'ਯੂਨੀਵਰਸਿਟੀ' ਆਪਣੇ ਆਪ ਵਿਚ ਇਕ ਵਖਰੀ ਕਿਸਮ ਦਾ ਸੰਕਲਪ ਹੈ। ਇਹ ਸਿਰਫ ਕੰਕਰੀਟੀ ਇਮਾਰਤਾਂ ਨਾਲ਼ ਭਰੀ ਅਜਿਹੀ ਥਾਂ ਨਹੀਂ ਹੁੰਦੀ ਜੋ ਮਹਿਜ਼ ਕਾਲਜਾਂ ਦਾ ਨਿਰੀਖਣ ਕਰਨ, ਪ੍ਰੀਖਿਆਵਾਂ ਦਾ ਆਯੋਜਨ ਤੇ ਮੁਲਾਂਕਣ ਕਰਨ, ਡਿਗਰੀਆਂ ਸਰਟੀਫਿਕੇਟ ਜਾਰੀ ਕਰਨ ਜਾਂ ਫਿਰ ਮਿੱਥੇ ਘੜੇ ਪਾਠਕ੍ਰਮਾਂ ਨੂੰ ਲਾਗੂ ਕਰਵਾਉਣ ਲਈ ਬਣੇ ਹੈੱਡ ਆਫਿਸ ਵਾਂਗ ਕੰਮ ਕਰਦੀ ਹੋਵੇ। ਯੂਨੀਵਰਸਿਟੀ ਨਵੇਂ ਵਿਚਾਰ, ਨਵੀਆਂ ਖੋਜਾਂ ਤੇ ਪਹਿਲਕਦਮੀਆਂ ਦੀ ਜੰਮਣ-ਭੋਇੰ ਅਤੇ ਪ੍ਰਯੋਗਸ਼ਾਲਾ ਹੁੰਦੀ ਹਨ। ਅਜਿਹੀ ਪ੍ਰਯੋਗਸ਼ਾਲਾ ਵਿਚ ਹਰ ਨਵੇਂ ਖਿਆਲ ਤੇ ਵਿਚਾਰ ਦੀ ਕਦਰ ਅਤੇ ਸਤਿਕਾਰ ਕੀਤੇ ਜਾਣ ਵਾਲਾ ਇਕ ਸੁਖਾਵਾਂ ਅਕਾਦਮਿਕ ਮਾਹੌਲ ਸਿਰਜਿਆ ਜਾਣਾ ਲਾਜ਼ਮੀ ਹੁੰਦਾ ਹੈ।
ਅਜਿਹਾ ਮਾਹੌਲ ਜਿੱਥੇ ਹਰ ਨਵ ਸਿਰਜਿਤ ਖਿਆਲ ਦੀ ਉਚੇਚੀ ਸੁਣਵਾਈ ਹੋਵੇ। ਅਜਿਹੇ ਮਾਹੌਲ ਦੀ ਸਿਰਜਣਾ ਵਿਚ ਯੂਨੀਵਰਸਿਟੀਆਂ ਦੇ ਵਖ-ਵਖ ਵਿਭਾਗ ਉਦੋਂ ਤਕ ਸਫਲ ਨਹੀਂ ਹੋ ਸਕਦੇ ਜਦੋਂ ਤਕ ਕੋਈ ਦੁਰ ਦ੍ਰਿਸ਼ਟੀ ਸੰਪੰਨ ਸ਼ਖਸੀਅਤ ਇਸ ਦੀ ਅਗਵਾਈ ਨਾ ਕਰ ਰਹੀ ਹੋਵੇ। ਅਗਵਾਈਕਾਰ ਦੀ ਅਜਿਹੀ ਦੂਰ ਦ੍ਰਿਸ਼ਟੀ ਸੰਪੰਨਤਾ, ਤੀਖਣ ਬੁੱਧੀ, ਵਿਸ਼ਾਲ ਵਿਜ਼ਨ ਦੀ ਬਦੌਲਤ ਹੀ ਅਜਿਹੇ ਅਦਾਰਿਆਂ ਨੇ ਆਪਣੇ ਸਥਾਪਨਾ ਮੰਤਵਾਂ ਦੀ ਵਿਹਾਰਕਤਾ ਵੱਲ ਸੋਹਣੀਆਂ ਪੁਲਾਂਘਾਂ ਪੁੱਟਣੀਆਂ ਹੁੰਦੀਆਂ ਹਨ।
ਇਸ ਗੱਲ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਪੰਜਾਬੀ ਯੂਨੀਵਰਸਿਟੀ, ਪਟਿਆਲਾ ਇਨ੍ਹੀਂ ਦਿਨੀਂ ਅਜਿਹੀਆਂ ਹੀ ਸੋਹਣੀਆਂ ਪੁਲਾਂਘਾਂ ਪੁੱਟ ਰਹੀ ਹੈ। ਦਿਨ-ਬ-ਦਿਨ ਯੂਨੀਵਰਸਿਟੀ ਦੀ ਫਿਜ਼ਾ ਬਿਹਤਰ ਹੁੰਦੀ ਜਾ ਰਹੀ ਹੈ। ਡਾ. ਬੀ. ਐੱਸ. ਘੁੰਮਣ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਵਜੋਂ ਆਪਣੇ ਕਾਰਜਕਾਲ ਦੇ ਦੋ ਸਾਲ ਸਫਲਤਾ ਪੂਰਵਕ ਸੰਪੰਨ ਕਰ ਲਏ ਹਨ।
