ਭਾਰਤ ਦੇ ਪਹਿਲੇ ਮਹਿਬੂਬ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਬਾਅਦ ਜੇ ਕੋਈ ਭਾਰਤੀ ਪ੍ਰਧਾਨ ਮੰਤਰੀ ਅੰਤਰ-ਰਾਸ਼ਟਰੀ ਭਾਈਚਾਰੇ ਵਿਚ ਆਪਣੀ ਦੂਰ ਦ੍ਰਿਸ਼ਟੀ, ਪ੍ਰਬੁੱਧਤਾ, ਸੂਖਮ ਡਿਪਲੋਮੇਸੀ ਦੇ ਜਲਵੇ ਨਾਲ ਸਕਾਰਾਤਮਿਕ ਧਮਾਲਾਂ ਪਾ ਰਿਹਾ ਹੈ ਤਾਂ ਉਹ ਹੈ ਅਜੋਕਾ ਲੋਕਪ੍ਰਿਆ ਮਹਿਬੂਬ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ। ਫ਼ਰਕ ਇਹ ਹੈ ਕਿ ਜਿੱਥੇ ਪੰਡਤ ਨਹਿਰੂ ਦੀ ਸਖਸ਼ੀਅਤ ਤੇ ਪੱਛਮੀ ਵਿਚਾਰਧਾਰਾ ਅਤੇ ਸਮਾਜਵਾਦ ਦੀ ਪੁੱਠ ਚੜ੍ਹੀ ਹੋਈ ਸੀ ਉਥੇ ਸ਼੍ਰੀ ਮੋਦੀ ਤੇ ਭਾਰਤੀ ਸਭਿਯਤਾ ਅਤੇ ਰਾਸ਼ਟਰਵਾਦ ਦੀ ਪੁੱਠ ਚੜ੍ਹੀ ਹੋਈ ਹੈ। ਕਿਸੇ ਅਮਰੀਕੀ ਪ੍ਰਧਾਨ ਵਲੋਂ ਆਪਣੇ ਹੀ ਦੇਸ਼ ਅੰਦਰ ਹੋ ਰਹੇ ਸਮਾਰੋਹ ਵਿਚ ਗੱਦ-ਗੱਦ ਹੋਏ ਕਿਸੇ ਭਾਰ
ਤੀ ਪ੍ਰਧਾਨ ਮੰਤਰੀ ਦਾ ਆਪਣੇ ਹੱਥ ਵਿਚ ਹੱਥ ਘੁੱਟ ਕੇ ਫੜਦਿਆਂ ਕਰੀਬ 59000 ਭਾਰਤੀ-ਅਮਰੀਕੀ ਲੋਕਾਂ ਦੀ ਤਾੜੀਆਂ ਅਤੇ ਖੁਸ਼ਨਾਮਾ ਆਉਭਗਤ ਦੀ ਗੜਗੜਾਹਟ ਵਿਚ ਪੰਡਾਲ ਵਿਚੋਂ ਦੀ ਲੰਘਦੇ ਸਟੇਜ ਤੇ ਪਹੁੰਚਣਾ ਨਿਸਚੈ ਹੀ ਇੱਕ ਇਤਿਹਾਸਕ ਅਦਭੁੱਤ ਘਟਨਾ ਸੀ।
