੀ ਖੁੱਲ੍ਹੀ ਗੱਲਬਾਤ ਕਿਸੇ ਸਮੇਂ ਬੜੀ ਚਰਚਾ ਦਾ ਵਿਸ਼ਾ ਬਣੀ ਸੀ। ਹੋਇਆ ਇਉਂ ਕਿ ਯੂਨੀਵਰਸਿਟੀ ਦੇ ਇਕ ਵਿਦਿਆਰਥੀ ਨੇ ਟਰੂਡੋ ਤੋਂ ਉਸਦੀ ਸਰਕਾਰ 'ਚ ਸਿੱਖਾਂ ਬਾਰੇ ਸਵਾਲ ਪੁੱਛ ਲਿਆ, ਜਿਸਦੇ ਜਵਾਬ 'ਚ ਟਰੂਡੋ ਨੇ ਇਹ ਕਹਿ ਦਿੱਤਾ ਕਿ ਟਰੂਡੋ ਦੀ ਲਿਬਰਲ ਵਜ਼ਾਰਤ 'ਚ ਸਿੱਖ ਵਜ਼ੀਰਾਂ ਦੀ ਗਿਣਤੀ ਭਾਰਤ ਦੀ ਮੋਦੀ ਸਰਕਾਰ ਵਿੱਚ ਸ਼ਾਮਲ ਸਿੱਖਾਂ ਨਾਲੋਂ ਵੱਧ ਹੈ। ਦਰਅਸਲ ਟਰੂਡੋ ਦਾ ਕਹਿਣ ਦਾ ਭਾਵ ਇਹ ਸੀ ਕਿ ਕੈਨੇਡਾ ਵਿੱਚ ਪਰਵਾਸ ਕਰਕੇ ਆਏ ਵੱਖ -ਵੱਖ ਨਸਲਾਂ ਰੰਗਾਂ ਧਰਮਾਂ ਕੌਮਾਂ ਜਾਤਾਂ ਅਤੇ ਬੋਲੀਆਂ ਦੇ ਲੋਕ ਉੱਚੇ ਤੋਂ ਉੱਚੇ ਅਹੁਦਿਆਂ 'ਤੇ ਮੌਜੂਦ ਹਨ ਅਤੇ ਇੱਥੇ ਕੋਈ ਭਿੰਨ-ਭੇਦ ਤੇ ਵਿਤਕਰਾ ਨਹੀਂ। ਇਹ ਪਰਵਾਸੀਆਂ ਦਾ ਦੇਸ਼ ਹੈ ਤੇ ਯੋਗਤਾ ਦੇ ਆਧਾਰ 'ਤੇ ਵੱਡੀ ਗਿਣਤੀ 'ਚ ਸਿੱਖ ਵਿਅਕਤੀ ਵੀ ਮੰਤਰੀਆਂ ਦੇ ਅਹੁਦਿਆਂ 'ਤੇ ਬਿਰਾਜੇ ਹਨ।
ਇਹ ਗੱਲ ਸੱਚ ਵੀ ਸੀ ਕਿਉਂਕਿ ਕੈਨੇਡਾ ਦੇ ਫੈਡਰਲ ਮੰਤਰੀਆਂ 'ਚ ਹਰਜੀਤ ਸਿੰਘ ਸੱਜਣ, ਨਵਦੀਪ ਸਿੰਘ ਬੈਂਸ, ਅਮਰਜੀਤ ਸਿੰਘ ਸੋਹੀ ਤੇ ਲਿਬਰਲ ਪਾਰਟੀ ਦੀ ਹਾਊਸ ਆਫ਼ ਕਾਮਨਜ਼ 'ਚ ਲੀਡਰ ਬਰਦੀਸ਼ ਕੌਰ ਚੱਗੜ ਸ਼ਾਮਿਲ ਸਨ, ਜਦਕਿ ਸਿੱਖ ਸਾਂਸਦਾਂ ਦੀ ਗਿਣਤੀ 18 ਸੀ। ਦੂਜੇ ਪਾਸੇ ਮੋਦੀ ਸਰਕਾਰ 'ਚ ਇਹ ਗਿਣਤੀ ਕਿਤੇ ਘੱਟ ਸੀ। ਉਸ ਵੇਲੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਟਿੱਪਣੀ ਨੂੰ ਲੈ ਕੇ ਹਿੰਦੂਤਵੀ ਭਾਰਤੀ ਨੇਤਾਵਾਂ ਅਤੇ ਗੋਦੀ - ਮੀਡੀਆ ਵੱਲੋਂ ਟਰੂਡੋ ਦੀ ਕਰੜੀ ਨਿੰਦਾ ਕੀਤੀ ਗਈ।
