ਗੁਰਭਜਨ ਗਿੱਲ ਪੰਜਾਬੀ ਸਾਹਿਤ ਜਗਤ ਵਿਚ ਜਾਣਿਆ-ਪਛਾਣਿਆ ਹਸਤਾਖਰ ਹੈ। ਉਹ ਸਾਹਿਤਕ ਅਤੇ ਸਭਿਆਚਾਰਕ ਸਰਗਰਮੀਆਂ ਵਿਚ ਨਿਰੰਤਰ ਯੋਗਦਾਨ ਪਾਉਂਦਾ ਰਹਿੰਦਾ ਹੈ। ਕਾਵਿ-ਸੰਗ੍ਰਹਿ ‘ਪਾਰਦਰਸ਼ੀ’ (ਕੀਮਤ: 200 ਰੁਪਏ; ਦੂਜਾ ਸੰਸਕਰਣ; ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ, ਲੁਧਿਆਣਾ) ’ਚ ਗੁਰਭਜਨ ਗਿੱਲ ਦੇ ਕਾਵਿ ਅਨੁਭਵ ਵਿੱਚੋਂ ਝਰੀਆਂ ਇਕਾਹਠ ਕਵਿਤਾਵਾਂ ਅਤੇ ਬਾਰ੍ਹਾਂ ਗ਼ਜ਼ਲਾਂ ਸੰਕਲਿਤ ਹਨ।
ਗੁਰਭਜਨ ਗਿੱਲ ਸਾਧਾਰਨ ਜੀਵਨ ’ਚੋਂ ਪ੍ਰਾਪਤ ਤੱਤ ਸਾਰ ਅਨੁਭਵ ਨੂੰ ਕਾਵਿ ਰੂਪ ਵਿਚ ਢਾਲਣ ਅਤੇ ਵਿਅਕਤ ਕਰਨ ਦਾ ਮਾਹਿਰ ਹੈ। ਇਸ ਸੰਗ੍ਰਹਿ ਦੀ ਮੁੱਖ ਕਵਿਤਾ ‘ਪਾਰਦਰਸ਼ੀ’ ਇਸ ਕਥਨ ਦੀ ਗਵਾਹੀ ਹੈ। ਇਸ ਕਵਿਤਾ ਵਿਚ ਇਕ ਸਾਧਾਰਨ ਪੰਜਾਬਣ ਮੁਟਿਆਰ ਦੇ ਜੀਵਨ, ਉਸ ਦੇ ਦੱਬੇ-ਘੁੱਟੇ ਵਲਵਲੇ, ਕਿਸੇ ਅਨੋਖੇ ਭੈਅ ਦਾ ਅਨੁਭਵ ਅਤੇ ਕਠੋਰ ਪ੍ਰਸਥਿਤੀਆਂ ਕਾਰਨ ਉਸ ਦਾ ਚੁੱਪ ਅਬੋਲ ਹੋ ਜਾਣ ਅਤੇ ਮੂੰਹੋਂ ਕੁਝ ਵੀ ਨਾ ਕਹਿਣ ਨੂੰ ਗੁਰਭਜਨ ਗਿੱਲ ਨੇ ਅਨੂਠੇ ਢੰਗ ਨਾਲ ਚਿਤਰਿਆ ਹੈ।
ਅਸਲ ਵਿਚ ‘ਪਾਰਦਰਸ਼ੀ’ ਦੀ ਨਾਇਕਾ ਕੋਈ ਇਕ ਕੁੜੀ ਨਹੀਂ ਸਗੋਂ ਇਹ ਪੰਜਾਬ ਦੇ ਪਿੰਡਾਂ, ਕਸਬਿਆਂ ਵਿਚ ਵਸਦੀਆਂ ਬਹੁਗਿਣਤੀ ਕੁੜੀਆਂ ਦੀ ਯਥਾਰਥਕ ਕਹਾਣੀ ਹੈ:
ਓਸ ਕੁੜੀ ਨੂੰ
ਬੋਲਣ ਤੋਂ ਕਿਉਂ ਡਰ ਲਗਦਾ ਹੈ
ਸ਼ਬਦਾਂ ਨੂੰ ਨਾ ਦਰਦ ਸੁਣਾਵੇ
ਅੰਦਰੇ ਅੰਦਰ ਝੁਰਦੀ ਖ਼ੁਰਦੀ ਭੁਰਦੀ ਜਾਵੇ।’’
ਅਤੇ
‘‘ਖਿੱਤੀਆਂ ਤਾਰੇ ਬੇਇਤਬਾਰੇ
ਤੋੜ ਤੋੜ ਬੁੱਕਲ ਵਿਚ ਭਰਦੀ
ਬੜੇ ਸਾਂਭਦੀ ਚੰਦਰਮਾ ਸੰਗ ਖਹਿੰਦੀ
ਮੂੰਹੋਂ ਕੁਝ ਨਾ ਕਹਿੰਦੀ…।’’
… … …
ਕੁੱਲ ਦੁਨੀਆਂ ਤੋਂ ਬਿਲਕੁਲ ਵੱਖਰੀ
ਜੀਕੂੰ ਅਣਲਿਖੀਆਂ ਕਵਿਤਾਵਾਂ
ਨਿਰਮਲ ਜਲ ਵਿਚ ਘੁਲੀ ਚਾਨਣੀ
ਝੀਲ ਬਲੌਰੀ ਵਿਚ ਘੁਲਿਆ ਪਰਛਾਵਾਂ।
ਇਹ ਲੰਮੀ ਕਵਿਤਾ, ਸ਼ਬਦ ਚਿੱਤਰਾਂ ਦੇ ਨਾਲ ਨਾਲ ਭਾਵ ਚਿੱਤਰ ਪੇਸ਼ ਕਰਨ ਵਿਚ ਵੀ ਅਨੂਠੀ ਅਤੇ ਸ਼ਕਤੀਸ਼ਾਲੀ ਰਚਨਾ ਹੈ। ਕਵੀ ਅਨੁਸਾਰ:
ਜਗਮਗ ਜਗਮਗ ਜਗਦੇ
ਦੋ ਨੈਣਾਂ ਦੇ ਦੀਵੇ।
ਚੰਨ ਤੇ ਸੂਰਜ ਵੇਖ ਵੇਖ
ਹੁੰਦੇ ਨੇ ਖੀਵੇ
ਦਿਲ ਦੇ ਅੰਦਰ ਕਿੰਨਾ ਕੁਝ,
ਆਕਾਰ ਨਾ ਧਾਰੇ।
ਸ਼ਬਦ ਸ਼ਕਤੀਆਂ ਤੋਂ ਬਿਨ
ਹਉਕੇ ਬਣੇ ਵਿਚਾਰੇ।
ਪੰਜਾਬ ਦੀ ਸਾਧਾਰਨ ਪੇਂਡੂ ਕੁੜੀ ਦਾ ਯਥਾਰਥਕ ਚਿੱਤਰ ਪੇਸ਼ ਕਰਨ ਉਪਰੰਤ ਕਵੀ ਸ੍ਵੈ ਉਸ ਨੂੰ ਸੰਬੋਧਨ ਹੁੰਦਾ ਹੋਇਆ ਆਧੁਨਿਕ ਅਤੇ ਕ੍ਰਾਂਤੀਕਾਰੀ ਆਵਾਜ਼ ਮਾਰਦਾ ਹੈ:
‘‘ਜੀਣ ਜੋਗੀਏ! ਸੁਪਨੇ ਨੂੰ ਆਕਾਰ ਤਾਂ ਦੇਹ।
ਜੋ ਬੋਲਣ ਤੋਂ ਵਰਜੇ, ਦੁਸ਼ਮਣ ਮਾਰ ਤਾਂ ਦੇਹ
… … …
ਕਦੋਂ ਕਹੇਂਗੀ?
ਮੈਨੂੰ ਤਾਂ ਇਹ ਧਰਤੀ ਸਾਰੀ
ਭਰਿਆ ਭਰਿਆ ਘਰ ਲਗਦਾ ਹੈ।
ਵੇ ਵੀਰਾ! ਵੇ ਜੀਣ ਜੋਗਿਆ,
ਸਾਥ ਦਏਂ ਤਾਂ ਤੇਰੇ ਹੁੰਦਿਆਂ-ਸੁੰਦਿਆਂ ਏਥੇ,
ਹੁਣ ਨਾ ਮੈਨੂੰ ਬੋਲਣ ਲੱਗਿਆਂ ਡਰ ਲੱਗਦਾ ਹੈ।’’
ਯਥਾਰਥਕਤਾ, ਭਾਵਨਾਤਮਿਕਤਾ ਅਤੇ ਪ੍ਰਗਤੀਸ਼ੀਲਤਾ ਦੇ ਸਾਂਝੇ ਰੰਗਾਂ ਵਿਚ ਰੰਗੀ ਇਹ ਕਵਿਤਾ ਪੜ੍ਹ ਕੇ ਕੌਣ ਕਹੇਗਾ ਕਿ ਆਧੁਨਿਕ ਪੰਜਾਬੀ ਕਾਵਿ ਨਿਰਾਸ਼ਾਵਾਦ ਵੱਲ ਜਾ ਰਿਹਾ ਹੈ?
ਇਸ ਸੰਗ੍ਰਹਿ ਵਿਚ ਕੁਝ ਅਤਿ ਨਿੱਕੀਆਂ ਕਵਿਤਾਵਾਂ ਵੀ ਸੰਕਲਿਤ ਹਨ। ਇਨ੍ਹਾਂ ’ਚ ਕਵੀ ਆਪਣੇ ਨਿਵੇਕਲੇ ਰੰਗ ਵਿਚ ਨਜ਼ਰ ਆਉਂਦਾ ਹੈ। ਇਕ ਕਵਿਤਾ ਹੈ ‘ਕਾਹਲੀ ਕਾਹਲੀ’:
ਕਾਹਲੀ ਕਾਹਲੀ ਤੁਰਨ ਵਾਲਿਓ
ਅੱਗੇ ਲੰਘ ਕੇ
ਬਿਲਕੁਲ ’ਕੱਲੇ ਰਹਿ ਜਾਓਗੇ!
ਫਿਰ ਨਾ ਕਹਿਣਾ ਕੋਈ ਨਾ ਏਥੇ ਭਰੇ ਹੁੰਗਾਰਾ।
ਪਾਰਦਰਸ਼ੀ ਦਾ ਰਚੇਤਾ ਗੁਰਭਜਨ ਗਿੱਲ ਭਾਵੇਂ ਪੰਜਾਬ ਵਿਚ ਹੀ ਵੱਸਦਾ ਹੈ, ਪਰ ਉਸ ਨੇ ਅਮਰੀਕਾ, ਕੈਨੇਡਾ ਅਤੇ ਇੰਗਲੈਂਡ ਪਰਵਾਸ ਭੋਗਦੇ ਪੰਜਾਬੀਆਂ ਦੇ ਜੀਵਨ, ਦੁੱਖਾਂ, ਦਰਦਾਂ ਨੂੰ ਦੇਖਿਆ, ਜਾਣਿਆ ਅਤੇ ਅਨੁਭਵ ਕੀਤਾ ਹੈ। ਉਸ ਅਨੁਭਵ ਨੂੰ ਕਾਵਿ ਰੂਪ ਦਿੱਤਾ ਹੈ। ਆਪਣੇ ਦੇਸ਼, ਆਪਣੇ ਘਰਾਂ, ਪਿੰਡਾਂ ਅਤੇ ਸ਼ਹਿਰਾਂ ਤੋਂ ਦੂਰ ਵਸਦੇ ਪੰਜਾਬੀਆਂ ਦਾ ਭੂ ਹੇਰਵਾ, ਉਦਾਸੀ, ਓਪਰੇਪਣ ਦਾ ਅਹਿਸਾਸ ਅਤੇ ਮਾਤਾ-ਪਿਤਾ ਤੇ ਪਰਿਵਾਰਕ ਸਾਂਝਾਂ ਦੀਆਂ ਯਾਦਾਂ ਨੂੰ ਭਲੀ ਭਾਂਤ ਚਿੱਤਰਿਆ ਹੈ। ‘ਘਰ ਨੂੰ ਮੁੜ ਆ’, ‘ਹਵਾਈ ਜਹਾਜ਼ ਵਿਚ ਸਫ਼ਰ’, ‘ਲਾਸ ਵੇਗਾਸ ’ਚ, ‘ਮੇਰਾ ਬਾਬਲ ਅੱਜ’ ਆਦਿ ਪਰਵਾਸੀ ਅਨੁਭਵ ਦੀਆਂ ਕਵਿਤਾਵਾਂ ਹਨ।
ਪਾਰਦਰਸ਼ੀ ਵਿਚ ਸੰਕਲਿਤ ਕੁਝ ਕਵਿਤਾਵਾਂ ਵਿਅਕਤੀ ਵਿਸ਼ੇਸ਼ ਕਾਵਿ ਚਿੱਤਰ ਹਨ। ਇਸ ਭਾਂਤ ਦੀਆਂ ਕਵਿਤਾਵਾਂ ਵਿਚ ‘ਇਨਕਲਾਬ ਦਾ ਪਾਂਧੀ’ (ਗੁਰਸ਼ਰਨ ਸਿੰਘ ਭਾ’ਜੀ), ‘ਇਹ ਤਾਂ ਜੋਤ ਨਿਰੰਤਰ’ (ਬਾਬਾ ਬੁੱਧ ਸਿੰਘ ਢਾਹਾਂ) ‘ਗੁਰੂ ਦਾ ਪੂਰਨ ਸਿੰਘ’ (ਭਗਤ ਪੂਰਨ ਸਿੰਘ ਪਿੰਗਲਵਾੜੇ ਵਾਲੇ), ‘ਸ਼ਬਦ ਚੇਤਨਾ ਦਾ ਵਣਜਾਰਾ’ (ਡਾ. ਪ੍ਰੇਮ ਪ੍ਰਕਾਸ਼ ਸਿੰਘ, ਭਾਸ਼ਾ ਵਿਗਿਆਨੀ) ਆਦਿ ਕਵਿਤਾਵਾਂ ਸੰਕਲਿਤ ਹਨ। ਵਿਅਕਤੀ ਕੇਂਦਰਿਤ ਅਤੇ ਸ਼ਰਧਾ-ਯੁਕਤ ਹੋਣ ਕਾਰਨ ਇਹ ਕਵਿਤਾਵਾਂ, ਸਾਹਿਤਕ ਛੋਹਾਂ ਦੇ ਹੁੰਦਿਆਂ ਵੀ ਆਮ ਜਿਹੀਆਂ ਬਣ ਕੇ ਰਹਿ ਗਈਆਂ ਜਾਪਦੀਆਂ ਹਨ। ਭਗਤ ਪੂਰਨ ਸਿੰਘ ਦੀ ਸੇਵਾ ਅਤੇ ਲਗਨ ਦਾ ਵਰਣਨ ਕਰਦਾ ਕਵੀ ਕੁਝ ਜ਼ਿਆਦਾ ਹੀ ਸ਼ਰਧਾਵਾਦੀ ਹੋ ਗਿਆ ਜਾਪਦਾ ਹੈ ਅਤੇ ਕਈ ਅਤਿਕਥਨੀ ਅਲੰਕਾਰਾਂ ਦੀ ਵਰਤੋਂ ਕਰਦਾ ਹੈ।
