ਕੈਨੇਡਾ ਅੰਦਰ 43 ਵੀਆਂ ਪਾਰਲੀਮੈਂਟਰੀ ਚੋਣਾਂ 21 ਅਕਤੂਬਰ, 2019 ਨੂੰ ਹੋਣਗੀਆਂ। ਇਨਾਂ ਚੋਣਾਂ ਵਿਚ ਵੋਟਰ ਆਪਣੀ ਹਰਮਨ ਪਿਆਰੀ ਸਰਕਾਰ ਅੱਗਲੇ 4 ਸਾਲਾਂ ਲਈ ਚੁਣਨ ਲਈ ਆਪਣੇ ਮੱਤ ਅਧਿਕਾਰ ਦੀ ਵਰਤੋਂ ਕਰਨਗੇ। ਪਿੱਛਲੀਆਂ ਪਾਰਲੀਮੈਂਟਰੀ ਚੋਣਾਂ ਵਿਚ ਕੈਨੇਡੀਅਨ ਵੋਟਰਾਂ ਨੇ 338 ਮੈਂਬਰੀ ਹਾਊਸ ਆਫ ਕਾਮਨਜ਼ ਵਿਚ ਜਸਟਿਨ ਟਰੂਡੋ ਦੀ ਅਗਵਾਈ ਵਿਚ ਚੋਣਾਂ ਲੜਨ ਵਾਲੀ ਲਿਬਰਲ ਪਾਰਟੀ ਨੂੰ 184 ਸੀਟਾਂ ਤੇ ਜਿਤਾਇਆ ਜਿਸ ਨੇ ਆਪਣੀ ਸਰਕਾਰ ਦਾ ਗਠਨ ਕੀਤਾ। ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੀ ਅਗਵਾਈ ਵਿਚ ਸੱਤਾਧਾਰੀ ਕੰਜਰਵੇਟਿਵ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਪਾਰਟੀ ਸਿਰਫ਼ 99 ਸੀਟਾਂ ਜਿੱਤ ਸਕੀ। ਥਾਮਸ ਮੁਲਕੇਅਰ ਦੀ ਅਗਵਾਈ ਵਿਚ ਨਿਊ ਡੈਮੋਕ੍ਰੈਟਿਕ ਪਾਰਟੀ ਨੇ 44 ਸੀਟਾਂ ਜਿੱਤੀਆਂ, ਅਲੈਜਬੈਥ ਮੇਅ ਦੀ ਅਗਵਾਈ ਵਿਚ ਗਰੀਨ ਪਾਰਟੀ ਨੇ ਸਿਰਫ਼ ਇੱਕ ਸੀਟ ਜਦਕਿ ਖੇਤਰੀ ਪਾਰਟੀ ਕਿਊਬੈਕ ਬਲਾਕ ਨੇ ਗਿਲਸ ਡੁਸੱਪੇ ਦੀ ਅਗਵਾਈ ਵਿਚ 10 ਸੀਟਾਂ ’ਤੇ ਜਿੱਤ ਪ੍ਰਾਪਤ ਕੀਤੀ।
ਇੰਨਾਂ ਚੋਣਾਂ ਵਿਚ ਮੁੱਖ ਮੁਕਾਬਲਾ ਸੱਤਾਧਾਰੀ ਲਿਬਰਲ ਪਾਰਟੀ ਜੋ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ਵਿਚ ਚੋਣ ਲੜ ਰਹੀ ਹੈ ਅਤੇ ਵਿਰੋਧੀ ਕੰਜ਼ਰਵੇਟਿਵ ਪਾਰਟੀ ਦਰਮਿਆਨ ਹੈ ਜੋ ਐਂਡਰਿਊ ਸ਼ੀਅਰ ਦੀ ਅਗਵਾਈ ਵਿਚ ਚੋਣ ਲੜ ਰਹੀ ਹੈ। ਐਨ.ਡੀ.