ਘੱਟੇ ਮਿੱਟੀ ਵਿਚ ਲਿਪਟਿਆ ਦੂਰ ਇੱਕ ਪਿੰਡ। ਨਿਰਮਲੇ ਸਾਧੂਆਂ ਦਾ ਡੇਰਾ।
ਮਾਰਚ ਮਹੀਨੇ ਦਾ ਅੱਧ। ਨਾ ਗਰਮੀ, ਨਾ ਸਰਦੀ। ਝਿੜੀ ਸਾਧੂੀਆਂ ਨਾਲ ਘਿਰ ਗਈ। ਭਰ ਗਈ। ਗੇਰੂਏ ਰੰਗ 'ਚ ਰੰਗੀ ਗਈ ਹਰੀ-ਭਰੀ ਝਿੜੀ। ਰੁੱਖਾਂ ਵੇਲਾਂ, ਬੂਟਿਆਂ ਤੇ ਹਰੀਆਂ-ਭਰੀਆਂ ਕਰੁੰਭਲਾ ਦੇ ਨੈਨ ਨਕਸ਼ ਵੀ ਅੱਜ ਗੇਰੂਆ-ਗੇਰੂਆ ਤਕਦੇ ਪਏ ਨੇ। ਸਾਧੂ ਸਾਧੂ ਹੋ ਗਈ ਝਿੜੀ ਦੀ ਹਰਿਆਵਲ।
ਕਿਸੇ ਹੱਥ ਖੂੰਡੀ। ਕਿਸੇ ਮੋਢੇ ਖੇਸੀ। ਕਿਸੇ ਮੋਢੇ ਗਠੜੀ...ਪਤਾ ਨਹੀਂ ਕੀ-ਕੀ ਭਰਿਆ ਹੈ ਇੰਨ੍ਹਾਂ ਗਠੜੀਆਂ 'ਚ...ਰੁਦਰਾਕਾਸ਼ਿਸ਼ ਮਲਾਵਾਂ ਦਾ ਮੇਲਾ...। ਖੜਾਵਾਂ ਖੜ੍ਹਦੀਆਂ ਨਹੀਂ ਤੁਰ ਰਹੀਆਂ...ਨਿਰੰਤਰ ਚਾਲੇ...ਕਿਸੇ ਮੱਥੇ ਤਿਲਕ, ਕਿਸੇ ਮੱਥੇ ਤਿਊੜੀਆਂ। ਕਿਸੇ ਚੇਹਰੇ ਨੂ੍ਰਰ, ਕੋਈ ਉੱਕਾ ਹੀ ਬੇ-ਨੂਰ। ਪੀਲ਼ੇ ਚਾਵਲ ਰਿੱਝ ਰਹੇ ਵੱਡੇ ਕੜਾਹੇ 'ਚ...ਮੈਂ ਕੜਾਹੇ ਕੋਲ ਜਾ ਖਲੋਤਾਂ...ਚੁਰ ਹੇਠਾਂ ਲਟ-ਲਟ ਬਲ਼ ਰਹੇ ਖੁੰਢਾਂ ਨੂੰ ਨੀਝ ਨਾਲ ਦੇਖਣ ਲਗਿਆ ਹਾਂ। ਮੈਂ ਨਹੀਂ ਖਾਵਾਂਗਾ ਇਹ ਚਾਵਲ...ਇਉਂ ਲਗਦੈ ਜਿਵੇਂ ਕਿਸੇ ਦੀ ਚਿਖ਼ਾ 'ਤੇ ਉੱਬਲ ਰਹੇ ਨੇ ਚਾਵਲ !
ਸਾਧੂਆਂ ਦੀ ਢਾਣੀ ਪੇਠਿਆਂ ਦਾ ਢੇਰ ਚੀਰ ਰਹੀ...ਕੋਈ ਅਨਿੰਨ ਭਗਤ ਕਿਸਾਨ ਗੱਡਾ ਭਰ ਕੇ ਲਾਹ ਗਿਆ ਹੋਣੈ ਪੇਠਿਆਂ ਦਾ। ਕਰਚ-ਕਰਚ ਕਰਦੀਆਂ ਛੁਰੀਆਂ ਪੇਠਿਆਂ ਦਾ ਢਿੱਡ ਪਾੜਦੀਆਂ।
ਮੈਂ ਭੱਜ ਜਾਣੈ ਚਾਹੁੰਨੈ...ਸ਼ਾਂਤੀ ਢੂੰਡਣ ਆਇਆ ਸਾਂ ਪਰ ਥਿਆਈ ਨਹੀਂ।
ਸਾਧੂਆਂ ਦਾ ਮੇਲਾ ਅਜੀਬ। ਸਾਧੂ ਹੀ ਸਾਧੂ। ਕੋਈ ਇੱਕ ਦੂਜੇ ਨੂੰ ਨਿਹਾਰ ਰਿਹੈ। ਕੋਈ ਘੂਰ ਰਿਹੈ। ਕੋਈ ਝੂਰ ਰਿਹੈ...ਕੋਈ ਗਾ ਰਿਹੈ ਮਘੀ ਹੋਈ ਆਵਾਜ਼ 'ਚ...ਜਿਵੇਂ ਕੋਈ ਹੰਢਿਆ ਹੋਇਆ ਗੁੰਮਤਰੀ ਹੋਵੇ...ਮੈਂ ਉਹਦੇ ਲਾਗੇ ਜਾ ਖੜ੍ਹਿਆ ਹਾਂ:
ਨਾਮ ਹਰੀਹਰ ਗਾਓ ਰੇ ਸਾਧੋ
ਨਾਮ ਹਰੀ ਹਰ ਗਾਓ
ਚੁੰਧੀਆਂ ਅੱਖਾਂ ਤੇ ਮਾੜਕੂ ਸਰੀਰ ਵਾਲੇ ਇੱਕ ਸਾਧੂ ਨੇ ਲਾਗਿਓਂ ਸੁਰ ਨਾਲ ਸੁਰ ਮੇਚੀ:
ਅਰੇ ਉਸ ਬਿਨਾਂ ਦੂਜਾ ਹੋਰ ਨਾ ਕੋਈ
ਬਾਝ ਨਾ ਉਸਦੇ ਮਿਲਦੀ ਢੋਈ
ਨਾ ਇੰਝ ਵਕਤ ਗੁਆਓ
ਨਾਮ ਹਰੀ ਹਰ ਗਾਓ ਰੇ ਸਾਧੋ....
