ਕੈਨੇਡਾ ਇੱਕ ਐਸਾ ਲੋਕਤੰਤਰੀ ਦੇਸ਼ ਹੈ ਜਿਸਦੀਆਂ ਲੋਕਤੰਤਰੀ ਜੜ੍ਹਾਂ ਬ੍ਰਿਟੇਨ ਨਾਲ ਸਾਂਝੀਆਂ ਹਨ। ਇਸ ਨੇ ਲੋਕਤੰਤਰੀ ਪਾਰਲੀਮੈਂਟਰੀ ਵਿਵਸਥਾ ਵੀ ਬ੍ਰਿਟੇਨ ਦੀ ਤਰਜ਼ ਤੇ ਉਸਾਰੀ ਹੋਈ ਹੈ। ਵਿਸ਼ਵ ਦਾ ਤਾਕਤਵਰ ਲੋਕਤੰਤਰ ਇਸ ਦਾ ਗੁਆਂਢੀ ਹੋਣ ਕਰਕੇ, ਉਸ ਨਾਲ ਵੱਡੇ ਪੱਧਰ 'ਤੇ ਰੋਟੀ, ਬੇਟੀ ਅਤੇ ਨੀਤੀਗਤ ਸਾਂਝ ਅਤੇ ਰਾਜਨੀਤਕ, ਆਰਥਿਕ, ਸਮਾਜਿਕ ਸਬੰਧ ਗੂੜੇ ਹਨ। ਵਿਸ਼ਵ ਦੇ ਸਭ ਤੋਂ ਵਿਸ਼ਾਲ, ਬ੍ਰਿਟੇਨ ਦੀ ਤਰਜ਼ ਤੇ ਪਾਰਲੀਮੈਂਟਰੀ ਲੋਕਤੰਤਰ ਹੋਣ ਕਰਕੇ, ਬ੍ਰਿਟੇਨ ਦੀ ਪ੍ਰਧਾਨਗੀ ਅਤੇ ਪ੍ਰਭਾਵ ਵਾਲੀ 'ਕਾਮਨਵੈਲਥ ਆਫ਼ ਨੇਸ਼ਨਜ਼' ਸੰਸਥਾ ਦੇ ਭਾਰਤ ਅਤੇ ਕੈਨੇਡਾ ਵੀ ਮੈਂਬਰ ਹੋਣ ਕਰਕੇ, ਵੱਡੇ ਪੱਧਰ 'ਤੇ ਭਾਰਤ ਵਾਸੀਆਂ ਦੇ ਪ੍ਰਵਾਸੀਆਂ ਕੈਨੇਡਾ ਵਿਚ ਵੱਸੇ ਹੋਣ ਅਤੇ ਇਸ ਦੀ ਰਾਜਨੀਤੀ, ਸਾਸ਼ਨ ਅਤੇ ਸਰਕਾਰਾਂ ਵਿਚ ਅਹਿਮ ਯੋਗਦਾਨ ਪਾਉਣ ਕਰਕੇ ਇਹ ਦੋਵੇਂ ਰਾਸ਼ਟਰ ਆਪਸੀ ਨੇੜਤਾ ਰਖਦੇ ਹਨ।
ਪਰ ਜਿਵੇਂ ਬ੍ਰਿਟੇਨ, ਅਮਰੀਕਾ ਅਤੇ ਭਾਰਤ ਅੰਦਰ ਗੰਧਲੀ, ਚਿੱਕੜ ਉਛਾਲੀ ਭਰੀ, ਭ੍ਰਿਸ਼ਟਾਚਾਰੀ, ਨਸਲਵਾਦੀ, ਭੇਦਭਾਵ, ਨਿਆਂ ਸੰਗਤ ਰਹਿਤ, ਡਿਕਟੇਟਰਾਨਾ, ਨਫ਼ਰਤ, ਘੱਟ-ਗਿਣਤੀਆਂ ਲਈ ਸਹਿਮ ਭਰੀ, ਆਰਥਿਕ ਅਤੇ ਸਮਾਜਿਕ ਨਾ-ਬਰਾਬਰੀ, ਔਰਤ ਵਰਗ ਨਾਲ ਬੇਇਨਸਾਫ਼ੀ ਭਰੀ ਲੋਕਤੰਤਰੀ ਸਾਸ਼ਨ ਵਿਵਸਥਾ ਉੱਭਰ ਰਹੀ ਹੈ, ਚੋਣਾਂ ਵਿਚ ਗੈਰ-ਲੋਕਤੰਤਰੀ ਹੱਥ ਕੰਡੇ ਅਪਣਾ ਕੇ ਸੱਤਾ ਪ੍ਰਾਪਤੀ ਲਈ ਮਾਰੂ ਖੁੱਲ੍ਹ ਖੇਡ ਦੇ ਦ੍ਰਿਸ਼ ਵੇਖਣ ਨੂੰ ਮਿਲਦੇ ਹਨ ਐਸੀਆਂ ਲੋਕਤੰਤਰੀ ਅਤੇ ਚੋਣ ਮੁਹਿੰਮ ਵੇਲੇ ਪੈਦਾ ਹੁੰਦੀਆਂ ਸ਼ਰਮਨਾਕ ਕਿਸਮ ਦੀਆਂ ਵਧੀਕੀਆਂ ਤੋਂ ਕੈਨੇਡੀਅਨ ਲੋਕਤੰਤਰ, ਚੋਣ ਮੁਹਿੰਮ ਅਤੇ ਸਾਸ਼ਨ ਤੰਤਰ ਨੂੰ ਸੱਬਕ ਸਿੱਖਣ ਦੀ ਲੋੜ ਹੈ।