ਪੀ. ਜਗਮੀਤ ਸਿੰਘ ਅਤੇ ਕਿਊਬੈਕ ਬਲਾਕ ਫਰਾਂਕੋਸ ਬਲੈਂਚੇ ਦੀ ਅਗਵਾਈ ਚੋਣ ਮੈਦਾਨ ਵਿਚ ਹਨ। ਗਰੀਨ ਪਾਰਟੀ ਆਪਣੀ ਪੁਰਾਣੀ ਆਗੂ ਅਲੈਜਬੈਥ ਮੇਅ ਦੀ ਅਗਵਾਈ ਅਤੇ ਵਿਚ ਨਵਗਠਤ ਪੀਪਲਜ਼ ਪਾਰਟੀ ਆਫ ਕੈਨੇਡਾ ਮੈਕਸਿਮ ਬਰਨੀਅਰ ਦੀ ਅਗਵਾਈ ਵਿਚ ਚੋਣਾਂ ਲੜ ਰਹੀਆਂ। ਮੈਕਸਿਮ ਬਰਨੀਅਰ ਨੇ ਐਂਡਰੀਊਸ਼ੀਅਰ ਤੋਂ ਕੰਜ਼ਰਵੇਟਿਵ ਪਾਰਟੀ ਲੀਡਰਸ਼ਿਪ ਹਾਰ ਜਾਣ ਕਾਰਨ ਨਵੀਂ ਪਾਰਟੀ ਗਠਤ ਕਰ ਲਈ ਸੀ।
ਕੈਨੇਡਾ ਅੰਦਰ ਚੋਣਾਂ ਭਾਰਤ ਅਤੇ ਪੱਛਮੀ ਲੋਕਤੰਤਰ ਦੇਸ਼ਾਂ ਨਾਲੋਂ ਅਲੱਗ ਢੰਗ ਨਾਲ ਹੁੰਦੀਆਂ ਹਨ। ਵੱਡੀਆਂ-ਵੱਡੀਆਂ ਰੈਲੀਆਂ, ਜਲਸੇ-ਜਲੂਸਾਂ ਤੋਂ ਅਲਗ ਨੁੱਕੜ ਮੀਟਿੰਗਾਂ ਅਤੇ ਡੀਬੇਟਾਂ ਰਾਹੀਂ ਹੁੰਦੀਆਂ ਹਨ। ਇਹ ਡੀਬੇਟ ਰਾਸ਼ਟਰੀ ਅਤੇ ਹਲਕਾ ਪੱਧਰ ’ਤੇ ਕੀਤੇ ਜਾਂਦੇ ਹਨ। ਰਾਸ਼ਟਰੀ ਪੱਧਰ ’ਤੇ ਕੈਨੇਡੀਅਨ ਰਾਸ਼ਟਰੀ ਡਿਬੇਟ ਕਮਿਸ਼ਨ ਅਤੇ ਟੈਲੀਵਿਜ਼ਨ ਸਬੰਧਿਤ ਕਾਰਪੋਰੇਟ ਕਰਾਉਂਦੇ ਹਨ। ਡਿਬੇਟਾਂ ਵਿਚ ਲਾਈਵ ਟੀ.ਵੀ. ਸ਼ੋਅ ’ਤੇ ਰਾਸ਼ਟਰੀ ਪੱਧਰ ’ਤੇ ਆਗੂਆਂ ਨੂੰ ਜਿੰਨਾ ਦੀ ਪਾਰਟੀ ਘਟੋ-ਘੱਟ 5 ਪਾਰਲੀਮਾਨੀ ਹਲਕਿਆਂ ਵਿਚ ਚੋਣਾਂ ਲੜ ਰਹੀ ਹੋਵੇ, ਸੱਦਿਆ ਜਾਂਦਾ ਹੈ, ਜਿਸ ਵਿਚ ਹੰਢੇ ਹੋਏ ਮੀਡੀਆ ਸਬੰਧਿਤ ਵਿਅਕਤੀ ਆਦਿ ਕੰਪੀਅਰ ਵੱਖ-ਵੱਖ ਵਿਸ਼ਿਆਂ ’ਤੇ ਸਵਾਲ ਪੁੱਛਦੇ ਹਨ।
ਐਤਕੀ ਇੰਨਾਂ ਰਾਜਨੀਤਕ ਡੀਬੇਟਾਂ ਵਿਚ ਐਨ.ਡੀ.ਪੀ. ਆਗੂ ਸ: ਜਗਮੀਤ ਸਿੰਘ ਨੇ ਬਾਕੀ ਪੰਜ ਪਾਰਟੀਆਂ ਦੇ ਆਗੂਆਂ ਦੀ ਅਸ਼-ਅਸ਼ ਕਰਾ ਕੇ ਰੱਖ ਦਿਤੀ। ਸਾਬਤ ਸੂਰਤ ਗੁਰਸਿੱਖ ਜੋ ਘੱਟ ਗਿਣਤੀ ਸਿੱਖ ਭਾਈਚਾਰੇ ਨਾਲ ਸਬੰਧਿਤ ਹੈ, ਦੇ ਨਿੱਜੀ ਰਾਜਨੀਤਮਕ ਜਲਵੇ ਦੀ ਤਾਬ ਕੋਈ ਵੀ ਕੈਨੇਡੀਅਨ ਆਗੂ ਨਹੀਂ ਝੱਲ ਸਕਿਆ। ਉਨਾਂ ਦੀ ਤੀਖਣ ਬੋੁੱਧਮਤੀ, ਹਾਜ਼ਰ-ਜਵਾਬੀ, ਦੂਰ ਅੰਦੇਸ਼ੀ, ਦਲੇਰਾਨਾ ਪੇਸ਼ਕਸ਼, ਆਮ ਕੈਨੇਡੀਅਨ ਵਰਗਾਂ ਲੋਕਾਂ ਦੀ ਅਭਿਲਾਸ਼ਾਵਾਂ ਅਤੇ ਕੌਮਾਂਤਰੀ ਮਾਮਲਿਆ ਸਬੰਧੀ ਰਾਜਨੀਤੀਕ ਜਲਵੇ ਬਾਰੇ ਕੈਨੇਡੀਅਨ ਟੀ.