ਸਾਧੂ ਦਾ ਗੇਰੂਏ ਰਂੰਗ 'ਚ ਰੰਗਿਆ ਤੂੰਬਾ ਖੂਬ ਟੁਣਕ ਰਿਹੈ...ਮਸਤ ਹੈ ਸਾਧੂ ਸੁਰ 'ਚ ਲੱਥਿਆ।
ਮੈਂ ਮਾਂ ਕੋਲ ਜਾਣੈ...ਮਾਂ 'ਵਾਜਾਂ ਮਾਰਦੀ...ਭਜਦਾ ਹਾਂ...ਮੂਹਰੇ ਸਾਧੂਆਂ ਦੀਆਂ ਖੜਾਵਾਂ ਦਾ ਢੇਰ...ਕੁਝ ਏਧਰ ਓਧਰ ਖਿਲੱਰੀਆਂ ਪਈਆਂ...ਪਰ੍ਹੇ ਪਈਆਂ ਖੜਾਵਾਂ 'ਤੇ ਨਿਗਾ੍ਹ ਗਈ...ਰੁਕ ਜਾਂਦਾ ਹਾਂ...ਹੈਅੰ...? ਖੜਾਵਾਂ ਨਾਲ ਬੱਧੀ ਮੌਲ਼ੀ...? ਜ਼ਰੂਰ ਹੀ ਕਿਸੇ ਸਾਧੂ ਦੀ ਮਾਂ ਨੇ ਘਰੋਂ ਤੁਰਨ ਵੇਲੇ, ਪਰਦੇਸੀ ਹੋ ਰਹੇ ਪੁੱਤ ਦੀਆਂ ਖੜਾਵਾਂ ਨਾਲ ਬੱਧੀ ਹੋਵੇਗੀ ਇਹ ਮੌਲ਼ੀ! ਜਾਹ ਪੁੱਤ... ਤੇਰੀ ਯਾਤਰਾ ਸਫਲ ਹੋਵੇ! ਜਾਪਿਆ ਕਿ ਜਿਵੇਂ ਬਾਰੀਕ ਮੌਲੀ਼ ਦੇ ਨਾਲ ਮਾਂ ਦੀ ਕੋਈ ਆਂਦਰ ਵੀ ਹੋਵੇ...!
ਸਾਧੂਆਂ ਦੇ ਸੰਸਾਰ 'ਚੋਂ ਢੂੰਡਾਂਗਾ ਅਜਿਹੇ ਸਾਧੂ ਨੂੰ...ਉਹਦੇ ਦੀਦਾਰ ਕਰ ਕੇ ਹੀ ਜਾਵਾਂਗਾ...ਕੁਟੀਆ ਵੱਲ ਪੈਰ ਖਿੱਚ੍ਹੇ ਗਏ...!
ਮੈਂ ਘਰ ਨਹੀਂ ਜਾਣਾ...।
('ਖੜਾਵਾਂ ਨਾਲ ਬੱਧੀ ਮੌਲੀ' ਮੇਰੀ ਨਵੀਂ ਛਪੀ ਵਾਰਤਕ ਕਿਤਾਬ ਦਾ ਨਾਂ ਹੈ। ਇਸ ਵਿਚ ਮੈਂ ਨੇੜਿਓਂ ਰੁੱਤਾਂ, ਰਾਗਾਂ, ਰਾਤਾਂ, ਦਿਨਾਂ,ਮੌਸਮਾਂ, ਪਾਣੀਆਂ-ਪ੍ਰਬਤਾਂ, ਮੀਂਹ-ਹਨੇਰ, ਖੇਤਾਂ-ਬੰਨਿਆਂ, ਮਾਂ-ਦਾਦੀ, ਆਪਣੇ ਪਿੰਡ, ਆਪਣੇ ਸ਼ਫਰ ਸਮੇਂ ਦੇਸ਼-ਬਦੇਸ਼ ਦੀਆਂ ਬਾਤਾਂ ਦਿਲੋਂ ਪਾਈਆਂ ਹਨ। ਇਸ ਕਿਤਾਬ ਨੂੰ ਔਟਮ ਪਬਲਿਸ਼ਰਜ਼ ਪਟਿਆਲਾ ਵਲੋਂ ਪ੍ਰੀਤੀ ਸ਼ੈਲੀ ਨੇ ਛਾਪਿਆ ਹੈ। ਮੁਲ ਸਿਰਫ 100 ਰੁਪੈ। ਪ੍ਰੀਤੀ ਨੂੰ ਫੋਨ-9115872450 ਕਰਕੇ ਆਰਡਰ ਦੇ ਸਕਦੇ ਹੋ। ਕਿਤਾਬ ਆਪ ਦੇ ਬੂਹੇ ਉਤੇ ਆ ਪੁੱਜੇਗੀ।)
21-10-2019
-
ਨਿੰਦਰ ਘੁਗਿਆਣਵੀ, ਲੇਖਕ ਤੇ ਕਾਲਮਨਿਸਟ
ninder_ghugianvi@yahoo.com
9417421700
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.