ਤਿਰਛੀ ਨਜ਼ਰ / ਕਿਵੇਂ ਨਿਪਟਿਆ ਜਾਵੇ ਗੁਰਦਾਸ ਮਾਨ ਨਾਲ ਜੁੜ ਕੇ ਉੱਠੇ ਬੋਲੀ ਦੇ ਉਲਝੇ ਮਸਲੇ ਨਾਲ ?
ਜੇ ਕਰ ਮਾਨ ਆਪਣੇ ਭੱਦੇ ਸ਼ਬਦਾਂ ਲਈ ਮਾਫੀ ਨਹੀਂ ਮੰਗਦਾ ਅਤੇ ਹਿੰਦੀ ਬਾਰੇ ਆਪਣੀ ਪੁਜੀ਼ਸ਼ਨ ਸਾਫ ਨਹੀਂ ਕਰਦਾ ਅਤੇ ਜੇਕਰ ਅੰਮ੍ਰਿਤਸਰ ਵਾਂਗ ਆਪਣਾ ਰੁੱਖ ਬਰਕਰਾਰ ਰੱਖਦਾ ਹੈ ਤਾਂ ਫਿਰ ਉਸਦਾ ਵਿਰੋਧ ਵੀ ਤਿੱਖਾ ਹੋਏਗਾ ਅਤੇ ਅਰਸ਼ ਤੋਂ ਫਰਸ਼ ਤੇ ਡਿਗਦਿਆਂ ਵੀ ਕੋਈ ਦੇਰ ਨਹੀਂ ਲੱਗਦੀ
ਭਾਸ਼ਾ ਅਤੇ ਖ਼ਾਸ ਕਰਕੇ ਹਿੰਦੀ ਭਾਸ਼ਾ ਬਾਰੇ ਦਿੱਤੇ ਬਿਆਨ ਬਾਰੇ ਪੰਜਾਬੀ ਜਗਤ 'ਚ ਜਿੰਨੀ ਗਰਮਾ ਗਰਮੀ ਹੋਈ ਹੈ ਉਨੀ ਤਾਂ ਅਮਿਤ ਸ਼ਾਹ ਦੇ ਵੱਲੋਂ "ਇੱਕ ਰਾਸ਼ਟਰ ਇੱਕ ਭਾਸ਼ਾ" ਦੇ ਬਿਆਨ 'ਤੇ ਵੀ ਨਹੀਂ ਹੋਇਆ। ਹਾਲਾਂਕਿ ਇਹ ਬਿਆਨ ਮੁਲਕ ਦੇ ਇੱਕ ਹੁਕਮਰਾਨ ਨੇ ਦਿੱਤਾ ਸੀ ਜਿਸ ਕੋਲ ਰਾਜਸੀ ਸੱਤਾ ਹੈ। ਗੁਰਦਾਸ ਮਾਨ ਜਿੱਡਾ ਵੀ ਵੱਡਾ ਮਰਜ਼ੀ ਗਾਇਕ ਹੋਵੇ ਪਰ ਉਹ ਸਿਰਫ਼ ਵਿਚਾਰ ਹੀ ਰੱਖ ਸਕਦਾ ਹੈ, ਉਸ ਕੋਲ ਇਸ ਨੂੰ ਲਾਗੂ ਕਰਨ ਦੀ ਤਾਕਤ ਨਹੀਂ।
ਖ਼ੈਰ, ਹੁਣ ਗੱਲ ਕਰੀਏ ਗੁਰਦਾਸ ਮਾਨ ਦੇ ਬਿਆਨ ਅਤੇ ਬਾਅਦ 'ਚ ਉਸ ਦੇ ਹੋਏ ਪ੍ਰਤੀਕਰਮ ਦੀ।
ਜਿਹੜੇ ਸ਼ਬਦ ਗੁਰਦਾਸ ਮਾਨ ਨੇ ਕੈਨੇਡਾ ਦੇ ਐਬਟਸਫੋਰਡ ਸ਼ਹਿਰ 'ਚ, ਉਸ ਦੇ ਹਿੰਦੀ ਬਾਰੇ ਦਿੱਤੇ ਬਿਆਨ ਦੇ ਵਿਰੋਧ ਸਮੇਂ ਕਹੇ - ਨਾ ਤਾਂ ਗੁਰਦਾਸ ਮਾਨ ਤੋਂ ਅਜਿਹੀ ਉਮੀਦ ਸੀ ਅਤੇ ਨਾ ਹੀ ਇਹ ਸਹਿਣਯੋਗ ਅਤੇ ਹਜ਼ਮ ਹੋਣ ਵਾਲੇ ਹਨ। ਆਮ ਤੌਰ ਸ਼ਾਲੀਨ ਅਤੇ ਨਿਮਰ ਰਹਿਣ ਵਾਲਾ ਗੁਰਦਾਸ ਮਾਨ ਲੋਕਾਂ ਦੇ ਇਕੱਠ 'ਚ ਅਜਿਹੀ ਭੱਦੀ ਸ਼ਬਦਾਵਲੀ ਵਰਤੇਗਾ - ਇਹ ਸਮਝੋ ਬਾਹਰੀ ਹੈ। ਇਸ ਦਾ ਤਾਂ ਕੋਈ ਸਪਸ਼ਟੀਕਰਨ ਵੀ ਨਹੀਂ । ਪਹਿਲੇ ਟੈਸਟ ਵਿਚ ਹੀ ਉਹ ਫ਼ੇਲ੍ਹ ਹੋ ਗਏ ਨੇ।
ਆਪਣੇ ਇਸ ਘਟੀਆ ਬੋਲ-ਕੁਬੋਲ ਲਈ ਗੁਰਦਾਸ ਮਾਨ ਨੂੰ, ਉਸ ਦਾ ਵਿਰੋਧ ਕਰਨ ਵਾਲੇ ਸ਼ਖ਼ਸ ਤੋਂ ਅਤੇ ਬਾਕੀ ਸਾਰੇ ਪੰਜਾਬੀਆਂ ਤੇ ਹੋਰ ਲੋਕਾਂ ਤੋਂ ਖੁੱਲ੍ਹੀ ਮੰਗਣੀ ਚਾਹੀਦੀ ਹੈ। ਇਸ ਤੋਂ ਬਿਨਾਂ ਹੋਰ ਕੋਈ ਚਾਰਾ ਵੀ ਨਹੀਂ। ਭਾਵੇਂ ਉਹ ਅੱਜ ਮਾਫ਼ੀ ਮੰਗ ਲੈਣ ਜਾਂ ਕੱਲ੍ਹ ਜਾਂ ਪਰਸੋਂ - ਆਪਣੇ ਇਸ ਸਮਾਜਿਕ ਬਦਸਲੂਕੀ ਬਾਰੇ ਮਾਫ਼ੀ ਤਾਂ ਮੰਗਣੀ ਪੈਣੀ ਹੈ। ਉਂਝ ਤਾਂ ਉਸਨੇ ਆਪਣੀ ਸ਼ਖ਼ਸੀਅਤ 'ਤੇ ਅਜਿਹਾ ਦਾਗ਼ ਲਵਾ ਲਿਆ ਹੈ ਜਿਹੜਾ ਸ਼ਾਇਦ ਮਾਫ਼ੀ ਵੀ ਨਾ ਧੋ ਸਕੇ। ਫਿਰ ਵੀ ਜੇਕਰ ਉਹ ਆਪਣੇ ਇਸ ਕਥਨ ਲਈ ਮਾਫ਼ੀ ਮੰਗ ਲੈਂਦੇ ਹਨ ਤਾਂ ਲੋਕ ਇਸ ਨੂੰ ਖੁੱਲ੍ਹਦਿਲੀ ਨਾਲ ਲੈ ਸਕਦੇ ਹਨ। ਇਸ ਮੁੱਦੇ ਨੂੰ ਉਸ ਦੇ ਆਚਾਰ-ਵਿਹਾਰ ਵਜੋਂ ਲੈਣਾ ਚਾਹੀਦਾ ਹੈ ਜਦੋਂ ਕਿ ਭਾਸ਼ਾ ਦੇ ਮੁੱਦੇ ਨੂੰ ਉਸਦੀ ਸੋਚ-ਵਿਚਾਰ ਪੱਖੋਂ।
ਹਿੰਦੀ ਲਿੰਕ ਭਾਸ਼ਾ ਜਾਂ ਰਾਸ਼ਟਰ ਭਾਸ਼ਾ
ਅਗਲੀ ਗੱਲ ਭਾਸ਼ਾ ਬਾਰੇ ਉਸਦੇ ਦਿੱਤੇ ਬਿਆਨ ਦੀ - ਪਹਿਲੀ ਗੱਲ ਪੰਜਾਬੀ ਭਾਸ਼ਾ ਦੇ ਖ਼ਿਲਾਫ਼ ਜਾਂ ਮਾਂ ਬੋਲੀ ਦੇ ਖ਼ਿਲਾਫ਼ ਗੁਰਦਾਸ ਮਾਨ ਨੇ ਸਿੱਧੇ ਤੌਰ ਤੇ ਕੁਝ ਨਹੀਂ ਕਿਹਾ - ਉਸ ਨੇ ਪੰਜਾਬੀ ਬੋਲੀ ਨੂੰ ਤਾਂ ਵਾਰ ਵਾਰ ਮਾਂ - ਬੋਲੀ ਹੀ ਕਹਿ ਕੇ ਸੰਬੋਧਨ ਕੀਤਾ। ਉਸ ਦਾ ਵਿਵਾਦ ਵਾਲਾ ਪੁੱਠਾ ਬਿਆਨ ਤਾਂ ਹਿੰਦੀ ਭਾਸ਼ਾ ਬਾਰੇ ਸੀ। ਜੇਕਰ ਉਹ ਹਿੰਦੀ ਭਾਸ਼ਾ ਨੂੰ ਕਿਸੇ ਹੋਰ ਵੇਲੇ ਵੈਸੇ ਮਾਸੀ ਕਹਿ ਦਿੰਦਾ ਸ਼ਾਇਦ ਫੇਰ ਵੀ ਇਸ ਦਾ ਵਿਰੋਧ ਨਾ ਹੁੰਦਾ ਪਰ ਜਦੋਂ ਉਸ ਨੇ ਹਿੰਦੀ ਨੂੰ ਇੱਕ "ਰਾਸ਼ਟਰ ਭਾਸ਼ਾ' ਦਾ ਦਰਜਾ ਦੇਣ ਅਤੇ 'ਇੱਕ ਰਾਸ਼ਟਰ ਦੀ ਇੱਕ ਭਾਸ਼ਾ' ਦੀ ਗੱਲ ਦੀ ਵਕਾਲਤ ਕੀਤੀ ਤਾਂ ਇਸ ਦਾ ਤਿੱਖਾ ਵਿਰੋਧ ਹੋਣਾ ਲਾਜ਼ਮੀ ਸੀ। ਹਾਲਾਂਕਿ ਉਸ ਨੇ ਇਹ ਗੱਲ ਆਪਣੇ ਆਪ ਕਿਸੇ ਬਿਆਨ 'ਚ ਨਹੀਂ ਸਗੋਂ ਹਰਜਿੰਦਰ ਥਿੰਦ ਵੱਲੋਂ ਪੁੱਛੇ ਇੱਕ ਸਵਾਲ ਦੇ ਜਵਾਬ 'ਚ ਕਹੀ ਸੀ ਪਰ ਇਹ ਉਸ ਵੇਲੇ ਕਹੀ ਗਈ ਜਦੋਂ ਮੁਲਕ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਹਿੰਦੀ ਬਾਰੇ ਬੋਲਦਿਆਂ "ਇੱਕ ਰਾਸ਼ਟਰ ਇੱਕ ਭਾਸ਼ਾ" ਦੇ ਦਿੱਤੇ ਬਿਆਨ ਦਾ ਹਰ ਪਾਸਿਉਂ ਵਿਰੋਧ ਹੋ ਰਿਹਾ ਸੀ।
ਇਹੀ ਲੱਗਿਆ ਕਿ ਜਿਵੇਂ ਗੁਰਦਾਸ ਮਾਨ, ਅਮਿਤ ਸ਼ਾਹ ਦੀ ਤਜਵੀਜ਼ ਜਾਂ ਵਿਚਾਰ ਦੀ ਹੀ ਪੁਸ਼ਟੀ ਕਰ ਰਿਹਾ ਹੋਵੇ। ਇਸ ਤੋਂ ਬਾਅਦ ਐਬਟਸਫੋਰਡ ਦੇ ਪ੍ਰੋਗਰਾਮ 'ਚ ਗੁਰਦਾਸ ਮਾਨ ਆਪਣਾ ਸਪਸ਼ਟੀਕਰਨ ਦੇਣ ਲੱਗਿਆਂ ਬੇਸ਼ੱਕ ਪੰਜਾਬੀ ਮਾਂ ਬੋਲੀ ਬਾਰੇ ਆਪਣਾ ਪੱਖ ਸਪਸ਼ਟ ਕੀਤਾ ਪਰ ਇੱਕ ਵਾਰ ਫੇਰ "ਹਿੰਦੀ ਨੂੰ ਰਾਸ਼ਟਰੀ ਭਾਸ਼ਾ ਦਾ ਦਰਜਾ" ਦੇਣ ਦੀ ਫੇਰ ਵਕਾਲਤ ਕਰ ਗਏ ਸਿੱਟੇ ਵਜੋਂ ਉਨ੍ਹਾਂ ਦਾ ਵਿਰੋਧ ਹੋਰ ਤਿੱਖਾ ਹੋ ਗਿਆ ਜੋ ਕਿ ਸੁਭਾਵਿਕ ਸੀ।
ਭਾਵੇਂ ਅਮਿਤ ਸ਼ਾਹ ਹੋਵੇ ਜਾਂ ਗੁਰਦਾਸ ਮਾਨ ਜਾਂ ਕੋਈ ਵੀ ਜਿਹੜਾ ਵੀ ਹਿੰਦੀ ਜਾਂ ਕਿਸੇ ਵੀ ਹੋਰ ਇੱਕ ਭਾਸ਼ਾ ਨੂੰ ਸਿੰਗਲ ਭਾਸ਼ਾ ਵਜੋਂ ਮੁਲਕ ਦੇ ਵੱਖ ਵੱਖ ਖ਼ਿੱਤਿਆਂ ਦੇ ਬਹੁ-ਭਾਸ਼ੀ, ਬਹੁ-ਸਭਿਆਚਾਰਕ ਲੋਕਾਂ ਤੇ ਜਬਰੀ ਠੋਸਣ ਦੀ ਕੋਸ਼ਿਸ਼ ਜਾਂ ਵਕਾਲਤ ਕਰੇ-ਇਹ ਸਰਾਸਰ ਗ਼ਲਤ ਹੈ, ਗ਼ੈਰ ਲੋਕ - ਰਾਜੀ ਹੈ , ਗ਼ੈਰ-ਸੰਵਿਧਾਨਿਕ ਹੈ ਅਤੇ ਇਲਾਕਾਈ ਅਤੇ ਭਾਸ਼ਾਈ ਲੋਕ ਭਾਵਨਾਵਾਂ ਨੂੰ ਦਬਾਉਣ ਵਾਲਾ ਕਦਮ ਹੋਵੇਗਾ .ਇਸ ਦਾ ਵਿਰੋਧ ਜਾਇਜ਼ ਹੈ । ਮੈਂ ਵੀ ਇਸ ਵਿਚ ਸ਼ਾਮਲ ਹਾਂ।
ਇਸ ਦਾ ਕਾਰਨ ਹੈ ਕਿ ਸਾਡੇ ਮੁਲਕ ਦੇ ਵੱਖ ਰਾਜਾਂ, ਖ਼ਿੱਤਿਆਂ ਦੀ ਵੱਖੋ-ਵੱਖਰੀ ਬੋਲੀ, ਰਹਿਣ ਸਹਿਣ, ਖਾਣ ਪੀਣ ਅਤੇ ਆਪੋ ਆਪਣੀ ਸਭਿਆਚਾਰਕ ਪਛਾਣ ਹੈ। ਇਹ ਪਛਾਣ ਬਹੁਤ ਲੰਮੇ ਸਮੇਂ 'ਚ ਬਣੀ ਹੈ ਸ਼ਾਇਦ ਸਦੀਆਂ ਲੱਗੀਆਂ ਹੋਣ। ਇਸਦੇ ਕਾਰਨ ਭੂਗੋਲਿਕ ,ਇਤਿਹਾਸਕ, ਸਮਾਜਿਕ ਅਤੇ ਕਾਈ ਵਾਰ ਧਾਰਮਿਕ ਕਰਨ ਵੀ ਹੋ ਸਕਦੇ ਨੇ। ਗੁਰਮੁਖੀ ਲਿਪੀ ਵਾਲੀ ਪੰਜਾਬੀ ਦੀ ਮਿਸਾਲ ਸਾਡੇ ਸਾਹਮਣੇ ਹੈ ਜਿਸ ਦਾ ਆਪਣਾ ਵਜੂਦ ਅਤੇ ਪਛਾਣ ਹੈ। ਇਹ ਬਹੁ-ਰੰਗੀ ਸਭਿਅਤਾ ਸਾਡੇ ਮੁਲਕ ਦੀ ਵਿਲੱਖਣਤਾ ਵੀ ਹੈ ਅਤੇ ਤਾਕਤ ਵੀ।
ਪੰਜਾਬੀ ਸਮੇਤ ਭਾਰਤ ਦੀਆਂ 22 ਬੋਲੀਆਂ ਹਨ ਰਾਸ਼ਟਰੀ ਭਾਸ਼ਾਵਾਂ
ਇਸ ਲਈ ਪੰਜਾਬੀ ਸਮੇਤ ਭਾਰਤ ਦੀਆਂ 22 ਭਾਸ਼ਾਵਾਂ ਨੂੰ ਭਾਰਤੀ ਸੰਵਿਧਾਨ 'ਚ ਰਾਸ਼ਟਰੀ ਬੋਲੀਆਂ ਦਾ ਦਰਜਾ ਹਾਸਲ ਹੈ। ਇਸ ਤੋਂ ਬਿਨਾਂ ਸੈਂਕੜੇ ਹੋਰ ਬੋਲੀਆਂ ਅਤੇ ਉਪ-ਭਾਸ਼ਾਵਾਂ ਹਨ। ਜਦੋਂ ਵੀ ਕਦੇ ਕਿਸੇ ਇੱਕ ਭਾਸ਼ਾ ਨੂੰ ਠੋਸਣ ਦਾ ਯਤਨ ਕੀਤਾ ਗਿਆ ਉਦੋਂ ਦੇਸ਼ ਦੇ ਵੱਖ ਵੱਖ ਕੋਨਿਆਂ ਖ਼ਾਸ ਕਰਕੇ ਦੱਖਣੀ ਭਾਰਤ ਤੋਂ ਇਸਦਾ ਜ਼ੋਰਦਾਰ ਵਿਰੋਧ ਹੁੰਦਾ ਰਿਹਾ। ਖ਼ਦਸ਼ਾ ਇਹ ਸੀ ਕਿ ਹਿੰਦੀ ਜੇਕਰ ਠੋਸੀ ਗਈ ਤਾਂ ਖੇਤਰੀ ਭਾਸ਼ਾਵਾਂ ਦਾ ਵਜੂਦ ਖ਼ਤਰੇ ਵਿਚ ਪੈ ਸਕਦੈ ਹੈ ਜੋ ਕਿ ਲੋਕਾਂ ਦੀ ਆਪਣੀ ਹੋਂਦ ਅਤੇ ਸੱਭਿਆਚਾਰਕ ਪਛਾਣ ਨੂੰ ਖੋਰਾ ਲਾਉਣ ਦਾ ਸਾਧਨ ਬਣ ਸਕਦੀ ਹੈ। ਸੈਂਟਰਲ ਇੰਡੀਆ ਦੇ ਜਿਨ੍ਹਾਂ ਕੁੱਝ ਸੂਬਿਆਂ 'ਚ ਹਿੰਦੀ ਬੋਲਦੇ ਲੋਕਾਂ ਦੀ ਬਹੁਗਿਣਤੀ ਸੀ, ਕੁਦਰਤੀ ਉੱਥੇ ਹਿੰਦੀ ਦਾ ਬੋਲ-ਬਾਲਾ ਹੋਣਾ ਲਾਜ਼ਮੀ ਸੀ ।
ਇਸੇ ਵਿਰੋਧ ਕਾਰਨ ਹੀ ਸਾਡੇ ਸੰਵਿਧਾਨ ਦੇ ਘਾੜਿਆਂ ਨੇ ਕਿਸੇ ਭਾਸ਼ਾ ਨੂੰ ਸਾਰੇ ਮੁਲਕ (ਜਿਸ ਨੂੰ ਰਾਸ਼ਟਰ ਕਿਹਾ ਜਾਂਦਾ ਹੈ) ਦੀ ਕੋਈ ਇੱਕ ਭਾਸ਼ਾ ਤੈਅ ਨਹੀਂ ਕੀਤੀ।
1949 ਦੇ ਸਤੰਬਰ ਮਹੀਨੇ 'ਚ ਭਾਰਤ ਦੀ ਸੰਵਿਧਾਨ ਘੜਨੀ ਅਸੈਂਬਲੀ 'ਚ ਹੁਣ ਵਾਂਗ ਹੀ ਬਹਿਸ ਹੋਈ ਸੀ ਕਿ ਜਿਸ ਵਿਚ ਬਹੁਗਿਣਤੀ ਮੈਂਬਰਾਂ ਨੇ ਸਭ ਦੀ ਸਹਿਮਤੀ ਅਤੇ ਸਹਿਜ ਪ੍ਰਕਿਰਿਆ ਨਾਲ ਸਾਂਝੀ ਭਾਸ਼ਾ ਵਿਕਸਤ ਹੋਏ ਬਿਨਾਂ ਹਿੰਦੀ ਜਾਂ ਕਿਸੇ ਇੱਕ ਭਾਸ਼ਾ ਨੂੰ ਸਾਰੇ ਮੁਲਕ ਤੇ ਠੋਸਣ ਦਾ ਵਿਰੋਧ ਕੀਤਾ। ਇੱਥੋਂ ਤੱਕ ਕਿ ਉਸ ਵੇਲੇ ਦੇ ਵਜ਼ੀਰ ਸਿਆਮਾ ਪ੍ਰਸਾਦ ਮੁਖਰਜੀ (ਜੋ ਬਾਅਦ 'ਚ ਜਨ ਸੰਘ ਦੇ ਬਾਨੀ ਬਣੇ) ਨੇ ਵੀ "ਇੱਕ ਰਾਸ਼ਟਰ ਇੱਕ ਭਾਸ਼ਾ" ਦੇ ਨਾਅਰੇ ਦਾ ਵਿਰੋਧ ਕੀਤਾ ਸੀ। ਸਿੱਟੇ ਵਜੋਂ ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਨੂੰ ਕੁਝ ਸਮੇਂ ਲਈ ਕੇਂਦਰ ਸਰਕਾਰ ਦੇ ਕੰਮ-ਕਾਜ ਲਈ ਲਿੰਕ ਨਾਹਰ ਵਜੋਂ ਮੰਨਿਆ ਗਿਆ। ਬੇਸ਼ੱਕ ਹਿੰਦੀ ਨੂੰ ਕੇਂਦਰ ਵਿਚ ਰਾਜ ਭਾਸ਼ਾ ਦਾ ਦਰਜਾ ਦਿੱਤਾ ਗਿਆ ਪਰ ਬਾਕੀ ਖੇਤਰੀ ਭਾਸ਼ਾਵਾਂ ਦਾ ਕੌਮੀ ਦਰਜਾ ਵੀ ਕਾਇਮ ਰੱਖਿਆ ਗਿਆ।
