ਭਾਰਤ ਹਿੰਦੂ ਰਾਸ਼ਟਰ ਨਹੀਂ ਹੈ
.....ਵਿਭਿੰਨਤਾ ਵਾਲੇ ਸੱਭਿਆਚਾਰਾਂ ਅਤੇ ਲੋਕਾਂ ਨੂੰ ਇਕੋ ਰੱਸੇ ਵਿਚ ਨੂੜਨ ਦਾ ਯਤਨ ਕਰਨਾ ਬਿਨਾਂ ਸ਼ੱਕ ਇਸ ਨੂੰ ਪਿਛਲੀਆਂ ਸਦੀਆਂ ਵੱਲ ਧੱਕਣ ਦਾ ਯਤਨ ਹੋਵੇਗਾ | ਇਸ ਨਾਲ ਵੱਡੇ ਵਿਵਾਦ ਵੀ ਛਿੜਨਗੇ | ਇਸ ਧਰਤੀ ਦੀ ਆਨ ਅਤੇ ਸ਼ਾਨ ਨੂੰ ਵੀ ਵੱਟਾ ਲੱਗੇਗਾ | ਇਸ ਦੀਆਂ ਪਰੰਪਰਾਵਾਂ 'ਤੇ ਵੀ ਉਂਗਲਾਂ ਉੱਠਣਗੀਆਂ ਅਤੇ ਇਸ ਦੇ ਅਗਲੀਆਂ ਸਦੀਆਂ ਵੱਲ ਉੱਠਦੇ ਕਦਮਾਂ ਨੂੰ ਵੀ ਜ਼ੰਜੀਰਾਂ ਪੈ ਜਾਣਗੀਆਂ ......
ਦੁਸਹਿਰੇ ਦੇ ਮੌਕੇ 'ਤੇ ਨਾਗਪੁਰ ਵਿਚ ਜਿਥੇ ਰਾਸ਼ਟਰੀ ਸੋਇਮ ਸੇਵਕ ਸੰਘ ਦਾ ਮੁੱਖ ਦਫ਼ਤਰ ਹੈ, ਵਿਖੇ ਇਕ ਸਮਾਗਮ ਵਿਚ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਇਸ ਗੱਲ 'ਤੇ ਵਧੇਰੇ ਜ਼ੋਰ ਦਿੱਤਾ ਕਿ ਭਾਰਤ ਇਕ ਹਿੰਦੂ ਰਾਸ਼ਟਰ ਹੈ ਅਤੇ ਉਸ ਵਿਚ ਰਹਿਣ ਵਾਲੇ ਸਾਰੇ ਲੋਕ ਹਿੰਦੂ ਹਨ | ਕੇਂਦਰ ਦੀ ਤਤਕਾਲੀ ਸਰਕਾਰ ਭਾਰਤ ਦੇ ਸੰਵਿਧਾਨ ਅਨੁਸਾਰ ਬਣੀ ਹੈ | ਭਾਰਤੀ ਸੰਵਿਧਾਨ ਦੀ ਸ਼ੁਰੂਆਤ ਹੀ ਇਸ ਵਾਕ ਨਾਲ ਹੁੰਦੀ ਹੈ ਕਿ ''ਇਹ ਦੇਸ਼ ਪ੍ਰਭੂਸੱਤਾ ਸੰਪੰਨ, ਸਮਾਜਵਾਦੀ, ਧਰਮ-ਨਿਰਪੱਖ, ਜਮਹੂਰੀ ਗਣਰਾਜ ਹੈ |'' ਇਸ ਵਿਚ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਧਰਮਾਂ, ਜਾਤਾਂ, ਬਰਾਦਰੀਆਂ ਅਤੇ ਲਿੰਗ ਦੇ ਭਿੰਨ-ਭੇਦ ਤੋਂ ਉੱਪਰ ਉੱਠ ਕੇ ਇਕੋ ਜਿਹੇ ਅਧਿਕਾਰ ਦਿੱਤੇ ਗਏ ਹਨ ਅਤੇ ਉਨ੍ਹਾਂ ਨੂੰ ਵਿਚਰਨ ਲਈ ਸਮਾਨ ਮੌਕੇ ਪ੍ਰਦਾਨ ਕੀਤੇ ਗਏ ਹਨ | ਭਾਰਤ ਦਾ ਸੰਵਿਧਾਨ ਦੇਸ਼ ਵਿਚ ਦੋ ਸੌ ਸਾਲਾਂ ਦੀ ਅੰਗਰੇਜ਼ ਹਕੂਮਤ ਦੀ ਖਲਾਸੀ ਤੋਂ ਬਾਅਦ ਉਸ ਸਮੇਂ ਦੀਆਂ ਬਿਹਤਰੀਨ ਸ਼ਖ਼ਸੀਅਤਾਂ ਵਲੋਂ ਕਈ ਸਾਲਾਂ ਦੀ ਕਠਿਨ ਮਿਹਨਤ ਤੋਂ ਬਾਅਦ ਤਿਆਰ ਕੀਤਾ ਗਿਆ ਸੀ |
ਇਸ ਤੋਂ ਪਹਿਲਾਂ ਬਰਤਾਨੀਆ ਤੋਂ ਆਜ਼ਾਦੀ ਲੈਣ ਲਈ ਇਕ ਬਹੁਤ ਲੰਮਾ, ਸਖ਼ਤ ਅਤੇ ਖੂਨ-ਡੋਲ੍ਹਵਾਂ ਸੰਘਰਸ਼ ਲੜਿਆ ਗਿਆ ਸੀ | ਇਸ ਘੋਲ ਵਿਚ ਦੇਸ਼ ਦੀ ਹਰ ਜਾਤੀ, ਧਰਮ ਅਤੇ ਵੱਖ-ਵੱਖ ਖਿੱਤਿਆਂ ਵਿਚ ਵਸਦੇ ਲੋਕਾਂ ਨੇ ਆਪੋ-ਆਪਣੇ ਢੰਗ-ਤਰੀਕਿਆਂ ਨਾਲ ਵੱਡਾ ਯੋਗਦਾਨ ਪਾਇਆ ਸੀ | ਇਹ ਸਾਡੀ ਬਦਕਿਸਮਤੀ ਸੀ ਕਿ ਅੰਗਰੇਜ਼ਾਂ ਦੀਆਂ ਚਿਰਾਂ ਤੋਂ ਮੱਕਾਰੀ ਭਰੀਆਂ ਅਤੇ ਚਤਰ ਚਾਲਾਂ ਕਰਕੇ ਇਸ ਧਰਤੀ ਨੂੰ ਉਸ ਸਮੇਂ ਦੋ ਹਿੱਸਿਆਂ ਵਿਚ ਵੰਡ ਦਿੱਤਾ ਗਿਆ ਸੀ | ਇਸ ਦੇ ਬਾਵਜੂਦ ਸਾਡੇ ਸੰਵਿਧਾਨ ਦੇ ਨਿਰਮਾਤਾਵਾਂ ਨੇ ਭਾਰਤ ਨੂੰ ਅਜਿਹੇ ਦੇਸ਼ ਦੇ ਰੂਪ ਵਿਚ ਕਲਪਿਆ ਸੀ, ਜਿਥੇ ਹਰ ਇਕ ਨੂੰ ਆਪਣੇ ਰੰਗ-ਢੰਗ ਨਾਲ ਜਿਊਣ ਦਾ ਅਧਿਕਾਰ ਹੋਵੇ | ਨਵੇਂ ਭਾਰਤੀ ਸੰਵਿਧਾਨ ਨੇ ਲੋਕਾਂ ਨੂੰ ਦੇਸ਼ ਦੀ ਸਾਂਝੀ ਆਜ਼ਾਦ ਹੋਂਦ ਦਾ ਅਹਿਸਾਸ ਕਰਾਇਆ ਸੀ | ਅੱਜ ਅਨੇਕਾਂ ਵਿਸ਼ਵਾਸਾਂ ਵਾਲੇ, ਜੀਵਨ ਦੀਆਂ ਅਨੇਕਾਂ ਤਰਬਾਂ ਵਿਚ ਵਿਚਰਦੇ, ਵੱਖ-ਵੱਖ ਸੱਭਿਆਚਾਰਾਂ ਨੂੰ ਸਮੋਈ ਬੈਠੇ ਲੋਕਾਂ ਨੂੰ ਕਿਸੇ ਇਕ ਧਰਮ ਨਾਲ ਜੋੜਨਾ ਬਿਨਾਂ ਸ਼ੱਕ ਸਾਡੇ ਸੰਵਿਧਾਨ (ਬਾਕੀ ਸਫ਼ਾ 2 'ਤੇ) ਦੀ ਤੌਹੀਨ ਦੇ ਬਰਾਬਰ ਹੈ | ਜਿਥੋਂ ਤੱਕ ਸੰਘ ਮੁਖੀ ਵਲੋਂ ਭਾਰਤ ਨੂੰ ਇਕ ਹਿੰਦੂ ਰਾਸ਼ਟਰ ਕਰਾਰ ਦੇਣ ਦੀ ਗੱਲ ਹੈ, ਉਨ੍ਹਾਂ ਦੇ ਮਨ ਵਿਚ ''ਹਿੰਦੂ'' ਦੀ ਪਰਿਭਾਸ਼ਾ ਕੀ ਹੈ, ਇਸ ਬਾਰੇ ਉਹ ਕਦੇ ਵੀ ਕੋਈ ਸੰਤੁਸ਼ਟੀਜਨਕ ਵਿਆਖਿਆ ਨਹੀਂ ਕਰ ਸਕੇ | ਇਸ ਮਹਾਨ ਧਰਤੀ ਨੂੰ ਸਿਰਫ ਇਕ ਧਰਮ ਨਾਲ ਜੋੜਨਾ ਇਕ ਵੱਡੀ ਜ਼ਿਆਦਤੀ ਹੈ | ਰਾਸ਼ਟਰੀ ਸੋਇਮ ਸੇਵਕ ਸੰਘ ਵਰਗੀ ਸੰਸਥਾ ਦੇ ਮੁਖੀ ਤੋਂ ਵਧੇਰੇ ਸੂਝਵਾਨ ਹੋਣ ਦੀ ਆਸ ਕੀਤੀ ਜਾ ਸਕਦੀ ਹੈ, ਕਿਸੇ ਸੀਮਤ ਘੇਰੇ ਦੇ ਪਾਬੰਦ ਰਹਿਣ ਦੀ ਨਹੀਂ |
ਭਾਰਤ ਦੁਨੀਆ ਦੀਆਂ ਪੁਰਾਣੀਆਂ ਸੱਭਿਆਤਾਵਾਂ ਵਿਚੋਂ ਇਕ ਮੰਨਿਆ ਜਾਂਦਾ ਹੈ | ਸਿੰਧ ਘਾਟੀ ਦੀ ਸੱਭਿਅਤਾ ਕਿਸੇ ਸਮੇਂ ਇਸ ਧਰਤੀ ਦੀ ਸ਼ਾਨ ਰਹੀ ਸੀ | ਹੁਣ ਤੱਕ ਦੇ ਲਗਾਏ ਗਏ ਅੰਦਾਜ਼ਿਆਂ ਅਨੁਸਾਰ ਇਹ ਸੱਭਿਅਤਾ ਸਾਢੇ ਪੰਜ ਹਜ਼ਾਰ ਸਾਲ ਪਹਿਲਾਂ ਇਥੇ ਪ੍ਰਫੁੱਲਿਤ ਹੋਈ, ਜਿਸ ਵਿਚ ਅੱਜ ਦਾ ਪਾਕਿਸਤਾਨ ਅਤੇ ਉੱਤਰੀ ਭਾਰਤ ਦੇ ਵੱਡੇ ਹਿੱਸੇ ਸ਼ਾਮਿਲ ਸਨ | ਇਸ ਅਦਭੁੱਤ ਸੱਭਿਅਤਾ ਨੂੰ ਮਿਸਰ ਅਤੇ ਮੈਸੋਪੋਟਾਮੀਆ ਦੀਆਂ ਪੁਰਾਣੀਆਂ ਸੱਭਿਆਤਾਵਾਂ ਦੇ ਕਾਲਕ੍ਰਮ ਨਾਲ ਜੋੜਿਆ ਜਾਂਦਾ ਹੈ | 19ਵੀਂ ਸਦੀ ਵਿਚ ਕੀਤੀਆਂ ਗਈਆਂ ਖੋਜਾਂ ਦੇ ਆਧਾਰ 'ਤੇ ਇਹ ਸਪੱਸ਼ਟ ਹੋਇਆ ਹੈ ਕਿ ਇਹ ਉਸ ਸਮੇਂ ਇਕ ਭਰਪੂਰ ਅਤੇ ਪ੍ਰਫੁੱਲਿਤ ਸੱਭਿਅਤਾ ਸੀ | ਸਾਡੀ ਜਾਣਕਾਰੀ ਅਨੁਸਾਰ ਇਸ ਸੱਭਿਅਤਾ ਤੋਂ ਬਾਅਦ ਅੱਜ ਤੋਂ ਲਗਪਗ ਤਿੰਨ ਕੁ ਹਜ਼ਾਰ ਸਾਲ ਪਹਿਲਾਂ ਕੇਂਦਰੀ ਏਸ਼ੀਆ ਦੇ ਦੇਸ਼ਾਂ ਤੋਂ ਵੱਡੀ ਗਿਣਤੀ ਵਿਚ ਲੋਕ ਉੱਤਰੀ ਭਾਰਤ ਦੇ ਗੰਗਾ-ਯਮੁਨਾ ਦੇ ਮੈਦਾਨਾਂ ਵਿਚ ਆ ਵਸੇ | ਇਹ ਵੀ ਕਿਹਾ ਜਾਂਦਾ ਹੈ ਕਿ ਇਨ੍ਹਾਂ ਆਰੀਅਨ ਲੋਕਾਂ ਨੇ ਸਿੰਧ ਘਾਟੀ ਦੀ ਸੱਭਿਅਤਾ ਦੇ ਸਮੇਂ ਤੋਂ ਇਥੇ ਵਸੇ ਲੋਕਾਂ ਨੂੰ ਦੇਸ਼ ਦੇ ਦੱਖਣੀ ਹਿੱਸੇ ਵੱਲ ਧੱਕ ਦਿੱਤਾ ਸੀ | ਆਰੀਅਨ ਵਿਦਵਾਨਾਂ ਨੇ ਇਥੇ ਸਥਾਪਿਤ ਹੋਣ ਤੋਂ ਬਾਅਦ ਵੇਦਾਂ, ਪੁਰਾਣਾਂ ਅਤੇ ਉਪਨਿਸ਼ਦਾਂ ਵਰਗੇ ਗ੍ਰੰਥਾਂ ਦੀ ਰਚਨਾ ਕੀਤੀ, ਜਿਨ੍ਹਾਂ ਨੂੰ ਹਿੰਦੂ ਧਰਮ ਦਾ ਆਧਾਰ ਮੰਨਿਆ ਜਾਂਦਾ ਹੈ | ਇਸ ਧਰਮ ਵਿਚ ਬੁੱਤ ਪੂਜਾ ਦੇ ਨਾਲ-ਨਾਲ ਹਜ਼ਾਰਾਂ ਦੇਵੀ-ਦੇਵਤੇ ਵੀ ਵਿਦਮਾਨ ਹਨ | ਪਰ ਇਸ ਵਿਸ਼ਾਲ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਅਨੇਕਾਂ ਹੀ ਵੱਖ-ਵੱਖ ਸੱਭਿਆਚਾਰ ਵੀ ਪਣਪਦੇ ਰਹੇ ਹਨ | ਅਨੇਕ ਤਰਜ਼ਾਂ ਵਿਚ ਲੋਕ ਆਪਣਾ ਜੀਵਨ ਜਿਊਾਦੇ ਰਹੇ ਹਨ | ਇਥੇ ਵਿਭਿੰਨ ਤਰ੍ਹਾਂ ਦੇ ਸਮਾਜ ਵਿਕਸਿਤ ਹੋਏ | ਇਸ ਤੋਂ ਬਾਅਦ ਸਦੀਆਂ ਦੇ ਵਰਤਾਰੇ ਨੇ ਇਸ ਦੇਸ਼ ਨੂੰ ਵੱਖ-ਵੱਖ ਕੌਮੀਅਤਾਂ, ਨਸਲਾਂ ਅਤੇ ਫ਼ਿਰਕਿਆਂ ਨਾਲ ਭਰਪੂਰ ਬਣਾ ਦਿੱਤਾ | ਇਸ ਵਿਚ ਹਜ਼ਾਰਾਂ ਸਾਲਾਂ ਤੱਕ ਬਾਹਰੋਂ ਆਏ ਹਮਲਾਵਰਾਂ ਦਾ ਵੀ ਵੱਡਾ ਹੱਥ ਸੀ, ਜਿਨ੍ਹਾਂ ਨੇ ਆਪੋ-ਆਪਣੇ ਧਾਰਮਿਕ, ਸਮਾਜਿਕ ਅਤੇ ਸੱਭਿਆਚਾਰਕ ਪ੍ਰਭਾਵ ਇਸ ਦੇਸ਼ ਦੇ ਲੋਕਾਂ 'ਤੇ ਛੱਡੇ | ਅੱਜ ਇਹ ਦੇਸ਼ ਅਨੇਕਾਂ-ਅਨੇਕ ਵਿਸ਼ਵਾਸਾਂ, ਬੋਲੀਆਂ, ਭਿੰਨ-ਭਿੰਨ ਸੱਭਿਆਚਾਰਾਂ ਅਤੇ ਵੱਖੋ-ਵੱਖਰੀਆਂ ਨਸਲਾਂ ਅਤੇ ਰੰਗਾਂ-ਢੰਗਾਂ ਵਾਲੇ ਨਾਗਰਿਕਾਂ ਦੀ ਇਕ ਫੁਲਵਾੜੀ ਹੈ | ਸਾਡੇ ਸੰਵਿਧਾਨ ਘਾੜਿਆਂ ਨੇ ਇਸ ਬਣਤਰ ਨੂੰ ਚੰਗੀ ਤਰ੍ਹਾਂ ਸਮਝ ਲਿਆ ਸੀ | ਉਨ੍ਹਾਂ ਇਹ ਗੱਲ ਵੀ ਸਮਝ ਲਈ ਸੀ ਕਿ ਸਦੀਆਂ ਤੋਂ ਇਹ ਦੇਸ਼ ਫ਼ਿਰਕਿਆਂ ਅਤੇ ਜਾਤਾਂ ਦੇ ਸ਼ਿਕੰਜਿਆਂ ਵਿਚ ਜਕੜਿਆ ਹੋਇਆ ਹੈ | ਇਥੇ ਕੁਝ ਇਕ ਨੂੰ ਉੱਚੀਆਂ ਅਤੇ ਬਾਕੀਆਂ ਨੂੰ ਨੀਵੀਆਂ ਜਾਤਾਂ ਦੇ ਲੋਕ ਸਮਝਿਆ ਜਾਂਦਾ ਰਿਹਾ ਹੈ | ਸਦੀਆਂ ਤੋਂ ਉਨ੍ਹਾਂ ਨਾਲ ਅਜਿਹਾ ਮਾੜਾ ਵਿਵਹਾਰ ਕੀਤਾ ਜਾਂਦਾ ਰਿਹਾ ਹੈ, ਜਿਸ ਕਰਕੇ ਇਸ ਵਿਸ਼ਾਲ ਧਰਤੀ 'ਤੇ ਸਮਿਆਂ ਦੇ ਨਾਲ ਅਨੇਕਾਂ-ਅਨੇਕ ਬਗ਼ਾਵਤਾਂ ਵੀ ਹੋਈਆਂ | ਲੋਕਾਂ ਨੇ ਆਪਣੇ ਹੱਕਾਂ-ਹਿਤਾਂ ਲਈ ਜੂਝਣਾ ਸ਼ੁਰੂ ਕਰ ਦਿੱਤਾ |
ਹਰ ਖਿੱਤੇ ਨੇ ਆਪੋ-ਆਪਣੀ ਸੱਭਿਆਚਾਰਕ ਅਤੇ ਜ਼ਬਾਨ 'ਤੇ ਆਧਾਰਿਤ ਪਛਾਣ ਕਾਇਮ ਰੱਖਣ ਲਈ ਵੀ ਯਤਨ ਕੀਤੇ | ਕਹੀਆਂ ਜਾਂਦੀਆਂ ਛੋਟੀਆਂ ਜਾਤਾਂ ਦੇ ਸਮਾਜਾਂ ਨੇ ਇਕ ਤਰ੍ਹਾਂ ਨਾਲ ਸਵਰਨ ਜਾਤਾਂ ਤੋਂ ਆਪਣਾ ਤੋੜ-ਵਿਛੋੜਾ ਕਰ ਲਿਆ | ਇਹ ਵੀ ਇਕ ਵੱਡਾ ਕਾਰਨ ਸੀ ਕਿ ਇਸ ਦੇਸ਼ ਦੇ ਲੋਕ ਇਸ ਧਰਤੀ ਵਿਚ ਹੀ ਪੈਦਾ ਹੋਏ ਹੋਰ ਕਈ ਧਰਮਾਂ ਦੇ ਨਾਲ-ਨਾਲ ਬਾਹਰੋਂ ਆਏ ਧਰਮਾਂ ਵੱਲ ਵੀ ਜ਼ਿਆਦਾ ਆਕਰਸ਼ਿਤ ਹੋਏ | ਇਸੇ ਭਾਵਨਾ ਵਿਚੋਂ ਹੀ ਡਾ: ਬੀ.ਆਰ. ਅੰਬੇਡਕਰ ਵਲੋਂ ਲੰਮੀ ਸੋਚ-ਵਿਚਾਰ ਤੋਂ ਬਾਅਦ ਖੁੱਲ੍ਹੇ ਰੂਪ ਵਿਚ ਬੁੱਧ ਧਰਮ ਨੂੰ ਅਪਣਾਉਣ ਦਾ ਐਲਾਨ ਕੀਤਾ ਗਿਆ ਸੀ | ਇਸ ਦੇਸ਼ ਦੇ ਮਹਾਨ ਸਮਰਾਟ ਅਸ਼ੋਕ ਅਤੇ ਕਨਿਸ਼ਕ ਨੇ ਵੀ ਬੁੱਧ ਧਰਮ ਨੂੰ ਅਪਣਾਇਆ ਸੀ | ਮੁਗ਼ਲ ਸਮਰਾਟ ਅਕਬਰ ਨੇ 16ਵੀਂ ਸਦੀ ਵਿਚ ਵੱਖ-ਵੱਖ ਅਕੀਦਿਆਂ ਅਤੇ ਧਰਮਾਂ ਨੂੰ ਮੰਨਣ ਵਾਲੇ ਇਸ ਵਿਸ਼ਾਲ ਧਰਤੀ ਦੇ ਲੋਕਾਂ ਨੂੰ ਆਪੋ-ਆਪਣੇ ਵਿਸ਼ਵਾਸਾਂ ਨੂੰ ਕਾਇਮ ਰੱਖਣ ਦੀ ਖੁੱਲ੍ਹ ਦਿੱਤੀ ਸੀ | ਆਪਣੇ 40 ਸਾਲਾਂ ਦੇ ਰਾਜ ਵਿਚ ਅਕਬਰ ਨੇ ਅਜਿਹੀ ਪ੍ਰੇਰਨਾ ਹੀ ਬਣਾਈ ਰੱਖੀ ਸੀ | ਅਠਾਰ੍ਹਵੀਂ ਸਦੀ ਵਿਚ ਮਹਾਰਾਜਾ ਰਣਜੀਤ ਸਿੰਘ ਨੇ ਵੀ ਆਪਣੀ ਚਾਰ ਦਹਾਕਿਆਂ ਦੀ ਹਕੂਮਤ ਵਿਚ ਆਪਣੀ ਪਰਜਾ ਨੂੰ ਆਪਣੇ ਅਕੀਦਿਆਂ ਅਨੁਸਾਰ ਜਿਊਣ ਦੀ ਖੁੱਲ੍ਹ ਹੀ ਨਹੀਂ ਸੀ ਦਿੱਤੀ, ਸਗੋਂ ਉਨ੍ਹਾਂ ਨੇ ਸਾਰੇ ਧਰਮਾਂ ਨੂੰ ਪੂਰਾ-ਪੂਰਾ ਪਿਆਰ ਅਤੇ ਸਤਿਕਾਰ ਵੀ ਦਿੱਤਾ ਸੀ | ਅੱਜ ਵੀ ਮਹਾਰਾਜਾ ਦੀ ਮਹਾਨਤਾ ਉਨ੍ਹਾਂ ਦੀ ਇਸੇ ਹੀ ਸੋਚ ਦੀ ਲਖਾਇਕ ਬਣੀ ਹੋਈ ਹੈ |