ਵੀ. ਸ਼ੋਆਂ, ਸੋਸ਼ਲ ਮੀਡੀਏ, ਨਾਮਵਰ ਅਖ਼ਬਾਰਾਂ ਅਤੇ ਨਾਮਵਰ ਕਾਲਮ ਨਵੀਸਾਂ ਆਪੋ ਆਪਣੇ ਪ੍ਰਭਾਵਸ਼ਾਲੀ ਅਤੇ ਸਹਾਰਨਾ ਭਰੇ ਢੰਗ ਨਾਲ ਚਰਚਾ ਕੀਤੀ। ਇਸ ਨਾਲ ਜਿੱਥੇ ਐਨ.ਡੀ.ਪੀ. ਪਾਰਟੀ ਦੀ ਚੋਣ ਮੁਹਿੰਮ ਨੂੰ ਹੁਲਾਰ ਮਿਲਿਆ ਉਥੇ ਸਿੱਖ ਧਰਮ ਦੇ ਗੁਰੂਆਂ ਵੱਲੋਂ ਇੱਕ ਸੁਹਣੇ ਖੂਬਸੂਰਤ ਸਰਬੱਤ ਦਾ ਭਲਾ ਸੋਚਣ ਅਤੇ ਉਸ ’ਤੇ ਅਮਲ ਕਰਨ ਵਾਲੇ ਅਨੁਸਾਸ਼ਤ, ਉੱਚ ਆਚਾਰ ਅਤੇ ਵਿਵਹਾਰ ਵਾਲੇ ਸਿੱਖ ਅਤੇ ਸਿੱਖੀ ਦੀ ਜੋ ਸਿਰਜਣਾ ਕੀਤੀ ਗਈ ਸੀ, ਦਾ ਵਿਲੱਖਣ ਮੁਜ਼ਾਹਿਰਾ ਹੁੰਦਾ ਵੇਖਿਆ ਗਿਆ।
ਜਗਮੀਤ ਸਿੰਘ ਜੋ ਕਿਤੇ ਵਜੋਂ ਇੱਕ ਵਕੀਲ ਹੈ, ਜਿਸ ਦੇ ਮਾਪਿਆਂ ਦਾ ਪਿਛੋਕੜ ਪੰਜਾਬ (ਭਾਰਤ) ਰਾਜ, ਸਿੱਖ ਧਰਮ ਅਤੇ ਪੰਜਾਬੀ ਮਾਤਭਾਸ਼ਾ ਨਾਲ ਸਬੰਧਿਤ ਹੈ, ਦਾ ਜਨਮ 2
ਜਨਵਰੀ, 1979 ਨੂੰ ਸਕਾਰਬੋਰੋ, ਓਨਟਾਰੀਓ ਵਿਚ ਕੈਨੇਡਾ ਅੰਦਰ ਹੋਇਆ। ਉਸ ਦਾ ਪਾਲਣ-ਪੋਸਣ ਸਿੱਖ ਧਾਰਮਿਕ, ਸਮਾਜਿਕ ਅਤੇ ਵਿਵਹਾਰਕ ਰਹੁ-ਰੀਤਾਂ ਅਨੁਸਾਰ ਹੋਇਆ ਪਰ ਉਸਦੀ ਵਿਦਿਆ ਅਤੇ ਸਮਾਜਿਕ ਪ੍ਰਵਰਿਸ਼ ਕੈਨੇਡੀਅਨ ਸਭਿਆਚਾਰ ਅਨੁਸਾਰ ਹੋਈ। ਉਹ ਅੰਮਿ੍ਰਤਧਾਰੀ ਗੁਰਸਿੱਖ ਹੈ। ਅਜੇ ਪਿੱਛਲੇ ਸਾਲ ਸੰਨ 2018 ਵਿਚ ਉਸਨੇ ਕਪੜਾ ਡਿਜ਼ਾਈਨਰ ਗੁਰਕਿਰਨ ਕੌਰ ਨਾਲ ਸ਼ਾਦੀ ਕੀਤੀ। ਸੰਨ 2011 ਵਿਚ ਉਹ ਬਰਾਮਲੀ ਗੋਰ ਮਾਲਟਨ ਹਲਕੇ ਤੋਂ ਓਂਟਾਰੀਓ ਸੂਬੇ ਦੀ ਪ੍ਰੋਵਿਸ਼ੀਅਲ ਅਸੈਂਬਲੀ ਲਈ ਚੁਣੇ ਗਏ ਸਨ। ਸੂਬਾਈ ਐਨ.ਡੀ.ਪੀ. ਇਕਾਈ ਦੇ ਡਿਪਟੀ ਲੀਡਰ ਵੀ ਰਹੇ। ਐਨ.ਡੀ.ਪੀ. ਆਗੂ ਟਾਮ ਮੁਲਕੇਅਰ ਦੀ ਥਾਂ ਪਹਿਲੀ ਅਕਤੂਬਰ, 2017 ਨੂੰ ਪਾਰਟੀ ਨੇ ਉਨਾਂ ਨੂੰ ਆਪਣੇ ਰਾਸ਼ਟਰੀ ਆਗੂ ਚੁਣ ਲਿਆ। ਪਾਰਟੀ ਮੈਂਬਰਾਂ ਨੇ ਚੋਣ ਦੇ ਪਹਿਲੇ ਗੇੜ ਵਿਚ 53.8 ਪ੍ਰਤੀਸ਼ਤ ਵੋਟਾਂ ਰਾਹੀਂ ਉਨਾਂ ਨੂੰ ਚੁਣ ਲਿਆ। ਇੱਕ ਸਾਬਤ ਸੂਰਤ ਸਿੱਖ ਦਾ ਕੈਨੇਡਾ ਦੀ ਰਾਸ਼ਟਰੀ ਪਾਰਟੀ ਦਾ ਆਗੂ ਚੁਣਿਆ ਜਾਣਾ ਨਿਸਚਿਤ ਤੌਰ ’ਤੇ ਸਿੱਖ ਘੱਟ ਗਿਣਤੀ ਲਈ ਬੜੇ ਮਾਣ-ਸਨਮਾਨ ਭਰਿਆ ਿਸ਼ਮਾ ਹੈ। ਵੈਸੇ ਤਾਂ ਜਸਟਿਨ ਟਰੂਡੋ ਦੀ ਲਿਬਰਲ ਸਰਕਾਰ ਵਿਚ ਚਾਰ ਸਿੱਖ ਆਗੂਆਂ ਦੀ ਕੈਬਨਿਟ ਮੰਤਰੀਆਂ ਵਜੋਂ ਨਿਯੁੱਕਤੀ ਵੀ ਇਸ ਦੇਸ਼ ਵਿਚ ਸਿੱਖ ਭਾਈਚਾਰੇ ਦੀ ਵੱਡੀ ਪ੍ਰਾਪਤੀ ਸੀ।
ਸੰਨ 2017 ਵਿਚ ਜਦੋਂ ਸ : ਜਗਮੀਤ ਸਿੰਘ ਐਨ.ਡੀ.ਪੀ. ਦੇ ਆਗੂ ਚੁਣੇ ਗਏ ਸਨ ਤਾਂ ਸ਼ੁਰੂ-ਸ਼ੁਰੂ ਵਿਚ ਉਨਾਂ ’ਤੇ ਤਰਾਂ-ਤਰਾਂ ਦੇ ਰਾਜਨੀਤਕ ਹਮਲੇ ਅਤੇ ਤਨਜ਼ਾਂ ਵੇਖਣ ਨੂੰ ਮਿਲੀਆਂ। ਹੈਰਾਨਗੀ ਵਾਲੀ ਗੱਲ ਇਹ ਸੀ ਕਿ ਪੱਛਮ ਦੇ ਇਸ ਵਿਕਸਤ ਅਤੇ ਅਮੀਰ ਦੇਸ਼ ਦੀ ਰਾਸ਼ਟਰੀ ਰਾਜਨੀਤਕ ਪਾਰਟੀ ਦਾ ਆਗੂ ਸਿੱਖ ਘੱਟ-ਗਿਣਤੀ ਨਾਲ ਸਬੰਧਿਤ ਹੋਣ ਕਰਕੇ ਉਹ ਗਲੋਬਲ ਪੱਧਰ ’ਤੇ ਇੱਕ ਵਿਸ਼ੇਸ਼ ਰਾਜਨੀਤੀਵਾਨ ਵਜੋਂ ਉਭਰ ਕੇ ਸਾਹਮਣੇ ਆਇਆ। ਉਸ ਨੇ ਇਸ ਅਹੁੱਦੇ ਕਰਕੇ ਕੈਨੇਡੀਅਨ ਇਤਿਹਾਸ ਅਤੇ ਜਨ-ਸਮੂਹ ਅੰਦਰ ਵਿਸ਼ੇਸ਼ ਥਾਂ ਪੈਦਾ ਕੀਤੀ। ਉਹ ਵੱਖ-ਵੱਖ ਧਰਮਾਂ, ਮਜ਼ਹਬਾਂ, ਇਲਾਕਿਆਂ, ਭਾਸ਼ਾਵਾਂ, ਸਭਿਆਚਾਰਾਂ ਦੇ ਲੱਖਾਂ ਨੌਜਵਾਨ ਕੈਨੇਡੀਅਨਾਂ ਲਈ ਇੱਕ ਪ੍ਰੇਰਨਾ ਸ੍ਰੋਤ ਵਜੋਂ ਉੱਭਰੇ। ਉਨਾਂ ਨੇ ਸਾਬਤ ਕਰ ਦਿਤਾ ਕਿ ਸਿੱਖ ਘੱਟ ਗਿਣਤੀ ਨਾਲ ਸਬੰਧਿਤ ਨੌਜਵਾਨ ਅਤੇ ਰਾਜਨੀਤਕ ਆਗੂ ਕਿਸੇ ਵੀ ਕੈਨੇਡੀਅਨ ਗੋਰੇ, ਕਾਲੇ, ਭੂਰੇ ਪੁਰਾਣੇ ਪ੍ਰਵਾਸੀਆਂ ਤੋਂ ਘੱਟ ਕੈਨੇਡੀਅਨ, ਰਾਸ਼ਟਵਾਦੀ ਅਤੇ ਦੂਰ-ਅੰਦੇਸ਼ ਰਾਜਨੀਤਕ ਆਗੂ ਨਹੀਂ ਹਨ।