ਵਿਸ਼ਵ ਦੀਆਂ ਦੋ ਪ੍ਰਮੁੱਖ ਮਜ਼ਬੂਤ, ਵਿਸ਼ਾਲ ਅਤੇ ਤਾਕਤਵਰ ਲੋਕਤੰਤਰੀ ਵਿਵਸਥਾਵਾਂ ਅਮਰੀਕਾ ਅਤੇ ਭਾਰਤ ਦੀਆਂ ਸਰਕਾਰਾਂ ਦੇ ਮੁੱਖੀਆਂ, ਪ੍ਰਧਾਨ ਡੋਨਾਲਡ ਟਰੰਪ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ ਅਮਰੀਕਾ ਦੇ ਟੈਕਸਾਸ ਸੂਬੇ ਦੇ ਹਾਊਸਟਨ ਸ਼ਹਿਰ ਅੰਦਰ 'ਹਾਉਡੀ ਮੋਦੀ' ਸਮਾਗਮ ਵਿਚ ਇਕੱਤਰਤਾ ਨੇ ਪੂਰੇ ਵਿਸ਼ਵ ਵਿਚ ਵਸਦੀ ਅੰਤਰ-ਰਾਸ਼ਟਰੀ ਬਿਰਾਦਰੀ ਨੂੰ ਇੱਕ ਨਵਾਂ ਸਕਾਰਾਤਮਿਕ ਸੰਦੇਸ਼ ਦਿਤਾ ਹੈ। ਇਸ ਦੇ ਨਾਲ ਹੀ ਇਸ ਮਿਲਣੀ ਨੇ ਭਾਰਤ-ਅਮਰੀਕੀ ਸਬੰਧਾਂ ਵਿਚ ਇੱਕ ਆਪਸੀ ਸਮਝ ਭਰੀ ਮਿੱਤਰਤਾ ਵਿਚ ਨਿੱਘ ਪੈਦਾ ਕਰਦਿਆਂ ਇੱਕ ਨਵਾਂ ਅਧਿਆਇ ਜੋੜਿਆ ਹੈ। ਇਸ ਸਮਾਗਮ ਦੇ ਪ੍ਰਭਾਵ ਨੂੰ ਖੂਬਸੂਰਤ ਸ਼ਬਦਾਂ ਵਿਚ ਪ੍ਰਗਟ ਕਰਦਿਆਂ ਭਾਰਤੀ ਗ੍ਰਹਿ ਮੰਤਰੀ ਅਤੇ ਸ਼੍ਰੀ ਮੋਦੀ ਦੀ ਐਨ.ਡੀ.ਏ. ਸਰਕਾਰ ਦੀ ਅਗਵਾਈ ਕਰਨ ਵਾਲੀ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸ਼੍ਰੀ ਅਮਿਤ ਸ਼ਾਹ ਦਾ ਕਹਿਣਾ ਹੈ, 'ਹਾਉਡੀ ਮੋਦੀ' ਸਮਾਗਮ ਸੰਸਾਰ ਰਾਜਨੀਤੀ ਵਿਚ ਇੱਕ ਇਤਿਹਾਸਿਕ ਦਿਨ ਸੀ। ਦੋ ਸਭ ਤੋਂ ਮਜ਼ਬੂਤ ਅਤੇ ਜਮਹੂਰੀ ਦੇਸ਼ਾਂ ਦੇ ਆਗੂਆਂ ਨੇ ਖੁਸ਼ਹਾਲ ਦੁਨੀਆਂ ਲਈ ਆਪਣੇ ਵਿਚਾਰਾਂ ਅਤੇ ਸੁਪਨਿਆਂ ਨੂੰ ਇੱਕ ਮੰਚ ਤੇ ਸਾਂਝਾ ਕੀਤਾ ਜੋ ਪਹਿਲਾਂ ਕਦੀ ਨਹੀਂ ਹੋਇਆ। ਇਸ ਸਮਾਗਮ ਨੇ ਸੰਸਾਰ ਦੀ ਰਾਜਨੀਤੀ ਵਿਚ ਇੱਕ ਅਹਿਮ ਛਾਪ ਛੱਡੀ ਹੈ।