ਅੱਜ ਜੇਕਰ ਅਸੀਂ ਇਸ ਮਹਾਨ ਦੇਸ਼ ਅਤੇ ਮਹਾਨ ਧਰਤੀ ਨੂੰ ਕਿਸੇ ਇਕ ਵਿਸ਼ਵਾਸ ਜਾਂ ਸੱਭਿਆਚਾਰ ਨਾਲ ਜੋੜਨ ਦਾ ਯਤਨ ਕਰਦੇ ਹਾਂ ਤਾਂ ਇਹ ਇਸ ਦੇਸ਼ ਦੇ ਵੱਡੇ ਕੱਦ ਬੁੱਤ ਨੂੰ ਬੌਣਾ ਕਰਨ ਦੇ ਸਮਾਨ ਹੋਵੇਗਾ | ਇਸ ਦੇਸ਼ ਨੂੰ ਵੱਖ-ਵੱਖ ਮਣਕਿਆਂ ਰਾਹੀਂ ਇਕ ਲੜੀ ਵਿਚ ਤਾਂ ਪਰੋਇਆ ਜਾ ਸਕਦਾ ਹੈ ਪਰ ਇਸ ਦੇ ਵਿਭਿੰਨਤਾ ਵਾਲੇ ਸੱਭਿਆਚਾਰਾਂ ਅਤੇ ਲੋਕਾਂ ਨੂੰ ਇਕੋ ਰੱਸੇ ਵਿਚ ਨੂੜਨ ਦਾ ਯਤਨ ਕਰਨਾ ਬਿਨਾਂ ਸ਼ੱਕ ਇਸ ਨੂੰ ਪਿਛਲੀਆਂ ਸਦੀਆਂ ਵੱਲ ਧੱਕਣ ਦਾ ਯਤਨ ਹੋਵੇਗਾ | ਇਸ ਨਾਲ ਵੱਡੇ ਵਿਵਾਦ ਵੀ ਛਿੜਨਗੇ | ਇਸ ਧਰਤੀ ਦੀ ਆਨ ਅਤੇ ਸ਼ਾਨ ਨੂੰ ਵੀ ਵੱਟਾ ਲੱਗੇਗਾ | ਇਸ ਦੀਆਂ ਪਰੰਪਰਾਵਾਂ 'ਤੇ ਵੀ ਉਂਗਲਾਂ ਉੱਠਣਗੀਆਂ ਅਤੇ ਇਸ ਦੇ ਅਗਲੀਆਂ ਸਦੀਆਂ ਵੱਲ ਉੱਠਦੇ ਕਦਮਾਂ ਨੂੰ ਵੀ ਜ਼ੰਜੀਰਾਂ ਪੈ ਜਾਣਗੀਆਂ | ਇਸ ਲਈ ਇਸ ਨਾਂ-ਪੱਖੀ ਸੋਚ ਪ੍ਰਤੀ ਸੁਚੇਤ ਹੋਣ ਦਾ ਸਾਡਾ ਸਭ ਦਾ ਵੱਡਾ ਫਰਜ਼ ਬਣ ਜਾਂਦਾ ਹੈ |( ਅਜੀਤ ਦੇ ਧੰਨਵਾਦ ਸਾਹਿਤ )
ਹੋਰ ਵੇਰਵੇ ਲਈ ਅਜੀਤ ਦੇ ਹੇਠਲੇ ਲਿੰਕ ਤੇ ਕਲਿੱਕ ਕਰੋ
http://www.ajittv.com/video/80050#/?playlistId=0&videoId=0
http://beta.ajitjalandhar.com/
-
ਡਾ ਬਰਜਿੰਦਰ ਸਿੰਘ ਹਮਦਰਦ, ਮੁੱਖ ਸੰਪਾਦਕ ਅਜੀਤ ਅਖਬਾਰ ਗਰੁੱਪ
ajitmagazine@gmail.com
+91-181-2455961-63
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.