ਪਰ ਏਨਾ ਜ਼ਰੂਰ ਹੈ ਕਿ ਉਹ ਅਜੋਕੇ ਕੈਨੇਡੀਅਨ ਰਾਜਨੀਤਵਾਨਾਂ ਨਾਲੋਂ ਜ਼ਿਆਦਾ ਸੱਚਾ-ਸੁੱਚਾ, ਸਿਧਾਂਤਕ, ਦਿਆਨਤਦਾਰ, ਇਮਾਨਦਾਰ ਅਤੇ ਅਗਾਂਹ-ਵੱਧੂ ਆਗੂ ਹੈ। ਉਹ ਸਿੱਖ ਹੋਣ ਨਾਲ-ਨਾਲ ਕੈਨੇਡੀਅਨ ਖੁੱਲੇ ਸਮਾਜ ਅਤੇ ਸਭਿਆਚਾਰ ਦੀ ਦੇਣ ਹੈ। ਜਦੋਂ ਉਸ ਨੇ ਇਹ ਕਿਹਾ ਕਿ ਉਸ ਦੀ ਪਾਰਟੀ ਜੇਕਰ ਇੰਨਾਂ ਚੋਣਾਂ ਬਾਅਦ ਲੱਟਕਵੀ ਪਾਰਲੀਮੈਂਟ ਹੋਂਦ ਵਿਚ ਆਉਂਦੀ ਹੈ ਤਾਂ ਕੰਜ਼ਰਵੇਟਿਵ ਪਾਰਟੀ ਵਲੋਂ ਘੱਟ ਗਿਣਤੀ ਸਰਕਾਰ ਗਠਤ ਕਰਨ ਦੀ ਕਵਾਇਦ ਵਿਚ ਕੋਈ ਹਮਾਇਤ ਨਹੀਂ ਕਰੇਗੀ। ਜਦੋਂ ਉਨਾਂ ਨੂੰ ਇਸ ਸਟੈਂਡ ਦਾ ਕਾਰਨ ਪੁੱਛਿਆ ਗਿਆ ਤਾਂ ਉਨਾਂ ਆਪਣਾ ਸਟੈਂਡ ਦੁਹਰਾਉਂਦੇ ਕਿਹਾ ਕਿ ਉਹ ਕੰਜ਼ਰਵੇਟਿਵਾਂ ਦਾ ਸਾਥ ਨਹੀਂ ਦੇ ਸਕਦੇ ਕਿਉਂਕਿ ਉਹ ਕੈਨੇਡੀਅਨਾਂ ਦੇ ਮੁੱਢਲੇ ਅਧਿਕਾਰਾਂ ਦੀ ਰਾਖੀ ਸਬੰਧੀ ਭਰੋਸੇ ਦੇ ਕਾਬਲ ਨਹੀਂ। ਇਹੀ ਉਨਾਂ ਦੀ ਸੱਚੀ-ਸੁੱਚੀ ਸਿਧਾਂਤਕ ਰਾਜਨੀਤੀ ਅਤੇ ਦਲੇਰਾਨਾ ਜਨਤਕ ਹਿਤੂ ਸਟੈਂਡ ਦਾ ਪ੍ਰਤੀਕ ਹੈ।
ਕਈ ਉਨਾਂ ’ਤੇ ਤਨਜ਼ ਕਰਦੇ ਸਨ ਕਿ ਉਹ ਐਨ.ਡੀ.ਪੀ. ਨੂੰ ਚੋਣਾਂ ਵਿਚ ਜਿੱਤ ਪ੍ਰਾਪਤ ਕਰਨ ਦੀ ਅਗਵਾਈ ਭਰਿਆ ਜੁਰਕਾ ਨਹੀਂ ਰਖਦੇ। ਸਾਬਕਾ ਐਨ.ਡੀ.ਪੀ. ਸੰਸਦ ਮੈਂਬਰ ਫਰਾਂਕੋਸ਼ ਬੋਇਵਨ ਨੇ ਜਗਮੀਤ ਸਿੰਘ ਨੂੰ ਸਾਫ਼ ਕਿਹਾ ਕਿ ਤੁਸੀਂ ਪਾਰਟੀ ਨੂੰ ਤੀਜੇ ਨੰਬਰ ’ਤੇ ਰਹਿਣ ਵਾਲੀ ਚੋਣ ਮੁਹਿੰਮ ਦੀ ਅਗਵਾਈ ਨਹੀਂ ਕਰੋਗੇ। ਉਨਾਂ ਜਗਮੀਤ ਦੀ ਲੀਡਰਸ਼ਿਪ ’ਤੇ ਟਿੱਪਣੀ ਕਰਦੇ ਸਾਫ਼ ਕਰ ਦਿਤਾ ਕਿ ਉਹ ਭਵਿੱਖ ਵਿਚ ਵਧੀਆ ਪਲੇਟਫਾਰਮ ਰੱਖਣ ਵਾਲੇ ਆਗੂ ਵਜੋਂ ਆਪਣੇ ਆਪ ਨੂੰ ਪੇਸ਼ ਕਰਨਗੇ। ਪਰ ਅਜੋਕੀ ਕੈਨੇਡੀਅਨ ਰਾਜਨੀਤਕ ਦਸ਼ਾ ਵਿਚ ਜੇਕਰ ਉਹ ਪਾਰਲੀਮੈਂਟ ਵਿਚ ਪਾਰਟੀ ਦੀ ਤੀਸਰੀ ਥਾਂ ਕਾਇਮ ਰਖਦੇ ਹਨ ਤਾਂ ਇਹ ਵੀ ਇਸ ਨੌਜਵਾਨ ਆਗੂ ਦੀ ਜਿੱਤ ਹੋਵੇਗੀ।