ਕਰੀਬ ਤਿੰਨ ਘੰਟੇ ਚਲਿਆ 'ਹਾਉਡੀ ਮੋਦੀ' ਸਮਾਗਮ ਖੁਸ਼ੀਆਂ, ਨਾਅਰਿਆਂ, ਜੈਕਾਰਿਆਂ ਅਤੇ ਇੱਕ ਦੂਜੇ ਆਗੂ ਦੀ ਤਾਰੀਫ ਭਰਿਆ ਸੀ। ਇਹ ਸਮਾਗਮ ਜੋ ਭਾਰਤੀ-ਅਮਰੀਕੀ ਭਾਈਚਾਰੇ ਵਲੋਂ ਆਯੋਜਤ ਕੀਤਾ ਗਿਆ ਸੀ, ਅੰਦਰ ਭਾਰਤੀ-ਅਮਰੀਕੀ ਭਾਈਚਾਰੇ ਵੱਲੋਂ ਅਮਰੀਕੀ ਚੋਣਾਂ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਅਪਣੇ ਲੋਕਪ੍ਰਿਆ ਅਗਾਂਹ ਵਧੂ ਆਗੂ ਸ਼੍ਰੀ ਨਰੇਂਦਰ ਮੋਦੀ ਦੀ ਹਮਾਇਤ ਪ੍ਰਾਪਤ ਕੀਤੀ। ਇਸ ਦੇ ਨਾਲ ਹੀ ਸ਼੍ਰੀ ਮੋਦੀ ਨੇ ਇਹ ਪ੍ਰਮਾਣਿਤ ਕਰ ਦਿਤਾ ਕਿ ਉਹ ਵੱਖ-ਵੱਖ ਦੇਸ਼ਾਂ ਵਿਚ ਰਹਿੰਦੇ ਭਾਰਤੀ ਮੂਲ ਦੇ ਲੋਕਾਂ ਵਿਚ ਲੋਕਪ੍ਰਿਆ ਹੋਣ ਦੇ ਨਾਲ-ਨਾਲ ਅਮਰੀਕਾ ਵਿਚ ਵਸਦੇ ਕਰੀਬ 40 ਲੱਖ ਭਾਰਤੀ ਅਮਰੀਕੀਆਂ ਵਿਚ ਵੀ ਲੋਕਪ੍ਰਿਆ ਹੈ।
ਅਮਰੀਕੀ ਪ੍ਰਧਾਨ ਡੋਨਾਡਲ ਟਰੰਪ ਨੇ ਅਜੇ ਤੱਕ ਕਿਸੇ ਵਿਦੇਸ਼ੀ ਰਾਜ ਦੀ ਸਰਕਾਰ ਦੇ ਮੁੱਖੀ ਨੂੰ 'ਵਿਸ਼ੇਸ਼ ਵਿਅਕਤੀ' ਨਹੀਂ ਕਿਹਾ। ਉਨ੍ਹਾਂ ਵਲੋਂ ਭਾਰਤੀ ਪ੍ਰਧਾਨ ਮੰਤਰੀ ਮੋਦੀ ਨੂੰ ਇੰਜ ਕਹਿ ਕੇ ਵਡਿਆਉਣਾ ਨਿਸਚੇ ਭਾਰਤੀਆਂ ਲਈ ਮਾਣ ਵਾਲੀ ਗੱਲ ਹੈ। ਇਹ ਗੱਲ ਇਹ ਵੀ ਸਿੱਧ ਕਰਦੀ ਹੈ ਕਿ ਸ਼੍ਰੀ ਮੋਦੀ ਦੀ ਲੋਕਪ੍ਰਿਅਤਾ ਵਿਦੇਸ਼ਾਂ ਅਤੇ ਅਮਰੀਕਾ ਵਿਚ ਵਸਦੇ ਭਾਰਤੀਆਂ ਵਿਚ ਵੀ ਕਾਇਮ ਹੈ।
