ਮਾਤਾ ਗੁਰਚਰਨ ਕੌਰ ਗਰੇਵਾਲ ਸਿਰਫ਼ ਛੇ ਪੁੱਤਰਾਂ ਦੀ ਜਣਨੀ ਮਾਂ ਹੀ ਨਹੀਂ ਸੀ, ਭਜਨੀਕ ਰੂਹ ਸੀ। ਜੀਵਨ ਜਾਚ ਵਿਚ ਗੁਰੂ ਨਾਨਕ ਪਾਤਸ਼ਾਹ ਦਾ ਸੰਦੇਸ਼, ਕਿਰਤ ਕਰੋ, ਨਾਮ ਜਪੋ ਤੇ ਵੰਡ ਕੇ ਛਕੋ ਦੀ ਵਿਸ਼ਵਾਸਣ। ਸਾਹਨੇਵਾਲ (ਲੁਧਿਆਣਾ) ਦੇ ਸ. ਹਜ਼ੂਰਾ ਸਿੰਘ ਸੰਧੂ ਦੀ ਬੇਟੀ ਜਦ 1951 'ਚ ਦਾਦ ਪਿੰਡ ਦੇ ਹਿੰਮਤੀ ਗੱਭਰੂ ਸ. ਕਰਤਾਰ ਸਿੰਘ ਗਰੇਵਾਲ ਨਾਲ ਵਿਆਹੀ ਗਈ ਤਾਂ ਸਮਝੋ ਪਰਿਵਾਰ 'ਚ ਬਰਕਤਾਂ ਹੀ ਬਰਕਤਾਂ ਦੀ ਛਹਿਬਰ ਲੱਗ ਗਈ। ਰੇਤਲੀਆਂ ਜ਼ਮੀਨਾਂ ਵਾਲੇ ਪਿੰਡ ਫੁੱਲਾਂਵਾਲ, ਦਾਦ, ਲਲਤੋਂ, ਠੱਕਰਵਾਲ ਦੇ ਬਹੁਤੇ ਕਿਸਾਨ ਪਰਿਵਾਰ ਖੇਤੀ ਦੇ ਨਾਲ ਨਾਲ ਟਰਾਂਸਪੋਰਟ ਤੇ ਹੋਰ ਕਾਰੋਬਾਰਾਂ ਵੱਲ ਆਜ਼ਾਦੀ ਮਗਰੋਂ ਖੁੱਲ੍ਹ ਕੇ ਤੁਰੇ।
ਸ. ਕਰਤਾਰ ਸਿੰਘ ਤੇ ਮਾਤਾ ਗੁਰਚਰਨ ਕੌਰ ਨੇ ਵੀ ਮਸ਼ਵਰਾ ਕਰਕੇ ਟਰਾਂਸਪੋਰਟ, ਭੱਠਾ ਲਗਾਉਣ ਤੇ ਹੋਰ ਕਾਰੋਬਾਰਾਂ ਵੱਲ ਕਦਮ ਵਧਾਏ। ਛੇ ਪੁੱਤਰਾਂ ਨੂੰ ਜਨਮ ਦੇ ਕੇ ਅੱਜ ਤੀਕ ਇਕ ਮੁੱਠ ਰੱਖਿਆ। ਅੱਜ ਵੀ ਸਾਂਝੇ ਪਰਿਵਾਰ ਦੀ ਰੋਟੀ ਇਕੋ ਰਸੋਈ 'ਚ ਪੱਕਦੀ ਹੈ। ਇਹ ਮਾਤਾ ਜੀ ਦਾ ਪ੍ਰਤਾਪ ਹੈ। ਪੰਜਾਬੀ ਕਵੀ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਸ਼ਾਇਦ ਇਹੋ ਜਹੀਆਂ ਮਾਵਾਂ ਬਾਰੇ ਹੀ ਕਦੇ ਲਿਖਿਆ ਸੀ - ਉਹ ਤਾਂ ਕੇਵਲ ਚੋਲਾ ਬਦਲੇ, ਕੌਣ ਕਹੇ ਮਾਂ ਮਰ ਜਾਂਦੀ ਹੈ। ਉਹ ਤਾਂ ਆਪਣੇ ਬੱਚਿਆਂ ਅੰਦਰ, ਆਪਣਾ ਸਭ ਕੁਝ ਧਰ ਜਾਂਦੀ ਹੈ।
ਮਾਤਾ ਜੀ ਗੁਰਚਰਨ ਕੌਰ ਗਰੇਵਾਲ ਦੀ ਬਚਪਨ ਵੇਲੇ ਪਰਵਰਿਸ਼ ਸਰਬ ਸਾਂਝੇ ਸਭਿਆਚਾਰ 'ਚ ਹੋਈ। ਸਾਹਨੇਵਾਲ ਪੇਕਿਆਂ ਦੇ ਘਰ ਸਾਹਮਣੇ ਰੇਲਵੇ ਸਟੇਸ਼ਨ ਸੀ ਤੇ ਨੇੜੇ ਹੀ ਮਸੀਤ। ਪਿੰਡ ਦੇ ਮੌਲਵੀ ਤੋਂ ਹੀ ਮੁੱਢਲੀ ਪੜ੍ਹਾਈ ਕਰਕੇ ਪੰਜ ਜਮਾਤਾਂ ਪਾਸ ਕੀਤੀਆਂ। ਮਾਪਿਆਂ ਦੀ ਪ੍ਰੇਰਨਾ ਨਾਲ ਬਚਪਨ ਤੋਂ ਹੀ ਪੰਜ ਬਾਣੀਆਂ ਦਾ ਪਾਠ ਕੰਠ ਕਰਕੇ ਆਖ਼ਰੀ ਸਾਹਾਂ ਤੀਕ ਨਿੱਤ ਨੇਮ ਨਿਭਾਇਆ। ਨੂੰਹਾਂ ਦੇ ਆਉਣ ਵੇਲੇ ਤੀਕ ਦਸ ਦਸ ਲਵੇਰਿਆਂ ਦੇ ਦੁੱਧ ਦਾ
ਰਿੜਕਣਾ ਆਪ ਕਰਨਾ। ਗਰੀਬ ਗੁਰਬੇ ਨੂੰ ਲੱਸੀ ਦੇ ਵਲਟੋਹੇ ਭਰ ਭਰ ਵੰਡਣੇ, ਤਰਦਾ ਮੱਖਣ ਪਾ ਕੇ। ਖੇਤ ਰੋਟੀ ਘੱਲਣੀ ਤਾਂ ਪੁੱਤਰਾਂ ਤੇ ਕਾਮਿਆਂ ਲਈ ਇੱਕੋ ਕੱਪੜੇ 'ਚ ਰੋਟੀਆਂ ਬੰਨ੍ਹਣੀਆਂ, ਇੱਕੋ ਜਹੀ ਸਬਜ਼ੀ ਭਾਜੀ। ਬਰਤਨਾਂ 'ਚ ਵੀ ਵਖਰੇਵਾਂ ਨਹੀਂ। ਗੁਰੂ ਸਾਹਿਬ ਦਾ ਸੰਦੇਸ਼ ਸੀ ਜੋ ਮਾਤਾ ਗੁਰਚਰਨ ਕੌਰ ਜੀ ਨੇ ਪੂਰੀ ਉਮਰ ਨਿਭਾਇਆ।
ਮਾਤਾ ਜੀ ਦੇ ਸਪੁੱਤਰ ਜਗਦੀਸ਼ਪਾਲ ਸਿੰਘ ਗਰੇਵਾਲ ਦੱਸ ਰਹੇ ਸਨ ਕਿ ਆਪਣੇ ਪਲੇਠੇ ਪੁੱਤਰ ਦਲਵਿੰਦਰ ਸਿੰਘ ਜੱਗਾ ਦੇ ਕਤਲ ਵੇਲੇ ਉਹ ਜ਼ਰਾ ਨਾ ਡੋਲੇ ਤੇ ਪਰਿਵਾਰ ਨੂੰ ਸਹਿਜ ਸੰਤੋਖ ਨਾਲ ਇਸ ਦੁੱਖ ਦਾ ਮੁਕਾਬਲਾ ਕਰਨਾ ਦੱਸਿਆ। ਉਨ੍ਹਾਂ ਦੇ ਨਿੱਕੇ ਪੁੱਤਰਾਂ ਹਰਭਜਨ ਸਿੰਘ, ਜਸਵਿੰਦਰਪਾਲ ਸਿੰਘ ਗਰੇਵਾਲ ਤੇ ਪੋਤਰਿਆਂ ਨੇ ਸਮਾਜਕ ਕੰਮਾਂ ਵਿਚ ਸੋਹਣੀ ਪਛਾਣ ਬਣਾਈ ਹੈ। ਜਗਦੀਸ਼ਪਾਲ ਦੱਸ ਰਿਹਾ ਸੀ ਜਦ ਸਾਡੇ ਘਰ 1982 'ਚ ਪਹਿਲੀ ਧੀ ਸੁਖਪ੍ਰੀਤ ਪੈਦਾ ਹੋਈ ਤਾਂ ਮਾਤਾ ਜੀ ਨੇ ਪਿੰਡ 'ਚ ਲੱਡੂ ਵੰਡੇ, ਤੇਲ ਚੋ ਕੇ ਧੀ ਨੂੰ ਘਰ 'ਚ ਜੀ ਆਇਆ ਨੂੰ ਕਿਹਾ।