ਜੈਕ ਲੇਟਨ ਐਨ.ਡੀ.ਪੀ. ਦੇ ਮਹਾਨ ਦੂਰ ਅੰਦੇਸ਼, ਕੈਨੇਡੀਅਨ ਲੋਕਾਂ ਦੀਆਂ ਭਾਵਨਾਵਾਂ ਅਤੇ ਆਸ਼ਾਵਾਂ ਦੇ ਤਰਜਮਾਨ ਆਗੂ ਹੋਏ ਹਨ। ਸੰਨ 2011 ਦੀਆਂ ਚੋਣਾਂ ਵਿਚ ਉਨਾਂ ਦੀ ਅਗਵਾਈ ਵਿਚ ਪਾਰਟੀ ਨੇ ਪਾਰਲੀਮੈਂਟ ਦੀਆਂ 103 ਸੀਟਾਂ ਜਿੱਤ ਕੇ ਮੁੱਖ ਵਿਰੋਧੀ ਧਿਰ ਦਾ ਸਥਾਨ ਪ੍ਰਾਪਤ ਕੀਤਾ। ਉਨਾਂ ਦੀ ਮੌਤ ਤੋਂ ਬਾਅਦ ਥਾਮਸ ਮੁਲਕੇਅਰ ਆਗੂ ਚੁਣੇ ਗਏ। ਉਨਾਂ ਦੀ ਅਗਵਾਈ ਵਿਚ ਪਾਰਟੀ ਨੇ ਸੰਨ 2015 ਦੀਆਂ ਪਾਰਲੀਮੈਂਟ ਚੋਣਾਂ ਵਿਚ ਸਿਰਫ਼ 44 ਸੀਟਾਂ ਜਿੱਤੀਆਂ। ਹੁਣ ਜਗਮੀਤ ਸਿੰਘ ਸਾਹਮਣੇ ਵੱਡੀ ਚਣੌਤੀ ਪਾਰਟੀ ਮਜ਼ਬੂਤੀ ਅਤੇ ਪਾਰਲੀਮੈਂਟ ਚੋਣਾਂ ਵਿਚ ਬਿਹਤਰ ਕਾਰਗੁਜ਼ਾਰੀ ਵਿਖਾਉਣਾ ਹੈ।
ਐਨ.ਡੀ.ਪੀ. ਕੋਲ ਲਿਬਰਲਾਂ ਅਤੇ ਕੰਜ਼ਰਵੇਟਿਵਾਂ ਮੁਕਾਬਲੇ ਧੰਨ ਦੀ ਕਮੀ, ਜਗਮੀਤ ਵਲੋਂ ਫਰਵਰੀ, 2019 ਵਿਚ ਮੈਂਬਰ ਪਾਰਲੀਮੈਂਟ ਬਣ ਸਕਣਾ, ਪਾਰਟੀ ਅੰਦਰ ਨਵਾਂ ਕਾਕਸ ਚੁਣਨਾ, ਕਿਊਬੈਕ ਵਿਚ ਜਿੱਤਿਆਂ 14 ਸੀਟਾਂ ਨੂੰ ਕਾਇਮ ਰਖਣਾ। ਹੋਣਾ ਆਦਿ ਸਥਿੱਤੀ ਰਖਣਾ, ਜਿਥੇ 2015 ਵਿਚ ਚੋਣ ਮੁਹਿੰਮ ਲਈ 100 ਦਾ ਸਟਾਫ਼ ਹੀ ਇਸ ਵਾਰ 50-60 ਹੋਣਾ ਆਦਿ ਸਥਿੱਤੀ ਦੇ ਬਾਵਜੂਦ ਉਸ ਨੇ ਮਨੀਟੋਬਾ ਸੂਬੇ ਦੀ ਜੇਤੂ ਜੋੜੀ ਸਾਬਕਾ ਵਜ਼ੀਰ ਜੈਨੀਫਰ ਹਾਵਰਤ ਨੂੰ ਮੁੱਖ ਸਲਾਹਕਾਰ, ਮਾਈਕਲ ਬਾਲਾਗਸ ਨੂੰ ਪਾਰਟੀ ਮੁਹਿੰਮ ਦਾ ਡਾਇਰੈਕਟਰ ਅਤੇ ਅੰਤਰਿਮ ਚੀਫ ਆਫ ਸਟਾਫ ਲਗਾਇਆ। ਸੋਸ਼ਲ ਮੀਡੀਆਂ ਦੀ ਵਰਤੋਂ ਸ਼ੁਰੂ ਕੀਤੀ। ਪਰ ਚੋਣ ਮੁਹਿੰਮ ਲਿਬਰਲਾਂ ਅਤੇ ਕੰਜ਼ਰਵੇਟਿਵਾਂ ਵਾਂਗ ਮੱਘ ਨਾ ਸਕੀ।