1962 ਵਿਚ ਸਥਾਪਿਤ ਹੋਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਇਸ ਦੇ ਮੋਢੀ ਵਾਈਸ ਚਾਂਸਲਰ ਜੋਧ ਸਿੰਘ ਤੋਂ ਲੈ ਕੇ ਕਿਰਪਾਲ ਸਿੰਘ ਨਾਰੰਗ, ਇੰਦਰਜੀਤ ਕੌਰ ਸੰਧੂ, ਅਮਰੀਕ ਸਿੰਘ, ਭਗਤ ਸਿੰਘ, ਸਰਦਾਰਾ ਸਿੰਘ ਜੌਹਲ, ਐੱਚ.ਕੇ. ਮਨਮੋਹਨ ਸਿੰਘ, ਜੋਗਿੰਦਰ ਸਿੰਘ ਪੁਆਰ, ਜਸਬੀਰ ਸਿੰਘ ਆਹਲੂਵਾਲੀਆ, ਸਵਰਨ ਸਿੰਘ ਬੋਪਾਰਾਏ ਅਤੇ ਜਸਪਾਲ ਸਿੰਘ ਵੱਲੋਂ ਸ਼ਾਨਦਾਰ ਅਗਵਾਈ ਪ੍ਰਦਾਨ ਕੀਤੀ ਗਈ ਹੈ। ਡਾ. ਬੀ. ਐੱਸ. ਘੁੰਮਣ ਨੇ 14 ਅਗਸਤ 2017 ਨੂੰ ਇਹ ਅਹੁਦਾ ਉਸ ਸਮੇਂ ਸੰਭਾਲਿਆ ਜਦੋਂ ਪੰਜਾਬੀ ਯੂਨੀਵਰਸਿਟੀ ਵੱਡੇ ਵਿੱਤੀ ਸੰਕਟ ਨਾਲ ਜੂਝ ਰਹੀ ਸੀ।
ਡਾ. ਘੁੰਮਣ ਨੇ ਇਸ ਸਥਿਤੀ ਨੂੰ ਚੁਣੌਤੀ ਵਜੋਂ ਲਿਆ। ਇਸ ਖੇਤਰ ਵਿਚਲੀਆਂ ਉਨ੍ਹਾਂ ਦੀਆਂ ਅਜਿਹੀਆਂ ਲਗਾਤਾਰ ਕੋਸਿ਼ਸਾਂ ਦੀ ਬਦੌਲਤ ਪੰਜਾਬ ਸਰਕਾਰ ਵੱਲੋਂ ਪੰਜਾਬੀ ਯੂਨੀਵਰਸਿਟੀ ਲਈ ਦੋ ਵਾਰ 50 ਕਰੋੜ ਦੀ ਵਿਸ਼ੇਸ ਗਰਾਂਟ ਮਨਜ਼ੂਰ ਕੀਤੀ ਗਈ ਅਤੇ ਸਾਲਾਨਾ ਗ੍ਰਾਂਟ ਵਿਚ ਵੀ ਛੇ ਫੀਸਦੀ ਵਾਧੇ ਦਾ ਐਲਾਨ ਕੀਤਾ ਗਿਆ। ਇਸ ਮਦਦ ਲਈ ਡਾ. ਘੁੰਮਣ ਵੱਲੋਂ ਪੰਜਾਬ ਦੇ ਮਾਣਯੋਗ ਰਾਜਪਾਲ ਅਤੇ ਯੂਨੀਵਰਸਿਟੀ ਦੇ ਚਾਂਸਲਰ ਸ਼੍ਰੀ ਵੀ.ਪੀ. ਸਿੰਘ ਬਦਨੌਰ, ਮਾਣਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਸਮੇਤ ਕੈਬਨਿਟ ਮੰਤਰੀ ਸਾਹਿਬਾਨਾਂ ਅਤੇ ਵਿਧਾਨ ਸਭਾ ਮੈਂਬਰ ਸਾਹਿਬਾਨਾਂ ਦਾ ਵਿਸ਼ੇਸ ਧੰਨਵਾਦ ਕੀਤਾ ਗਿਆ ਹੈ ਜਿਨ੍ਹਾਂ ਵਲੋਂ ਇਸ ਵਿੱਤੀ ਮਦਦ ਮਨਜ਼ੂਰ ਕਰਨ ਵਿਚ ਅਹਿਮ ਰੋਲ ਅਦਾ ਕੀਤਾ ਹੈ। ਇਸ ਦੇ ਨਾਲ ਹੀ ਮਨੁੱਖੀ ਸ਼ਰੋਤ ਵਿਕਾਸ ਮੰਤਰਾਲਾ ਭਾਰਤ ਸਰਕਾਰ ਵੱਲੋਂ 'ਰਾਸ਼ਟਰੀ ਉੱਚ ਸਿੱਖਿਆ ਅਭਿਆਨ' (ਰੂਸਾ) ਤਹਿਤ 'ਰਿਸਰਚ, ਇਨੋਵੇਸ਼ਨ ਅਤੇ ਕੁਆਲਿਟੀ ਇੰਪਰੂਵਮੈਂਟ' ਕੰਪੋਨੈਂਟ ਅਧੀਨ ਵੀ ਪੰਜਾਹ ਕਰੋੜ ਰੁਪਏ ਦੀ ਵੱਡੀ ਗਰਾਂਟ ਪ੍ਰਾਪਤ ਕਰਨ ਵਿਚ ਵੀ ਡਾ. ਘੁੰਮਣ ਨੇ ਵੱਡੀ ਕਾਮਯਾਬੀ ਹਾਸਿਲ ਕੀਤੀ।