ਬਚਪਨ ਵੇਲੇ ਹੋਈ ਦੇਸ਼ ਵੰਡ ਵੇਲੇ ਹੋਈ ਕਤਲੋਗਾਰਤ ਦਾ ਬਹੁਤ ਮੰਦਾ ਅਸਰ ਸੀ ਮਾਤਾ ਜੀ ਦੇ ਮਨ 'ਤੇ। ਸਾਹਨੇਵਾਲ ਰੇਲਵੇ ਸਟੇਸ਼ਨ ਤੇ ਮਾਰੇ ਵੱਢੇ ਗਏ ਮੁਸਲਮਾਨ ਭਰਾਵਾਂ ਦੀਆਂ ਚੀਕਾਂ ਨੇ ਉਸ ਨੂੰ ਬੇਚੈਨ ਰੱਖਿਆ। ਉਹ ਕਤਲੋਗਾਰਤ ਦੀ ਗੱਲ ਚੇਤੇ ਕਰਕੇ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਜਾਂਦੇ ਸਨ। ਸਾਂਝੇ ਟੱਬਰ ਤੇ ਏਕੇ ਦੀ ਬਰਕਤ ਦਾ ਸਬਕ ਪੜ੍ਹਾਉਣ ਵਾਲੀ ਮਾਤਾ ਗੁਰਚਰਨ ਕੌਰ ਦੇ ਜਾਣ ਤੇ ਕੇਵਲ ਬਾਲ ਬੱਚੇ ਹੀ ਨਹੀਂ, ਰਿਸ਼ਤੇਦਾਰ ਹੀ ਨਹੀਂ, ਪੂਰਾ ਇਲਾਕਾ ਉਦਾਸ ਹੈ। ਮਾਤਾ ਜੀ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਉਨ੍ਹਾਂ ਦੇ ਗ੍ਰਹਿ ਕਰਤਾਰ ਸਿੰਘ ਨਿਵਾਸ ਪਿੰਡ ਦਾਦ (ਲੁਧਿਆਣਾ) ਵਿਖੇ 27 ਸਤੰਬਰ, 2019 ਨੂੰ ਦੁਪਹਿਰ 12.30 ਵਜੇ ਤੋਂ 2 ਵਜੇ ਤੀਕ ਹੋਵੇਗੀ।
ਕਿਸੇ ਬਜ਼ੁਰਗ ਦੀ ਵੱਡੀ ਜਿੱਤ ਇਸ ਗੱਲ ਵਿਚ ਹੁੰਦੀ ਹੈ ਕਿ ਉਸ ਨੂੰ ਨਵੇਂ ਬਣੇ ਰਿਸ਼ਤੇ ਵੀ ਓਨੀ ਮੁਹੱਬਤ ਨਾਲ ਚੇਤੇ ਕਰਨ। ਪੁੱਤਰਾਂ ਦੇ ਕੁੜਮ ਭਾਵੇ ਸ. ਭਰਤਇੰਦਰ ਸਿੰਘ ਚਾਹਲ ਮੁੱਖ ਸਲਾਹਕਾਰ, ਮੁੱਖ ਮੰਤਰੀ ਪੰਜਾਬ ਹਨ ਜਾਂ ਸਾਬਕਾ ਸਹਿਕਾਰਤਾ ਮੰਤਰੀ ਸ. ਹਰਮਿੰਦਰ ਸਿੰਘ ਜੱਸੀ, ਸਮਰਾਲੇ ਵਾਲੇ ਸ. ਰਾਜਿੰਦਰ ਸਿੰਘ ਢਿੱਲੋਂ ਹੋਣ ਜਾਂ ਸ. ਇੰਦਰਜੀਤ ਸਿੰਘ ਕੰਗ ਸਾਰੇ ਹੀ ਮਾਤਾ ਜੀ ਤੋਂ ਅਕਸਰ ਅਸ਼ੀਰਵਾਦ ਲੈਂਦੇ। ਰੱਬੀ ਰੂਹ ਦੇ ਤੁਰ ਜਾਣ ਤੇ
ਸਾਰਾ ਮਾਹੌਲ ਉਦਾਸ ਹੈ। ਪ੍ਰੋ. ਮੋਹਨ ਸਿੰਘ ਦੇ ਬੋਲ ਯਾਦ ਆ ਰਹੇ ਨੇ।
ਫੁੱਲ ਹਿੱਕ ਵਿੱਚ ਜੰਮੀ ਪਲੀ, ਖੁਸ਼ਬੂ ਜਾਂ ਉੱਡ ਗਈ,
ਅਹਿਸਾਸ ਹੋਇਆ ਫੁੱਲ ਨੂੰ, ਰੰਗਾਂ ਦੇ ਭਾਰ ਦਾ।
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.