ਕੈਨੇਡਾ ਵਿਸ਼ਵ ਦੇ ਅਮੀਰ ਅਤੇ ਵਿਕਸਤ ਦੇਸ਼ਾਂ ਵਿਚੋਂ ਇੱਕ ਪ੍ਰਮੁੱਖ ਦੇਸ਼ ਹੈ। ਸੰਨ 1867 ਤੋਂ ਇਸ ਨੇ ਬਿ੍ਰਟਿਸ਼ ਪਾਰਲੀਮੈਂਟਰੀ ਤਰਜ਼ ਤੇ ਲੋਕਤੰਤਰ ਸਥਾਪਿਤ ਕੀਤਾ ਹੋਇਆ ਹੈ। ਹਰ ਚਾਰ ਸਾਲ ਬਾਅਦ ਫੈਡਰਲ ਪੱਧਰ ’ਤੇ ਪਾਰਲੀਮੈਂਟਰੀ ਚੋਣਾਂ ਹੁੰਦੀਆਂ ਹਨ। ਅਕਤੂਬਰ 21, 2019 ਨੂੰ 43 ਵੀਆਂ ਪਾਰਲੀਮੈਂਟਰੀ ਚੋਣਾਂ ਹੋ ਰਹੀਆਂ ਹਨ। ਕੈਨੇਡੀਅਨ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 40 ਦਿਨ ਚੋਣ ਮੁਹਿੰਮ ਚਲਦੀ ਹੈ ਜਿਸ ਵਿਚ ਵੱਖ-ਵੱਖ ਰਾਸ਼ਟਰੀ, ਇਲਾਕਾਈ ਰਾਜਨੀਤਕ ਪਾਰਟੀਆਂ ਅਤੇ ਅਜ਼ਾਦ ਉਮੀਦਵਾਰ ਆਪੋ-ਆਪਣੀ ਕਿਸਮਤ ਅਜਮਾਉਣ ਲਈ ਜ਼ੋਰ ਲਗਾਉਂਦੇ ਹਨ।
ਮੌਜੂਦਾ ਅਬਾਦੀ ਅਨੁਸਾਰ ਪਾਰਲੀਮੈਂਟ ਦੇ 338 ਮੈਂਬਰੀ ਹੇਠਲੇ ਸਦਨ ਹਾਊਸ ਆਫ ਕਾਮਨਜ਼ ਲਈ ਪ੍ਰਮੁੱਖ ਤੌਰ ’ਤੇ ਪੰਜ ਰਾਜਨੀਤਕ ਪਾਰਟੀਆਂ ਹੋਰਨਾਂ ਇਲਾਵਾ ਚੋਣ ਮੈਦਾਨ ਵਿਚ ਹਨ। ਸੰਨ 2015 ਦੀਆਂ ਪਾਰਲੀਮੈਂਟਰੀ ਚੋਣਾਂ ਵਿਚ ਲਿਬਰਲ ਪਾਰਟੀ ਨੇ ਆਪਣੇ ਆਗੂਜਸਟਿਨ ਟਰੂਡੋ ਜੋ ਮੌਜੂਦਾ ਪ੍ਰਧਾਨ ਮੰਤਰੀ ਹਨ, ਦੀ ਅਗਵਾਈ ਵਿਚ 39.47 ਪ੍ਰਤੀਸ਼ਤ ਵੋਟਾਂ ਲੈ ਕੇ 184 ਸੀਟਾਂ ਜਿੱਤ ਕੇ ਕੰਜ਼ਰਵੇਟਿਵ 31.9 ਪ੍ਰਤੀਸ਼ਤ ਵੋਟਾਂ ਨਾਲ ਸਿਰਫ਼ 99 ਸੀਟਾਂ ਜਿੱਤ ਸਕੇ। ਇਸ ਪਾਰਟੀ ਨੇ ਉਨਾਂ ਦੀ ਥਾਂ ਐਂਡਰਿਊ ਸ਼ੀਅਰ ਨੂੰ ਆਪਣਾ ਆਗੂ ਚੁਣ ਲਿਆ ਜਿਸ ਦੀ ਅਗਵਾਈ ਉਹ ਹੁਣ ਚੋਣ ਮੈਦਾਨ ਵਿਚ ਹਨ। ਲਿਬਰਲ ਪਾਰਟੀ ਪ੍ਰਧਾਨ ਮੰਤਰੀ ਅਤੇ ਪਾਰਟੀ ਆਗੂ ਜਸਟਿਨ ਟਰੂਡੋ ਦੀ ਅਗਵਾਈ ਵਿਚ ਮੈਦਾਨ ਵਿਚ ਹਨ।
ਨਿਊ ਡੈਮੋਕੈ੍ਰਟਿਕ ਪਾਰਟੀ (ਐਨ.ਡੀ.ਪੀ.) ਨੇ 2015 ਵਿਚ ਟਾਮ ਮੁਲਕੇਅਰ ਦੀ ਅਗਵਾਈ ਵਿਚ 19.73 ਪ੍ਰਤੀਸ਼ਤ ਵੋਟਾਂ ਲੈ ਕੇ 44 ਸੀਟਾਂ ’ਤੇ ਜਿੱਤ ਹਾਸਿਲ ਕੀਤੀ ਜਦ ਕਿ ਇਸ ਤੋਂ ਪਹਿਲਾਂ ਇਹ 103 ਸੀਟਾਂ ਜਿੱਤ ਕੇ ਮੁੱਖ ਵਿਰੋਧੀ ਧਿਰ ਸੀ ਜਿਸਦਾ ਸਿਹਰਾ ਇਸਦੇ ਮਰਹੂਮ ਹਰਮਨ ਪਿਆਰੇ ਗਤੀਸ਼ੀਲ ਆਗੂ ਜੈਕ ਲੇਟਨ ਸਿਰ ਬੱਝਦਾ ਹੈ। ਸੰਨ 2017 ਵਿਚ ਇਸ ਪਾਰਟੀ ਨੇ ਪੰਜਾਬੀ ਮੂਲ ਦਾ ਨੌਜਵਾਨ ਗੁਰਸਿੱਖ ਆਗੂ ਜਗਮੀਤ ਸਿੰਘ ਆਪਣਾ ਆਗੂ ਚੁਣ ਲਿਆ ਜਿਸਦੀ ਅਗਵਾਈ ਵਿਚ ਇਹ ਪਾਰਟੀ ਮੈਦਾਨ ਵਿਚ ਹੈ। ਗਰੀਨ ਪਾਰਟੀ ਆਪਣੇ ਅਲੈਜਬੈਥ ਮੇਅ ਆਗੂ ਦੀ ਅਗਵਾਈ ਹੇਠ ਚੋਣਾਂ ਲੜ ਰਹੀ ਹੈ। ਸੰਨ 2015 ਵਿਚ ਉਨਾਂ ਦੀ ਅਗਵਾਈ ਵਿਚ 3.5 ਪ੍ਰਤੀਸ਼ਤ ਵੋਟਾ ਲੈ ਕੇ ੇਇਸ ਪਾਰਟੀ ਸਿਰਫ਼ ਇੱਕ ਸੀਟ ਜਿੱਤ ਸਕੀ ਸੀ। ਫਰੈਂਚ ਬੋਲਣ ਵਾਲੇ ਕਿਊਬੈਕ ਸੂਬੇ ਨਾਲ ਸੰਬਧਿਤ ਕਿਊਬੈਕ ਬਲਾਕ ਪਾਰਟੀ ਨੇ ਆਪਣੇ ਆਗੂ ਗਿਲਸ ਡੂਸੱਪੇ ਦੀ ਅਗਵਾਈ ਹੇਠ 4.7 ਪ੍ਰਤੀਸ਼ਤ ਵੋਟਾਂ ਲੈ ਕੇ 10ਸੀਟਾਂ ਹਾਸਿਲ ਕੀਤੀਆਂ ਸਨ। ਇਸ ਵਾਰ ਇਸ ਦੀ ਅਗਵਾਈ ਫਰਾਂਕੋਸ ਬਲੈਚ (ਸਾਬਕਾ ਮੰਤਰੀ ਕਿਊਬੈਕ) ਕਰ ਰਹੇ ਹਨ। ਕੰਜ਼ਰਵੇਟਿਵ ਪਾਰਟੀ ਤੋਂ ਵੱਖ ਹੋਏ ਆਗੂ ਅਜੋਕੀ ਪਾਰਲੀਮੈਂਟ ਦੇ ਮੈਂਬਰ ਮੈਕਸਮ ਬਰਨੀਅਰ ਜੋ ਪਾਰਟੀ ਦੀ ਲੀਡਰਸ਼ਿਪ ਲਈ ਉਮੀਦਵਾਰ ਸਨ, ਨੇ ਵੱਖਰੀ ਪੀਪਲਜ਼ ਪਾਰਟੀ ਆਫ਼ ਕੈਨੇਡਾ ਗਠਤ ਕਰ ਲਈ ਹੈ। ਇਹ ਪਾਰਟੀ ਉਨਾਂ ਦੀ ਅਗਵਾਈ ਵਿਚ ਚੋਣ ਮੈਦਾਨ ਵਿਚ ਹੈ।
ਕੈਨੇਡਾ ਅੰਦਰ ਚੋਣਾਂ ਭਾਰਤ ਵਰਗੇ ਲੋਕਤੰਤਰੀ ਦੇਸ਼ ਤੋਂ ਅਲਗ ਢੰਗ ਨਾਲ ਹੁੰਦੀਆਂ ਹਨ। ਵੱਡੀਆਂ-ਵੱਡੀਆ ਰੈਲੀਆਂ ਦੀ ਥਾਂ ਜਨ ਸੰਪਰਕ ਮੁਹਿੰਮਾਂ ਪਾਰਟੀ ਆਗੂਆਂ ਅਤੇ ਉਮੀਦਵਾਰਾ ਵਲੋਂ ਰਾਸ਼ਟਰੀ ਅਤੇ ਹਲਕਾ ਪੱਧਰ ’ਤੇ ਸ਼ੁਰੂ ਕੀਤੀਆਂ ਜਾਂਦੀਆਂ ਹਨ। ਪਾਰਟੀ ਨੀਤੀਵਾਕ ਅਤੇ ਮੈਨੀਫੈਸਟੋ ਜਨਤਾ ਸਾਹਮਣੇ ਰਖੇ ਜਾਂਦੇ ਹਨ। ਹਲਕਾ ਪੱਧਰ ’ਤੇ ਉਮੀਦਵਾਰ ਅਤੇ ਰਾਸ਼ਟਰੀ ਪੱਧਰ ’ਤੇ ਅੰਗਰੇਜ਼ੀ ਅਤੇ ਫਰਾਂਸੀਸੀ (ਰਾਸ਼ਟਰੀ ਭਾਸ਼ਾਵਾਂ) ਵਿਚ ਡੀਬੇਟ ਕਰਾਏ ਜਾਂਦੇ ਹਨ ਜਿਨਾਂ ਵਿਚ ਰਾਸ਼ਟਰੀ ਆਗੂ ਜਾਂ ਪਾਰਟੀ ਪ੍ਰਮੁੱਖ ਹਿੱਸਾ ਲੈਂਦੇ ਹਨ। ਟਰਾਂਟੋ ਵਿਖੇ ਪਹਿਲਾ ਡੀਬੇਟ ਜੋ ਮੈਕਲੀਨ ਅਤੇ ਸੀ.ਟੀ.ਵੀ. ਵਲੋਂ ਸਤੰਬਰ 12 ਨੂੰ ਰਖਿਆ ਗਿਆ ਸੀ, ਵਿਚ ਲਿਬਰਲ ਪਾਰਟੀ ਆਗੂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸ਼ਾਮਲ ਨਹੀਂ ਹੋਏ ਸਨ।