ਭਾਰਤ ਵੱਲੋਂ ਕਸ਼ਮੀਰ ਅੰਦਰ ਸੰਵਿਧਾਨ ਦੀ ਧਾਰਾ 370 ਅਤੇ 35-ਏ ਸਮਾਪਿਤ ਕਰਨ ਤੋਂ ਪੈਦਾ ਹੋਏ ਦੱਖਣੀ ਏਸ਼ੀਆ ਖਿੱਤੇ ਵਿਚਲੇ ਹਲਾਤਾਂ ਸਨਮੁੱਖ ਇਸ ਸਮਾਗਮ ਅੰਦਰ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਪ੍ਰਧਾਨ ਟਰੰਪ ਅਤੇ ਪੂਰੇ ਵਿਸ਼ਵ ਨੂੰ ਸਪਸ਼ਟ ਕੀਤਾ ਕਿ ਪਾਕਿਸਤਾਨ ਵਲੋਂ ਭਾਰਤ ਅਤੇ ਵਿਸ਼ਵ ਦੇ ਦੂਸਰੇ ਖਿੱਤਿਆਂ ਵਿਚ ਫੈਲਾਏ ਜਾਂਦੇ ਅਤਿਵਾਦ ਲਈ ਇੰਨਾਂ ਧਾਰਾਵਾਂ ਨੂੰ ਪੈਡ ਬਣਾ ਕੇ ਵਰਤਿਆ ਜਾਂਦਾ ਰਿਹਾ ਹੈ। ਭਾਰਤ ਨੇ ਮਜ਼ਬੂਤੀ ਨਾਲ ਅਤਿਵਾਦ ਨੂੰ ਨਜਿੱਠਣ ਲਈ ਇੰਨਾਂ ਧਾਰਾਵਾਂ ਨੂੰ ਹਟਾਇਆ ਹੈ।
ਇਸ ਸਮਾਗਮ ਨੂੰ ਆਯੋਜਤ ਕਰਕੇ ਜਿੱਥੇ ਭਾਰਤੀ-ਅਮਰੀਕੀ ਭਾਈਚਾਰੇ ਨੇ ਭਾਰਤ ਦੀ ਡਿਪਲੋਮੈਟਿਕ ਮਦਦ ਕਰਨ ਵਿਚ ਵੱਡਾ ਯੋਗਦਾਨ ਪਾਇਆ ਉੱਥੇ ਸ਼੍ਰੀ ਮੋਦੀ ਨੇ ਆਪਣੀ ਲੀਡਰਸ਼ਿਪ, ਗੁਣਵੰਤਾ ਅਤੇ ਵਿਚਾਰਾਂ ਦੇ ਪ੍ਰਗਟਾਵੇ ਦਾ ਮੁਜ਼ਾਹਿਰਾ ਕਰਦਿਆਂ ਅਮਰੀਕੀ ਪ੍ਰਧਾਨ ਦੀ ਦੁਬਾਰਾ ਸੰਨ 2020 ਵਿਚ ਚੋਣ ਲਈ ਮਦਦ ਵੀ ਕੀਤੀ। ਜਦੋਂ ਉਨ੍ਹਾਂ ਇਸ ਸ਼ੇਅਰ 'ਵੋ ਜੋ ਮੁਕਾਬਲੋਂ ਕਾ ਅੰਬਾਰ ਹੈ, ਯਹੀ ਤੋਂ ਮੇਰੇ ਹੌਂਸਲੋਂ ਕਾ ਮੀਨਾਰ ਹੈ' ਨਾਲ ਆਪਣੇ ਭਾਸ਼ਣ ਦੀ ਸ਼ੁਰੂਆਤ ਕੀਤੀ ਤਾਂ ਪੂਰਾ ਪੰਡਾਲ ਤਾੜੀਆਂ ਅਤੇ 'ਮੋਦੀ-ਮੋਦੀ' ਦੀ ਗੂੰਜ ਨਾਲ ਭਰ ਗਿਆ।
ਇਸ ਸਮਾਰੋਹ ਨੇ ਪਾਕਿਸਤਾਨ, ਚੀਨ ਅਤੇ ਹੋਰ ਸ਼ਕਤੀਆਂ ਨੂੰ ਇਹ ਸੁਨੇਹਾ ਦਿਤਾ ਹੈ ਕਿ ਵਿਸ਼ਵ ਦੇ ਦੋਵੇਂ ਮਜ਼ਬੂਤ ਅਤੇ ਵਿਸ਼ਾਲ ਲੋਕਤਤਰ ਆਪਣੇ ਲੋਕਾਂ, ਰਾਸ਼ਟਰਾਂ, ਰਾਸ਼ਟਰੀ ਸਰਹੱਦਾਂ, ਲੋਕੰਤਤਰੀ ਹਿਤਾਂ ਅਤੇ ਕਦਰਾਂ ਕੀਮਤਾਂ ਦੀ ਰਾਖੀ ਲਈ ਵਚਨਬੱਧ ਹਨ। ਦੋਹਾਂ ਵਿਚ ਨਿੱਗਰ ਹੋ ਰਹੀ ਮਿੱਤਰਤਾ, ਕਾਰੋਬਾਰ, ਵਪਾਰ, ਡਿਪਲੋਮੈਟਿਕ ਸਬੰਧ ਇਸ ਵਚਨਬੱਧਤਾ ਦੇ ਗਵਾਹ ਹਨ। ਦੋਵੇਂ ਦੇਸ਼ ਅਤਿਵਾਦ ਦੇ ਸ਼ਿਕਾਰ ਹਨ। ਇਸ ਲਈ ਦੋਹਾਂ ਨੇ ਇਸ ਮਾਰੂ ਅਤਿਵਾਦ ਦੀ ਸਿਰੀ ਚਿੱਥਣ ਲਈ ਆਪਸੀ ਇੱਕਜੁਟਤਾ ਦਾ ਮੁਜ਼ਹਿਰਾ ਕੀਤਾ। ਦੋਹਾਂ ਦੇਸ਼ਾਂ ਨੇ ਵੱਡੀ ਪੱਧਰ 'ਤੇ ਇੱਕ ਦੂਜੇ ਰਾਸ਼ਟਰ ਵਿਚ ਨਿਵੇਸ਼ ਕਰਨ ਲਈ ਸਹਿਮਤੀ ਪ੍ਰਗਟਾਈ। ਅਮਰੀਕਾ ਚਾਹੁੰਦਾ ਹੈ ਭਾਰਤ ਕਰੀਬ 24 ਬਿਲੀਅਨ ਡਾਲਰ ਦੇ ਵਪਾਰਕ ਘਾਟੇ ਦੀ ਪੂਰਤੀ ਲਈ ਲੋੜੀਂਦੀ ਕਦਮ ਪੁੱਟੇ।
ਸੰਨ 2016 ਦੀਆਂ ਚੋਣਾਂ ਵਿਚ ਟੈਕਸਾਸ ਤੋਂ ਪ੍ਰਧਾਨ ਟਰੰਪ ਨੇ ਹਿਲੇਰੀ ਕਲਿੰਟਨ ਤੋਂ ਕਰੀਬ 7 ਲੱਖ ਵੱਧ ਵੋਟਾਂ ਲਈਆਂ ਸਨ ਪਰ ਪਿੱਛਲੇ ਸਮੇਂ ਵਿਚ ਪ੍ਰਧਾਨ ਟਰੰਪ ਦਾ ਇਸ ਰਾਜ ਵਿਚ ਗ੍ਰਾਫ ਘੱਟ ਕੇ ਕਰੀਬ ਬਰਾਬਰੀ ਤੇ ਆ ਟਿੱਕਿਆ। ਇਸ ਸਮਾਗਮ ਦੇ ਕਰੀਬ 59000 ਇਕੱਠ ਨੇ ਇਸ ਰਾਜ ਵਿਚ ਪ੍ਰਧਾਨ ਟਰੰਪ ਦੀ ਚੋਣ ਮੁਹਿੰਮ ਨੂੰ ਵੱਡਾ ਹੁਲਾਰਾ ਦਿਤਾ। ਇਸ ਦੇ ਨਾਲ ਇਹ ਵੀ ਦਰਸਾਅ ਦਿਤਾ ਕਿ ਅਮਰੀਕੀ ਪ੍ਰਧਾਨ ਦੀ ਚੋਣ ਵਿਚ ਭਾਰਤੀ-ਅਮਰੀਕੀ ਭਾਈਚਾਰਾ ਕਿੰਨਾ ਮਜ਼ਬੂਤ ਪ੍ਰਭਾਵ ਰਖਦਾ ਹੈ।