ਸਿੱਖ ਵਿਰੋਧੀ ਏਜੰਸੀਆਂ ਵੱਲੋਂ ਟਰੂਡੋ ਦੀ ਸਿੱਖਾਂ ਨਾਲ ਨੇੜਤਾ ਨੂੰ ਲੈ ਕੇ, ਉਸ ਨੂੰ ਭਾਰਤ ਫੇਰੀ ਮੌਕੇ ਘੇਰਿਆ ਗਿਆ ਅਤੇ ਕਈ ਢੰਗ - ਤਰੀਕਿਆਂ ਨਾਲ ਅਪਮਾਨਿਤ ਕੀਤਾ ਗਿਆ। ਪੰਜਾਬ ਦੀ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਪਹਿਲਾਂ ਟਰੂਡੋ ਸਰਕਾਰ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੂੰ ਅੱਤਵਾਦ ਹਮਾਇਤੀ ਗਰਦਾਨਦਿਆ, ਮਿਲਣੋਂ ਨਾਂਹ ਕੀਤੀ, ਮਗਰੋਂ ਟਰੂਡੋ ਦੀ ਪੰਜਾਬ ਫੇਰੀ ਮੌਕੇ ਪ੍ਰਧਾਨ ਮੰਤਰੀ ਟਰੂਡੋ ਅਤੇ ਰੱਖਿਆ ਮੰਤਰੀ ਸੱਜਣ ਨਾਲ ਰਸਮੀ ਮੁਲਾਕਾਤ ਵੇਲੇ ਵੀ ਸਿੱਖ ਵਿਰੋਧੀ ਟਿੱਪਣੀਆਂ ਹੀ ਕੀਤੀਆਂ। ਇਨ੍ਹਾਂ, ਲਿਬਰਲ ਸਰਕਾਰ ਵਿਰੋਧੀ ਹਿੰਦੂਤਵੀ ਤੇ ਫਾਸ਼ੀਵਾਦੀ (ਹਿੰਦੂ ਨਾਜ਼ੀਵਾਦੀ ਅਤੇ ਹਿਟਲਰਵਾਦੀ) ਤਾਕਤਾਂ ਨੇ ਸ਼ਾਮ, ਦਾਮ, ਦੰਡ ਤੇ ਭੇਦ ਨੀਤੀ ਵਰਤਦੇ ਹੋਏ ਕੈਨੇਡਾ ਦੀਆਂ ਫੈਡਰਲ ਚੋਣਾਂ ਵਿੱਚ ਵੀ ਪੂਰੀ ਦਖ਼ਲ-ਅੰਦਾਜ਼ੀ ਕੀਤੀ। ਲਿਬਰਲਾਂ ਨੂੰ ਹਰਾਉਣ ਅਤੇ ਸੱਜੇ ਪੱਖੀ ਟੋਰੀਆਂ ਨੂੰ ਜਿਤਾਉਣ ਦਾ ਪੂਰਾ ਵਾਹ ਲਾਇਆ ਗਿਆ।
ਹੁਣ ਜਦੋਂ ਕੈਨੇਡਾ ਦੀਆਂ ਫੈਡਰਲ ਚੋਣਾਂ ਹੋ ਚੁੱਕੀਆਂ ਹਨ ਅਤੇ ਚੋਣ ਨਤੀਜਿਆਂ 'ਚ ਕੈਨੇਡਾ ਦੇ ਲੋਕਾਂ ਨੇ ਮੁੜ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਲਿਬਰਲ ਸਰਕਾਰ ਦੇ ਹੱਕ ਵਿੱਚ ਫੈਸਲਾ ਦਿੱਤਾ ਹੈ, ਤਾਂ ਬਾਹਰੀ ਫਾਸ਼ੀਵਾਦੀ ਤਾਕਤਾਂ ਦੇ ਮੂੰਹ ਸਿਉਂਤੇ ਗਏ ਹਨ। ਨਿਊਜ਼ ਏਜੰਸੀਆਂ ਵੱਲੋਂ ਭਾਰਤ ਦੇ ਅਖਬਾਰ ਟ੍ਰਿਬਿਊਨ ਤੇ ਹੋਰਨਾਂ ਦੀਆਂ ਰਿਪੋਰਟਾਂ ਵਿੱਚ ਇਹ ਮੰਨਿਆ ਗਿਆ ਹੈ ਕਿ ਕੈਨੇਡਾ ਦੀਆਂ ਚੋਣਾਂ 'ਚ ਭਾਰਤੀ ਏਜੰਸੀਆਂ ਦੀ ਗੱਲ ਨਹੀ ਬਣੀ, ਸਗੋਂ ਇਸ ਦਾ ਉਲਟ ਅਸਰ ਪਿਆ ਹੈ। ਜਿਸ-ਜਿਸ ਹਲਕੇ 'ਚ ਪੰਜਾਬੀ ਵੋਟਰਾਂ ਦੀ ਹੋਂਦ ਸੀ, ਉਥੇ ਟੋਰੀ ਪਾਰਟੀ ਨੂੰ ਹਾਰ ਵੇਖਣੀ ਪਈ।
ਕੈਨੇਡਾ ਦੀਆਂ ਲੋਕ-ਪੱਖੀ ਤਾਕਤਾਂ ਨੇ ਸਿਆਸਤ ਦਾ ਧਰੁਵੀਕਰਨ ਭਾਵ ਕੇਂਦਰੀਕਰਨ ਕਰਨ ਵਾਲੀਆਂ ਮਾਰੂ- ਸ਼ਕਤੀਆਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਹੈ। ਇਸ ਤੋਂ ਇਲਾਵਾ ਗੁਆਂਢੀ ਮੁਲਕ ਅਮਰੀਕਾ 'ਚ ਫੈਲੇ ਗੋਰੀ ਨਸਲਵਾਦ ( 'ਵ੍ਹਾਈਟ ਸੁਪਰਮੇਸੀ'), ਰੂੜ੍ਹੀਵਾਦ (ਰੈਡ-ਨਿਕ) ਅਤੇ ਬਹੁ-ਗਿਣਤੀਵਾਦ ਦੇ ਪ੍ਰਭਾਵ ਨੂੰ ਵੀ ਕੈਨੇਡੀਅਨ ਲੋਕਾਂ ਨੇ ਰੱਦ ਕੀਤਾ। ਇਸ ਮੁੱਦੇ ਨੂੰ ਲੈ ਕੇ ਚੋਣ ਲੜ ਰਹੀ 'ਪੀਪਲਜ਼ ਪਾਰਟੀ ਆਫ ਕੈਨੇਡਾ' ਦਾ ਖਾਤਾ ਵੀ ਨਹੀਂ ਖੁੱਲ੍ਹਿਆ ਅਤੇ ਇਸ ਦੇ ਪ੍ਰਧਾਨ ਮੈਕਸੀਮ ਬਰਨੀਏ ਤੋਂ ਆਪਣੀ ਸੀਟ ਵੀ ਨਾ ਜਿੱਤੀ ਗਈ। ਇਹ ਸੱਜੇ ਪੱਖੀ ਤਾਕਤਾਂ ਅਤੇ ਨਸਲਵਾਦ ਦੀ ਹਾਰ ਕਹੀ ਜਾ ਸਕਦੀ ਹੈ। ਕੈਨੇਡਾ ਦੀ ਵਿਲੱਖਣਤਾ ਇਸ ਦੀ ਵੰਨ-ਸੁਵੰਨਤਾ ਅਤੇ ਬਹੁ ਸਭਿਆਚਾਰਕਤਾ ਵਿੱਚ ਹੈ, ਜਿੱਥੇ ਨਸਲਵਾਦ, ਫਾਸ਼ੀਵਾਦ, ਸੱਜੇ-ਪੱਖੀ ਉਭਾਰ ਅਤੇ ਧਰੁਵੀਕਰਨ ਦੇ ਖਿਲਾਫ ਮਾਨਵਵਾਦੀ ਅਤੇ ਉਦਾਰਵਾਦੀ ਲੋਕਾਂ ਨੇ ਆਪਣਾ ਫੈਸਲਾ ਦਿੱਤਾ ਹੈ।
ਕੈਨੇਡਾ ਦੀ 2019 ਦੀਆਂ ਫੈਡਰਲ ਚੋਣਾਂ 'ਚ ਕੁੱਲ 338 ਸੀਟਾਂ 'ਚੋਂ ਲਿਬਰਲ ਪਾਰਟੀ 157 ਦੇ ਅੰਕੜੇ ਨਾਲ, ਸਭ ਤੋਂ ਵੱਧ ਸੀਟਾਂ ਲੈਣ 'ਚ ਸਫ਼ਲ ਰਹੀ ਹੈ, ਚਾਹੇ ਉਸਨੂੰ ਪੂਰਨ ਬਹੁਮਤ ਨਹੀਂ ਮਿਲਿਆ। ਕੈਨੇਡਾ ਵਸਦੇ ਵੱਖ-ਵੱਖ ਇੰਮੀਗਰੈਂਟ ਭਾਈਚਾਰਿਆਂ ਨਾਲ ਸਬੰਧਿਤ ਸਭ ਤੋਂ ਵੱਧ ਉਮੀਦਵਾਰ ਲਿਬਰਲ ਪਾਰਟੀ 'ਚੋਂ ਹੀ ਸਫਲ ਹੋਏ ਹਨ। ਜੇਕਰ ਸਿੱਖ ਕੌਮ ਨਾਲ ਸਬੰਧਿਤ ਸ਼ਖਸੀਅਤਾਂ ਦੀ ਗੱਲ ਕਰੀਏ, ਤਾਂ ਡੇਢ ਦਰਜਨ ਤੋਂ ਵੱਧ ਸਿੱਖ ਮਰਦ ਤੇ ਇਸਤਰੀਆਂ ਲਿਬਰਲ ਪਾਰਟੀ ਵੱਲੋਂ ਕੈਨੇਡਾ ਦੇ ਐਮ.ਪੀ. ਬਣੇ ਹਨ। ਇਨ੍ਹਾਂ ਵਿੱਚ ਪਿਛਲੇ ਲਿਬਰਲ ਸਰਕਾਰ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਵੈਨਕੂਵਰ ਦੱਖਣੀ ਹਲਕਾ (ਜੱਦੀ ਪਿੰਡ ਬੰਬੇਲੀ, ਜਿਲ੍ਹਾ ਹੁਸ਼ਿਆਰਪੁਰ), ਨਵਦੀਪ ਸਿੰਘ ਬੈਂਸ ਮਿਸੀਸਾਗਾ ਮਾਲਟਨ (ਜੱਦੀ ਪਿੰਡ ਲਹਿਲੀ ਕਲਾਂ, ਹੁਸ਼ਿਆਰਪੁਰ) , ਸੁੱਖ ਧਾਲੀਵਾਲ ਸਰੀ ਨਿਊਟਨ (ਜੱਦੀ ਪਿੰਡ ਸੂਜਾਪੁਰ , ਜਗਰਾਓ, ਜਿਲ੍ਹਾ ਲੁਧਿਆਣਾ) , ਰਣਦੀਪ ਸਿੰਘ ਸਰਾਏ ਸਰੀ ਸੈਂਟਰਲ ਹਲਕਾ, ਰੂਬੀ ਕੌਰ ਸਹੋਤਾ ਬਰੈਂਪਟਨ ਨਾਰਥ ਹਲਕਾ (ਜੱਦੀ ਪਿੰਡ ਜੰਡਾਲੀ, ਜਿਲ੍ਹਾ ਸੰਗਰੂਰ ਤੇ ਸਹੁਰਾ ਪਿੰਡ ਮੋਤੀ ਪਿੰਡ ਹੁਸ਼ਿਆਰਪੁਰ), ਮਨਿੰਦਰ ਸਿੰਘ ਸਿੱਧੂ ਬਰੈਂਪਟਨ ਈਸਟ ਹਲਕਾ ( ਜੱਦੀ ਪਿੰਡ ਮਲਸੀਆਂ, ਜਲੰਧਰ), ਗਗਨ ਸਿਕੰਦ, ਮਿਸੀਸਾਗਾ ਸਟਰੀਟ ਵਿਲਜ਼ (ਜੱਦੀ ਪਿੰਡ ਹੁਸੈਨੀਵਾਲ, ਲੁਧਿਆਣਾ), ਸੋਨੀਆ ਕੌਰ ਸਿੱਧੂ ਬਰੈਂਪਟਨ ਸਾਊਥ (ਜੱਦੀ ਪਿੰਡ ਸਫੀਪੁਰਾ, ਲੁਧਿਆਣਾ ਤੇ ਸਹੁਰਾ ਪਿੰਡ ਸਿੱਧਵਾਂ ਬੇਟ), ਰਮੇਸ਼ਵਰ ਸੰਘਾ ਹਲਕਾ ਬਰੈਂਪਟਨ ਸੈਂਟਰ (ਜੱਦੀ ਪਿੰਡ ਲੇਸੜੀਵਾਲ, ਨੇੜੇ ਆਦਮਪੁਰ,ਜਲੰਧਰ) , ਅੰਜੂ ਕੌਰ ਢਿੱਲੋਂ ਲਾਸਾਲ ਕਿਊਬੈਕ ਹਲਕਾ ( ਪਿੰਡ ਦਾਰਾਪੁਰ ਧਰਮਕੋਟ, ਨੇੜੇ ਗੜਦੀਵਾਲਾ, ਹੁਸ਼ਿਆਰਪੁਰ), ਰਾਜ ਸੈਣੀ ਹਲਕਾ ਕਿਚਨਰ ਸੈਂਟਰ, ਬਰਦੀਸ਼ ਕੌਰ ਚੱਗੜ ਹਲਕਾ ਵਾਟਰਲੂ ਉਂਟਾਰੀਉ , ਬੌਬ ਸਰੋਆ ਹਲਕਾ ਮਾਰਥਨ ਯੂਨੀਅਨਵਿਲ, ਕਮਲ ਕੌਰ ਖਹਿਰਾ ਬਰੈਂਪਟਨ ਈਸਟ ਅਤੇ ਅਨੀਤਾ ਆਨੰਦ ਉਕਵਿੱਲ, ਉਂਟਾਰੀਓ ਸ਼ਾਮਿਲ ਹਨ।
ਲਿਬਰਲ ਪਾਰਟੀ ਵੱਲੋਂ ਹੋਰਨਾਂ ਪ੍ਰਵਾਸੀ ਭਾਈਚਾਰਿਆਂ ਵਿਚੋਂ ਜੇਤੂ ਰਹਿਣ ਵਾਲਿਆਂ ਵਿੱਚ ਪਾਕਿਸਤਾਨੀ ਪੰਜਾਬਣ ਖਾਲਿਦ ਇਕੁਰਾ ਮਿਸੀਸਾਗਾ ਏਰਨ ਮਿਲਜ਼, ਕਾਇਦੇ - ਆਜ਼ਮ ਯੂਨੀਵਰਸਿਟੀ ਪਾਕਿਸਤਾਨ ਦੀ ਪੜ੍ਹੀ ਤੇ ਕਵਿੰਟਰੀ (ਯੂ.ਕੇ.) ਤੋਂ ਕੈਨੇਡਾ ਪ੍ਰਵਾਸ ਕਰਕੇ ਆਈ ਜ਼ਾਹਿਦ ਸਲਮਾ ਸਕਾਰਬਰੋ ਸੈਂਟਰ, ਭਾਰਤ ਦੇ ਕਰਨਾਟਕਾ ਨਾਲ ਸਬੰਧਿਤ ਆਰੀਆ ਚੰਦਰਾ ਹਲਕਾ ਨਿਪਿਨ,ਔਟਵਾ , ਇਸਮਾਇਲੀ ਮੁਸਲਿਮ ਯੁਗਾਂਡਾ ਅਫਰੀਕਾ ਦੇ ਆਰਿਫ਼ ਵਿਰਾਨੀ ਹਲਕਾ ਪਾਰਕਡੇਲ ਹਾਈਪਾਰਕ, ਸਾਊਦੀ ਅਰਬ ਤੋਂ ਸੀਰੀਅਨ ਕੈਨੇਡੀਅਨ ਮੁਸਲਿਮ ਉਮਰ ਅਲਘਬਰਾ ਮਿਸੀਸਾਗਾ ਸੈਂਟਰ, ਸ਼੍ਰੀ ਲੰਕਨ ਤਾਮਿਲ ਹੈਰੀ ਅਨੰਦ ਸੰਘਾਰੇ ਸਕਾਰਬਰੋ ਪਾਰਕ, ਤਨਜ਼ਾਨੀਆ ਮੂਲ ਦੇ ਇਸਮਾਈਲੀ ਮੁਸਲਿਮ ਯਸਮੀਨ ਰਤਾਨਸੀ ਹਲਕਾ ਡਾਨ ਵੈਲੀ ਈਸਟ ਟੋਰਾਂਟੋ, ਜਨੇਵਾ, ਸਵਿਟਜ਼ਰਲੈਂਡ ਮੂਲ ਦੇ ਐਸਾਸੀ ਅਲੀ ਅਤੇ ਸੁਮਾਲੀਆ ਤੋਂ ਕੈਨੇਡਾ ਆ ਵਸੇ ਤੇ ਸਾਬਕਾ ਇੰਮੀਗਰੇਸ਼ਨ ਮੰਤਰੀ ਹੁਸੈਨ ਅਹਿਮਦ ਸ਼ਾਮਿਲ ਹਨ।
ਕੈਨੇਡਾ ਦੀ ਇਨ੍ਹਾਂ ਚੋਣਾਂ 'ਚ ਨਵੇਂ ਰਸਤੇ ਖੁਲ੍ਹੇ ਹਨ, ਜਿਨ੍ਹਾਂ 'ਚ ਕੈਨੇਡਾ ਦੀ ਕੌਮੀ ਪਾਰਟੀ ਨਿਊ ਡੈਮੋਕਰੇਟਿਕ ਪਾਰਟੀ ਦੇ ਮੁਖੀ ਜਗਮੀਤ ਸਿੰਘ ਕੌਮਾਂਤਰੀ ਮੰਚ 'ਤੇ ਮਜ਼ਬੂਤ ਸ਼ਖਸੀਅਤ ਵਜੋਂ ਉਭਰੇ ਹਨ। ਚੋਣ ਨਤੀਜਿਆਂ 'ਚ ਚਾਹੇ ਐਨ.ਡੀ.ਪੀ. 24 ਸੀਟਾਂ ਹੀ ਜਿੱਤ ਸਕੀ ਹੈ, ਪਰ ਘੱਟ -ਗਿਣਤੀ ਲਿਬਰਲ ਸਰਕਾਰ ਹੋਣ ਦੀ ਸੂਰਤ ਵਿੱਚ, ਜੇ ਲੋੜ ਪੈਣ 'ਤੇ ਸਰਕਾਰ ਵੱਲੋਂ ਪਾਰਲੀਮੈਂਟ ਵਿੱਚ ਕੋਈ ਵੀ ਬਿੱਲ ਪਾਸ ਕਰਵਾਉਣ ਲਈ ਲਿਆਂਦੇ ਜਾਣ ਉੱਤੇ ਐਨ.ਡੀ.ਪੀ. ਤੋਂ ਸਮਰਥਨ ਲਿਆ ਜਾਂਦਾ ਹੈ, ਤਾਂ ਸੱਤਾ ਦਾ ਤਵਾਜ਼ਨ ਜਗਮੀਤ ਸਿੰਘ ਦੇ ਹੱਥਾਂ 'ਚ ਹੋ ਸਕਦਾ ਹੈ। ਚਾਹੇ ਪ੍ਰਧਾਨ ਮੰਤਰੀ ਟਰੂਡੋ ਨੇ ਇਹ ਗੱਲ ਸਪੱਸ਼ਟ ਕਰ ਦਿੱਤੀ ਹੈ ਕਿ ਉਹ ਘੱਟ ਗਿਣਤੀ ਸਰਕਾਰ ਬਣਾਉਣ ਲਈ ਕਿਸੇ ਨਾਲ ਗੱਠਜੋੜ ਨਹੀਂ ਕਰਨਗੇ, ਤਾਂ ਵੀ ਮੁੱਦਿਆਂ 'ਤੇ ਉਨ੍ਹਾਂ ਨੂੰ ਐਨਡੀਪੀ ਜਾਂ ਬਲਾਕ ਕਿਊਬੈਕਵਾ ਦੇ ਸਮਰਥਨ ਦੀ ਲੋੜ ਪੈਂਦੀ ਰਹੇਗੀ। ਜਿੱਥੇ ਪੰਜਾਬ ਦੀ ਧਰਤੀ ਨੂੰ ਇਸ ਗੱਲ ਦਾ ਮਾਣ ਹੈ ਕਿ ਸ਼ਹੀਦ ਸੇਵਾ ਸਿੰਘ ਠੀਕਰੀਵਾਲ (ਬਰਨਾਲਾ) ਦੇ ਪਰਿਵਾਰ 'ਚੋਂ ਤੀਜੀ ਪੀੜ੍ਹੀ ਦੇ 40 ਸਾਲਾ ਜਗਮੀਤ ਸਿੰਘ ਕੈਨੇਡਾ ਦੀਆਂ ਚੋਣਾਂ 'ਚ ਬਹਿਸਾਂ ਦੌਰਾਨ ਸਭ ਤੋਂ ਵੱਧ ਹਰਮਨ ਪਿਆਰੇ ਲੀਡਰ ਵਜੋਂ ਉਭਰੇ ਹਨ,ਉਥੇ ਇਸ ਗੱਲ ਦਾ ਦੁੱਖ ਵੀ ਹੈ ਕਿ ਸਾਬਤ- ਸੂਰਤ ਸਿੱਖ ਨੌਜਵਾਨ ਖਿਲਾਫ਼ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਵੱਲੋਂ ਦਹਿਸ਼ਤਗਰਦ ਵਰਗੇ ਸ਼ਬਦ ਵਰਤ ਕੇ ਅਪਮਾਨਿਤ ਕਰਨ ਦੀਆਂ ਕੋਝੀਆਂ ਹਰਕਤਾਂ ਵੀ ਸਾਹਮਣੇ ਆਈਆਂ। ਉਟਾਰੀਓ ਵਿਧਾਨ ਸਭਾ 'ਚ ਜਗਮੀਤ ਸਿੰਘ ਵੱਲੋਂ ਸਿੱਖ ਨਸਲਕੁਸ਼ੀ ਦਾ ਮਤਾ ਲਿਆਉਣ 'ਤੇ ਕ੍ਰੋਧਿਤ ਭਾਰਤ ਸਰਕਾਰ ਵੱਲੋਂ ਸੰਨ 2013 ਵਿੱਚ ਉਸਦਾ ਵੀਜ਼ਾ ਵੀ ਰੋਕਿਆ ਗਿਆ।
ਇਥੋਂ ਦੇ ਆਰ.ਐਸ.ਐਸ. ਪੱਖੀ ਕੱਟੜਵਾਦੀ ਆਗੂਆਂ ਵੱਲੋਂ ਵੀ ਜਗਮੀਤ ਸਿੰਘ ਖਿਲਾਫ਼ ਰੱਜ ਕੇ ਭੰਡੀ ਪ੍ਰਚਾਰ ਕੀਤਾ ਗਿਆ, ਪਰ ਕੈਨੇਡਾ ਦੀਆਂ ਲੋਕਪੱਖੀ ਤਾਕਤਾਂ ਵੱਲੋਂ ਜਗਮੀਤ ਸਿੰਘ ਨੂੰ ਸਵਿਕਾਰਨਾ ਤੇ ਸਤਿਕਾਰਨਾ ਅਜਿਹੀਆਂ ਤਾਕਤਾਂ ਦੇ ਮੂੰਹ 'ਤੇ ਕਰਾਰੀ ਚਪੇੜ ਹੈ।
ਹੈਰਾਨੀਜਨਕ ਗੱਲ ਇਹ ਹੈ ਕਿ ਜਗਮੀਤ ਸਿੰਘ ਦੇ ਦੁਮਾਲਾ ਸਜਾਉਣ 'ਤੇ ਵੀ ਸਿੱਖ ਵਿਰੋਧੀ ਅਨਸਰਾਂ ਨੂੰ ਇਤਰਾਜ਼ ਸੀ, ਪਰ ਇਨ੍ਹਾਂ ਚੋਣ ਨਤੀਜਿਆਂ ਵਿੱਚ ਤਾਂ ਕਨਜ਼ਰਵੇਟਿਵ ਪਾਰਟੀ ਤੋਂ ਕੈਲਗਰੀ ਤੋਂ ਇਕ ਹੋਰ ਦੁਮਾਲਾ ਸਜਾਉਣ ਵਾਲੇ ਸਿੱਖ ਨੌਜਵਾਨ ਜਸਰਾਜ ਸਿੰਘ ਹੱਲਣ ਵੀ ਚੋਣ ਜਿੱਤ ਗਏ ਹਨ। ਇਹ ਉਹੀ ਹਲਕਾ ਹੈ ਜਿਥੋਂ ਦੇ ਟੋਰੀ ਪਾਰਟੀ ਦੇ ਦੀਪਕ ਉਬਰਾਏ ਨੇ ਕੈਨੇਡਾ ਦੀ ਪਾਰਲੀਮੈਂਟ 'ਚ ਸਿੱਖ ਦਹਿਸ਼ਤਵਾਦ ਦਾ ਮਤਾ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਸਨ, ਪਰ ਤਿੱਖੇ ਵਿਰੋਧ ਕਾਰਨ ਟੋਰੀਆਂ ਨੂੰ ਆਪਣੇ ਕਦਮ ਪਿੱਛੇ ਹਟਾਉਣੇ ਪਏ ਸਨ। ਦੀਪਕ ਉਬਰਾਏ ਕੱਟੜ ਭਾਜਪਾਈ ਸਮਰਥਕ ਸਨ ਤੇ ਉਨ੍ਹਾਂ ਦੀ ਮੌਤ ਮਗਰੋਂ ਜਸਰਾਜ ਸਿੰਘ ਹੱਲਣ ਇਸ ਹਲਕੇ ਤੋਂ ਨੌਮੀਨੇਸ਼ਨ ਜਿੱਤੇ ਸਨ। ਟੋਰੀ ਪਾਰਟੀ ਦੇ 121 ਸਾਂਸਦਾਂ ਵਿੱਚ ਐਡਮਿੰਟਨ ਤੋਂ ਇਕ ਵਾਰ ਫਿਰ ਦਸਤਾਰਧਾਰੀ ਨੌਜਵਾਨ ਟਿਮ ਸਿੰਘ ਉਪਲ (ਜੱਦੀ ਪਿੰਡ ਬੱਸੀਆਂ, ਰਾਇਕੋਟ, ਲੁਧਿਆਣਾ) ਜੇਤੂ ਰਹੇ ਹਨ, ਜਦਕਿ ਹਲਕਾ ਕੈਲਗਰੀ ਸਕਾਈਵਿਯੂ ਤੋਂ ਜਗਮੀਤ ਸਹੋਤਾ (ਪਿੰਡ ਧੁਲੇਤਾ, ਨੇੜੇ ਬੜਾਪਿੰਡ, ਜਲੰਧਰ) ਤੋਂ ਜੇਤੂ ਰਹੇ ਹਨ।
