ਪੰਜਾਬ ਦੀ ਧਰਤੀ ਤੇ ਬੇਖੋਫ ਵਗ ਰਿਹਾ ਚਿੱਟੇ ਨਸ਼ੇ ਦਾ ਦਰਿਆ ਇੱਥੋਂ ਦੇ ਜੰਮੇ ਜਾਇਆ ਨੂੰ ਆਪਣੀ ਲਪੇਟ ਵਿਚ ਲੈਣ ਤੋਂ ਬਾਅਦ ਵਾਲੀ ਨਸ਼ਲ ਲਈ ਵੀ ਕੰਡੇ ਬੀਜ ਰਿਹਾ ਪ੍ਰਤੀਤ ਹੋ ਰਿਹਾ ਹੈ। ਪੰਜਾਬ ਦੀ ਧਰਤੀ ਨੂੰ ਮਾਣ ਸੀ ਕਿ ਜਦ ਵੀ ਕਦੇ ਬਾਹਰੀ ਤਾਕਤਾਂ ਵੱਲੋਂ ਇਸ ਨੂੰ ਕਿਸੇ ਵੀ ਰੂਪ ਵਿਚ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਤਾਂ ਇੱਥੋਂ ਦੇ ਬਹਾਦਰ ਲੋਕ ਮੂੰਹ ਤੋੜਵਾਂ ਜਵਾਬ ਦੇਣ ਦੇ ਨਾਲ-ਨਾਲ ਉਸ ਮੁਸ਼ਕਲ ਘੜੀ ਵਿਚੋਂ ਦੁੱਗਣੇ ਹੋ ਕੇ ਨਿਕਲੇ, ਪਰ ਸਮੇਂ ਦੇ ਹਾਲਤ ਦੇਖੋ ਕਿ ਸ. ਸ਼ਾਮ ਸਿੰਘ ਅਟਾਰੀ, ਜਰਨੈਲ ਹਰੀ ਸਿੰਘ ਨਲੂਆ ਦੇ ਵਾਰਸ਼ਾਂ ਨੇ ਚਿੱਟੇ ਨਸ਼ੇ ਦੀ ਦੋ ਇੰਚ ਦੀ ਸ਼ਰਿੰਜ ਦੇ ਅੱਗੇ ਗੋਡੇ ਟੇਕ ਦਿੱਤੇ ਅਤੇ ਹਾਲਾਤ ਇੱਥੋਂ ਤੱਕ ਬਿਆਨਕ ਹੋ ਗਏ ਕਿ ਗਜ-ਗਜ ਚੌੜੀਆਂ ਛਾਤੀਆਂ ਵਾਲੇ ਬੁਰਸ਼ਿਆਂ ਵਰਗੇ ਜੁਆਨਾਂ ਦੀਆ ਲਾਸ਼ਾ ਇਕ-ਇਕ ਕਰਕੇ ਸਿਵਿਆਂ ਦੀ ਅੱਗ ‘ਚ ਸਮਾਉਣ ਲੱਗੀਆਂ ਹਨ ਅਤੇ ਨਸ਼ੇ ਦੇ ਸੌਦਾਗਰ ਕਰੋੜਾਂ ਰੁਪਏ ਦੇ ਇਸ ਕਾਲੇ ਧੰਦੇ ਦੀ ਖੱਟੀ ਖਾ ਕੇ ਆਪਣੀਆਂ ਜੇਬਾਂ ਭਰਨ ਵਿਚ ਮਸ਼ਰੂਫ ਹੋ ਗਏ ਹਨ।
ਰੋਂਗਟੇ ਖੜ੍ਹੇ ਕਰ ਦੇਣ ਵਾਲੀ ਇਸ ਦਰਦਨਾਕ ਦਾਸਤਾਨ ਦਾ ਇਕ ਪਹਿਲੂ ਇਹ ਵੀ ਹੈ ਕਿ ਲਾਡਾਂ ਨਾਲ ਹੱਥੀਂ ਪਾਲੀਆਂ ਅੋਲਾਦਾਂ ਨੂੰ ਮਾਪੇ ਘਰਾਂ ਵਿਚ ਸੰਗਲ ਪਾ ਕੇ ਰੱਖਣ ਲਈ ਮਜਬੂਰ ਹਨ। ਜਿਸ ਅੋਲਾਦ ਨੇ ਆਪਣੇ ਮਾਪਿਆਂ ਦੀ ਬੁੱਢੇ ਵਾਰੇ ਡੰਗੋਰੀ ਬਣਨਾ ਸੀ ਅੱਜ ਉਹ ਅੋਲਾਦ ਹੀ ਵਪਾਰਕ ਸੋਚ ਅਤੇ ਵੋਟਾਂ ਦੀ ਹਨੇਰੀ ਦੇ ਕਾਲੇ ਵਹਿਣ ਵਿਚ ਰੁੜ੍ਹਦੀ ਜਾ ਰਹੀ ਹੈ। ਹੈਰਾਨੀਜਨਕ ਤੱਥ ਇਹ ਹੈ ਕਿ ਮੱਧ ਵਰਗੀ ਅਤੇ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਬਹੁਤ ਸਾਰੇ ਪਰਿਵਾਰਾਂ ਦੇ ਨੋਜ਼ਵਾਨ ਹਰ ਰੋਜ਼ 1 ਹਜ਼ਾਰ ਰੁਪਏ ਤੋਂ 5 ਹਜ਼ਾਰ ਰੁਪਏ ਦੇ ਕਰੀਬ ਆਪਣੇ ਪਰਿਵਾਰ ਦੁਆਰਾ ਕੀਤੀ ਹੱਡ ਭੰਨਵੀਂ ਤੇ ਮਿਹਨਤ ਦੀ ਕਮਾਈ ਚਿੱਟੇ ਦੇ ਨਸ਼ੇ ਦੀ ਪੂਰਤੀ ਲਈ ਪਾਣੀ ਵਾਂਗ ਵਹਾ ਰਹੇ ਹਨ। ਨਸ਼ੇ ਦੇ ਸੋਦਾਗਰਾਂ ਦੇ ਰੂਪ ਵਿਚ ਕੰਮ ਕਰਦੀਆਂ ਛੋਟੀਆਂ ਮੱਛੀਆਂ ਦੇ ਘਰਾਂ ਵਿਚ ਅਨੇਕਾਂ ਮੋਬਾਇਲ ਫੋਨ, ਟੀ.ਵੀ ਅਤੇ ਸੋਨੇ ਦੇ ਗਹਿਣੇ ਜੋ ਨਸ਼ੇ ਤੋਂ ਪੀੜ੍ਹਤ ਨੋਜਵਾਨਾਂ ਵੱਲੋਂ ਵੇਚ ਕੇ ਜਾਂ ਗਹਿਣੇ ਰੱਖ ਕੇ ਨਸ਼ੇ ਦੀ ਪੂਰਤੀ ਕੀਤੀ ਜਾਂਦੀ ਹੈ। ਨਸ਼ੇ ਦਾ ਸੇਵਨ ਕਰਨ ਜਾਂ ਖ੍ਰੀਦਣ ਵਾਲੇ ਕਈ ਨੋਜਵਾਨ ਪੁਲੀਸ ਦੇ ਡਰੋਂ ਆਪਣੀ ਪਤਨੀ ਜਾਂ ਕਿਸੇ ਕਿਸੇ ਮਾਸੂਮ ਬੱਚੇ ਨੂੰ ਨਾਲ ਲਿਜਾਣ ਤੋਂ ਵੀ ਗੁਰੇਜ਼ ਨਹੀ ਕਰਦੇ। ਭਾਂਵੇ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਈ ਜਾਂਬਾਜ਼ ਪੁਲਸ ਅਫਸਰਾਂ ਵੱਲੋਂ ਨਸ਼ੇ ਦਾ ਲੱਕ ਤੋੜਨ ਲਈ ਕਈ ਯਤਨ ਆਰੰਭ ਕੀਤੇ ਗਏ ਹਨ ਅਤੇ ਉਨ੍ਹਾਂ ਨੇ ਕਰੋੜਾਂ ਰੁਪਏ ਦੇ ਨਸ਼ੀਲੇ ਪਦਾਰਥ ਫੜ ਕੇ ਨਸ਼ੇ ਦੇ ਸਮਗਲਰਾਂ ਦੇ ਹੋਸਲੇ ਪਸਤ ਕੀਤੇ ਹਨ, ਪਰ ਇਸ ਸਭ ਦੇ ਬਾਵਜ਼ੂਦ ਵੀ ਇਹ ਵਰਤਾਰਾ ਅਜੇ ਵੀ ਬਾਦਸਤੁਰ ਜਾਰੀ ਹੈ।