ਇਸ ਸੰਗ੍ਰਹਿ ਵਿਚ ਗੁਰਭਜਨ ਗਿੱਲ ਰਚਿਤ ਬਾਰਾਂ ਗ਼ਜ਼ਲਾਂ ਸੰਕਲਿਤ ਹਨ। ਉਸ ਨੇ ਗ਼ਜ਼ਲ ਰਚਨਾ ਸਬੰਧੀ ਪਿੰਗਲ ਤੇ ਅਰੂਜ਼ ਨੂੰ ਸਮਝਿਆ ਅਤੇ ਗੰਭੀਰਤਾ ਨਾਲ ਗ਼ਜ਼ਲ ਰਚਨਾ ਕੀਤੀ ਹੈ। ਉਸ ਦੀਆਂ ਗ਼ਜ਼ਲਾਂ ਸਿਰਫ਼ ਮਨਪ੍ਰਚਾਵੇ ਦਾ ਸਾਧਨ ਮਾਤਰ ਨਾ ਹੋ ਕੇ ਲੋਕ ਜੀਵਨ ਦੀ ਗੱਲ, ਲੋਕ ਬੋਲੀ ਵਿਚ ਕਰਦੀਆਂ ਅਤੇ ਜੀਵਨ ਦਾ ਯਥਾਰਥਕ ਚਿੱਤਰ ਪੇਸ਼ ਕਰਦੀਆਂ ਹਨ। ਉਸ ਦੇ ਕਈ ਕਈ ਸ਼ਿਅਰ ਜੀਵਨ ਦਾ ਤਤਸਾਰ ਪ੍ਰਗਟ ਕਰਦੇ ਹੋਏ ਕੋਈ ਸਾਰਥਕ ਸੁਨੇਹਾ, ਕੋਈ ਲਲਕਾਰ ਅਤੇ ਕੋਈ ਵੰਗਾਰ ਬਣ ਜਾਂਦੇ ਹਨ:
ਬਿਨਾਂ ਗੋਡੀਆਂ ਤੋਂ ਡੋਡੀਆਂ ਨਾ ਫੁੱਲ ਪੱਤੀਆਂ
ਏਦਾਂ ਬੈਠੇ ਬੈਠੇ ਆਉਣੀ ਨਹੀਓਂ ਵਿਹੜੇ ’ਚ ਬਹਾਰ।
ਕਈ ਵਾਰੀ ਕਵੀ ਸ੍ਵੈ-ਵਿਰੋਧੀ ਅਲੰਕਾਰ ਦੀ ਵਰਤੋਂ ਵੀ ਕਰਦਾ ਹੈ:
ਸ਼ਹਿਰ ਵਿਚ ਲੱਗ ਰਿਹਾ ਆਰੇ ਤੇ ਆਰਾ
ਅਜੇ ਵੀ ਪਿੰਡ ਨਿੰਮਾਂ ਲਾ ਰਿਹਾ ਹੈ।
ਕਵੀ ਲੋਕਾਂ ਨੂੰ ਚੇਤੰਨ ਕਰਦਾ ਹੈ:
ਮਲਾਹੋ ਵਰਤਿਓ ਹੁਣ ਸਾਵਧਾਨੀ
ਸਮੁੰਦਰ ਫੇਰ ਖੌਰੂ ਪਾ ਰਿਹਾ ਹੈ।
ਗੁਰਭਜਨ ਗਿੱਲ ਦੇ ਕਈ ਸ਼ਿਅਰ ਜੀਵਨ ਦੀਆਂ ਅਟੱਲ ਸਚਾਈਆਂ ਬਿਆਨ ਕਰ ਜਾਂਦੇ ਹਨ:
ਤੂੰ ਮੇਰੀ ਉਂਗਲੀ ਨਾ ਛੱਡੀਂ, ਸਦਾ ਹੁੰਗਾਰਾ ਦੇਂਦਾ ਰਹੁ ਤੂੰ,