ਸੂਬਾ ਸਰਕਾਰ ਵੱਲੋਂ ਮਹਾਰਾਣਾ ਪ੍ਰਤਾਪ ਚੇਅਰ ਅਤੇ ਅਗਰਸੈਨ ਚੇਅਰ ਲਈ ਲਈ ਸੱਤ-ਸੱਤ ਕਰੋੜ ਰੁਪਏ ਦੇਣ ਦਾ ਐਲਾਨ ਕਰਨਾ ਵੀ ਇਸ ਅਰਸੇ ਵਿਚ ਉਨ੍ਹਾਂ ਦੀ ਵੱਡੀ ਪ੍ਰਾਪਤੀ ਰਿਹਾ ਹੈ। ਆਪਣੇ ਕਾਰਜਕਾਲ ਦੇ ਸ਼ੁਰੂਆਤੀ ਦਿਨਾਂ ਵਿਚ ਹੀ ਉਨ੍ਹਾਂ ਵੱਲੋਂ ਯੂਨੀਵਰਸਿਟੀ ਪ੍ਰਬੰਧਨ ਵਿਚਲਾ ਖਰਚਾ ਘਟਾਉਣ ਦੀਆਂ ਵਿਸ਼ੇਸ ਹਦਾਇਤਾਂ ਕੀਤੀਆਂ ਗਈਆਂ। ਅਜਿਹੀਆਂ ਕੋਸਿ਼ਸਾਂ ਨਾਲ ਪੈਦਾ ਕੀਤੇ ਮਾਹੌਲ ਦੀ ਹੀ ਦੇਣ ਹੈ ਕਿ ਵਿੱਤੀ ਸੰਕਟ ਦੇ ਬਾਵਜੂਦ ਅੱਜ ਯੂਨੀਵਰਸਿਟੀ ਦੇ ਕਰਮਚਾਰੀਆਂ ਨੂੰ ਹਰ ਮਹੀਨੇ ਸਮੇਂ ਸਿਰ ਤਨਖਾਹ ਦੀ ਪ੍ਰਾਪਤੀ ਹੋਣੀ ਸ਼ੁਰੂ ਹੋ ਗਈ ਹੈ।
ਖੋਜ ਅਤੇ ਅਕਾਦਮਿਕ ਖੇਤਰ ਨੂੰ ਸਮੇਂ ਦੇ ਹਾਣ ਦਾ ਬਣਾਉਣ ਹਿਤ ਡਾ. ਘੁੰਮਣ ਦੀ ਅਗਵਾਈ ਵਿਚ ਵਖ-ਵਖ ਕਦਮ ਕਦਮ ਉਠਾਏ ਗਏ। ਮਸ਼ੀਨੀ ਬੁੱਧੀ, ਅੰਕੜਾ ਵਿਗਿਆਨ ਅਤੇ ਮਸ਼ੀਨੀ ਅਨੁਵਾਦ ਦੇ ਖੇਤਰ ਵਿਚ ਵੱਡੀ ਪ੍ਰਾਪਤੀ ਕਰਦਿਆਂ ਇਸ ਖੇਤਰ ਵਿਚ 'ਸੈਂਟਰ ਫਾਰ ਆਰਟੀਫੀਸਿ਼ਲ ਇੰਟੈਲੀਜੈਂਸੀ ਐਂਡ ਡਾਟਾ ਸਾਇੰਸਜ਼' ਦੀ ਸਥਾਪਨਾ ਕਰਨਾ ਬੇਹੱਦ ਅਹਿਮੀਅਤ ਰਖਦਾ ਹੈ। ਇਸ ਤੋਂ ਇਲਾਵਾ 'ਸੈਂਟਰ ਫਾਰ ਪ੍ਰੋਡਕਟਿਵ ਡਿਵੈਲਪਮੈਂਟ ਥਰੂ ਨੋਵਲ ਟੈਕਨੌਲਜੀ ਇੰਟਰਵੈਂਸ਼ਨ', 'ਸੈਂਟਰ ਫਾਰ ਹਿਊਮਨ ਡਿਵੈਲਪਮੈਂਟ ਐਂਡ ਨੌਲੇਜ ਮੈਨੇਜਮੈਂਟ' ,'ਸੈਂਟਰ ਫਾਰ ਇੰਡਸਟਰੀਅਲ ਐਂਡ ਸੋਸ਼ਲ ਟਰਾਂਸਫਰਮੇਸ਼ਨ ਥਰੂ ਰਿਸਰਚ ਐਂਡ ਇਨੋਵੇਸ਼ਨ ਇਨ ਵੋਕੇਸ਼ਨਲ ਐਂਟਰਪਰਿਉਨਰਸਿ਼ਪ, 'ਸੈਂਟਰ ਫਾਰ ਪਬਲਿਕ ਪਾਲਿਸੀ ਐਂਡ ਗਵਰਨੈਂਸ ਅਤੇ 'ਰੈਪਿਡ ਪਰੋਟੋਟਾਈਪਿੰਗ ਐਂਡ ਮੈਟੀਰੀਅਲ ਟੈਸਟਿੰਗ ਰਿਸਰਚ ਸੈਂਟਰ' ਦੀ ਸਥਾਪਨਾ ਕਰਨਾ ਆਪਣੇ ਆਪ ਵਿਚ ਨਵੀਂ ਪਹਿਲਕਦਮੀ ਸੀ। ਇਸੇ ਤਰ੍ਹਾਂ ਦਿਵਿਆਂਗਾਂ ਲਈ ਤਕਨੌਲਜੀ ਵਿਕਾਸ ਖੋਜ ਕੇਂਦਰ ਭਾਵ ਰਿਸਰਚ ਸੈਂਟਰ ਫਾਰ ਟੈਕਨੌਲਜੀ ਡਿਵੈਲਪਮੈਂਟ ਫਾਰ ਡਿਫਰੈਂਟਲੀ ਏਬਲਡ ਪਰਸਨਜ਼ ਸਥਾਪਿਤ ਕੀਤਾ ਗਿਆ ਹੈ।
ਡਾ. ਘੁੰਮਣ ਦੀ ਅਗਵਾਈ ਸਦਕਾ ਪੈਦਾ ਹੋਏ ਅਕਾਦਮਿਕ ਮਾਹੌਲ ਦੀਆਂ ਪ੍ਰਾਪਤੀਆਂ ਦੀ ਇਕ ਮਿਸਾਲ ਇਹ ਰਹੀ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਆਪਣੇ ਖੋਜ ਵਫਦ ਸਮੇਤ ਅਤੇ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਸ਼੍ਰੀ ਰਾਕੇਸ਼ ਕੁਮਾਰ ਵਰਮਾ ਆਪਣੀ ਟੀਮ ਸਮੇਤ ਯੂਨੀਵਰਸਿਟੀ ਅਧਿਆਪਕਾਂ ਵੱਲੋਂ ਕੀਤੀ ਜਾ ਰਹੀ ਖੋਜ ਨੂੰ ਵੇਖਣ ਪਹੁੰਚੇ ਅਤੇ ਵਿਗਿਆਨ ਲੈਬਜ਼ ਦਾ ਦੌਰਾ ਕਰ ਕੇ ਇਸ ਖੋਜ ਦੇ ਨਿੱਕਲੇ ਨਤੀਜਿਆਂ ਦੇ ਜੋ ਪੇਟੈਂਟ ਰਜਿਸਟਰ ਹੋਏ ਹਨ, ਬਾਰੇ ਵਿਚਾਰ ਵਟਾਂਦਰਾ ਕੀਤਾ। ਜਿ਼ਕਰਯੋਗ ਹੈ ਕਿ ਇਸ ਸਮੇਂ ਦੌਰਾਨ ਖੋਜ ਦੇ ਖੇਤਰ ਵਿਚ ਯੂਨੀਵਰਸਿਟੀ ਵੱਲੋਂ ਤਿੰਨ ਪੇਟੈਂਟ ਫਾਈਲ ਹੋਏ ਹਨ ਜਿਨ੍ਹਾਂ ਵਿਚੋਂ ਦੋ ਗਰਾਂਟ ਵੀ ਹੋ ਚੁੱਕੇ ਹਨ।
ਯੂਨੀਵਰਸਿਟੀ ਨੂੰ ਵਿਸ਼ਵ ਦੇ ਪ੍ਰਸੰਗ ਵਿਚ ਨਵ-ਰੁਝਾਨਾਂ ਦੇ ਹਾਣ ਦਾ ਬਣਾਉਣ ਲਈ ਡਾ. ਘੁੰਮਣ ਵੱਲੋਂ ਇਸ ਅਰਸੇ ਦੌਰਾਨ ਕਈ ਨਵੇਂ ਕੋਰਸਾਂ ਦੀ ਸ਼ੁਰੂਆਤ ਕੀਤੀ ਗਈ। ਇਸ ਤੋਂ ਇਲਾਵਾ ਬਹੁਤ ਸਾਰੇ ਰਵਾਇਤੀ ਕੋਰਸਾਂ ਦੀ ਹਰਮਨਪਿਆਰਤਾ ਵਧ ਜਾਣ ਕਾਰਨ ਉਨ੍ਹਾਂ ਦੀਆਂ ਸੀਟਾਂ ਦੀ ਗਿਣਤੀ ਵਿਚ ਵਾਧਾ ਕਰਨ ਦੇ ਫੈਸਲੇ ਵੀ ਲੈਣੇ ਪਏ ਹਨ।। ਕਾਨੂੰਨ ਜਿਹੇ ਪ੍ਰੋਫੈਸ਼ਨਲ ਕੋਰਸ ਲਈ ਵੀ ਪੰਜਾਬੀ ਯੂਨੀਵਰਸਿਟੀ ਵਿਖੇ ਦਾਖਲਾ ਲੈਣ ਦੇ ਇੱਛੁਕ ਵਿਦਿਆਰਥੀਆਂ ਦਾ ਰੁਝਾਨ ਐਨਾ ਵਧਿਆ ਹੈ ਕਿ 'ਬਾਰ ਕੌਂਸਲ ਆਫ਼ ਇੰਡੀਆ' ਵੱਲੋਂ ਇਹ ਸੀਟਾਂ ਦੁੱਗਣੀਆਂ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ।
ਡਾ. ਘੁੰਮਣ ਵੱਲੋਂ ਪਲੇਸਮੈਂਟ ਸੈੱਲ ਦਾ ਵਿਸਥਾਰ ਕਰ ਕੇ ਸਥਾਪਿਤ ਕੀਤੇ ਫਿਨਿਸਿ਼ੰਗ ਸਕੂਲ ਦੇ ਨਿਰੰਤਰ ਯਤਨਾਂ ਨਾਲ 53 ਵਖ ਵਖ ਨਾਮੀ ਕੰਪਨੀਆਂ ਵੱਲੋਂ ਇਸ ਦੋ ਸਾਲ ਦੇ ਅਰਸੇ ਦੌਰਾਨ ਬਹੁਤ ਸਾਰੇ ਵਿਦਿਆਰਥੀਆਂ ਨੂੰ ਨੌਕਰੀਆਂ ਪ੍ਰਦਾਨ ਕੀਤੀਆਂ ਗਈਆਂ ।ਇਸ ਤੋਂ ਇਲਾਵਾ ਵਖ-ਵਖ ਵਿਭਾਗਾਂ ਵੱਲੋਂ ਆਪਣੇ ਪੱਧਰ ਤੇ ਵੀ ਪਲੇਸਮੈਂਟ ਸੈੱਲ ਅਤੇ ਵਿਭਾਗ ਪੱਧਰੀ ਕੋਸਿ਼ਸਾਂ ਨਾਲ 'ਸਕੂਲ ਆਫ਼ ਮੈਨੇਜਮੈਂਟ ਵਿਭਾਗ' ਦੇ ਕੁੱਲ 240 ਵਿਦਿਆਰਥੀਆਂ ਵਿਚੋਂ 219 ਨੂੰ ਨੌਕਰੀ ਦਿਵਾਉਣਾ, ਜਿਨ੍ਹਾਂ ਵਿਚੋਂ ਕੁੱਝ ਵਿਦਿਆਰਥੀਆਂ ਦਾ ਸਾਲਾਨਾ ਪੈਕੇਜ ਨੌ ਲੱਖ ਰੁਪਏ ਪ੍ਰਤੀ ਸਾਲ ਹੈ, ਸ਼ਰੀਰਿਕ ਸਿੱਖਿਆ ਵਿਭਾਗ ਦੇ 80 ਫੀਸਦੀ ਵਿਦਿਆਰਥੀ ਅਤੇ ਸੋਸ਼ਲ ਵਰਕ ਵਿਭਾਗ ਦੇ ਵਿਦਿਆਰਥੀਆਂ ਵਿਚੋਂ 70 ਫੀਸਦੀ ਵਿਦਿਆਰਥੀ ਨੌਕਰੀ ਪ੍ਰਾਪਤ ਕਰਨ ਦੇ ਯੋਗ ਹੋਏ ਹਨ।