ਬ੍ਰੈਗਜ਼ਿਟ (ਬ੍ਰਿਟੇਨ ਦੇ ਯੂਰਪੀ ਯੂਨੀਅਨ ਤੋਂ ਵੱਖ ਹੋਣ) ਮਸਲੇ ਨੂੰ ਲੈ ਕੇ ਪਿੱਛਲੇ ਤਿੰਨ ਸਾਲਾਂ ਤੋਂ ਵਿਸ਼ਵ ਦੇ ਇਸ ਸਭ ਤੋਂ ਪੁਰਾਣੇ ਲੋਕਤੰਤਰ ਵਿਚ ਰਾਜਨੀਤਕ ਤੌਰ 'ਤੇ ਉੱਧੜ-ਧੁੰਮੀ ਮਚੀ ਹੋਈ ਹੈ। ਬ੍ਰਿਟੇਨ ਦੀ ਬੁਰੀ ਤਰ੍ਹਾਂ ਆਰਥਿਕ, ਰਾਜਨੀਤਕ ਅਤੇ ਸਮਾਜਿਕ ਤੌਰ 'ਤੇ ਬਰਬਾਦੀ ਹੋ ਰਹੀ ਹੈ। ਬ੍ਰਿਟੇਨ ਦੀ ਕਰੰਸੀ ਪੌਂਡ ਦੀ ਚਮਕ ਘੱਟ ਰਹੀ ਹੈ। ਸਕਾਟਲੈੱਡ, ਉੱਤਰੀ ਆਇਰਲੈਂਡ ਅਤੇ ਵੇਲਜ਼ ਖੇਤਰਾਂ ਵਿਚ ਖਿਚੋਤਾਣ ਪੈਦਾ ਹੋ ਰਹੀ ਹੈ। ਆਏ ਦਿਨ ਦੇਸ਼ ਅੰਦਰ ਮਾੜੀ ਤੋਂ ਮਾੜੀ ਖ਼ਬਰ ਮਿਲ ਰਹੀ ਹੈ। ਦੋ ਪ੍ਰਧਾਨ ਮੰਤਰੀ ਬੈਜ਼ਿਗਟ ਦੀ ਬਲੀ ਚੜ੍ਹ ਚੁੱਕੇ ਹਨ ਡੇਵਿਡ ਕੋਮਰਾਨ ਅਤੇ ਥਰੇਸਾ ਮੇਅ। ਤੀਸਰੇ ਬੋਰਿਸ ਜਾਹਨਸਨ ਦੀ ਵੀ ਜੱਗੋ ਤੇਰਵੀਂ ਹੋ ਰਹੀ ਹੈ। ਡੇਵਿਡ ਕੋਮਰਾਨ ਨੇ ਮੰਨਿਆ ਹੈ ਕਿ ਯੂਰਪੀਨ ਯੂਨੀਅਨ ਨਾਲੋਂ ਬ੍ਰਿਟੇਨ ਦੇ ਵੱਖ ਹੋਣ ਦੇ ਮੁੱਦੇ ਨੂੰ ਲੈ ਕੇ ਦੇਸ਼ ਅੰਦਰ ਜਨਮਤ ਕਰਵਾਉਣਾ ਉਨ੍ਹਾਂ ਦੀ ਵੱਡੀ ਭੁੱਲ ਸੀ।
ਇਸ ਮੁੱਦੇ ਨੂੰ ਲੈ ਕੇ ਬ੍ਰਿਟਿਸ਼ ਪਾਰਲੀਮੈਂਟ ਮੱਛੀ ਬਜ਼ਾਰ ਅਤੇ ਰੋਜ਼ਾਨਾ ਇੱਕ-ਦੂਜੇ 'ਤੇ ਦੂਸ਼ਣਬਾਜ਼ੀ ਦਾ ਅਖਾੜਾ ਬਣਿਆ ਹੋਇਆ ਹੈ। ਦੇਸ਼ ਦਾ ਪ੍ਰਸਾਸ਼ਨ ਖੜੋੜ ਸ਼ਿਕਾਰ ਹੋਇਆ ਪਿਆ ਹੈ। ਇਨ੍ਹਾਂ ਹਾਲਾਤਾਂ ਵਿਚ ਦੇਸ਼ ਅੰਦਰਲੇ ਅਤੇ ਬਾਹਰਲੇ ਨਿਵੇਸ਼ ਕਰਨ ਲਈ ਅੱਗੇ ਨਹੀਂ ਆ ਰਹੇ। ਬੇਰੋਜ਼ਗਾਰੀ ਵੱਧ ਰਹੀ ਹੈ ਅਤੇ ਉਤਪਾਦਨ ਵਿਚ ਖੜੋਤ ਆਈ ਹੋਈ ਹੈ। ਲੋਕਤੰਤਰ ਸੰਸਥਾਵਾਂ ਕਮਜ਼ੋਰ ਹੋ ਰਹੀਆਂ ਹਨ।
ਅਮਰੀਕਾ ਜਿੱਥੇ ਪ੍ਰਧਾਨਗੀਤਰਜ਼ ਦਾ ਲੋਕਤੰਤਰ ਹੈ ਉਥੇ ਜਦੋਂ ਦਾ ਡੋਨਾਲਡ ਟਰੰਪ ਪ੍ਰਧਾਨ ਬਣਿਆ ਪਿਆ ਹੈ, ਨਿੱਤ ਨਵਾਂ ਪੁਆੜਾ ਖੜਾ ਹੋਇਆ ਵੇਖਣ ਨੂੰ ਮਿਲ ਰਿਹਾ ਹੈ। ਇਸ ਬੰਦੇ ਨੇ ਪਤਾ ਨਹੀਂ ਕਦੋਂ ਕੀ ਕਰ ਸੁੱਟਣਾ ਹੈ ਅਤੇ ਕੀ ਕਹਿ ਦੇਣਾ ਹੈ? ਆਪਣੀ ਹੀ ਮਨਪਸੰਦ ਦੇ ਸਕੱਤਰਾਂ, ਸਲਾਹਕਾਰਾਂ ਅਤੇ ਜੁਮੇਂਵਾਰ ਅਧਿਕਾਰੀਅਆਂ ਨੂੰ ਜ਼ਰਾ ਕੁ ਉਸਦੀ ਮਰਜ਼ੀ ਬਗੈਰ ਗਲਬਾਤ ਹੋ ਜਾਵੇ ਤਾਂ ਝਟਕਾ ਛੱਡਦਾ ਹੈ। ਅਮਰੀਕੀ ਕਾਂਗਰਸ ਨਾਲ ਆਢਾ ਲਾਈ ਰਖਦਾ ਹੈ। ਗੈਰ-ਕਾਨੂੰਨੀ ਪ੍ਰਵਾਸ, ਅਮਰੀਕਾ ਫਰਸਟ, ਗੋਰਾ ਨਸਲਵਾਦ ਭੜਕਾਉਣਾ, ਮੈਕਸੀਕੋ ਸਰਹੱਦ 'ਤੇ ਗੈਰ-ਕਾਨੂੰਨ ਘੁਸਪੈਠ ਰੋਕਣ ਲਈ ਕੰਧ ਕੱਢਣਾ, ਜੇ ਕਾਂਗਰਸ ਉਸ ਦੇ ਪ੍ਰਸਤਾਵ ਰੋਕੇ ਤਾਂ ਪ੍ਰਸਾਸ਼ਨ ਸੀਲ ਕਰਨਾ, ਵੱਖ-ਵੱਖ ਪ੍ਰਾਂਤਾਂ ਦੇ ਲੋਕਾਂ ਨੂੰ ਲੜਾਉਣਾ, ਮੁਹੰਮਦ ਤੁਗਲਕੀ ਫੈਸਲਿਆਂ ਨਾਲ ਅਮਰੀਕੀਆਂ ਨੂੰ ਪ੍ਰੇਸਾਨ ਕਰਨਾ, ਕੁਦਰਤੀ ਤੂਫਾਨਾਂ ਨੂੰ ਰੋਕਣ ਲਈ ਐਟਮਬੰਬ ਦੀ ਵਰਤੋਂ ਦੀ ਸਲਾਹ ਦੇਣਾ ਆਦਿ ਨਿਰਣਿਆਂ ਅਮਰੀਕਾ ਵਿਚ ਰਾਜਨੀਤਕ, ਸਮਾਜਿਕ, ਧਾਰਮਿਕ ਵਿਗਾੜ ਪੈਦਾ ਕੀਤੇ। ਕੌਮਾਂਤਰੀ ਪੱਧਰ 'ਤੇ ਕੈਨੇਡਾ-ਮੈਕਸੀਕੋ ਨਾਲ ਕੀਤਾ ਨਾਫਟਾ ਵਪਾਰਕ ਸਮਝੌਤਾ ਤੋੜਨਾ ਪੈਰਿਸ ਜਲਵਾਯੂ ਸੰਧੀ ਅਤੇ ਈਰਾਨ ਨਾਲ ਪ੍ਰਮਾਣੂ ਸੰਧੀ ਤੋਂ ਵਾਪਸੀ ਕਰਨਾ, ਅਫਗਾਨਿਸਤਾਨ ਵਿਚੋਂ ਫੌਜਾਂ ਦੀ ਵਾਪਸੀ ਉਪਰੰਤ ਤਾਲਿਬਾਨਾਂ ਨੂੰ ਸੱਤਾਂ ਸੌਂਪਣ ਦੇ ਮੁਹੰਮਦ-ਤੁਗਲਕੀ ਫੈਸਲੇ ਸਬੰਧੀ ਗਲਬਾਤ ਤੋਰਨਾ, ਚੀਨ ਦੀਆਂ ਬਰਾਮਦਾਂ 'ਤੇ 25 ਪ੍ਰਤੀਸ਼ਤ ਟੈਕਸ ਠੋਕ ਕੇ ਵਿਸ਼ਵ ਪੱਧਰ 'ਤੇ ਆਰਥਿਕ ਮੰਦੀ ਪੈਦਾ ਕਰਨਾ ਇਸ ਦੇ ਲੋਕ ਵਿਰੋਧੀ ਅਤਿਨਿੰਦਣ ਯੋਗ ਨਿਰਣੇ ਹਨ।
ਇਸ ਸਨਕੀ ਆਗੂ ਨੇ ਵਿਸ਼ਵ ਦੇ ਉੱਚ ਪੱਧਰੀ ਰਾਸ਼ਟਰੀ ਆਗੂਆਂ ਨਾਲ ਮਸ਼ਕਰੀਆਂ ਕਰਕੇ ਅਮਰੀਕੀ ਰਾਸ਼ਟਰ ਦੇ ਮਾਣ-ਸਨਮਾਨ ਨੂੰ ਸੱਟ ਮਾਰੀ ਹੈ। ਜਰਮਨ ਚਾਸਲਰ ਅੱਗੇ ਕੈਨੇਡਾ ਵਿਖੇ ਜੀ-7 ਦੇਸ਼ਾਂ ਦੀ ਮੀਟਿੰਗ ਵਿਚ ਜੇਬ ਵਿਚੋਂ ਟਾਫੀ ਕੱਢ ਕੇ ਉਸ ਅੱਗੇ ਸੁੱਟ ਕੇ ਕਹਿੰਦਾ ਹੈ, 'ਆ ਲੈ ਟਾਫੀ ਫਿਰ ਨਾ ਕਰੀਂ ਮੈਂ ਤੈਨੂੰ ਕੁੱਝ ਦਿਤਾ ਨਹੀਂ।' ਫਰਾਂਸ ਦੇ ਪ੍ਰਧਾਨ ਮੈਕਰਾਨ ਨਾਲ ਹੱਥ ਮਿਲਾਉਂਦੇ ਉਸ ਦਾ ਹੱਥ ਘੁੱਟ ਕੇ ਪ੍ਰੇਸ਼ਾਨ ਕਰਦਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਨਿਕੰਮਾ ਅਤੇ ਵਿਸ਼ਵਾਸਹੀਣ ਦਸਦਾ ਹੈ। ਸਾਬਕਾ ਬਰਤਾਨਵੀ ਪ੍ਰਧਾਨ ਮੰਤਰੀ ਥਰੇਸਾਮੇਅ ਨੂੰ ਅਸਫ਼ਲ ਪ੍ਰਧਾਨ ਮੰਤਰੀ ਕਹਿੰਦਾ ਹੈ। ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਮਸ਼ਕਰੀ ਕਰਦਾ ਕਹਿੰਦਾ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨੇ ਉਸ ਨੂੰ ਸਾਲਸੀ ਜਾਂ ਵਿਚੋਲਗੀ ਲਈ ਕਿਹਾ ਸੀ। ਜਦੋਂ ਉਸਨੇ ਪੁੱਛਿਆ ਕਿ ਕਿਸ ਬਾਰੇ? ਜਵਾਬ ਸੀ 'ਕਸ਼ਮੀਰ'। ਭਾਰਤੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਮਸ਼ਕਰੀ ਕਰਦਾ ਕਹਿੰਦਾ ਹੈ ਕਿ ਮੋਦੀ ਸਾਹਿਬ ਵਧੀਆ ਅੰਗਰੇਜ਼ੀ ਬੋਲ ਲੈਂਦੇ ਹਨ ਪਰ ਸਾਡੇ ਨਾਲ ਨਹੀਂ ਬੋਲਦੇ।
ਅਮਰੀਕਾ ਅੰਦਰ ਧੰਨ, ਟੈਲਵਿਜ਼ਨ, ਸੋਸ਼ਲ ਮੀਡੀਏ, ਵੱਡੇ-ਵੱਡੇ ਕਾਰਪੋਰੇਟ ਰਾਜਨੀਤਕ ਮਿੱਤਰਾਂ ਜ਼ਰੀਏ ਲੋਕਤੰਤਰ ਨੂੰ ਢਾਹ ਲਾਉਣ ਵਾਲੇ ਐਸੇ ਆਗੂ ਚੁਣੇ ਜਾਂਦੇ ਹਨ। ਆਪਣੇ ਪ੍ਰਭਾਵ ਨਾਲ ਸੁਪਰੀਮ ਕੋਰਟ ਅੰਦਰ ਦਾਗ਼ੀ ਅਤੇ ਬਦਚਲਨ ਕਿਸਮ ਦੇ ਜੱਜ ਨਿਯੁੱਕਤ ਕਰਕੇ ਐਸੀਆਂ ਮਹਾਨ ਲੋਕਤੰਤਰੀ ਸੰਸਥਾਵਾਂ ਨੂੰ ਚਾਹ ਲਗਾਉਂਦੇ ਹਨ। ਪ੍ਰਧਾਗੀ ਪਦ ਜਿਹੇ ਸ਼ਾਨਾਮਤੇ ਲੋਕਤੰਤਰੀ ਸੰਸਥਾਤਮਿਕ ਅਹੁਦੇ ਦੀ ਮਾਣ ਮਰਿਯਾਦਾ ਨੂੰ ਠੇਸ ਪਹੁੰਚਾਉਂਦੇ ਹਨ। ਨਸਲੀ ਵਿਤਕਰਾ ਉਕਸਾ ਕੇ ਦੇਸ਼ ਅੰਦਰ ਗੰਨ ਹਿੰਸਾ ਨੂੰ ਪੈਦਾ ਕਰਦੇ ਹਨ।
ਅਮਰੀਕਾ ਇੱਕ ਗਲੋਬਲ ਮਹਾਂਸ਼ਕਤੀ ਹੈ। ਇਸ ਸ਼ਕਤੀ ਦੀ ਉਸਾਰੀ ਵਿਚ ਅਮਰੀਕੀ ਗੋਰੇ, ਕਾਲਿਆਂ, ਬਰਾਊਨ ਅਤੇ ਮੂਲ ਵਾਸੀਆਂ, ਵੱਖ-ਵੱਖ 50 ਪ੍ਰਦੇਸ਼ਾਂ ਦੇ ਲੋਕਾਂ, ਵੱਖ-ਵੱਖ ਵਿਚਾਰਧਾਰਾਵਾਂ ਦੇ ਲੋਕਾਂ ਨੇ ਮਿਲ-ਜੁਲ ਕੇ ਕੀਤੀ ਹੈ। ਪ੍ਰਧਾਨ ਟਰੰਪ ਇਸ ਮਹਾਨ ਦੇਸ਼ ਵਿਚ ਰਾਸਟਰੀ ਕੌਮੀ ਏਕਤਾ, ਆਪਸੀ ਸਹਿਮਤੀ ਦੇ ਮਜ਼ਬੂਤ ਸਤੰਭਾਂ ਨੂੰ ਤੋੜ ਰਿਹਾ ਹੈ। ਇਸ ਦੀ ਸ਼ਕਤੀਆਂ ਨੂੰ ਦੂਸਰੀਆਂ ਅਮਰੀਕੀ 'ਰੋਕਾਂ ਅਤੇ ਸੰਤੁਲਨ' ਪੈਦਾ ਕਰਨ ਵਾਲੀਆਂ ਸੰਸਥਾਵਾਂ ਨਾ ਡੱਕ ਕੇ ਇੰਜ ਭਾਸਦਾ ਹੈ ਜਿਵੇਂ ਆਪਣੇ ਮਜ਼ਬੂਤ ਲੋਕਤੰਤਰੀ ਪਿਰਾਮਿਡ ਨੂੰ ਨੁਕਸਾਨ ਪਹੁੰਚਾ ਰਹੀਆਂ ਹੋਣ ਜੇ ਅਮਰੀਕਾ ਰਾਜਨੀਤਕ, ਆਰਥਿਕ, ਸੰਸਥਾਗਤ ਅਸਥਿਰਤਾ ਵੱਲ ਵਧਦਾ ਹੈ ਤਾਂ ਨਿਸਚਿਤ ਤੌਰ 'ਤੇ ਇਸਦਾ ਪੂਰੇ ਗਲੋਬ ਤੇ ਮਾੜਾ ਅਸਰ ਪਵੇਗਾ।
ਭਾਰਤ ਇੱਕ ਵਿਸ਼ਾਲ ਲੋਕਤੰਤਰ ਹੈ। ਅਨੇਕਤਾ ਵਿਚ ਏਕਤਾ, ਧਰਮ ਨਿਰਪਖਤਾ, ਸਮਾਜਵਾਦ, ਮੂਲ ਮਨੁੱਖੀ ਅਧਿਕਾਰ, ਘੱਟ ਗਿਣਤੀਆਂ ਦੀ ਰਾਖੀ, ਦਲਿਤਾਂ, ਪੱਛੜਿਆਂ, ਕਬਾਇਲੀਆਂ ਨੂੰ ਰਾਖਵੇਂਕਰਨ ਰਾਹੀਂ ਰਾਸ਼ਟਰੀ ਮੁੱਖ ਧਾਰਾ ਵਿਚ ਜਜ਼ਬੇ ਕਰਨਾ, ਦੇਸ਼ ਦੇ ਬਹੁ ਕੌਮੀ, ਬਹੁ-ਜ਼ਾਤੀ, ਬਹੁ ਧਰਮੀ ਬਹੁ-ਨਸਲੀ, ਬਹੁ-ਇਲਾਕਾਈ, ਬਹੁ-ਭਾਸ਼ਾਈ, ਬਹੁ-ਲਿੰਗੀ ਅਤੇ ਬਹੁ-ਰੰਗੀ ਢਾਂਚੇ ਇਕਾਗਰ ਰਖਣ ਵਾਲੇ ਸਫ਼ਲ ਸੰਵਿਧਾਨ ਦੀ ਰਚਨਾ ਕਰਕੇ ਇਸ ਦੇ ਵਿਸ਼ਾਲ ਲੋਕਤੰਤਰ ਸਿਰਜਿਆ ਗਿਆ ਸੀ। ਬ੍ਰਿਟਿਸ਼ ਪਾਲੀਮੈਂਟਰੀ ਸਿਸਟਮ ਅਤੇ ਚੁਣੇ ਜਾਂਦੇ ਰਾਸ਼ਟਰ ਪ੍ਰਮੁੱਖ ਰਾਸ਼ਟਰਪਤੀ, ਨਿਰਪੱਖ ਅਤੇ ਖੁਦ ਮੁਖ਼ਤਾਰ ਨਿਆਂਪਾਲਿਕਾ ਆਦਿ ਰਾਹੀਂ ਇਸ ਦੀ ਲੋਕਤੰਤਰੀ ਨੀਂਹ ਨੂੰ ਪੱਕਿਆਂ ਕੀਤਾ ਗਿਆ ਸੀ। ਲੇਕਿਨ ਸਮਾਂ ਬੀਤਣ ਨਾਲ ਇਸ ਦੀਆਂ ਲੋਕਤੰਤਰੀ ਸੰਸਥਾਵਾਂ ਵਿਚ ਵੱਡੇ ਵਿਗਾੜ ਪੈਦਾ ਹੋ ਗਏ ਜੋ ਇਸ ਵਿਸ਼ਾਲ ਲੋਕਤਤਰ, ਪਵਿੱਤਰ ਸੰਵਿਧਾਨ ਅਤੇ ਸੰਵਿਧਾਨਿਕ ਸੰਸਥਾਵਾਂ ਨੂੰ ਖੋਰਾ ਲਗਾ ਰਹੇ ਹਨ। ਜਨਤਕ ਨੁਮਾਇੰਦੇ ਲੋਕਾਂ ਦੀ ਸੇਵਾ, ਉਨ੍ਹਾਂ ਦੇ ਜੀਵਨ ਮਿਆਰ ਨੂੰ ਉੱਚਾ ਚੁੱਕਣ, ਵਿਕਾਸ ਗਤੀ ਤੇਜ਼ ਕਰਨ ਵਾਲੀਆਂ ਨੀਤੀਆਂ ਦੀ ਥਾਂ ਭ੍ਰਿਸ਼ਟਾਚਾਰ ਰਾਹੀਂ ਦੇਸ਼ ਅਤੇ ਦੇਸ਼ ਵਾਸੀਆਂ ਨੂੰ ਲੁੱਟਣ, ਦੇਸ਼ ਅਤੇ ਰਾਜਾਂ ਵਿਚ ਪਿਤਾ-ਪੁਰਖੀ ਰਾਜਨੀਤਕ ਪਾਰਟੀਆਂ ਸਥਾਪਿਤ ਅਤੇ ਮਜ਼ਬੂਤ ਕਰਨ, ਦੇਸ਼ ਦੀਆਂ ਘੱਟ-ਗਿਣਤੀਆਂ ਨੂੰ ਨਸਲਘਾਤ ਰਾਹੀਂ ਕਮਜ਼ੋਰ ਕਰਨ, ਕਾਨੂੰਨ ਦੇ ਰਾਜ ਨੂੰ ਕਮਜ਼ੋਰ ਕਰਨ, ਪਾਰਲੀਮੈਂਟ ਅਤੇ ਰਾਜ ਵਿਧਾਨ ਸਭਾਵਾਂ ਦੀ ਕਾਰਵਾਈ ਨਾ ਚਲਣ ਦੇਣ, ਧਾਰਮਿਕ ਅਤੇ ਨਸਲੀ ਹਿੰਸਾ ਨੂੰ ਉਕਸਾਉਣ, ਦੇਸ਼ ਦਾ ਧੰਨ ਲੁੱਟ ਕੇ ਬਦੇਸ਼ੀ ਬੈਂਕਾਂ ਵਿਚ ਜਮ੍ਹਾਂ ਕਰਨ, ਉੱਥੇ ਜਾਇਦਾਦਾਂ ਖੜੀਆਂ ਕਰਨ, ਚੋਣਾਂ ਜਿੱਤਣ ਲਈ ਹਰ ਹਰਬਾ ਵਰਤਣ ਅਤੇ ਸੱਤਾ ਪ੍ਰਾਪਤ ਕਰਨ ਜਿਹੇ ਕਾਰਜਾਂ ਵੱਲ ਰੁਚਿੱਤ ਰਹਿਣ ਕਰਕੇ ਭਾਤੀ ਲੋਕਤੰਤਰ ਨੂੰ ਕਮਜ਼ੋਰ ਕਰ ਰਹੇ ਹਨ। ਰਾਜਨੀਤੀ ਅੰਦਰ ਵਿਅਕਤੀਗਤ ਦੂਸ਼ਣਬਾਜ਼ੀ, ਝੂਠੀਆਂ ਖਬਰਾਂ, ਘਟੀਆ ਸ਼ਬਦਾਵਲੀ, ਚਿੱਕੜ-ਉਛਾਲੀ, ਬਾਹੂਬਲਸ਼ਾਹੀ, ਝੂਠੇ ਕੇਸ ਅਤੇ ਤੁਹਮੱਤਾ ਨੇ ਇਸ ਨੂੰ ਅਤਿ ਪ੍ਰਦੂਸ਼ਤ ਕਰ ਰਖਿਆ ਹੈ। ਰੇਡੀਓ, ਟੈਲੀਵਿਜ਼ਨਾਂ ਅਤੇ ਪ੍ਰਿੰਟ ਮੀਡੀਏ ਤੇ ਕਰੋਨੀ ਕਾਰਪੋਰੇਟ ਘਰਾਣਿਆਂ ਰਾਹੀਂ ਕਬਜ਼ਾ ਹੋ ਰਿਹਾ ਹੈ। ਸੋਸ਼ਲ ਮੀਡੀਏ 'ਤੇ ਵੀ ਸ਼ਿਕੰਜਾ ਕਸਿਆ ਜਾਣੋਂ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਇਸ ਤਰ੍ਹਾਂ ਦੀ ਵਿਵਸਥਾ ਵਿਚ ਬੇਰੋਜ਼ਗਾਰੀ, ਆਰਥਿਕ ਮੰਦਹਾਲੀ, ਕੰਗਾਲੀ ਕਿਸਾਨੀ, ਠੇਕੇਦਾਰੀ ਸਿਸਟਮ ਰਾਹੀਂ ਪ੍ਰਸਾਸ਼ਨ ਅਤੇ ਉਤਪਾਦਕ ਸੰਸਥਾਵਾ ਨੂੰ ਕਮਜ਼ੋਰ ਕਰਨ ਵਾਲੀ ਵਿਵਸਥਾ ਪੈਦਾ ਕੀਤੀ ਜਾ ਰਹੀ ਹੈ। ਦੇਸ਼ ਦਾ ਫੈਡਰਲ ਢਾਂਚਾ ਕਮਜ਼ੋਰ ਪੈ ਰਿਹਾ ਹੈ। ਸਾਰੇ ਰਾਜ ਕਰਜ਼ਿਆਂ ਦੇ ਬੋਝ ਨਾਲ ਦੱਬੇ ਪਏ ਹਨ।