ਮਨੁੱਖੀ ਦਿਲ ਨੂੰ ਦਹਿਲਾ ਦੇਣ ਵਾਲਾ ਇਕ ਪਹਿਲੂ ਹੋਰ ਖੁੱਲ ਕੇ ਸਾਹਮਣੇ ਆ ਰਿਹਾ ਹੈ ਕਿ ਚਿੱਟੇ ਨਸ਼ੇ ਦਾ ਸੇਵਨ ਕਰਨ ਵਾਲੇ ਨੋਜਵਾਨ ਅੋਲਾਦ ਪੈਦਾ ਕਰਨ ਦੇ ਸਮਰੱਥ ਨਾ ਹੋਣ ਦੀ ਵਜ੍ਹਾ ਕਾਰਨ ਘਰਾਂ ਵਿਚ ਕਲੇਸ਼ ਹੋਣ ਕਾਰਨ ਕਈ ਪਰਿਵਾਰ ਟੁੱਟ ਰਹੇ ਹਨ। ਕਿੰਨੀਆਂ ਹੀ ਉਹ ਮਾਵਾਂ ਹਨ, ਜਿੰਨ੍ਹਾਂ ਦੀਆਂ ਅੱਖਾਂ ਵਿਚੋਂ ਜੰਝੂ ਸੁੱਕ ਗਏ ਹਨ ਅਤੇ ਛਾਤੀਆਂ ਵਿਚ ਹੋਕੇ ਮੁੱਕ ਗਏ ਹਨ ਅਤੇ ਉਹ ਪੱਥਰ ਵਰਗੀ ਜ਼ਿੰਦਗੀ ਜਿਊਣ ਲਈ ਕਿਸੇ ਦੇ ਸਹਾਰੇ ਦਿਨ ਕੱਟੀ ਕਰਦਿਆਂ ਸਮਾਂ ਬਤੀਤ ਕਰ ਰਹੀਆਂ ਹਨ। ਜੇਕਰ ਸਰਕਾਰਾਂ ਚਾਹੁਣ ਤਾਂ ਚਿੱਟੇ ਦਾ ਇਹ ਕਾਲਾ ਕਾਰੋਬਾਰ ਕੁੱਝ ਹੀ ਦਿਨਾਂ ਵਿਚ ਬੰਦ ਹੋ ਸਕਦਾ ਹੈ, ਪਰ ਸ਼ਾਇਦ ਅਜੇ ਸਰਕਾਰ ਦੀ ਸਵੱਲੀ ਨਜ਼ਰ ਇਸ ਕਾਲੇ ਧੰਦੇ ਤੇ ਨਹੀ ਪਈ। ਨਸ਼ਿਆਂ ਦੀ ਰੋਕਥਾਮ ਲਈ ਪੰਜਾਬ ਸਰਕਾਰ ਨੂੰ ਕੇਂਦਰ ਕੋਲੋ ਸੀ.ਆਰ.ਪੀ ਲੈਣ ਦੀ ਲੋੜ ਨਹੀ, ਸਗੋਂ ਪੰਜਾਬ ਦੇ ਸਾਰੇ ਥਾਣਿਆਂ ਦੇ ਇਲਾਕਾ ਐਸ.ਐਚ.ਓਜ਼ ਦੀ ਮੀਟਿੰਗ ਬੁਲਾ ਕੇ ਸਖਤੀ ਨਾਲ ਹਦਾਇਤਾਂ ਜਾਰੀ ਕੀਤੀਆ ਜਾਣੀਆਂ ਚਾਹੀਦੀਆਂ ਹਨ ਕਿ ਜਿਸ ਐਸ.ਐਚ.ਓਜ਼ ਦੇ ਇਲਾਕੇ ‘ਚੋ ਹੈਰੋਇਨ ਜਾਂ ਨਸ਼ੀਲੇ ਟੀਕੇ, ਕੈਪਸੂਲ ਤੇ ਗੋਲੀਆਂ ਆਦਿ ਫੜੀਆਂ ਜਾਂਦੀਆਂ ਹਨ ਤਾਂ ਉਸ ਇਲਾਕੇ ਦੇ ਐਸ.ਐਚ.ਓ ਨੂੰ ਤੁਰੰਤ ਸਸਪੈਂਡ ਕੀਤਾ ਜਾਵੇਗਾ। ਜੇਕਰ ਸਰਕਾਰ ਇੰਨ੍ਹਾਂ ਗੱਲ੍ਹਾਂ ਤੇ ਅਮਲ ਕਰਦੀ ਹੈ ਤਾਂ ਪੰਜਾਬ ‘ਚੋਂ ਕੁੱਝ ਹੀ ਦਿਨ੍ਹਾਂ ਵਿਚ ਨਸ਼ਾਂ ਬੰਦ ਹੋ ਜਾਵੇਗਾ।
12-10-2019
-
ਪੂਰਨ ਸਿੰਘ ਸੰਧੂ ਰਣੀਕੇ, ਸਰਪ੍ਰਸਤ ਪੰਜਾਬ ਨਸ਼ਾ ਵਿਰੋਧੀ ਲਹਿਰ,
sandhupooransingh@gmail.com
98553-76677
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.