ਯੂਨੀਵਰਸਿਟੀ ਨੂੰ ਗਲੋਬਲ ਪੱਧਰ ਤੇ ਚਮਕਾਉਣ ਹਿਤ ਡਾ. ਘੁੰਮਣ ਵੱਲੋਂ ਕਈ ਵਿਦੇਸ਼ੀ ਯੂਨੀਵਰਸਿਟੀਆਂ ਨਾਲ ਸਮਝੌਤੇ ਕੀਤੇ ਗਏ ਜਿਨ੍ਹਾਂ ਵਿਚ ਵਿਸ਼ਵ ਪੱਧਰੀ ਵੱਕਾਰੀ ਸੰਸਥਾਵਾਂ ਜਿਵੇਂ ਕਿ 'ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ', 'ਯੂਨੀਵਰਸਿਟੀ ਆਫ ਵਿਸਕੌਨਸਨ ਪਾਰਕਸਾਈਡ, ਯੂ.ਐੱਸ.ਏ.', 'ਯੂਨੀਵਰਸਿਟੀ ਆਫ਼ ਫਰੇਜ਼ਰ ਵੈਲੀ, ਕੈਨੇਡਾ', 'ਯੂਨੀਵਰਸਿਟੀ ਆਫ ਨਾਰਥ ਬ੍ਰਿਟਿਸ਼ ਕੋਲੰਬੀਆ, ਕੈਨੇਡਾ', ਯੂਨੀਵਰਸਿਟੀ ਆਫ ਵੁਲਵਰਹੈਂਪਟਨ, ਯੂਕੇ', 'ਦਾ ਢਾਹਾਂ ਪਰਾਈਜ਼ ਫਾਰ ਪੰਜਾਬੀ ਲਿਟਰੇਚਰ, ਕੈਨੇਡਾ', 'ਪੰਜਾਬ ਕਲਾ ਭਵਨ ਕੈਨੇਡਾ' ਅਤੇ ਇਸ ਦੇ ਨਾਲ ਹੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਰੁਜ਼ਗਾਰ ਦਿਵਾਉਣ ਲਈ ਪ੍ਰਸਿੱਧ ਸਨਅਤੀ ਅਤੇ ਵਪਾਰਕ ਸੰਸਥਾ 'ਪੀ-ਐੱਚ.ਡੀ. ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਨਵੀਂ ਦਿੱਲੀ' ਨਾਲ ਵੀ ਸਮਝੌਤਾ ਕੀਤਾ ਗਿਆ। ਅਜਿਹੀ ਹੀ ਸਾਂਝ ਦੇ ਕਦਮ ਵਜੋਂ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਦੇ 20 ਵਿਦਿਆਰਥੀ ਆਪਣੇ ਅਧਿਆਪਕਾਂ ਦੀ ਅਗਵਾਈ ਵਿਚ ਇਕ ਹਫਤੇ ਲਈ ਪੰਜਾਬੀ ਯੂਨੀਵਰਸਿਟੀ ਵਿਖੇ ਵਰਕਸ਼ਾਪ ਲਗਾ ਕੇ ਗਏ ਅਤੇ ਹੁਣ ਪੰਜਾਬੀ ਯੂਨੀਵਰਸਿਟੀ ਦੇ 15 ਵਿਦਿਆਰਥੀ ਅਤੇ ਪੰਜ ਅਧਿਆਪਕ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਅਜਿਹੇ ਹੀ ਪ੍ਰੋਗਰਾਮ ਵਿਚ ਸਿ਼ਰਕਤ ਕਰਨ ਜਾ ਰਹੇ ਹਨ।
ਜਿੱਥੇ ਇਕ ਪਾਸੇ ਭਾਸ਼ਾ, ਸਾਹਿਤ ਅਤੇ ਸਭਿਆਚਾਰ ਨੂੰ ਪ੍ਰਫੁੱਲਿਤ ਕਰਨ ਦੇ ਆਸੇ ਨਾਲ ਉਪ ਭਾਸ਼ਾਵਾਂ ਦੇ ਵਿਸ਼ੇਸ ਕਵੀ ਦਰਬਾਰ ਅਤੇ ਪੁਆਧੀ ਅਖਾੜੇ ਜਿਹੇ ਰਵਾਇਤੀ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਉੱਥੇ ਹੀ ਤਾਜ਼ਾ ਅਕਾਦਮਿਕ ਸੈਸ਼ਨ ਵਿਚ ਸਮੁੱਚੇ ਕਾਲਜਾਂ ਦੇ ਦਾਖਲੇ ਆਨਲਾਈਨ ਪੋਰਟਲ ਰਾਹੀਂ ਹੋਣਾ, ਖੋਜ ਵਿਭਾਗ ਵੱਲੋਂ ਵਿਦਿਆਰਥੀਆਂ ਦੀ ਸਹੂਲਤ ਲਈ ਇਕ ਵਿਸ਼ੇਸ ਬਹੁਮੰਤਵੀ ਸਾਫਟਵੇਅਰ ਤਿਆਰ ਕਰਵਾਉਣਾ, ਈ-ਲਰਨਿੰਗ ਪੰਜਾਬੀ ਡਾਟ ਕਾਮ ਦਾ ਪੋਰਟਲ, ਜਿਸ ਰਾਹੀਂ ਪੰਜਾਬੀ ਦੀ ਬੁਨਿਆਦੀ ਪੜ੍ਹਾਈ ਕੀਤੀ ਜਾ ਸਕਦੀ ਹੈ, ਦੇ ਦੂਸਰੇ ਪੜਾਅ ਦਾ ਉਦਘਾਟਨ ਹੋਣਾ, ਪ੍ਰੀਖਿਆ ਸ਼ਾਖਾ ਸੰਬੰਧੀ ਵਿਸ਼ੇਸ ਜਾਣਕਾਰੀਆਂ ਮੁਹਈਆ ਕਰਵਾਉਣ ਲਈ ਇਕ ਵਿਸ਼ੇਸ ਆਨਲਾਈਨ ਪੋਰਟਲ ਅਤੇ ਮੋਬਾਈਲ ਐਪ ਲਾਂਚ ਕੀਤੇ ਜਾਣਾ ਯੂਨੀਵਰਸਿਟੀ ਦੇ ਆਧੁਨਿਕਤਾ ਨਾਲ ਬਰ ਮੇਚਣ ਦੇ ਸੰਕੇਤ ਹਨ।
ਪੰਜਾਬੀ ਯੂਨੀਵਰਸਿਟੀ ਦੇ ਮਿਆਰ, ਗੁਣਵੱਤਾ ਅਤੇ ਭਰੋਸੇਯੋਗਤਾ ਦੀ ਬਦੌਲਤ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਉਤਸਵ ਨੂੰ ਲੈ ਕੇ ਸਭ ਤੋਂ ਵੱਧ 57 ਪ੍ਰੋਗਰਾਮ ਉਲੀਕੇ ਹਨ। ਇਨ੍ਹਾਂ ਵਿਚੋਂ 45 ਪ੍ਰੋਗਰਾਮ ਸੰਪੂਰਨ ਹੋ ਚੁੱਕੇ ਹਨ। ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਨਾਲ ਨਾਲ ਸਮਾਜ ਭਲਾਈ ਦੇ ਖੇਤਰ ਨਾਲ ਵਾਸਬਸਤਗੀ ਰੱਖਣ ਵਾਲੇ ਅਜਿਹੇ ਪ੍ਰੋਗਰਾਮਾਂ, ਸੈਮੀਨਾਰਾਂ, ਕਾਨਫਰੰਸਾਂ ਆਦਿ ਦੀ ਗਿਣਤੀ ਦੋ ਸਾਲ ਦੇ ਅਰਸੇ ਦੌਰਾਨ 215 ਦੇ ਕਰੀਬ ਰਹੀ ਹੈ ਜਿਨ੍ਹਾਂ ਵਿਚ ਸੈਮੀਨਾਰ, ਕਾਨਫਰੰਸਾਂ, ਵਰਕਸ਼ਾਪਾਂ ਆਦਿ ਪ੍ਰੋਗਰਾਮ ਸ਼ਾਮਿਲ ਸਨ। ਡਾ. ਘੁੰਮਣ ਯੂਨੀਵਰਸਿਟੀ ਜਿਹੇ ਵਿੱਦਿਅਕ ਅਦਾਰਿਆਂ ਦੀ ਸਮਾਜਿਕ ਪ੍ਰਤੀਬੱਧਤਾ ਨੂੰ ਸਮਝਦਿਆਂ ਹਰ ਖੋਜ, ਸੈਮੀਨਾਰ, ਕਾਨਫਰੰਸ ਆਦਿ ਵਿਚੋਂ ਨਿਕਲੇ ਸਿੱਟਿਆਂ ਨੂੰ ਦਸਤਾਵੇਜੀ ਰੂਪ ਦੇਣ ਦੀ ਪੈਰਵਾਈ ਕਰਦੇ ਰਹਿੰਦੇ ਹਨ ਤਾਂ ਕਿ ਅਜਿਹਾ ਦਸਤਾਵੇਜ ਸੰਬੰਧਤ ਖੇਤਰ ਵਿਚਲੀ ਪਾਲਿਸੀ ਦੇ ਨਿਰਮਾਣ ਸਮੇਂ ਮਦਦਗਾਰ ਸਾਬਿਤ ਹੋ ਸਕੇ। ਪੰਜਾਬ ਵਿਚ ਹੋ ਰਹੀਆਂ ਕਿਸਾਨਾਂ ਦੀਆਂ ਖੁਦਕੁਸ਼ੀਆਂ ਸੰਬੰਧੀ ਉਨ੍ਹਾਂ ਵੱਲੋਂ ਅਜਿਹੀ ਹੀ ਇਕ ਵਰਕਸ਼ਾਪ ਵਿਚੋਂ ਨਿੱਕਲੇ ਸਿੱਟਿਆਂ ਤੇ ਅਧਾਰਤ 'ਪਗੜੀ ਸੰਭਾਲ ਜੱਟਾ' ਨਾਮੀ ਨਾਟਕ ਤਿਆਰ ਕਰਵਾਇਆ ਗਿਆ।