ਇਉਂ ਕੈਨੇਡਾ ਦੀਆਂ ਵੱਖ-ਵੱਖ ਪਾਰਟੀਆਂ 'ਚ ਜੇਤੂ ਦਸਤਾਰਧਾਰੀ ਸਿੱਖ ਐਮ.ਪੀਜ਼ ਦੀ ਗਿਣਤੀ ਵਧਣ ਨਾਲ ਇਹ ਆਸ ਬੱਝੀ ਹੈ ਕਿ ਕਿਊਬੈਕ 'ਚ ਧਾਰਮਿਕ ਚਿੰਨ੍ਹਾਂ ਦੇ ਖਿਲਾਫ਼ ਬਿਲ 21 ਦੇ ਮਾਮਲੇ 'ਚ, ਦਸਤਾਰ ਸਮੇਤ ਹਰੇਕ ਵਰਗ ਦੇ ਪਛਾਣ ਚਿੰਨ੍ਹਾਂ ਲਈ ਇਹ ਸਭ ਇਕ-ਮੁੱਠ ਹੋ ਕੇ ਆਵਾਜ਼ ਉਠਾਉਣਗੇ। ਉਞ ਕਿਊਬੈਕ ਦੀ ਪਾਰਟੀ 'ਬਲਾਕ ਕਿਊਬੈਕਵਾ' ਇਸ ਵਾਰ 32 ਸੀਟਾਂ ਲੈ ਕੇ ਮਜ਼ਬੂਤ ਹੋਈ ਹੈ, ਜਦਕਿ ਗਰੀਨ ਪਾਰਟੀ ਨੇ ਤਿੰਨ ਸੀਟਾਂ ਜਿੱਤੀਆਂ ਹਨ। ਕੈਨੇਡਾ ਦੇ ਮੂਲਵਾਸੀ ਭਾਈਚਾਰੇ ਨਾਲ ਸਬੰਧਿਤ ਸਾਬਕਾ ਜਸਟਿਸ ਮੰਤਰੀ ਜੂਡੀ ਵਿਲਸਨ ਦਾ ਆਜ਼ਾਦ ਖੜ੍ਹ ਕੇ ਵੀ ਜਿੱਤਣਾ, ਪਿਛਲੀ ਲਿਬਰਲ ਸਰਕਾਰ ਦੀ ਵੱਡੀ ਗਲਤੀ ਦਾ ਸਬਕ ਕਿਹਾ ਜਾ ਸਕਦਾ ਹੈ।
ਕੈਨੇਡਾ ਦੀ ਲਿਬਰਲ ਸਰਕਾਰ ਨੂੰ ਗਲਤੀਆਂ ਤੋਂ ਸਬਕ ਸਿੱਖਦਿਆਂ ਆਰਥਿਕ ਨੀਤੀਆਂ ਦੇ ਸੁਧਾਰ, ਵਿੱਦਿਅਕ ਪਸਾਰ ਲਈ ਫੰਡਿੰਗ, ਟੈਕਸਾਂ 'ਚ ਕਟੌਤੀ, ਇੰਗਰੇਸ਼ਨ ਨੀਤੀਆਂ ਨੂੰ ਖੁਲ੍ਹਾ ਰੱਖਦਿਆਂ ਵੀ, ਇਨ੍ਹਾਂ ਦੀ ਸਹੀ ਘੋਖ- ਪੜਤਾਲ, ਮੂਲਵਾਸੀ ਲੋਕਾਂ ਪ੍ਰਤੀ ਨੀਤੀਗਤ ਸੁਧਾਰ ਤੇ ਵਿਸ਼ੇਸ਼ਕਰ ਕੌਮਾਂਤਰੀ ਪੱਧਰਾਂ 'ਤੇ ਬਾਹਰੀ ਤਾਕਤਾਂ ਦੀ ਦਖਲ-ਅੰਦਾਜ਼ੀ ਰੋਕਣ ਲਈ ਸਖਤ ਨੀਤੀਆਂ ਦੀ ਰੂਪ-ਰੇਖਾ ਤਿਆਰ ਕਰਨੀ, ਪਹਿਲਾਂ ਹੋਣੀਆਂ ਚਾਹੀਦੀਆਂ ਹਨ। ਪਿਛਲੀ ਵਾਰ ਅਜਿਹੀ ਘਾਟ ਕਾਰਨ ਹੀ, ਬਾਹਰੀ ਤਾਕਤਾਂ ਦੇ ਪ੍ਰਭਾਵ ਹੇਠ ਸਰਕਾਰ ਵੱਲੋਂ ਤਿਆਰ ਕੀਤੀ ਵਿਵਾਦਗ੍ਰਸਤ ਰਿਪੋਰਟ 'ਚ ਸਿੱਖਾਂ ਤੇ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਤੇ ਮਗਰੋਂ ਨਾਮੋਸ਼ੀਜਨਕ ਢੰਗ ਨਾਲ ਸਰਕਾਰ ਨੂੰ ਇਹ ਸ਼ਬਦ ਹਟਾਉਣੇ ਪਏ ਸਨ।