ਜਿੱਥੇ ਸ਼੍ਰੀ ਮੋਦੀ, ਪ੍ਰਧਾਨ ਟਰੰਪ ਦੇ 'ਅਮਰੀਕਾ ਫਰਸਟ' ਦੇ ਵਿਚਾਰ ਤੋਂ ਪ੍ਰਭਾਵਿਤ ਹੋਏ ਉੱਥੇ। ਉਨ੍ਹਾਂ ਭਾਰਤੀ-ਅਮਰੀਕੀਆਂ ਦੇ ਇਕੱਠ ਦੀ ਸੁਰ ਨਾਲ ਸੁਰ ਮਿਲਾਉਂਦੇ 'ਅਬ ਕੀ ਬਾਰ-ਟਰੰਪ ਸਰਕਾਰ ਦਾ ਨਾਅਰਾ' ਵੀ ਲਗਾਇਆ। ਭਾਰਤ ਅੰਦਰ ਰਾਜਨੀਤੀ ਵਿਚ ਹਾਸ਼ੀਏ 'ਤੇ ਖੜੀ ਕਾਂਗਰਸ ਨੇ ਇਸ ਨੂੰ ਭਾਰਤ ਦੀ ਵਿਦੇਸ਼ ਨੀਤੀ ਦੇ ਵਿਰੁੱਧ ਦਰਸਾਇਆ। ਖੱਬੇ ਪੱਖੀ ਪਾਰਟੀਆਂ ਨੇ ਇਸ ਨੂੰ ਅਜੀਬ ਗੱਲ ਅਤੇ ਅਸਿੱਧਾ ਚੋਣ ਪ੍ਰਚਾਰ ਗਰਦਾਨਿਆ।
ਦਰਅਸਲ ਇਹ ਨਾਅਰਾ ਸੰਨ 2016 ਵਿਚ ਰਿਪਬਲੀਕਨ ਹਿੰਦੂ ਗਠਜੋੜ ਸੰਸਥਾ ਨੇ ਘੜਿਆ ਸੀ ਭਾਰਤੀ-ਅਮਰੀਕੀਆਂ ਵੱਲੋਂ ਪ੍ਰਧਾਨ ਟਰੰਪ ਦੀ ਮਦਦ ਲਈ।
ਯਾਸਰ ਅਰਾਫਾਤ ਫਲਸਤੀਨ ਆਗੂ ਨੇ ਜਦੋਂ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਕਾਲ ਵੇਲੇ ਪਿਸਤੌਲ ਪਹਿਨੇ ਭਾਰਤੀ ਪਾਰਲੀਮੈਂਟ ਨੂੰ ਸੰਬੋਧਨ ਕੀਤਾ ਸੀ ਤਾਂ ਉਸ ਸਮੇਂ ਦੀ ਭਾਰਤੀ ਵਿਦੇਸ਼ ਨੀਤੀ ਦੀ ਉਲੰਘਣਾ ਨਹੀਂ ਸੀ ਹੋਈ? ਦੂਸਰੇ ਪਾਸੇ ਅਕਾਲੀ ਆਗੂ ਸਿਮਰਨਜੀਤ ਸਿੰਘ ਨੂੰ ਪਾਰਲੀਮੈਂਟ ਅੰਦਰ ਸ੍ਰੀ ਸਾਹਿਬ ਲੈ ਜਾਣ ਤੋਂ ਮਨਾਹੀ ਕੀਤੀ ਗਈ ਸੀ।
ਇਸੇ ਸਮਾਗਮ ਵਿਚ ਅਮਰੀਕੀ ਕਾਂਗਰਸ ਵਿਚ ਡੈਮੋਕ੍ਰਟਿਕ ਪਾਰਟੀ ਦੇ ਬਹੁਮੱਤ ਵਾਲੇ ਗਰੁਪ ਆਗੂ ਸਟੇਨੀ ਹੋਇਰ ਨੇ ਕਿਹਾ ਕਿ ਭਾਰਤ ਨੇ ਆਪਣੀ ਲੋਕਤੰਤਰੀ ਸ਼ਕਤੀ ਨਹਿਰੂ ਵਾਦੀ ਧਰਮ ਨਿਰਪੱਖਤਾ ਦੇ ਸਿਧਾਂਤ ਤੋਂ ਪ੍ਰਾਪਤ ਕੀਤੀ ਹੈ। ਉਨ੍ਹਾਂ ਆਪਣੇ ਭਾਸ਼ਣ ਵਿਚ ਮਹਾਤਮਾ ਗਾਂਧੀ ਅਤੇ ਪੰਡਤ ਨਹਿਰੂ ਦੇ ਲੋਕਤੰਤਰੀ ਵਿਚਾਰਾਂ ਦਾ ਜ਼ਿਕਰ ਕਰਦਿਆਂ ਸ਼ਲਾਘਾ ਕੀਤੀ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਭਾਰਤ-ਅਮਰੀਕੀ ਨਜ਼ਦੀਕੀਆਂ ਤੋਂ ਦੁੱਖੀ ਹੋ ਕੇ ਕਿਹਾ ਕਿ 9/11 ਦੇ ਹਮਲੇ ਬਾਅਦ ਪਾਕਿਸਤਾਨ ਹਾਕਮਾਂ ਨੇ ਅਮਰੀਕਾ ਦੀ ਮਦਦ ਕਰਕੇ ਵੱਡੀ ਭੁੱਲ ਕੀਤੀ ਹੈ। ਭਾਰਤ ਨੇ ਕਸ਼ਮੀਰ ਵਿਚੋਂ ਧਾਰਾ 370 ਹਟਾ ਕੇ ਸਯੁੰਕਤ ਰਾਸ਼ਟਰ ਸਲਾਮਤੀ ਕੌਂਸਲ ਦੇ ਪ੍ਰਸਤਾਵ, ਸ਼ਿਮਲਾ ਸਮਝੌਤਾ ਅਤੇ ਆਪਣੇ ਸੰਵਿਧਾਨ ਦੀ ਉਲੰਘਣਾ ਕੀਤੀ ਹੈ। ਉਹ ਸੰਯੁਕਤ ਰਾਸ਼ਟਰ ਤੇ ਕਸ਼ਮੀਰ ਸਬੰਧੀ ਆਪਣੀ ਭੂਮਿਕਾ ਨਿਭਾਉਣ 'ਤੇ ਜ਼ੋਰ ਦੇਣਗੇ।
ਇਸ ਵਿਲੱਖਣ ਅਤੇ ਸਫ਼ਲ ਰੈਲੀ ਬਾਅਦ ਜਦੋਂ ਯੂ.ਐਨ. ਸਮਾਗਮ ਸਮੇਂ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਅਮਰੀਕੀ ਪ੍ਰਧਾਨ ਟਰੰਪ ਨੂੰ ਮਿਲੇ ਤਾਂ ਫਿਰ ਕਸ਼ਮੀਰ ਦਾ ਮੁੱਦਾ ਉਠਾਇਆ। ਪ੍ਰਧਾਨ ਟਰੰਪ ਨੇ ਸਾਫ਼ ਕੀਤਾ ਕਿ ਇਹ ਦੋਹਾਂ ਦੇਸ਼ਾਂ ਦਾ ਦੁਵਲਾ ਮਾਮਲਾ ਹੈ। ਉਹ ਇਸ ਸਬੰਧੀ ਸਾਲਸੀ ਕਰਨ ਲਈ ਰਾਜ਼ੀ ਹਨ ਪਰ ਇਸ ਲਈ ਦੋਹਾਂ ਧਿਰਾਂ ਦਾ ਰਾਜ਼ੀ ਹੋਣਾ ਜ਼ਰੂਰੀ ਹੈ। ਇਸ ਬਾਰੇ ਭਾਰਤ ਦਾ ਸਟੈਂਡ ਸਪਸ਼ਟ ਹੈ ਕਿ ਉਹ ਕਿਸੇ ਕਿਸਮ ਦੀ ਸਾਲਸੀ ਵਿਚ ਯਕੀਨ ਨਹੀਂ ਰਖਦਾ। ਪਾਕਿਸਤਾਨ ਦੇ ਸ਼ੰਕਿਆਂ ਦੇ ਨਿਵਾਰਨ ਲਈ ਉਹ ਦੋ ਤਰਫਾ ਗਲਬਾਤ ਵਿਚ ਵਿਸ਼ਵਾਸ ਰਖਦਾ ਹੈ। ਟਰੰਪ-ਇਮਰਾਨ ਮਿਲਣੀ ਬਾਅਦ ਜਦੋਂ ਪ੍ਰੈਸ ਮਿਲਣੀ ਸਮੇਂ ਪਾਕਿਸਤਾਨ ਦੇ ਇਕ ਪੱਤਰਕਾਰ ਨੇ ਪ੍ਰਧਾਨ ਟਰੰਪ ਨੂੰ ਕਸ਼ਮੀਰ ਬਾਰੇ ਸਵਾਲ ਪੁੱਛਣ ਦਾ ਯਤਨ ਕੀਤਾ ਤੇ ਉਸ ਨੇ ਉਸਦੀ ਖੂਬ ਝਾੜ ਝੰਬ ਕਰਦੇ ਕਿਹਾ, 'ਤੁਹਾਨੂੰ ਐਹੋ ਜਿਹੇ ਪੱਤਰਕਾਰ ਕਿੱਥੋਂ ਮਿਲਦੇ ਹਨ?' ਮਤਲਬ ਸਾਫ ਹੈ ਕਿ ਉਹ ਕਸ਼ਮੀਰ ਮਸਲੇ ਨੂੰ ਅਹਿਮੀਅਤ ਨਹੀਂ ਦਿੰਦੇ।
ਅਮਰੀਕਾ ਦੇ ਭਾਰਤ ਨਾਲ ਵਧਦੇ ਦੋਤਸਾਨਾ ਸਬੰਧਾਂ ਅਤੇ ਹਾਾਊਸਟਨ ਵਿਖੇ ਭਾਰਤੀ-ਅਮਰੀਕੀ ਭਾਈਚਾਰੇ ਦੇ 'ਹਾਉਡੀ ਮੋਦੀ' ਸਮਾਗਮ ਦੀ ਸਫ਼ਲਤਾ ਤੋਂ ਸੜੇ-ਬਲੇ ਪਾਕਿਸਤਾਨੀ ਆਗੂ ਕਹਿ ਰਹੇ ਹਨ ਕਿ ਚੀਨ ਹੀ ਉਨ੍ਹਾਂ ਦਾ ਇਕੋ-ਇੱਕ ਮਿੱਤਰ ਹੈ। ਲੇਕਿਨ ਅੱਤਵਾਦ ਨੂੰ ਪਨਾਹ ਦੇਣ ਵਾਲੇ ਅਤੇ ਭੜਕਾਉਣ ਵਾਲੇ ਇਸ ਦੇਸ਼ ਤੋਂ ਚੀਨ ਵੀ ਇੱਕ ਦਿਨ ਕਿਨਾਰਾ ਕਰ ਲਵੇਗਾ। ਉਸਦੇ ਆਪਣੇ ਜਿੰਗ-ਜਿਆਂਗ ਸੂਬੇ ਵਿਚ ਓਈਗਰ ਮੁਸਲਿਮ ਜਹਾਦੀ ਅੱਤਵਾਦੀ ਪਿੱਛੇ ਵੀ ਉਨ੍ਹਾਂ ਕੱਟੜਵਾਦੀ ਜਹਾਦੀ ਅਤਵਾਦੀਆਂ ਦਾ ਹੱਥ ਹੈ ਜਿੰਨਾਂ ਨੂੰ ਪਾਕਿਸਤਾਨ ਨੇ ਪਨਾਹ ਦਿਤੀ ਹੋਈ ਹੈ।
-
ਦਰਬਾਰਾ ਸਿੰਘ ਕਾਹਲੋਂ, ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ।
kahlondarbarasingh@gmail.com
+1 343 889 2550
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.