ਤਸਵੀਰ-ਰਾਜਿੰਦਰ ਸਿੰਘ ਘੁੰਮਣ
ਸੰਸਾਰ ਵਿਚ ਅਨੇਕਾਂ ਇਨਸਾਨ ਆਉਂਦੇ ਹਨ ਅਤੇ ਆਪੋ ਆਪਣੀ ਜ਼ਿੰਮੇਵਾਰੀ ਨਿਭਾਅ ਕੇ ਇਸ ਫਾਨੀ ਸੰਸਾਰ ਤੋਂ ਰੁਖ਼ਸਤ ਹੋ ਜਾਂਦੇ ਹਨ। ਕੁਝ ਵਿਰਲੇ ਇਨਸਾਨ ਅਜਿਹੇ ਹੁੰਦੇ ਹਨ ਜਿਹੜੇ ਸਮਾਜ ਵਿਚ ਵਿਚਰਦਿਆਂ ਆਪਣੇ ਵਿਲੱਖਣ ਗੁਣਾ ਕਰਕੇ ਅਮਿਟ ਛਾਪ ਛੱਡ ਜਾਂਦੇ ਹਨ। ਵਿਰਲੇ ਇਨਸਾਨਾ ਵਿਚੋਂ ਹੀ ਮਰਹੂਮ ਰਾਜਿੰਦਰ ਸਿੰਘ ਘੁੰਮਣ ਸੇਵਾ ਮੁਕਤ ਆਈ.ਪੀ.ਐਸ ਸਨ, ਜਿਨ੍ਹਾਂ ਆਪਣਾ ਸਾਰਾ ਜੀਵਨ ਪੁਲਿਸ ਵਰਗੇ ਵਾਦਵਿਵਾਦ ਵਾਲੇ ਵਿਭਾਗ ਵਿਚ ਆਪਣੀ ਇਮਾਨਦਾਰੀ ਅਤੇ ਕਾਰਜ ਕੁਸ਼ਲਤਾ ਕਰਕੇ ਵਿਲੱਖਣ ਪਛਾਣ ਬਣਾਈ ਹੋਈ ਸੀ।
ਆਮ ਤੌਰ ਤੇ ਆਰਥਿਕ ਤੌਰ ਤੇ ਅਮੀਰ ਲੋਕ ਨੀਅਤ ਦੇ ਅਮੀਰ ਨਹੀਂ ਹੁੰਦੇ। ਰਾਜਿੰਦਰ ਸਿੰਘ ਘੁੰਮਣ ਵਿਚ ਇਹ ਦੋਵੇਂ ਗੁਣ ਮੌਜੂਦ ਸਨ। ਅੱਜ ਕਲ੍ਹ ਦੇ ਮਹਿੰਗਾਈ ਦੇ ਜ਼ਮਾਨੇ ਵਿਚ ਖਾਸ ਤੌਰ ਤੇ ਸਰਕਾਰੀ ਪੁਲੀਸ ਮੁਲਾਜ਼ਮ ਤਨਖ਼ਾਹਾਂ ਦੇ ਵਾਧੇ ਲਈ ਜਦੋਜਹਿਦ ਕਰਦੇ ਰਹਿੰਦੇ ਹਨ। ਰਾਜਿੰਦਰ ਸਿੰਘ ਘੁੰਮਣ ਅਜਿਹੇ ਅਧਿਕਾਰੀ ਸਨ, ਜਿਨ੍ਹਾਂ ਨੇ ਆਪਣੀ ਸਾਰੀ ਨੌਕਰੀ ਦੌਰਾਨ ਵੱਡੇ ਅਹੁਦਿਆਂ ਦੇ ਫ਼ਰਜ ਨਿਭਾਉਂਦਿਆਂ ਵੀ ਇਮਾਨਦਾਰੀ ਦਾ ਪੱਲਾ ਨਹੀਂ ਛੱਡਿਆ ਸਗੋਂ ਇਮਾਨਦਾਰੀ ਅਤੇ ਦਿਆਨਤਦਾਰੀ ਦਾ ਪ੍ਰਤੀਕ ਬਣਕੇ ਉਭਰੇ ਅਤੇ ਪੁਲਿਸ ਵਿਭਾਗ ਦੀ ਸ਼ੋਭਾ ਵਧਾਈ। 1985 ਵਿਚ ਉਹ ਦਿੱਲੀ ਪੁਲਿਸ ਵਿਚ ਲੋਕ ਸੇਵਾ ਕਮਿਸ਼ਨ ਰਾਹੀਂ ਚੁਣੇ ਗਏ ਅਤੇ 31 ਸਾਲ ਪੁਲਿਸ ਵਿਭਾਗ ਵਿਚ ਵੱਖ-ਵੱਖ ਮਹੱਤਵਪੂਰਨ ਅਹੁਦਿਆਂ ਤੇ ਕੰਮ ਕਰਦੇ ਰਹੇ ਤੇ ਉਨ੍ਹਾਂ ਆਪਣੀ ਚਿੱਟੀ ਚਾਦਰ ਤੇ ਦਾਗ਼ ਨਹੀਂ ਲੱਗਣ ਦਿੱਤਾ। ਉਹ ਪੁਲਿਸ ਵਿਭਾਗ ਵਿਚ ਨੌਕਰੀ ਕਰਨ ਵਾਲੇ ਮੁਲਾਜ਼ਮਾ ਦੀਆਂ ਮੁਸ਼ਕਲਾਂ ਬਾਰੇ ਭਲੀ ਭਾਂਤ ਜਾਣਦੇ ਸਨ, ਇਸ ਲਈ ਉਨ੍ਹਾਂ ਫ਼ੈਸਲਾ ਕੀਤਾ ਕਿ ਜਿਹੜੇ ਪੁਲਿਸ ਵਿਭਾਗ ਦੇ ਕਰਮਚਾਰੀ ਨੌਕਰੀ ਦੌਰਾਨ ਆਪਣੇ ਫ਼ਰਜ ਨਿਭਾਉਂਦਿਆਂ ਸਵਰਗਵਾਸ ਹੋ ਜਾਂਦੇ ਹਨ, ਉਨ੍ਹਾਂ ਦੀ ਆਰਥਿਕ ਮਦਦ ਕਰਨ ਵਾਸਤੇ ਸੇਵਾ ਮੁਕਤੀ ਤੋਂ ਬਾਅਦ ਉਨ੍ਹਾਂ ਆਪਣੀ ਸਾਰੀ ਪੈਨਸ਼ਨ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਦੇਣ ਦਾ ਫ਼ੈਸਲਾ ਕੀਤਾ ਸੀ।
ਅਜਿਹਾ ਫ਼ੈਸਲਾ ਵੱਡੇ ਜਿਗਰੇ ਅਤੇ ਦਮ ਖ਼ਮ ਵਾਲਾ ਵਿਅਕਤੀ ਹੀ ਕਰ ਸਕਦਾ ਹੈ ਕਿਉਂਕਿ ਵਰਤਮਾਨ ਸਮਾਜਿਕ ਤਾਣੇ ਬਾਣੇ ਵਿਚ ਕੋਈ ਵੀ ਵੱਡੇ ਤੋਂ ਵੱਡਾ ਵਿਅਕਤੀ ਲੈਣ ਜਾਣਦਾ ਹੈ ਕਿਸੇ ਨੂੰ ਕੁਝ ਵੀ ਦੇਣ ਲਈ ਤਿਆਰ ਨਹੀਂ। ਰਾਜਿੰਦਰ ਸਿੰਘ ਘੁੰਮਣ ਦੋਸਤਾਂ ਦਾ ਦੋਸਤ ਸੀ। ਹਰ ਆਮ ਅਤੇ ਖਾਸ ਵਿਅਕਤੀ ਦੀ ਸਹਾਇਤਾ ਕਰਨ ਲਈ ਤਤਪਰ ਰਹਿੰਦਾ ਸੀ। ਕਿਸੇ ਵੀ ਸਮੇਂ ਕੋਈਵੀ ਵਿਅਕਤੀ ਉਸ ਕੋਲ ਆਪਣੀ ਮੁਸ਼ਕਲ ਲੈ ਕੇ ਚਲਾ ਜਾਂਦਾ ਤਾਂ ਉਹ ਕਾਨੂੰਨ ਅਨੁਸਾਰ ਜਿਤਨੀ ਮਦਦ ਕਰ ਸਕਦਾ ਹਮੇਸ਼ਾ ਕਰਦਾ ਰਹਿੰਦਾ ਸੀ।
ਰਾਜਿੰਦਰ ਸਿੰਘ ਘੁੰਮਣ ਦਾ ਜਨਮ ਸੰਗਰੂਰ ਜਿਲ੍ਹੇ ਦੀ ਭਵਾਨੀਗੜ੍ਹ ਤਹਿਸੀਲ ਦੇ ਪਿੰਡ ਫੱਗੂਵਾਲਾ ਵਿਚ ਮਾਤਾ ਗੁਰਦੀਪ ਕੌਰ ਤੇ ਪਿਤਾ ਈਸ਼ਰ ਸਿੰਘ ਘੁੰਮਣ ਦੇ ਖਾਂਦੇ ਪੀਂਦੇ, ਰੱਜੇ ਪੁੱਜੇ ਅਤੇ ਖ਼ੁਸ਼ਹਾਲ ਪਰਿਵਾਰ ਵਿਚ 7 ਅਪ੍ਰੈਲ 1954 ਨੂੰ ਹੋਇਆ ਸੀ। ਉਨ੍ਹਾਂ ਦੇ ਦਾਦਾ ਸਾਧੂ ਸਿੰਘ ਘੁੰਮਣ ਦੀ ਵਿਰਾਸਤ ਅਮੀਰ ਸੀ। ਉਸ ਸਮੇਂ ਵਿਚ ਉਨ੍ਹਾਂ ਦਾ ਸਾਰਾ ਪਰਿਵਾਰ ਪੜ੍ਹਿਆ ਲਿਖਿਆ ਸੀ। ਉਚ ਪੜ੍ਹਾਈ ਲਈ ਰਜਿੰਦਰ ਸਿੰਘ ਘੁੰਮਣ ਨੂੰ ਮਹਿੰਦਰਾ ਕਾਲਜ ਪਟਿਆਲਾ ਵਿਚ ਦਾਖ਼ਲ ਕਰਵਾਇਆ ਗਿਆ, ਜਿਥੋਂ ਉਨ੍ਹਾਂ ਗ੍ਰੈਜੂਏਸ਼ਨ ਪਾਸ ਕੀਤੀ। ਉਸ ਤੋਂ ਬਾਅਦ ਉਨ੍ਹਾਂ ਐਲ.ਐਲ.ਬੀ. ਅਤੇ ਐਲ.ਐਲ.ਐਮ.ਪੰਜਾਬੀ ਯੂਨੀਵਰਸਿਟੀ ਤੋਂ ਪਾਸ ਕੀਤੀ। ਐਲ.ਐਲ.ਬੀ.ਵਿਚ ਉਨ੍ਹਾਂ ਦੇ ਜਮਾਤੀ ਸਾਰੇ ਦਿਹਾਤੀ ਪਰਿਵਾਰਾਂ ਵਿਚੋਂ ਜਸਟਿਸ ਜਸਬੀਰ ਸਿੰਘ, ਜਸਟਿਸ ਪਰਮਜੀਤ ਸਿੰਘ ਧਾਲੀਵਾਲ, ਜਗਮੀਤ ਸਿੰਘ ਬਰਾੜ ਅਤੇ ਇੰਦਰਜੀਤ ਸਿੰਘ ਖਰੌੜ੍ਹ ਸਨ।
ਉਨ੍ਹਾਂ ਦਾ ਵਿਆਹ ਜਗਰਾਉਂ ਦੇ ਨੇੜੇ ਚਿੜੀ ਕੋਕਰੀ ਕਲਾਂ ਪਿੰਡ ਦੇ ਸ੍ਰ.ਰਾਜਿੰਦਰ ਸਿੰਘ ਦੀ ਸਪੁੱਤਰੀ ਬੀਬੀ ਗੁਰਪ੍ਰੀਤ ਕੌਰ ਨਾਲ ਹੋਇਆ। ਆਪਦੇ ਇਕ ਲੜਕਾ ਸੁਖਮਨ ਅਜੀਤ ਸਿੰਘ ਅਤੇ ਦੋ ਲੜਕੀਆਂ ਗੁਲਨੂਰ ਘੁੰਮਣ ਅਤੇ ਰਵਨੀਤ ਕੌਰ ਵਿਰਕ ਹਨ। ਰਵਨੀਤ ਕੌਰ ਵਿਆਹੀ ਹੋਈ ਹੈ, ਜਿਹੜੀ ਨਿਊਜ਼ੀਲੈਂਡ ਵਿਚ ਵਸੀ ਹੋਈ ਹੈ। ਆਪਨੇ ਆਪਣੇ ਬੱਚਿਆਂ ਨੂੰ ਉਚ ਪੜ੍ਹਾਈ ਕਰਵਾਈ ਤੇ ਅਤੇ ਸਮਾਜਿਕ ਕਦਰਾਂ ਕੀਮਤਾਂ ਤੇ ਪਹਿਰਾ ਦੇਣ ਦੇ ਗੁਣ ਸਖਿਾਏ ਹਨ। ਆਪਦੀ ਪਹਿਲੀ ਪੋਸਟਿੰਗ ਦਿੱਲੀ ਵਿਖੇ ਹੋਈ ਇਥੇ ਹੀ ਆਪ ਡੀ.