ਕੈਨੇਡਾ ਇੱਕ ਵਧੀਆ ਦੇਸ਼ ਹੈ ਜਿੱਥੇ ਲੋਕਤੰਤਰੀ ਤੌਰ 'ਤੇ ਫੈਡਰਲ, ਪ੍ਰਾਂਤਿਕ ਅਤੇ ਮਿਊਸਪਲ ਪੱਧਰ 'ਤੇ ਲੋਕ ਸਰਕਾਰਾਂ ਚੁਣਦੇ ਹਨ। ਇਸ ਦੇੇਸ਼ ਨੂੰ ਅਮਰੀਕੀ, ਬਰਤਾਨਵੀ ਅਤੇ ਭਾਰਤੀ ਲੋਕਤੰਤਰੀ ਵਿਵਸਥਾ ਤੋਂ ਬਚਣ ਦੀ ਲੋੜ ਹੈ। ਹੁਣ ਜਦੋਂ ਦੇਸ਼ ਨੂੰ ਅਮਰੀਕੀ, ਬਰਤਾਨਵੀ ਅਤੇ ਭਾਰਤੀ ਲੋਕਤੰਤਰੀ ਵਿਵਸਥਾ ਤੋਂ ਬਚਣ ਦੀ ਲੋੜ ਹੈ। ਹੁਣ ਜਦੋਂ ਦੇਸ਼ ਵਿਚ 43ਵੀਂ ਫੈਡਰਲ ਪਾਰਲੀਮੈਂਟਰੀ ਚੋਣ ਹੋ ਰਹੀ ਹੈ, ਇਸ ਦੇ ਰਾਜਨੀਤਕ ਆਗੂਆਂ ਨੂੰ ਚਿੱਕੜ ਉਛਾਲੀ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਜਿਵੇਂ ਕੁੱਝ ਉਮੀਦਵਾਰ ਇਸ ਵਾਰ ਪੁਲਸ ਸੁਰਖਿਆ ਦੀ ਮੰਗ ਕਰਦੇ ਪਾਏ ਜਾ ਰਹੇ ਹਨ, ਇਸ ਪਿਰਤ ਤੋਂ ਬਚਣਾ ਚਾਹੀਦਾ ਹੈ। ਸੱਤਾਧਾਰੀ ਲਿਬਰਲ ਪਾਰਟੀ ਪ੍ਰਧਾਨ ਮੰਤਰੀ ਅਤੇ ਆਪਣੇ ਆਗੂ ਜਸਟਿਨ ਟਰੂਡੋ, ਪ੍ਰਾਗਰੈਸਿਵ ਕੰਜ਼ਰਵੇਟਿਵ ਪਾਰਟੀ ਐਂਡਰਿਊ ਸ਼ੀਅਰ, ਐਨ.ਡੀ.ਪੀ. ਜਗਮੀਤ ਸਿੰਘ, ਗਰੀਨ ਪਾਰਟੀ ਅਲੈਜਬੈਥ ਮੇਅ, ਪੀਪਲਜ ਪਾਰਟੀ ਕੈਨੇਡਾ ਮੈਕਸਮ ਬਰਨੀਅਰ, ਕਿਊਬੈਕ ਬਲਾਕ (ਇਲਾਕਾਈ ਪਾਰਟੀ ਫਰਾਂਕੋਸ ਬਲੈਂਚ ਦੀ ਅਗਵਾਈ ਵਿਚ ਚੋਣ ਮੈਦਾਨ ਵਿਚ ਹਨ। ਲੋਕ ਇੰਨਾਂ ਸਭ ਨੂੰ ਭਲੀਭਾਂਤ ਜਾਣਦੇ ਹਨ। ਜਨਵਰੀ, 2019 ਤੋਂ ਸ਼ੁਰੂ ਹੋ ਗਈ ਚੋਣ ਮੁਹਿੰਮ ਕਰਕੇ ਇੰਨਾਂ ਦੇ ਪ੍ਰੋਗਰਾਮਾਂ ਅਤੇ ਨੀਤੀਆਂ ਤੋਂ ਜਾਣੂ ਹਨ। ਆਮ ਕੈਨੇਡੀਅਨ ਨੂੰ ਇਹ ਫਰਕ ਵੀ ਨਹੀਂ ਪੈਂਦਾ ਭਾਵੇਂ ਕੋਈ ਜਿੱਤੇ। ਅਕਸਰ ਸਭ ਤੋਂ ਮੱਧ ਵਰਗ ਨੂੰ ਸਹੂਲਤਾਂ ਦੇਣ ਤੋਂ ਪਲਟ ਕੇ ਅਮੀਰਾਂ ਦੀ ਸੇਵਾ ਵਿਚ ਜੁੱਟ ਜਾਂਦੇ ਹਨ।
