ਬੱਸ ਅੱਡਿਆਂ 'ਤੇ ਪ੍ਰੇਮਿਕਾ ਦੀ ਵੇਟ ਕਰਨ ਨੂੰ, ਉਡੀਕ ਨਹੀ ਕਹਿੰਦੇ
ਦਫ਼ਤਰ ਗਏ ਪਤੀ ਲਈ ਬੂਹੇ 'ਤੇ ਖੜਨ ਨੂੰ ਉਡੀਕ ਨਹੀ ਕਹਿੰਦੇ
ਉਡੀਕ ਦੇ ਸਹੀ ਅਰਥ ਤਾਂ
ਉਸ ਬਾਪ ਤੋਂ ਪੁੱਛੋ
ਜਿਸ ਨੇ ਟਾਹਲੀ ਵਾਲੇ
ਦੋ ਕਿੱਲੇ
ਗਹਿਣੇ ਧਰਕੇ
ਪੁੱਤ ਨੂੰ
ਜਹਾਜੇ ਬਠਾਇਆ ਸੀ
ਪਰ ਪੰਜ ਸਾਲ ਬੀਤ ਜਾਣ 'ਤੇ ਵੀ
ਉਹ ਵਾਪਿਸ ਨਹੀ ਮੁੜਿਆ
ਉਸ ਦਾ ਕੋਈ ਥਹੁ ਪਤਾ ਨਹੀ ਲੱਗਿਆ
ਉਸ ਨੂੰ ਪੁੱਛੋ
ਉਡੀਕ ਕੀ ਹੁੰਦੀ ਐ?
ਉਡੀਕ ਦੇ ਸਹੀ ਅਰਥ ਤਾਂ
ਕੱਲਰਾਂ ਕੋਲ਼ ਘਾਹ ਖੋਤਦੀ
'ਅੱਕੀ ਬੁੜੀ' ਤੋਂ ਪੁੱਛੋ
ਜੋ 'ਲੰਬੜਾਂ' ਤੋ ਉਧਾਰੇ ਤੇ ਲਈ
ਗਾਂ ਪਿੱਛੇ ਰੋਜ਼ ਹੀ
ਝੁਕ ਝੁਕ ਦੇਖਦੀ ਹੋਈ ਕਹਿੰਦੀ ਐ
' ਖੱਲਣੀ ਖਬਨੀ ਕਦੋ ਸੁਊ ਗੀ '
ਉਸ ਨੂੰ ਪੁੱਛੋ
ਉਡੀਕ ਕੀ ਹੁੰਦੀ ਹੈ ?
ਉਡੀਕ ਦੇ ਸਹੀ ਅਰਥ ਤਾਂ
ਵਿਅਾਹ ਦੀ ਉਮਰੋ ਲੰਘ ਰਹੀ
ਮੀਤੋ ਤੋਂ ਪੁੱਛੋ
ਜਿਸ ਦੇ ਹੱਥਾਂ ਦੀ ਮਹਿੰਦੀ ਲੈਣ ਗਿਅਾ
ਉਸ ਦਾ ਬਾਬਲ
ਹਰ ਹਾੜੀ ਸਾਉਣੀ
ਆੜਤੀਏ ਦੀ ਹੱਟ ਤੋ
ਖਾਲੀ ਹੱਥ
ਘਰ ਵਾਪਿਸ ਪਰਤ ਦਾ ਏ
ਉਸ ਨੂੰ ਪੁੱਛੋ
ਉਡੀਕ ਕੀ ਹੁੰਦੀ ਐ?
ਉਡੀਕ ਦੇ ਸਹੀ ਅਰਥ ਤਾਂ
ਉਸ ਕਿਸਾਨ ਤੋ ਪੁੱਛੋ
ਬੋਰ ਖੜ ਜਾਣ ਕਰਕੇ
ਜਿਸ ਦਾ ਝੋਨਾ ਪਾਣੀ ਬਿਨਾਂ
ਖੁਦਕੁਸੀਆਂ ਕਰ ਰਿਹੈ
ਤੇ ਉਹ ਤ੍ਰੇੜਾਂ ਪਾਟੇ ਖੇਤ 'ਚ ਖੜ ਕੇ
ਕਿਵੇ ਉੱਡੇ ਜਾਂਦੇ ਬੱਦਲਾਂ ਵੱਲ
ਤਰਸ ਭਰੀਆਂ
ਨਜ਼ਰਾਂ ਨਾਲ ਦੇਖਦਾ ਏ
ਉਸ ਨੂੰ ਪੂੱਛੋ
ਉਡੀਕ ਕੀ ਹੁੰਦੀ ਐ?
ਉਡੀਕ ਦੇ ਸਹੀ ਅਰਥ ਤਾਂ
ਕਾਰਗਿੱਲ ਦੀ ਜੰਗ ਵਿੱਚ
ਲਾਪਤਾ ਹੋਏ
'ਲੱਖੇ ਫੌਜੀ' ਦੀ ਘਰ ਵਾਲੀ 'ਪੰਮੀ' ਨੂੰ ਪੁੱਛੋ
ਜਿਸਨੂੰ ਇੱਕ ਅਰਸ਼ਾ
ਬੀਤ ਜਾਣ ਤੇ ਵੀ
ਇਹ ਪਤਾ ਨਹੀ ਲੱਗਿਆ
ਕਿ ਉਹ
ਕਿਹੜੇ ਰੰਗ ਦੀ ਚੁੰਨੀ ਲਵੇ
ਉਸ ਨੂੰ ਪੁੱਛੋ
ਉਡੀਕ ਕੀ ਹੁੰਦੀ ਹੈ ?
ਬੱਸ ਅੱਡਿਆਂ ਤੇ ਪ੍ਰੇਮਿਕਾ ਦੀ ਵੇਟ ਕਰਨ ਨੂੰ
ਉਡੀਕ ਨਹੀ ਕਹਿੰਦੇ
ਦਫ਼ਤਰ ਗਏ ਪਤੀ ਲਈ ਬੂਹੇ 'ਤੇ ਖੜਨ ਨੂੰ
ਉਡੀਕ ਨਹੀ ਕਹਿੰਦੇ
-
ਜੰਟੀ ਬੇਤਾਬ (ਬੀਂਬੜ), ਲੇਖਕ
*****
99147 34797
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.