ਕੈਨੇਡਾ ਦੇ ਲੋਕ ਉਸ ਦੀ ਡਿਬੇਟ ਕਾਰਗੁਜ਼ਾਰੀ ਤੋਂ ਦੂਸਰੇ ਆਗੂਆਂ ਨਾਲੋਂ ਇਸ ਕਰਕੇ ਪ੍ਰਭਾਵਿਤ ਹੋਏ ਹਨ ਕਿ ਇਤਿਹਾਸ ਵਿਚ ਪਹਿਲੀ ਵਾਰ ਕਿਸੇ ਰਾਜਨੀਤਕ ਆਗੂ ਨੇ ਆਮ ਕੈਨੇਡੀਅਨ ਦੀ ਵੇਦਨਾ ਦੀ ਤਰਜ਼ਮਾਨੀ ਕੀਤੀ ਹੈ, ਆਮ ਕੈਨੇਡੀਅਨ ਅਮੀਰ ਨਹੀਂ ਬਣਨਾ ਚਾਹੁੰਦਾ ਪਰ ਆਪਣੇ ਜੀਵਨ ਦਾ ਅਨੰਦ ਮਾਨਣ ਲਈ ਰੋਜ਼ਗਾਰ,, ਵਧੀਆ ਕਮਾਈ, ਸਮਰਥਾ ਅਨੁੁਸਾਰ ਕੰਮ ਚਾਹੁੰਦਾ ਹੈ। ਘਰ ਵਿਚ ਲੋੜੀਂਦੀਆਂ ਚੀਜ਼ਾਂ ਦੀ ਪੂਰਤੀ ਚਾਹੁੰਦਾ ਹੈ। ਅੱਜ ਵੀ ਟਰਾਂਟੋ ਵਰਗੇ ਵਿਸ਼ਵ ਪ੍ਰਸਿੱਧ ਸ਼ਹਿਰ ਵਿਚ ਹਰ 7ਵਾਂ ਵਿਅਕਤੀ ਗਰੀਬ ਹੈ। ਉਹ ਸਿਹਤਮੰਦ ਪਰਿਵਾਰ ਲਈ ਵਧੀਆ ਸਿਹਤ ਸੇਵਾਵਾਂ ਚਾਹੁੰਦਾ ਹੈ। ਆਗੂਆਂ ਨੂੰ ਦਸਣ ਲਈ ਕਹਿੰਦਾ ਹੈ ਕਿ ਕੀ ਕਾਰਬਨ, ਗੈਸ, ਮਕਾਨ, ਵਾਹਨ, ਸੇਲ, ਸੈੱਲ ਊਰਜਾ, ਆਮਦਨ ਟੈਕਸ ਨੀਤੀਆਂ ਸਹੀ ਹਨ? ਉਸਦਾ ਪਰਿਵਾਰ ਸੁਰਖਿਅਤ, ਹਿੰਸਾ ਅਤੇ ਅਪਰਾਧ ਮੁੱਕਤ ਹੈ। ਉਹ ਐਸੀ ਸਰਕਾਰ ਚਾਹੰਦਾ ਹੈ ਜੋ ਉਸ ਲਈ ਕੰਮ ਕਰੇ। ਉਸਦੇ ਪਰਿਵਾਰ ਅਤੇ ਸਮਾਜ ਦਾ ਭਵਿੱਖ ਬਿਹਤਰ ਬਣਾਏ। ਕੈਨੇਡਾ ਅਤੇ ਕੈਨੇਡੀਅਨਾਂ ਦੀ ਵਿਸ਼ਵ ਵਿਚ ਵੱਖਰੀ ਪਹਿਚਾਣ ਕਾਇਮ ਰੱਖੇ। ਕੈਨੇਡੀਅਨਾਂ ਦੇ ਮੁੱਢਲੇ ਅਤੇ ਮਾਨਵ ਅਧਿਕਾਰਾਂ ਦੀ ਰਾਖੀ ਕਰੇ।
ਸ: ਜਗਮੀਤ ਸਿੰਘ ਆਮ ਕੈਨੇਡੀਅਨਾਂ ਦੇ ਐਸੇ ਵਿਚਾਰਾਂ ਦੀ ਤਰਜ਼ਮਾਨੀ ਕਰਕੇ ਇੱਕ ‘ਰਾਕ ਸਟਾਰ ਰਾਜਨੀਤਕ ਆਗੂ’ ਵਜੋਂ ਉੱਭਰਿਆ ਹੈ। ਉਸ ਨੇ ਕੈਨੇਡੀਅਨਾਂ ਨੂੰ ਹੈਰਾਨ ਕਰਦੇ ਕਿਹਾ ਕਿ ਉਨਾਂ ਕੋਲ ‘ਮਿਸਟਰ ਡਿਨਾਈ ਅਤੇ ਮਿਸਟਰ ਡੀਲੇਅ ਦੀ ਥਾਂ ਇਕ ਹੋਰ ਬਦਲ ਵੀ ਹੈ।’