ਐਤਕੀਂ ਚੋਣਾਂ ਵਿਚ ਵਿਅਕਤੀਗਤ ਚਿੱਕੜ ਉਛਾਲੀ, ਪਾਪੂਲਿਸਟ ਚੋਣ ਵਾਅਦੇ, ਝੂਠੀਆਂ ਖਬਰਾਂ, ਪੁਰਾਣੇ ਬਿਆਨ, ਫੋਟੋਆਂ ਭਾਰੂ ਨਜਰ ਆ ਰਹੇ ਹਨ। ਸ਼ੀਅਰ ਦੇ ਸਮਲਿੰਗੀਆਂ, ਟਰੂਡੋ ਦੀਆਂ ਕਾਲੇ-ਭੂਰੇ ਨਕਾਬ ਵਾਲੀਆਂ 18 ਸਾਲਾ ਪੁਰਾਣੀਆਂ ਫੋਟੋਆਂ, ਪਾਈਪ ਲਾਈਨਾਂ, ਲਾਵਾਲਿਨ ਸਕੈਮ, ਧਰਮ ਨਿਰਪੱਖ ਕਿਊਬੈਕ ਬਿਲ-21 ਬੋਕਾਨੀ ਗਰੋਪਿੰਗ, ਆਗਾ ਖਾਨ ਸਕੈਂਡਲ ਤੋਂ ਲੋਕਾਂ ਕੀ ਲੈਣਾ? ਪ੍ਰਧਾਨ ਮੰਤਰੀ ਟਰੂਡੋ ਨੂੰ ਕਾਲੇ-ਭੂਰੇ ਨਕਾਬ ਬਾਰੇ ਭਲਾ ਮੁਆਫ਼ੀ ਮੰਗਣ ਦੀ ਕੀ ਲੋੜ ਸੀ? ਐਸੇ ਸਕਿਟ ਹਰ ਦੇਸ਼ 'ਚ ਵੇਖਣ ਨੂੰ ਮਿਲਦੇ ਹਨ।
ਕੈਨੇਡਾ ਵਰਗੇ ਅਮੀਰ, ਵਿਕਸਤ, ਲੋਕਤੰਤਰੀ ਦੇਸ਼ ਵਿਚ ਚੋਣਾਂ ਰਾਜਨੀਤਕ ਪਾਰਟੀਆਂ ਜਾਂ ਆਗੂਆਂ ਕੇਂਦਰਤ ਨਹੀਂ ਹੋਣੀਆਂ ਚਾਹੀਦੀਆਂ। ਇਹ ਲੋਕ ਕੇਂਦਰਤ ਹੋਣੀਆਂ ਚਾਹੀਦੀਆਂ ਹਨ ਕਿਉਂਕਿ ਲੋਕਤੰਤਰ ਦੇ ਵਾਰਸ ਲੋਕ ਹੁੰਦੇ ਹਨ। ਇਸ ਦੇਸ਼ ਨੂੰ ਵਿਸ਼ਵ ਦਾ ਵਧੀਆ ਦੇਸ਼ ਬਣਾਉਣ ਲਈ ਵੱਖ-ਵੱਖ ਰਾਜਨੀਤੀਵਾਨਾਂ, ਪ੍ਰਧਾਨ ਮੰਤਰੀਆਂ, ਅਫਸਰਸ਼ਾਹਾਂ, ਖੱਬੇ-ਸੱਜੇ ਪੱਖੀਆਂ ਨੇ ਹਿੱਸਾ ਪਾਇਆ ਹੈ। ਸ਼ਾਇਦ ਕਿਸੇ ਨੇ ਵੱਧ, ਕਿਸੇ ਨੇ ਵੱਧ, ਕਿਸੇ ਨੇ ਘੱਟ। ਪਰ ਇੰਨਾਂ ਦੇ ਲੋਕ ਪੱਖੀ ਯੋਗਦਾਨ ਕਰਕੇ ਹੀ ਇਹ ਸੰਭਵ ਹੋ ਸਕਿਆ। ਅੱਜ ਉਸ ਆਗੂ, ਪਾਰਟੀ ਅਤੇ ਉਮੀਦਵਾਰਾਂ ਨੂੰ ਚੁਣਨ ਦੀ ਲੋੜ ਹੈ ਜੋ ਜਲਵਾਯੂ, ਟੈਕਸ ਘਟਾਉਣ, ਲੋਕਾਂ ਨੂੰ ਵਧੀਆ ਰੋਜ਼ਗਾਰ ਅਤੇ ਸੇਵਾਵਾਂ ਦੇਣ ਸਬੰਧੀ ਮੁੱਦੇ ਉਠਾਉਣ। ਰਾਸ਼ਟਰੀ ਇਕ ਜੁੱਟਤਾ, ਕਾਨੂੰਨ ਦੇ ਰਾਜ, ਘੱਟ ਗਿਣਤੀ ਮੂਲ ਵਾਸੀਆਂ-ਪ੍ਰਵਾਸੀਆਂ ਦੀ ਰਾਖੀ, ਔਰਤ ਵਰਗ ਦੀ ਬਰਾਬਰੀ ਅਤੇ ਲੋਕਤੰਤਰੀ ਸੰਸਥਾਵਾਂ ਵਿਚ ਬਰਾਬਰ ਨੁਮਾਇੰਦਗੀ ਸੁਨਿਸਚਿਤ ਕਰਨ।
-
ਦਰਬਾਰਾ ਸਿੰਘ ਕਾਹਲੋਂ, ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ।
kahlondarbarasingh@gmail.com
+1 343 889 2550
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.