ਕੁੱਲ ਮਿਲਾ ਕੇ ਕੈਨੇਡਾ ਦੀਆਂ ਚੋਣਾਂ ਕੌਮਾਂਤਰੀ ਪੱਧਰ 'ਤੇ ਵਧ ਰਹੀਆਂ ਸੱਜੇ-ਪੱਖੀ ਤਾਕਤਾਂ ਦੀ ਹਨੇਰੀ ਨੂੰ ਠੱਲ ਪਾਉਣ 'ਚ ਸਫਲ ਰਹੀਆਂ ਹਨ। ਜਿੱਥੇ ਇਕ ਪਾਸੇ ਕੌਮਾਂਤਰੀ ਪੱਧਰ 'ਤੇ ਮੌਜੂਦਾ ਸਮੇਂ ਟਰੰਪ-ਮੋਦੀਨੁਮਾ ਸਿਆਸਤ ਦੇ ਧਰੁਵੀਕਰਨ ਦੀ ਬਦਨੀਤੀ ਭਾਰੂ ਹੋ ਰਹੀ ਹੈ, ਉਥੇ ਦੂਜੇ ਪਾਸੇ ਕੈਨੇਡਾ ਦਾ ਬਹੁ-ਸਭਿਆਚਾਰਕਤਾ, ਚਾਰਟਰ ਆਫ਼ ਰਾਈਟਸ, ਵੰਨ-ਸੁਵੰਨਤਾ ਅਤੇ ਬਹੁ - ਕੌਮੀਅਤ ਵਾਲਾ ਮਾਨਵਵਾਦੀ ਅਤੇ ਉਦਾਰਵਾਦੀ ਢਾਂਚਾ ਸੰਸਾਰ ਲਈ 'ਚੰਗਾ ਸੰਕੇਤ' ਕਿਹਾ ਜਾ ਸਕਦਾ ਹੈ।
ਕੈਨੇਡਾ ਪਰਵਾਸੀਆਂ ਲਈ ਹਰਮਨ -ਪਿਆਰੀ ਧਰਤੀ ਹੈ, ਜਿਸ ਦੇ ਦਰਵਾਜੇ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਕਾਮਿਆਂ ਨੂੰ 'ਜੀ ਆਇਆਂ' ਆਖ ਰਹੇ ਹਨ। ਕੈਨੇਡਾ ਦੀਆਂ ਅਗਲੀਆਂ ਫੈਡਰਲ ਚੋਣਾਂ ਤੱਕ ਇਨ੍ਹਾਂ ਵਿੱਚੋਂ ਬਹੁਤ ਸਾਰੇ ਕੈਨੇਡੀਅਨ ਵੋਟਰ ਬਣਨਗੇ। ਇਹ ਮੌਕੇ ਕਦੇ ਵੀ ਬੰਦ ਨਹੀਂ ਹੋਣੇ ਚਾਹੀਦੇ, ਪਰ ਆ ਰਹੇ ਪ੍ਰਵਾਸੀਆਂ ਨੂੰ ਹੱਕਾਂ ਅਤੇ ਫ਼ਰਜ਼ਾਂ ਵਿੱਚ ਸੰਤੁਲਿਨ ਰੱਖਦਿਆਂ, ਕੈਨੇਡਾ ਦੀ ਬਿਹਤਰੀ ਲਈ ਚੰਗੀ ਭੂਮਿਕਾ ਨਿਭਾਉਣ ਦੀ ਲੋੜ ਹੈ। ਦੂਜੇ ਪਾਸੇ ਇੱਥੇ ਪਹਿਲਾਂ ਆ ਕੇ ਵਸੇ ਪ੍ਰਵਾਸੀਆਂ ਨੂੰ ਵੀ ਨਵੇਂ ਇੰਮੀਗ੍ਰੈਂਟਾਂ ਪ੍ਰਤੀ ਨਫ਼ਰਤ ਦੀ ਨੀਤੀ ਤਿਆਗ ਕੇ,ਖੁੱਲ੍ਹਦਿਲੀ ਨਾਲ ਨਵੇਂ ਪ੍ਰਵਾਸੀਆਂ ਦਾ ਸਵਾਗਤ ਕਰਦਿਆਂ, 'ਕੰਠ' ਲਾਉਣਾ ਚਾਹੀਦਾ ਹੈ। ਇਹੀ ਸਾਡੇ ਗੁਰੂਆਂ ਦਾ ਸਿਧਾਂਤ ਹੈ, ਜਿਸ ਨੂੰ ਕੈਨੇਡਾ ਅਪਨਾ ਰਿਹਾ ਹੈ।
-
ਡਾ. ਗੁਰਵਿੰਦਰ ਸਿੰਘ, ਪ੍ਰੈਜ਼ੀਡੈਂਟ ਪੰਜਾਬੀ ਪ੍ਰੈੱਸ ਕਲੱਬ ਬੀ.ਸੀ
singhnews@gmail.com
0016048251550
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.