ਫਰੈਂਚ ਭਾਸ਼ਾ ਦੀ ਸੂਬੇ ਕਿਊਬੈਕ ਵਿਖੇ ਚੋਣ ਮੁਹਿੰਮ ਦੌਰਾਨ ਨਸਲਵਾਦੀ ਬੁੱਢੇ ਗੋਰੇ ਨੂੰ ਬਾਕਮਾਲ ਸੂਝ ਭਰਭੂਰ ਦਿਤਾ ਜਵਾਬ ਅੱਜ ਪੂਰੇ ਕੈਨੇਡਾ ਵਿਚ ਚਰਚਾ ਦਾ ਵਿਸ਼ਾ ਬਣਿਆ ਪਿਆ। ਉਸਨੇ ਕਿਹਾ ਜੇ ਉਹ ਪਗੜੀ ਉਤਾਰ ਦੇਵੋ ਤਾਂ ਕੈਨੇਡੀਅਨ ਤਰਾਂ ਲਗੇਗੇ। ਜਗਮੀਤ ਨੇ ਨਰੰਮੇ ਨਾਲ ਉੱਤਰ ਦਿਤਾ ਕਿ ਕੈਨੇਡਾ ਵਿਚ ਹਰ ਕਿਸਮ ਦੇ ਲੋਕ ਹਨ ਇਸੇ ਵਿਚ ਇਸ ਦੀ ਸੁੰਦਰਤਾ ਮੌਜੂਦ ਹੈ ਲੇਕਿਨ ਗੋਰੇ ਨੇ ਫਿਰ ਕਿਹਾ ਕਿ ਜਦੋਂ ਰੋਮ ਵਿਚ ਹੋਵੋ ਤਾਂ ਰੋਮਨਾਂ ਵਾਂਗੂ ਹੀ ਰਹਿਣਾ-ਬਹਿਣਾ ਚਾਹੀਦਾ ਹੈ।
ਇਸ ਤੇ ਜਗਮੀਤ ਨੇ ਕਿਹਾ, ਮੈਂ ਇਸ ਨਾਲ ਸਹਿਮਤ ਨਹੀਂ। ਇਹ ਕੈਨੇਡਾ ਹੈ, ਇਥੇ ਤੁਸੀਂ ਜਿਵੇਂ ਮਰਜ਼ੀ ਰਹਿ-ਬਹਿ ਸਕਦੇ ਹੋ। ਫਿਰ ਗੋਰੇ ਨੇ ਅਸ਼ੀਰਵਾਦੀ ਦਿਤੀ, ‘ਠੀਕ ਹੈ, ਧਿਆਨ ਰਖਣਾ। ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਜਿਤੋ।’
8 ਤੋਂ 10 ਅਕਤੂਬਰ ਦੇ ਇੱਕ ਸਰਵੇਖਣ ਅਨੁਸਾਰ 49 ਪ੍ਰਤੀਸ਼ਤ ਉਸ ਨੂੰ ਪ੍ਰਧਾਨ ਮੰਤਰੀ ਵਜੋਂ ਪਸੰਦ ਕਰਦੇ ਹਨ।
ਭਾਵੇਂ ਇਸ ਵਾਰ ਪੂਰੀ ਤਿਆਰੀ, ਧੰਨ, ਸਟਾਫ ਅਤੇ ਚੋਣ ਯੋਜਨਾਬੰਦੀ ਦੀ ਅਣਹੋਂਦ ਕਰਕੇ ਐਨ.ਡੀ.ਪੀ. ਵਧੀਆ ਕਾਰਗੁਜ਼ਾਰੀ ਦਾ ਮੁਜਾਹਿਰਾ ਨਾ ਕਰ ਸਕੇ ਪਰ ਫਿਰ ਵੀ ਭਵਿੱਖ ਵਿਚ ਉਨਾਂ ਕੋਲ ਜੈਕਲੇਟਨ ਵਰਗਾ ਅੱਗ ਫੱਕਣ ਵਾਲਾ ਦੂਰ ਅੰਦੇਸ਼ ਸੱਚਾ-ਸੁੱਚਾ ਈਮਾਨਦਾਰ ਆਗੂ ਸ: ਜਗਮੀਤ ਸਿੰਘ ਦੇ ਰੂਪ ਵਿਚ ਮੌਜੂਦ ਹੈ ਜਿਸ ’ਤੇ ਪਾਰਟੀ, ਕੈਨੇਡਾ ਅਤੇ ਕੈਨੇਡੀਅਨ ਵਿਸ਼ਵਾਸ਼ ਕਰ ਸਕਦੇ ਹਨ।
12-10-2019
-
ਦਰਬਾਰਾ ਸਿੰਘ ਕਾਹਲੋਂ, ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ
kahlondarbarasingh@gmail.com
+1 343 889 2550
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.