ਨੈਣਾਂ ਵਿਚਲੇ ਤਲਖ਼ ਸਮੁੰਦਰ ਕੱਲ੍ਹਿਆਂ ਕਿੱਥੇ ਤਰ ਹੁੰਦੇ ਨੇ।
ਛੱਡ ਜਿਸਮਾਂ ਦੀ ਮਿੱਟੀ ਆ ਕੇ ਰੂਹ ਦੇ ਨੇੜੇ ਬੈਠ ਜ਼ਰਾ ਤੂੰ
ਕਿਲ੍ਹੇ ਮੁਹੱਬਤ ਵਾਲੇ ਸੱਜਣਾ, ਏਸ ਤਰ੍ਹਾਂ ਹੀ ਸਰ ਹੁੰਦੇ ਨੇ।
ਗੁਰਭਜਨ ਗਿੱਲ ਰਚਿਤ ਗ਼ਜ਼ਲਾਂ ਵਿਚਲੇ ਕੁਝ ਸ਼ਿਅਰ ਜੀਵਨ ਦੀਆਂ ਅਟੱਲ ਸਚਾਈਆਂ ਅਤੇ ਜੀਵਨ ਯਥਾਰਥ ਦੇ ਤਤਸਾਰ ਦਾ ਪ੍ਰਗਟਾਵਾ ਹਨ। ਜਿਵੇਂ:
ਲੜਨਾ ਹੁੰਦੈ ਸੌਖਾ ਯਾਰੋ, ਜੰਗਲ ਚਾਰ ਚੁਫ਼ੇਰੇ ਨਾਲ
ਸਭ ਤੋਂ ਔਖਾ ਹੁੰਦੈ ਲੜਨਾ ਆਪਣੇ ਮਨ ਦੇ ਨ੍ਹੇਰੇ ਨਾਲ।
ਆਰੀ ਤੇਜ਼, ਕੁਹਾੜਾ ਤਿੱਖਾ, ਸਭ ਨੀਅਤਾਂ ਬਦਨੀਤ ਕਿਉਂ,
ਸਭ ਰੁੱਖਾਂ ਨੇ ’ਕੱਠਿਆਂ ਹੋ ਕੇ, ਸ਼ਿਕਵਾ ਕੀਤਾ ਮੇਰੇ ਨਾਲ।
‘ਪਾਰਦਰਸ਼ੀ’ ਵਿਚ ਪ੍ਰਕਾਸ਼ਿਤ ਇਕਾਹਠ ਕਵਿਤਾਵਾਂ ਅਤੇ ਬਾਰਾਂ ਗ਼ਜ਼ਲਾਂ ਦਾ ਪਾਠ ਅਧਿਐਨ ਕਵੀ ਗੁਰਭਜਨ ਦੇ ਸੂਖ਼ਮ ਕਾਵਿ ਅਨੁਭਵ ਅਤੇ ਕਾਵਿ ਦ੍ਰਿਸ਼ਟੀ ਦੀ ਪ੍ਰਪੱਕਤਾ ਦੀ ਸ਼ਾਹਦੀ ਭਰਦਾ ਹੈ। ਉਸ ਦੀਆਂ ਕਵਿਤਾਵਾਂ ਜੀਵਨ ਪ੍ਰਤੀ ਉਸ ਦੀ ਸਮਝ, ਸਾਂਝ ਅਤੇ ਮੋਹ ਦਾ ਪ੍ਰਮਾਣ ਹਨ।
ਡਾ: ਸੁਰਿੰਦਰ ਗਿੱਲ
ਸੰਪਰਕ: 99154-73505
-
ਡਾ. ਸੁਰਿੰਦਰ ਗਿੱਲ, ਲੇਖਕ
####
99154-73505
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.