ਐਸ.ਪੀ, ਸਹਾਇਕ ਕਮਿਸ਼ਨਰ, ਡਿਪਟੀ ਕਮਿਸ਼ਨਰ, ਕਮਿਸ਼ਨਰ ਪੁਲਿਸ ਰਹੇ। ਇਕ ਵਾਰ ਜਦੋਂ ਪੰਜਾਬ ਵਿਚ ਹਾਲਾਤ ਬਹੁਤ ਖ਼ਰਾਬ ਸਨ ਤਾਂ ਆਪ ਪੰਜਾਬ ਵਿਚ 1993 ਵਿਚ ਡੈਪੂਟੇਸ਼ਨ ਤੇ ਆ ਗਏ ਅਤੇ ਪੰਜਾਬ ਦੇ ਮੁੱਖ ਮੰਤਰੀ ਦੀ ਸੁਰੱਖਿਆ ਦੇ ਇਨਚਾਰਜ ਰਹੇ। 2008 ਵਿਚ ਰਾਜਿੰਦਰ ਸਿੰਘ ਘੁੰਮਣ ਚੰਡੀਗੜ੍ਹ ਵਿਚ ਐਸ.ਪੀ.ਅਪ੍ਰੇਸ਼ਨ ਦੇ ਤੌਰ ਤੇ ਆ ਗਏ। ਫਿਰ ਇਥੇ ਹੀ ਐਸ.ਐਸ.ਪੀ ਚੰਡੀਗੜ੍ਹ ਅਤੇ ਬਾਅਦ ਵਿਚ ਡੀ.ਆਈ.ਜੀ.ਚੰਡੀਗੜ੍ਹ ਸੇਵਾ ਨਿਭਾਉਂਦੇ ਰਹੇ। ਚੰਡੀਗੜ੍ਹ ਵਿਚ ਉਨ੍ਹਾਂ ਆਪਣੀ ਨੌਕਰੀ ਦੌਰਾਨ ਸ਼ਰਾਫ਼ਤ, ਨੇਕਨੀਤੀ, ਦਿਆਨਤਦਾਰੀ ਅਤੇ ਕਾਰਜਕੁਸ਼ਲਤਾ ਦੀ ਅਜਿਹੀ ਛਾਪ ਛੱਡੀ ਕਿ ਜਿਸ ਕਰਕੇ ਅਜੇ ਤੱਕ ਚੰਡੀਗੜ੍ਹ ਦੇ ਨਿਵਾਸੀ ਆਪਨੂੰ ਯਾਦ ਕਰਦੇ ਹਨ। ਉਨ੍ਹਾਂ ਦਾ ਮਿਲਾਪੜਾ ਸੁਭਾਅ ਹਰ ਇਕ ਮਿਲਣ ਵਾਲੇ ਨੂੰ ਆਪਣੇ ਨਾਲ ਜੋੜ ਲੈਂਦਾ ਸੀ।
ਜਿਥੇ ਆਪ ਸੁਲਝੇ ਹੋਏ ਪੁਲਿਸ ਅਧਿਕਾਰੀ ਸਨ ਉਥੇ ਹੀ ਸੇਵਾ ਮੁਕਤੀ ਤੋਂ ਬਾਅਦ ਇਕ ਸਫਲ ਵਿਓਪਾਰੀ ਦੇ ਤੌਰ ਤੇ ਸਫਲ ਰਹੇ ਹਨ। 