ਵੈਸੇ ਕੈਨੇਡਾ ਅੰਦਰ ਪਾਰਟੀ ਆਗੂਆਂ ਦੇ ਵਿਧੀਵਤ ਡੀਬੇਟ ਲਈ ਅਜ਼ਾਦ ਡਿਬੇਟ ਕਮਿਸ਼ਨ ਕਾਇਮ ਕੀਤਾ ਗਿਆ ਹੈ। ਜਿਸਦਾ ਅਜੋਕਾ ਮੁੱਖੀ ਸਾਬਕਾ ਗਵਰਨਰ ਜਨਰਲ (ਬਿ੍ਰਟੇਨ ਦੀ ਮਹਾਰਾਣੀ ਅਲੈਜ ਬੈਥ ਦਾ ਕੈਨੇਡਾ ਅੰਦਰ ਪ੍ਰਤੀਨਿਧ) ਡੇਵਿਡ ਜਹਾਨਸਟਨ ਹੈ। ਇਹ ਕਮਿਸ਼ਨ ਫੈਡਰਲ ਆਗੂਆਂ ਦਾ ਡਿਬੇਟ ਤੇ ਤਾਰੀਖ ਤਹਿ ਕਰਦਾ ਹੈ। ਕਮਿਸ਼ਨ ਵੱਲੋਂ ਅੰਗਰੇਜ਼ੀ ਵਿਚ ਅਕਤੂਬਰ 7 ਅਤੇ ਫਰੈਂਚ ਵਿਚ ਅਕਤੂਬਰ 10, 2019 ਨੂੰ ਡੀਬੇਟ ਤਹਿ ਕੀਤੇ ਹਨ। ਇੰਨਾਂ ਵਿਚ ਸਿਰਫ਼ ਉਸ ਪਾਰਟੀ ਦਾ ਆਗੂ ਹੀ ਭਾਗ ਲੈ ਸਕਦਾ ਹੈ ਜਿਸਦੀ ਪਾਰਟੀ ਘੱਟੋ-ਘੱਟ 5 ਹਲਕਿਆਂ ਤੋਂ ਚੋਣ ਲੜਦੀ ਹੋਵੇ। ਇਸ ਸਥਿੱਤੀ ਵਿਚ ਉਸ ਵੱਲੋਂ ਕੰਜ਼ਰ ਵੇਟਿਵ ਪਾਰਟੀ ਤੋਂ ਅਲੱਗ ਹੋਏ, ਪੀਪਲਜ਼ ਪਾਰਟੀ ਆਗੂ ਮੈਕਸਿਮ ਬਰਨੀਅਰ ਨੂੰ ਡਿਬੇਟ ਵਿਚ ਭਾਗ ਲੈਣ ਦੀ ਆਗਿਆ ਦੇਣ ਕਰਦੇ ਕੰਜ਼ਰਵੇਟਿਵਾਂ ਵਿਚ ਰੋਸ ਵੇਖਣ ਨੂੰ ਮਿਲਿਆ ਹੈ ਕਿਉਂਕਿ ਉਹ ਸਮਝਦੇ ਹਨ ਕਿ ਉਹ ਉਨਾਂ ਦੇ ਪੋ੍ਰਗਰਾਮਾਂ, ਨੀਤੀਆਂ ਅਤੇ ਵੋਟਰਾਂ ਨੂੰ ਸੰਨ ਲਗਾਏਗਾ।
ਹਰ ਪਾਰਟੀ ਨੇ ਆਪੋ-ਆਪਣੇ ਚੋਣ ਮਨੋਰਥ ਪੱਤਰਾਂ ਦੇ ਨਾਲ-ਨਾਲ ਆਪਣੇ ਵਿਸ਼ੇਸ਼ ਨੀਤੀਵਾਕ ਵੀ ਐਲਾਨੇ ਹਨ ਜਿਵੇਂ ਲਿਬਰਲ ਪਾਰਟੀ ਨੇ ‘ਅੱਗੇ ਵਧਣਾ ਚੁਣੋ’, ਕੰਜ਼ਰਵੇਟਿਵ ਪਾਰਟੀ ਨੇ ‘ਇਹ ਸਮਾਂ ਹੈ ਤੁਹਾਡੇ ਲਈ ਜਾਣ ਦਾ ਐੱਨ. ਡੀ. ਪੀ. ਨੇ ‘ਤੁਹਾਡੇ ਲਈ ਇਸ ਵਿਚ’ ਗਰੀਨ ਪਾਰਟੀ ਨੇ ‘ਨਾ ਸੱਜੇ, ਨਾ ਖੱਬੇ, ਇਕਠੇ ਅੱਗੇ ਵਧੋ’, ਪੀਪਲਜ਼ ਪਾਰਟੀ ਨੇ ‘ਮਜ਼ਬੂਤ ਅਤੇ ਅਜ਼ਾਦ।’
ਸੱਤਾਧਾਰੀ ਲਿਬਰਲ ਪਾਰਟੀ ਦਾਅਵਾ ਕਰ ਰਹੀ ਹੈ ਕਿ ਉਸ ਨੇ ਇੱਕ ਲੱਖ ਲੋਕਾਂ ਨੂੰ ਰੋਜ਼ਗਾਰ ਦਿਤਾ, 9 ਲੱਖ ਕੈਨੇਡੀਅਨਾਂ ਨੂੰ ਗੁਰਬੱਤ ਵਿਚੋਂ ਬਾਹਰ ਕੱਢਿਆ, ਉਸਦੇ ਵਧੀਆ ਸਾਸਨ ਕਰਕੇ ਇਸ ਦਹਾਕੇ ਦਾ ਬੇਰੋਜ਼ਗਾਰੀ ਗ੍ਰਾਫ਼ ਸਭ ਤੋਂ ਹੇਠਲੇ ਪੱਧਰ ’ਤੇ ਹੈ। ਕੁਝ ਦਿਨ ਪਹਿਲਾਂ ਜਾਰੀ ਇੱਕ ਸਰਵੇਖਣ ਵੀ ਉਸਦੀ ਟਰੂਡੋ ਸਰਕਾਰ ਦੇ ਹੱਕ ਵਿਚ ਜਾਂਦਾ ਹੈ। ਇਸ ਵਿਚ ਕਿਹਾ ਹੈ ਕਿ ਅਮਰੀਕਾ ਨਾਲੋ ਕੈਨੇਡਾ ਦੇ ਲੋਕਾਂ ਰਹਿਣ-ਸਹਿਣ ਵਧੀਆ ਅਤੇ ਸਸਤਾ ਹੈ। ਕੈਨੇਡਾ ਦਾ ਮੱਧ ਵਰਗ ਦੀ ਅਮਰੀਕੀ ਮਧ ਵਰਗ ਨਾਲੋਂ ਸਲਾਨਾ ਆਮਦਨ ਵੱਧ ਹੈ। ਕੈਨੇਡੀਅਨਾਂ ਦੀ ਔਸਤ ਉਮਰ ਅਮਰੀਕੀਆਂ ਨਾਲੋਂ ਤਿੰਨ ਸਾਲ ਵੱਧ ਹੈ। ਕੈਨੇਡਾ ਦੀਆਂ ਸਿਹਤ ਸੇਵਾਵਾਂ ਅਮਰੀਕਾ ਨਾਲੋਂ ਸਸਤੀਆਂ ਅਤੇ ਬਿਹਤਰ ਹਨ। ਮਿਸਾਲ ਵਜੋਂ ਸ਼ੂਗਰ ਦੇ ਮਰੀਜ਼ਾਂ ਨੂੰ ਜਿਥੇ ਅਮਰੀਕਾ ਵਿਚ ਹਰ ਮਹੀਨੇ ਦੇ 1000 ਡਾਲਰ ਦੇ ਟੀਕੇ ਲਗਾਉਣੇ ਪੈਂਦੇ ਹਨ ਜਦਕਿ ਏਨੀ ਕੀਮਤੀ ਵਿਚ ਉਹੀ ਟੀਕ ਸਸਤੇ ਭਾਅ ਕੈਨੇਡਾ ਵਿਚ ਇੱਕ ਸਾਲ ਲਗਵਾਏ ਜਾ ਸਕਦੇ ਹਨ।