ਪੰਜਾਬ ਸਰਕਾਰ ਦੇ ਬਹੁਤ ਸਾਰੇ ਅਦਾਰੇ ਵਖ-ਵਖ ਪ੍ਰਾਜੈਕਟਾਂ ਦੇ ਸਬੰਧ ਵਿਚ ਯੂਨੀਵਰਸਿਟੀ ਨਾਲ ਸਾਂਝ ਪਾਂਉਣ ਲਈ ਯਤਨਸ਼ੀਲ ਹਨ। ਇਸੇ ਦੇ ਚਲਦਿਆਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਇੰਟਰਨਸਿ਼ਪ ਪੰਜਾਬ ਸਰਕਾਰ ਦੇ ਵਿਭਾਗਾਂ, ਜਿਲ੍ਹਾ ਪ੍ਰਸ਼ਾਸਨ ਜਾਂ ਸਰਕਾਰ ਵੱਲੋਂ ਸੁਝਾਏ ਖੇਤਰਾਂ ਵਿਚ ਲਗਾਉਣ ਦਾ ਫੈਸਲਾ ਲਿਆ ਗਿਆ ਹੈਜੋ ਕਿ ਵਿਦਿਆਰਥੀਆਂ ਨੂੰ ਰੁਜ਼ਗਾਰ ਦੇ ਯੋਗ ਬਣਾਉਣ ਵਿਚ ਕਾਰਗਰ ਸਿੱਧ ਹੋਵੇਗਾ। ਯੂਨੀਵਰਸਿਟੀ ਵਿਚਲੇ ਮੀਡੀਆ ਸੈਂਟਰ ਨੂੰ ਸੁਤੰਤਰ ਤੌਰ ਤੇ ਡੀ ਟੀ ਐੱਚ ਚੈਨਲ ਦੀ ਅਲਾਟਮੈਂਟ ਹੋਣਾ ਵੀ ਇਕ ਪ੍ਰਾਪਤੀ ਸੀ। ਜਿ਼ਕਰਯੋਗ ਹੈ ਕਿ ਦੇਸ਼ ਭਰ ਦੇ ਕੁੱਲ 21 ਸੈਂਟਰਾਂ ਵਿਚੋਂ ਸਿਰਫ ਛੇ ਸੈਂਟਰ ਹੀ ਅਜਿਹੇ ਹਨ ਜਿਨ੍ਹਾਂ ਕੋਲ ਇਸ ਤਰ੍ਹਾਂ ਸੁਤੰਤਰ ਡੀ.ਟੀ.ਐੱਚ. ਦਾ ਅਧਿਕਾਰ ਹੈ।ਪੁਸਤਕ ਸਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਪੁਸਤਕ ਮੇਲੇ ਲਗਾ ਕੇ ਦੋ ਸਾਲਾਂ ਦੌਰਾਨ ਯੂਨੀਵਰਸਿਟੀ ਵੱਲੋਂ ਆਪਣੀਆਂ ਪੁਸਤਕਾਂ ਦੀ ਤਕਰੀਬਨ ਪੌਣੇ ਦੋ ਕਰੋੜ ਦੀ ਵਿੱਕਰੀ ਕਰ ਕੇ ਇਕ ਇਤਿਹਾਸ ਸਿਰਜਿਆ ਗਿਆ। ਦੂਸਰਾ ਪੁਸਤਕ ਮੇਲਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸੀ। ਪ੍ਰਕਾਸ਼ਨ ਦੇ ਖੇਤਰ ਵਿਚ ਵੀ ਯੂਨੀਵਰਸਿਟੀ ਵੱਲੋਂ ਰਾਸ਼ਟਰੀ ਪੱਧਰ ਦਾ ਮਾਅਰਕਾ ਮਾਰਦਿਆਂ ਪਬਲੀਕੇਸ਼ਨ ਬਿਊਰੋ ਦੀਆਂ ਦੋ ਕਿਤਾਬਾਂ ਉੱਪਰ ਰਾਸ਼ਟਰੀ ਐਵਾਰਡ ਹਾਸਿਲ ਕੀਤਾ ਗਿਆ ਹੈ।ਨੌਰਥ ਜ਼ੋਨ ਅਤੇ ਆਲ ਇੰਡੀਆ ਯੂਨੀਵਰਸਿਟੀ ਯੂਥ ਫੈਸਟੀਵਲ ਵਿਚ 2017-18 ਅਤੇ 2018-19 ਦੌਰਾਨ ਵਖ-ਵਖ ਆਈਟਮਾਂ ਵਿਚ ਯੂਨੀਵਰਸਿਟੀ ਦੇ ਬਾਰਾਂ ਵਿਦਿਆਰਥੀਆਂ ਵੱਲੋਂ ਪ੍ਰਾਪਤੀਆਂ ਕੀਤੀਆਂ ਗਈਆਂ। ਗੁਜ਼ਰਾਤ ਅਤੇ ਛਤੀਸਗੜ੍ਹ ਵਿਖੇ ਹੋਏ ਸਾਊਥ ਏਸ਼ੀਅਨ ਯੂਨੀਵਰਸਿਟੀਜ਼ ਫੈਸਟੀਵਲਜ਼ ਦੌਰਾਨ ਪੰਜਾਬੀ ਯੂਨੀਵਰਸਿਟੀ ਵੱਲੋਂ ਚਾਰ ਕਲਾ ਵੰਨਗੀਆਂ ਵਿਚ ਭਾਰਤੀ ਯੂਨੀਵਰਸਿਟੀਆਂ ਦੀ ਪ੍ਰਤੀਨਿਧਤਾ ਕੀਤੀ ਗਈ ਹੈ। ਨੈਸ਼ਨਲ ਇੰਸਟੀਚੂਸ਼ਨਲ ਰੈਂਕਿੰਗ ਫਰੇਮਵਰਕ (ਨਿਰਫ਼) ਦੀ ਰੈਂਕਿੰਗ ਵਿਚ ਯੂਨੀਵਰਸਿਟੀ ਦੇ ਫਰਮਿਊਸਟੀਕਲ ਸਾਇੰਸ ਐਂਡ ਡਰੱਗ ਰਿਸਰਚ ਵਿਭਾਗ ਵੱਲੋਂ ਆਪਣੇ ਖੇਤਰ ਵਿਚ ਦੇਸ਼ ਭਰ ਵਿਚੋਂ ਅਠਾਰਵਾਂ ਸਥਾਨ ਪ੍ਰਾਪਤ ਕੀਤਾ ਜਾ ਚੁੱਕਾ ਹੈ। ਯੂਨੀਵਰਸਿਟੀ ਨੇ ਯੂ. ਜੀ. ਸੀ. ਦੀ ਨੈਕ ਐਕਰੀਡੇਸ਼ਨ ਏ ਦੀ ਸ਼੍ਰੇਣੀ ਦੋ ਤਹਿਤ ਅਕਾਦਮਿਕ ਖੇਤਰ ਦੀ ਖੁਦਮੁਖਤਿਆਰੀ ਹਾਸਿਲ ਕਰਨ ਦਾ ਮਾਣ ਵੀ ਪ੍ਰਾਪਤ ਕੀਤਾ ਹੈ। ਕੇਂਦਰ ਸਰਕਾਰ ਦੀ ਅਗਾਂਹਵਧੂ ਯੂਨੀਵਰਸਿਟੀਆਂ ਅਤੇ ਕੌਮੀ ਪੱਧਰ ਦੀਆਂ ਲੈਬੋਰੈਟਰੀਆਂ ਵੱਲੋਂ ਰਾਸ਼ਟਰੀ ਨੀਤੀ ਦੇ ਤਹਿਤ ਸਹੂਲਤਾਂ ਅਤੇ ਵਿਚਾਰਾਂ ਦੇ ਆਦਾਨ ਪ੍ਰਦਾਨ ਅਤੇ ਵਿਕਾਸ ਵਿਚ ਯੋਗਦਾਨ ਪਾਉਣ ਲਈ ਬਣਾਈ ਯੋਜਨਾ ਵਿਚ ਵੀ ਪੰਜਾਬੀ ਯੂਨੀਵਰਸਿਟੀ ਨੂੰ ਸ਼ਾਮਿਲ ਕੀਤਾ ਗਿਆ। ਖੇਡਾਂ ਦੇ ਖੇਤਰ ਵਿਚ ਅਕਾਦਮਿਕ ਵਰ੍ਹੇ 2016-17 ਦੌਰਾਨ ਮੌਲਾਨਾ ਅਬਦੁਲ ਕਲਾਮ ਅਜ਼ਾਦ ਟਰਾਫੀ ਨੂੰ ਦਸਵੀਂ ਵਾਰ ਪ੍ਰਾਪਤ ਕਰਨਾ ਅਤੇ ਭਾਰਤ ਦੇ ਰਾਸ਼ਟਰਪਤੀ ਵੱਲੋਂ ਖੇਡਾਂ ਦੇ ਖੇਤਰ ਵਿਚ ਯੂਨੀਵਰਸਿਟੀ ਨੂੰ ਦੇਸ਼ ਭਰ ਵਿਚੋਂ 'ਸਰਵੋਤਮ' ਐਲਾਨਣਾ ਵੀ ਇਸ ਸਮੇਂ ਦੀ ਇੱਕ ਵੱਡੀ ਪ੍ਰਾਪਤੀ ਰਿਹਾ ਹੈ। ਪਿਛਲੇ ਸਾਲ ਪੰਜਾਬੀ ਯੂਨੀਵਰਸਿਟੀ, ਪਟਿਆਲਾ 'ਆਲ ਇੰਡੀਆ ਇੰਟਰ ਯੂਨੀਵਰਸਿਟੀ' ਮੁਕਾਬਿਲਆਂ ਵਿਚ ਵੀ ਪ੍ਰਥਮ ਰਹੀ।
ਪ੍ਰੋ. ਘੁੰਮਣ ਆਪਣੀਆਂ ਇਨ੍ਹਾਂ ਸਭ ਪ੍ਰਾਪਤੀਆਂ ਲਈ ਗਵਰਨਿੰਗ ਬਾਡੀਜ਼, ਅਧਿਆਪਨ ਅਤੇ ਗੈਰ ਅਧਿਆਪਨ ਵਰਗ ਦੇ ਸਮੁੱਚੇ ਕਰਮਚਾਰੀਆਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਦਾ ਵਿਸ਼ੇਸ ਧੰਨਵਾਦ ਕਰਦਿਆਂ ਕਿਹਾ ਗਿਆ ਹੈ ਕਿ ਇਨ੍ਹਾਂ ਸਭ ਦੇ ਸਹਿਯੋਗ ਤੋਂ ਬਗੈਰ ਅਜਿਹਾ ਸੰਭਵ ਨਹੀਂ ਹੋਣਾ ਸੀ। ਇਸ ਸਮੁੱਚੀ ਸਥਿਤੀ ਅਨੁਸਾਰ ਦਿਨ-ਬ-ਦਿਨ ਬਦਲ ਰਹੀ ਯੂਨੀਵਰਸਿਟੀ ਦੀ ਫਿਜ਼ਾ ਨੂੰ ਵੇਖਦਿਆਂ ਕਿਹਾ ਜਾ ਸਕਦਾ ਹੈ ਕਿ ਡਾ. ਘੁੰਮਣ ਵੱਲੋਂ ਕੀਤੀ ਜਾ ਰਹੀ ਇਸ ਮਿਹਨਤ ਅਤੇ ਸੁਹਿਰਦ ਯਤਨਾਂ ਦੇ ਬਿਹਤਰ ਸਿੱਟੇ ਨੇੜ ਭਵਿੱਖ ਵਿਚ ਵੀ ਵੇਖਣ ਨੂੰ ਮਿਲਣਗੇ।
28 Sep 2019
-
ਜਸਵੰਤ ਸਿੰਘ ਪੁਰੀ, Doctor of Letters(Honoris Causa), Member,Dewan Family
jaswantsinghpuri@yahoo.com
9316520136
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.