2014 ਵਿਚ ਆਪ ਆਪਣੀ ਨੌਕਰੀ ਤੋਂ ਸੇਵਾ ਮੁਕਤ ਹੋ ਕੇ ਚੰਡੀਗੜ੍ਹ ਰਹਿਣ ਲੱਗ ਪਏ। ਆਪਦਾ ਨੌਕਰੀ ਦਾ ਸਾਰਾ ਕੈਰੀਅਰ ਬਿਹਤਰੀਨ ਰਿਹਾ, ਜਿਸ ਕਰਕੇ ਆਪਨੂੰ ਕਮਿਊਨਿਟੀ ਪੁਲਿਸਿੰਗ ਦਾ ਵਿਲੱਖਣ ਕਾਰਜ ਕਰਨ ਕਰਕੇ 2004 ਵਿਚ ਅਮਰੀਕਾ ਦੇ ਲਾਸ ਏਂਜਲਸ ਸ਼ਹਿਰ ਵਿਚ ''ਵੈਬਰ ਸੇਵੀ ਅਵਾਰਡ'' ਦੇ ਕੇ ਸਨਮਾਨਿਆਂ ਗਿਆ। ਗ੍ਰਹਿ ਮੰਤਰਾਲੇ ਨੇ ਲੋਕਾਂ ਦੀ ਨਬਜ. ਪਛਾਨਣ ਲਈ ''ਆਈਜ਼ ਐਂਡ ਈਅਰਜ਼'' ਸਕੀਮ ਸ਼ੁਰੂ ਕੀਤੀ ਗਈ ਜਿਸ ਅਧੀਨ ਆਪ ਦਿੱਲੀ ਦੇ ਪਹਿਲੇ ਪੁਲਿਸ ਅਧਿਕਾਰੀ ਸਨ, ਜਿਨ੍ਹਾਂ ਨੂੰ ਇਹ ਅਵਾਰਡ ਦਿੱਤਾ ਗਿਆ। ਆਪ ਦਿੱਲੀ ਪੁਲਿਸ ਦੇ ਸਲਾਹਕਾਰ ਵੀ ਰਹੇ। ਆਪਨੂੰ ਇਕ ਵਾਰ 2002 ਵਿਚ ਪ੍ਰੈਜੀਡੈਂਟ ਪੁਲਿਸ ਮੈਡਲ ਫਾਰ ਮੈਰੀਟੋਰੀਅਸ ਸਰਵਿਸ ਅਤੇ ਦੂਜੀ ਵਾਰ 15 ਅਗਸਤ 2012 ਵਿਚ ਬਿਹਤਰੀਨ ਸੇਵਾਵਾਂ ਲਈ ਪ੍ਰੈਜੀਡੈਂਟ ਪੁਲਿਸ ਮੈਡਲ ਦਿੱਤਾ ਗਿਆ। ਉਹ 30 ਸਤੰਬਰ 2019 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ। ਉਨ੍ਹਾਂ ਦਾ ਭੋਗ ਅਤੇ ਅੰਤਮ ਅਰਦਾਸ 6 ਅਕਤੂਬਰ ਦਿਨ ਐਤਵਾਰ ਨੂੰ ਪਿੰਡ ਫੱਗੂਵਾਲਾ ਦੇ ਭਵਾਨੀਗੜ੍ਹ-ਸੁਨਾਮ ਸੜਕ ਤੇ ਸਥਿਤ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਦੁਪਹਿਰ 1.00 ਵਜੇ ਤੋਂ 2.00 ਵਜੇ ਦੌਰਾਨ ਪਵੇਗਾ।
-
ਉਜਾਗਰ ਸਿੰਘ, ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
94178 13072
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.