ਬਾਵਜੂਦ ਇੰਨਾਂ ਪ੍ਰਾਪਤੀਆਂ ਦੇ ਵਿਰੋਧੀ ਧਿਰਾਂ ਜਸਟਿਨ ਟਰੂਡੋ ਲਿਬਰਲ ਸਰਕਾਰ ਤੇ ਸੰਨ 2015 ਵਿਚ ਕੈਨੇਡੀਅਨਾਂ ਨਾਲ ਕੀਤੇ ਵਾਅਦਿਆਂ ਤੋਂ ਭੱਜਣ ਦਾ ਦੋਸ਼ ਤੱਥਾਂ ਅਧਾਰਤ ਲਗਾ ਰਹੀਆਂ ਹਨ ਜਿੇਵਂਕਿ ਫੈਡਰਲ ਬਜਟ ਸੰਤੁਲਿਤ ਨਾ ਬਣਾ ਸਕਣਾ, ਕੈਨੇਡਾ ਸਿਰ ਕਰਜ਼ ਨਾ ਘਟਾ ਸਕਣਾ, ਕਰਜ਼ ਜੀ.ਡੀ.ਪੀ. ਦਾ 27 ਪ੍ਰਤੀਸ਼ਤ ਰਖਣ ਦਾ ਵਾਅਦਾ ਕੀਤਾ ਸੀ ਜੋ ਅੱਜ 30.7 ਹੈ, ਮੂਲ ਕੈਨੇਡਾ ਵਾਸੀਆਂ ਨਾਲ ਵਿਸ਼ੇਸ਼ ਸਬੰਧ ਨਾ ਕਾਇਮ ਕਰ ਸਕਣਾ, ਉਨਾਂ ਦੀ ਪਾਣੀ ਦੀ ਸਮਸਿਆ ਦੂਰ ਨਾ ਕਰ ਸਕਣਾ, ਚੋਣ ਸੁਧਾਰਾਂ ਤੋਂ ਭੱਜਣਾ, ਮੱਧ ਵਰਗ ਨੂੰ ਰਾਹਤ ਨਾ ਦੇਣਾ, ਅਮੀਰ ਹੋਰ ਅਮੀਰ ਅਤੇ ਗਰੀਬ ਹੋਰ ਗਰੀਬ ਹੋਣੇ, ਜਲਵਾਯੂ ਸਬੰਧੀ ਟੀਚੇ ਪੂਰੇ ਨਾ ਕਰਨਾ, ਲਵ ਸਕੈਮ ਸਬੰਧੀ ਦੋਸ਼ ਲਗਣਾ, ਦੋ ਨੈਤਿਕ ਕਮਿਸ਼ਨਾਂ ਦੇ ਲਿਬਰਲ ਸਰਕਾਰ ਵਿਰੁੱਧ ਜਾਣਾ, ਕਾਲਾ ਅਤੇ ਭੂਰਾ ਨਕਾਬ (18 ਸਾਲ ਪਹਿਲਾਂ ) ਲਾਉਣ ਸਬੰਧੀ ਜਸਟਿਨ ਟਰੂਡੋ ਤੇ ਨਸਲਵਾਦੀ ਹੋਣ ਦੇ ਦੋਸ਼ ਲਗਣਾ ਆਦਿ ਸ਼ਾਮਲ ਹਨ।
ਇੰਨਾਂ ਚੋਣਾਂ ਵਿਚ ਵੱਖ-ਵੱਖ ਪਾਰਟੀਆਂ ਦੇ ਆਗੂਆਂ ਤੇ ਭਾਰਤ ਅਤੇ ਹੋਰ ਏਸ਼ੀਅਨ ਲੋਕਤੰਤਰੀ ਦੇਸ਼ਾਂ ਵਾਂਗ ਚਿੱਕੜ ਉਛਾਲਣ ਦੀ ਘਟੀਆ ਰਾਜਨੀਤੀ ਵੇਖਣ ਨੂੰ ਮਿਲ ਰਹੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਕਿ ਜਿਵੇਂ 18 ਸਾਲ ਪਹਿਲਾਂ ਕਾਲਾ-ਭੂਰਾ ਨਕਾਬ ਪਹਿਨਣ, ਭਾਰਤ ਫੇਰੀ ਵੇਲੇ ਉਸ ਅਤੇ ਉਸਦੇ ਪਰਿਵਾਰ ਵੱਲੋਂ ਪੰਜਾਬੀ ਪਹਿਰਾਵਾ ਪਹਿਨਣ, ਜਗਮੀਤ ਸਿੰਘ ਦੀ ਪਾਰਟੀ ਵਲੋਂ ਫਰਵਰੀ, 2018 ਵਿਚ ਯਹੂਦੀਆਂ ਵਿਰੋਧੀ ਲੂਹੀ ਫਰਖਾਨ ਦੀ ਪੈਰੋਕਾਰ ਤਾਮਿਕਾ ਮਾਲੋਰੀ ਨੂੰ ਬੁਲਾਇਆ ਜਾਣਾ, ਕੰਜ਼ਰਵੇਟਿਵ ਆਗੂ ਐਂਡਰਿਊ ਸ਼ੀਰ ਤੇ ਸਮਿਗੀ ਵਿਆਹ ਵਿਰੁੱਧ ਬਿਆਨ ਦੇਣ, ਬਦਨਾਮ ਬਾਗੀ ਮੀਡੀਆ ਇਜ਼ਰਾ ਲੀਵਾਂਤ ਨਾਲ ਸਬੰਧ ਹੋਣਾ, ਰੂੜੀਵਾਦੀ ਰੋਮਨ ਕੈਥੋਲਿਕ ਹੋਣਾ, ਉਸ ਵਲੋਂ ਬੀਮਾ ਬ੍ਰੋਕਰ ਰਹੇ ਹੋਣ ਬਾਰੇ ਝੂਠ ਬੋਲਣਾ, ਲਿਬਰਲ ਫੈਡਰਲ ਵਾਤਾਵਰਨ ਮੰਤਰੀ ਕੈਥਰੀਨ ਮਕੈਨਾ ਨੂੰ ਸ਼ਰਾਰਤੀ ਅਤੇ ਵਿਰੋਧੀ ਅਨਸਰ ਵੱਲੋਂ ‘ਫੱਕ ਯੂ ਕਲਾਈਮੇਟ ਬਾਰਬੀ’ ਕਹਿ ਕੇ ਪ੍ਰੇਸ਼ਾਨ ਕਰਨਾ ਆਦਿ ਵਰਣਨਯੋਗ ਹਨ। ਕੁੰਝ ਆਗੂਆਂ ਨੂੰ ਹਿੰਸਕ ਗਰੁੱਪਾਂ ਅਤੇ ਲੋਕਾਂ ਵਲੋਂ ਤੰਗ ਕਰਨ ਕਰਕੇ ਸਰਕਾਰੀ ਅੰਗ ਰਖਿਅਕਾਂ ਦੀ ਮੰਗ ਕਰਨੀ ਪਈ ਜੋ ਕੈਨੇਡਾ ਵਰਗੇ ਵਿਕਸਤ ਦੇਸ਼ ਲਈ ਮਾੜੀ ਪਿਰਤ ਦੀ ਸ਼ੁਰੂਆਤ ਹੈ ਜੋ ਰੋਕਣਾ ਅਤਿ ਜ਼ਰੂਰੀ ਹੈ।
ਰਾਜਨੀਤਕ ਪਾਰਟੀਆਂ ਵੱਲੋਂ ਲੋਕ ਲੁਭਾਊ ਵਾਅਦੇ ਕਰਨ ਅਤੇ ਬਾਅਦ ਵਿਚ ਉਨਾਂ ’ਤੇ ਖ਼ਰੇ ਨਾ ਉਤਰਨ ਦੀ ਜਨਤਕ ਤੌਰ ’ਤੇ ਨਿਖੇਧੀ ਹੋ ਰਹੀ ਹੈ। ਕੈਨੇਡੀਅਨ ਲੋਕ ਜਿੰਨੇ ਟੈਕਸਾਂ ਨਾਲ ਨਪੀੜੇ ਹੋਏ ਹਨ ਸ਼ਾਇਦ ਹੀ ਐਸਾ ਕਿਸੇ ਹੋਰ ਦੇਸ਼ ਵਿਚ ਹੋਵੇ। ਇੱਕ ਵਿਅਕਤੀ ਦੀ ਆਮਦਨ ਦਾ 44.7 ਪ੍ਰਤੀਸ਼ਤ ਟੈਕਸ ਚੱਟ ਜਾਂਦੇ ਹਨ ਜਿੰਨਾਂ ਵਿਚ ਆਮਦਨ, ਸੇਲ, ਗੈਸ, ਸਿਨ, ਬਿਜਲੀ, ਪਾਣੀ, ਮਕਾਨ, ਵਾਹਨ ਆਦਿ ਟੈਕਸ ਸ਼ਾਮਿਲ ਹਨ। ਟਰੇਜ਼ਰ ਸੰਗਠਨ ਅਨੁਸਾਰ 80 ਪ੍ਰਤੀਸ਼ਤ ਟੈਕਸ ਮੱਧ ਵਰਗ ਅਦਾ ਕਰ ਰਿਹਾ ਹੈ। ਮਹਿੰਗੀਆਂ ਇੰਟਰਨੈੱਟ ਸੇਵਾਵਾਂ ਤੋਂ ਲੋਕ ਨਕੋ ਨੱਕ ਆਏ ਹੋਏ ਹਨ। ਹਰ ਆਗੂ ਅਤੇ ਪਾਰਟੀ ਇਨਾਂ ਨੂੰ ਘਟਾਉਣ ਦਾ ਐਲਾਨ ਕਰਦੇ ਹਨ ਪਰ ਸੱਤਾ ’ਚ ਪਰਤਣ ਤੇ ਬਸ ਪਰ ਨਾਲਾ ਉਥੇ ਦਾ ਉਥੇ।
ਇੰਨਾਂ ਚੋਣਾਂ ਵਿਚ ਪ੍ਰਮੁੱਖ ਮੁੱਦਿਆਂ ’ਤੇ ਵੱਖ-ਵੱਖ ਪ੍ਰਮੁੱਖ ਪਾਰਟੀਆਂ ਆਪੋ-ਆਪਣੇ ਢੰਗ ਨਾਲ ਸਬਜ਼ਬਾਗ ਵਿਖਾ ਰਹੀਆਂ ਹਨ। ਕਾਰਬਨ ਟੈਕਸ 20 ਡਾਲਰ ਪ੍ਰਤੀਟਨ, ਸੰਨ 2022 ਤੱਕ ਪ੍ਰਤੀਸਾਲ 10 ਡਾਲਰ ਵਾਧਾ ਕਰਕੇ ਲਿਬਰਲ ਪਾਰਟੀ 50 ਡਾਲਰ ਪ੍ਰਤੀ ਟਨ ਤੱਕ ਸਾਫ਼ ਜਲਵਾਯੂ ਅਤੇ ਗਲੋਬਲ ਵਾਰਮਿੰਗ ਰੋਕਣ ਹਿਤ ਪੈਰਿਸ ਸੰਧੀ ਅਨੁਸਾਰ ਕਰੇਗੀ। ਐਨ.ਡੀ.ਪੀ. ਅਤੇ ਗਰੀਨਪਾਰਟੀ ਵੀ ਕਾਰਬਨ ਟੈਕਸ ਦੇ ਹੱਕ ਵਿਚ ਹਨ। ਬਲਾਕ ਕਿਊਬੈਕ 30 ਡਾਲਰ ਤੋਂ ਵਧਾਉਣ ਵਿਰੁੱਧ ਹਨ ਜਦਕਿ ਜ਼ਿਆਦਾ ਕਾਰਬਨ ਨਿਕਾਸ ਕਰਨ ਵਾਲੇ ਰਾਜਾਂ ਵਿਚ 200 ਡਾਲਰ ਪ੍ਰਤੀ ਟਨ ਰੋਕਣ ਦੇ ਹੱਕ ਵਿਚ ਹਨ। ਪੀਪਲਜ਼ ਪਾਰਟੀ ਜਲਵਾਯੂ ਨੂੰ ਮੁੱਦਾ ਹੀ ਨਹੀਂ ਮੰਨਦੀ ਜਦਕਿ ਕੰਜ਼ਰਵੇਟਿਵ ਇਸ ਟੈਕਸ ਦੇ ਹੱਕ ਵਿਚ ਨਹੀਂ । ਇਹ ਕਾਰਜ ਰਾਜਾਂ ’ਤੇ ਛੱਡਿਆ ਜਾਵੇਗਾ। ਗਰੀਨ ਤਕਨੀਕ ਨਾਲ ਨਜਿੱਠੀਆ ਜਾਵੇਗਾ।
ਬੱਚਿਆਂ ਦੀ ਸਿਹਤ ਦੇ ਧਿਆਨ ਲਈ ਲਿਬਰਲ ਪਾਰਟੀ ਵੋਲਂ ਲਾਗੂ ‘ਚਾਈਲਡ ਕੇਅਰ ਬੈਨੀਫਿਟ’ ਦੇ ਹੱਕ ਵਿਚ ਸਭ ਪਾਰਟੀਆਂ ਹਨ। ਪਰ ਤਰੀਕਾ ਜ਼ਰਾ ਵੱਖ-ਵੱਖ ਹੈ। ਲਿਬਰਲ ਇਸ ’ਤੇ 57 ਬਿਲੀਅਨ ਡਾਲਰ ਖਰਚਣਗੇ।
ਬਜਟ ਘਾਟੇ ਦੀ ਪੂਰਤੀ ਤੋਂ ਸੱਤਾ ਧਾਰੀ ਲਿਬਰਲ ਪਾਰਟੀ ਨੱਸ ਗਈ ਹੈ। ਇਹ ਜਾਰੀ ਹੀ ਰਹੇਗਾ ਕਿਉਂਕਿ ਉਹ ਲੋਕ ਭਲਾਈ ਅਤੇ ਵਿਕਾਸ ਕਸੀਮਾਂ ਤੇ 9.3 ਬਿਲੀਅਨ ਡਾਲਰ ਖਰਚੇਗੀ। ਪਰ ਕੰਜ਼ਰਵੇਟਿਵ ਅਗਲੇ 5 ਸਾਲਾਂ ਵਿਚ ਇਸ ਨੂੰ ਸਤੁੰਲਿਤ ਕਰਨ ਦਾ ਵਾਅਦਾ ਕਰ ਰਹੇ ਹਨ। ਐਨ.ਡੀ.ਪੀ. ਦਾ ਕਹਿਣਾ ਹੈ ਜੋ ਸਹੀ ਸਮਝਾਂਗੇ, ਕਰਾਂਗੇ। ਗਰੀਨ ਪਾਰਟੀ ਵੀ ਕੰਜਰਵੇਟਵਾਂ ਵਾਂਗ ਇਸ ਨੂੰ ਜ਼ੀਰੋ ਲੈਵਲ ’ਤੇ ਲਿਆਉਣ ਦਾ ਵਾਅਦਾ ਕਰ ਰਹੀ ਹੈ।
ਸਿਖਿਆ ਖੇਤਰ ਵਿਚ ਵਿਦਿਆਰਥੀਆਂ ਨੂੰ ਕਰਜ਼ ਵਾਪਸ ਕਰਨ ਵਿਚ ਦੋ ਸਾਲ ਦੀ ਰਾਹਤ ਲਿਬਰਲ ਦੇ ਰਹੇ ਹਨ ਜਦੋਂ ਤੱਕ 35000 ਡਾਲਰ ਕਮਾਉਣਾ ਸ਼ੁਰੂ ਨਹੀਂ ਕਰਦੇ। ਕੰਜ਼ਰਵੇਟਿਵ ਰਜਿਸਟਰਡ ਸਿਖਿਆ ਬਚਤ ਯੋਜਨਾ ਸ਼ੁਰੂ ਕਰੇਗੀ, ਐਨ.ਡੀ.ਪੀ. ਅਤੇ ਗਰੀਨ ਯੂਨੀਵਰਸਟੀ ਅਤੇ ਕਾਲਜ ਵਿਦਿਆ ਵਿਚ ਫੀਸਾਂ ਮੁਆਫ਼ ਕਰਨ, ਪੀਪਲਜ਼ ਪਾਰਟੀ ਇਸ ਵਿਸ਼ੇ ਨੂੰ ਰਾਜਾਂ ’ਤੇ ਛੱਤਣ ਦਾ ਪ੍ਰੋਗਰਾਮ ਰਖਦੇ ਹਨ।
ਸਿਹਤ ਖੇਤਰ ਨੂੰ ਬਿਹਤਰ ਬਣਾਉਣ ਲਈ ਲਿਬਰਲਾਂ ਰਾਸ਼ਟਰੀ ਫਾਰਮਾ ਕੇਅਰ ਪ੍ਰੋਗਰਾਮ ਲਾਗੂ ਕਰ ਰਖਿਆ ਹੈ, ਐਨ.ਡੀ.ਪੀ. ਇਸ ਨੂੰ ਹੋਰ ਅੱਗੇ ਵਧਾਏਗੀ। ਗਰੀਨ ਪਾਰਟੀ ਡਾਕਟਰੀ, ਨਰਸਿੰਗ, ਮਿਡ ਵਾਈਫ ਟ੍ਰੇਨਿਗ ’ਤੇ ਜ਼ੋਰ ਦੇਵੇਗੀ। ਮੈਡੀਕਲ ਇਲਾਜ ’ਤੇ ਖਰਚੇ ਹੱਦ ਨਹੀਂ ਮਿਥੇਗੀ। ਪਰ ਕੰਜ਼ਰਵੇਟਿਵ ਫਾਰਮਾਕੇਅਰ ਵਿਰੁੱਧ ਹਨ, ਉਹ ਸਿਹਤ ਟਰਾਂਸਫਰ ਅਦਾਇਗੀ ਬਿਹਤਰ ਬਣਾਉਣਗੇ।
ਕੈਨੇਡਾ ਵਿਚ ਹਰ ਸ਼ਹਿਰੀ ਲਈ ਘਰ ਵੱਡੀ ਸਮਸਿਆ ਹੈ। ਬਿਲਡਰਾਂ ਦੇ ਰਾਜਨੀਤਕ ਪਾਰਟੀਆਂ ਨਾਲ ਸਬੰਧ ਹੋਣ ਕਰਕੇ ਲੋਕਾਂ ਨੂੰ ਸਹੀ ਕੀਮਤ ’ਤੇ ਘਰ ਨਸੀਬ ਨਹੀਂ ਹੋ ਰਹੇ। ਵੱਖ-ਵੱਖ ਪਾਰਟੀਆਂ ਲੋਕਾਂ ਦੀ ਪਹੁੰਚ ਵਾਲੇ ਘਰ ਅਤੇ ਸਸਤੇ ਕਰਜ਼ੇ ਅਤੇ ਸਬਸਿਡੀਆਂ ਦੇ ਐਲਾਨ ਤਾਂ ਕਰ ਰਹੀਆਂ ਹਨ ਪਰ ਕੀ ਅਮਲ ਹੋਵੇਗਾ, ਅੱਲਾ ਜਾਣੇ।
ਕੈਨੇਡਾ ਨੂੰ ਪ੍ਰਵਾਸੀਆਂ ਦਾ ਦੇਸ਼ ਕਿਹਾ ਜਾਂਦਾ ਹੈ। ਇਸ ਬਾਰੇ ਵੀ ਲਿਬਰਲ, ਐਨ.ਡੀ.ਪੀ. ਅਤੇ ਗਰੀਨ ਇਕੋ ਜਿਹੇ ਵਿਚਾਰ ਰਖਦੇ ਹਨ ਜਦਕਿ ਕੰਜ਼ਰਵੇਟਿਵ ਆਰਥਿਕ ਪ੍ਰਵਾਸ ਨੂੰ ਵਧਾਉਣ ਦੀ ਨੀਤੀ ਰਖਦੇ ਹਨ। ਸੰਨ 2018 ਵਿਚ 321045 ਪ੍ਰਵਾਸੀ ਪਹਿਲੇ ਵਿਸ਼ਵ ਯੁੱਧ ਬਾਅਦ ਸਭ ਤੋਂ ਵੱਧ ਆਏ। ਸੰਨ 2021 ਵਿਚ ਇਨਾਂ ਦੀ ਸਲਾਨਾ ਆਂਵਦ 350000 ਹੋ ਸਕਦੀ ਹੈ।
ਲੋਕਾਂ ਨੂੰ ਰੋਜ਼ਗਾਰ ਦੇਣ ਦੇ ਖੇਤਰ ਵਿਚ ਲਿਬਰਲਾਂ ਵਧੀਆ ਕਾਰਗੁਜ਼ਾਰੀ ਵਿਖਾਈ ਹੈ। ਉਹ, ਐਨ.ਡੀ.ਪੀ. ਅਤੇ ਗਰੀਨ 15 ਡਾਲਰ ਪ੍ਰਤੀ ਘੰਟਾ ਉਜਰਤ ਕਰਨਗੇ। ਕੰਜ਼ਰਵੇਟਿਵ ਵਿਦੇਸ਼ੀ ਤੇਲ ਅਯਾਤ ਬੰਦ ਕਰਕੇ ਘਰੋਗੀ ਸਨਅਤ ’ਤੇ ਜ਼ੋਰ ਦੇਣਗੇ। ਸਾਰੇ ਦਲ ਵੱਖ-ਵੱਖ ਖੇਤਰਾਂ ਵਿਚ ਉਤਪਾਦਨ ਨੂੰ ਵਧਾਉਣ ਦੇ ਪ੍ਰੋਗਰਾਮ ਰਖਦੇ ਹਨ। ਇਸ ਖੇਤਰ ਵਿਚ ਨਵੀਨਤਾ ਅਤੇ ਆਟੋ ਖੇਤਰ ਵਿਚ ਵਾਧੇ ਲਈ ਵੱਡਾ ਨਿਵੇਸ਼ ਕੀਤਾ ਜਾਵੇਗਾ। ਵਿਦੇਸ਼ ਨੀਤੀ ਸਭ ਦੀ ਲਗਭਗ ਇੱਕੋ ਜਿਹੀ ਹੈ। ਲਿਬਰਲ ਯੂ.ਐਨ.ਸ਼ਾਂਤੀ ਪ੍ਰੋਰਗਰਾਮ ਲਈ 150 ਬਿਲੀਅਨ ਖਰਚਣਗੇ। ਗੰਨ ਕੰਟਰੋਲ ਦੇ ਹੱਕ ਵਿਚ ਸਭ ਪਾਰਟੀਆਂ ਹਨ ਤਾਂ ਕਿ ਵੱਧਦੀ ਹਿੰਸਾ ਤੇ ਕਾਬੂ ਪਾਇਆ ਜਾ ਸਕੇ।
ਅਜੋਕੀਆਂ ਚੋਣਾਂ ਵਿਚ ਮੁੱਖ ਟੱਥਰ ਲਿਬਰਲ ਅਤੇ ਕੰਜ਼ਰਵੇਟਿਵ ਪਾਰਟੀਆਂ ਵਿਚ ਵੇਖਣ ਨੂੰ ਮਿਲ ਰਹੀ ਹੈ। ਓਟਾਰੀਓ ਸੂਬੇ ਵਿਚ 121 ਪਾਰਲੀਮਾਨੀ ਹਲਕੇ ਹਨ। ਜੋ ਪਾਰਟੀ ਇਸ ਸੂਬੇ ਵਿਚੋਂ ਵੱਧ ਸੀਟਾਂ ਲਿਜਾਏਗੀ, ਉਹੀ ਸਰਕਾਰ ਗਠਤ ਕਰੇਗੀ। ਇਸ ਸੂਬੇ ਸਮੇਤ 10 ਵਿਚੋਂ 7 ਰਾਜਾਂ ਵਿਚ ਕੰਜ਼ਰਵੇਟਿਵਾਂ ਦੀ ਹਕੂਮਤ ਦੇ ਬਾਵਜੂਦ ਟੱਕਰ ਬਹੁਤ ਤਿੱਖੀ ਹੈ। ਇਸ ਸੂਬੇ ਵਿਚ ਪ੍ਰੀਮੀਅਰ ਡਗਫੋਰਡ ਦੀ ਮਾੜੀ ਕਾਰਗੁਜ਼ਾਰੀ ਕਰਕੇ ਲੋਕ ਕੰਜਵੇਟਿਵਾਂ ਤੋਂ ਨਰਾਜ਼ ਹਨ। ਐਨ.ਡੀ.ਪੀ. ਅਤੇ ਗਰੀਨ ਤੀਸਰੇ ਅਤੇ ਚੌਥੇ ਸਥਾਨ ਲਈ ਲੜ ਰਹੇ ਹਨ । ਐਨ.ਡੀ.ਪੀ. ਆਗੂ ਜਗਮੀਤ ਸਿੰਘ ਨੇ ਐਲਾਨ ਕੀਤਾ ਹੈ ਕਿ ਲਟਕਵੀ ਪਾਰਲੀਮੈਂਟ ਬਣਨ ਤੇ ਉਹ ਕੰਜਰਵੇਟਿਵਾਂ ਦਾ ਸਾਥ ਨਹੀਂ ਦੇਣਗੇ। ਗਰੀਨ ਪਾਰਟੀ ਆਗੂ ਅਲੈਜਬੈਥ ਮੇਅ ਉਸ ਪਾਰਟੀ ਦਾ ਸਾਥ ਦੇ ਸਕਦੀ ਹੈ ਜੋ ਉਸਨੂੰ ਵਾਤਾਵਰਨ ਮੰਤਰੀ ਬਣਾ ਦੇਵੇ।
ਪਿੱਛਲੀ ਵਾਰ 18 ਪੰਜਾਬੀ ਪਾਰਲੀਮੈਂਟ ਲਈ ਚੁਣੇ ਗਏ ਸਨ। ਚਾਰ ਟਰੂਡੋ ਸਰਕਾਰ ਵਿਚ ਮੰਤਰੀ ਬਣੇ ਸਨ। ਇਸ ਵਾਰ 50 ਦੇ ਕਰੀਬ ਲਿਬਰਲਾਂ ਵਲੋਂ 22, ਕੰਜ਼ਰਵੇਟਿਵਾਂ ਵਲੋਂ 19 ਸਮੇਤ ਚੋਣ ਮੈਦਾਨ ਵਿਚ ਹਨ। ਕਈ ਥਾਵਾਂ ’ਤੇ ਪੰਜਾਬੀਆਂ ਦੀ ਆਪਸ ਵਿਚ ਟੱਕਰ ਹੋ ਰਹੀ ਹੈ। ਜਗਮੀਤ ਸਿੰਘ ਐਨ.ਡੀ.ਪੀ. ਆਗੂ ਸਮੇਤ ਪ੍ਰਮੁੱਖ ਤੌਰ ’ਤੇ ਹਰਜੀਤ ਸਿੰਘ ਸੱਜਣ, ਨਵਦੀਪ ਸਿੰਘ ਬੈਂਸ ਅਮਰਜੀਤ ਸਿੰਘ ਸੋਹੀ, ਟਿਮ ਉੱਪਲ ਰਮੇਸ਼ ਸੰਘਾ, ਬਰਦੀਸ਼ ਚੱਗਰ, ਸੁੱਖ ਧਾਲੀਵਾਲ, ਨਵਜੋਤ ਕੌਰ ਬਰਾੜ, ਬੋਬ ਸਰੋਆ, ਰਮੋਨਾ ਸਿੰਘ, ਮਨਦੀਪ ਕੌਰ, ਸੋਨੀਆ ਸਿੰਧੂ ਆਦਿ ਮੈਦਾਨ ਵਿਚ ਹਨ।
ਦਰਅਸਲ ਆਮ ਆਦਮੀ ਦੀ ਚਾਹੁੰਦਾ ਹੈ? ਰਾਜਨੀਤਕ ਲੀਡਰ ਕਿਸੇ ਵੀ ਦੇਸ਼ ਵਿਚ ਸਮਝ ਨਹੀਂ ਰਹੇ। ਨਾ ਹੀ ਉਹ ਉਸਦੀ ਚਾਹਤ ਦੀ ਪੂਰਤੀ ਸਮਰੱਥ ਹਨ। ਇਹੀ ਸਮਸਿਆ ਕੈਨੇਡਾ ਦੀ ਹੈ। ਇਸਦੇ ਮਹਾਂਅਭਿਯੋਗ ਪ੍ਰਿਆ ਸ਼ੁਰੂ ਹੋਣ, ਬਿ੍ਰਟੇਨ ਦੇ ਬ੍ਰੈਗਜ਼ਿਟ ਦੀ ਘੁੰਮਣ ਘੇਰੀ ਵਿਚ ਫਸਣ, ਵਿਸ਼ਵ ਦੇ ਜਲਵਾਯੂ ਤਬਦੀਲੀ ਗਿਹਸਤ ਹੋਣ, ਗਲੋਬਲ ਆਰਥਿਕ ਮੰਦੀ ਵਲੋਂ ਦਸਤਕ ਦੇਣ ਆਦਿ ਦੇ ਮਾਹੌਲ ਵਿਚ ਕੈਨੇਡਾ ਨੂੰ ਮਜ਼ਬੂਤ ਸਰਕਾਰ ਅਤੇ ਪ੍ਰੋਗਰਾਮਾਂ ਦੀ ਲੋੜ ਹੈ ਜੋ ਇਨਾਂ ਚੋਣਾਂ ਵਿਚ ਨਜ਼ਰ ਨਹੀਂ ਆ ਰਹੇ। ਵੱਖ-ਵੱਖ ਰਾਜਾਂ ਵਿਚ ਵੱਖ-ਵੱਖ ਵਿਰੋਧੀ ਸੁਰਾਂ ਕੈਨੇਡਾ ਦੀ ਮਜ਼ਬੂਤੀ ਦੇ ਹੱਕ ਵਿਚ ਨਹੀਂ। ਕੈਨੇਡਾ ਮੰਗ ਕਰਦਾ ਹੈ ਕਿ ਸਭ ਰਾਜਨੀਤਕ ਆਗੂ ਅਤੇ ਪਾਰਟੀਆਂ ਉਸ ਪ੍ਰਤੀ ਧਿਆਨ ਕੇਂਦਰਤ ਕਰਨਾ।
-
ਦਰਬਾਰਾ ਸਿੰਘ ਕਾਹਲੋਂ, ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ।
kahlondarbarasingh@gmail.com
+1 343 889 2550
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.