ਭਾਰਤ ਦੀ ਸੰਵਿਧਾਨ ਅਸੈਂਬਲੀ ਦੀਆਂ ਸ਼ੁਰੂਆਤੀ ਬੈਠਕਾਂ ਦੌਰਾਨ ਜਵਾਹਰ ਲਾਲ ਨਹਿਰੂ ਅਤੇ ਕੁਝ ਹੋਰ ਮੈਂਬਰ। ਫੋਟੋ ਧੰਨਵਾਦ - ਇੰਡੀਅਨ ਐਕਸਪ੍ਰੈੱਸ
ਜਿਸ ਦਾ ਅਰਥ ਇਹ ਸੀ ਅਤੇ ਹੈ ਵੀ ਸੀ ਕਿ ਵੱਖ-ਵੱਖ ਸੂਬਿਆਂ ਦੇ ਲੋਕ ਆਪਣੀ ਮਾਂ ਬੋਲੀ ਨੂੰ ਕਾਇਮ ਰੱਖਦੇ ਹੋਏ, ਸੈਂਟਰ ਨਾਲ ਅੰਗਰੇਜ਼ੀ ਜਾਂ ਹਿੰਦੀ ਵਿਚ ਰਾਬਤਾ ਅਤੇ ਆਦਾਨ-ਪ੍ਰਦਾਨ ਕਰ ਸਕਦੇ ਹਨ। ਇਸੇ ਦਿਸ਼ਾ 'ਚ 1968 'ਚ ਹੀ ਕੇਂਦਰ ਸਰਕਾਰ ਦਾ ਤ੍ਰੈ-ਭਾਸ਼ੀ ਫ਼ਾਰਮੂਲਾ ਨਿਕਲਿਆ ਸੀ। ਇਸ ਵਿਚ ਹਰੇਕ ਸੂਬੇ / ਇਲਾਕੇ ਦੀ ਮਾਂ ਬੋਲੀ ਦੇ ਨਾਲ-ਨਾਲ ਹਿੰਦੀ ਅਤੇ ਅੰਗਰੇਜ਼ੀ ਦੀ ਵਰਤੋਂ ਕੀਤੀ ਜਾਣੀ ਸੀ। ਹਿੰਦੀ ਬਹੁਭਾਸ਼ੀ ਸੂਬਿਆਂ 'ਚ ਹਿੰਦੀ ਅਤੇ ਅੰਗਰੇਜ਼ੀ ਦੇ ਨਾਲ-ਨਾਲ ਮੁਲਕ ਦੀ (ਖ਼ਾਸ ਕਰਕੇ ਦੱਖਣ) ਦੀ ਕੋਈ ਹੋਰ ਪੜ੍ਹਾਈ ਜਾਣੀ ਸੀ।
ਇਸ ਫ਼ਾਰਮੂਲੇ ਅਧੀਨ ਹੀ ਗੈਰ ਹਿੰਦੀ ਭਾਸ਼ੀ ਸੂਬਿਆਂ ਦੇ ਵਿੱਦਿਅਕ ਪ੍ਰਬੰਧ ਵਿਚ ਸਥਾਨਕ ਮਾਂ ਬੋਲੀ ਅੱਤ ਅੰਗਰੇਜ਼ੀ ਦੇ ਨਾਲ ਨਾਲ ਪ੍ਰਾਇਮਰੀ ਜਾਂ ਮਿਡਲ ਤੱਕ ਹਿੰਦੀ ਨੂੰ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਉਣ ਦਾ ਪ੍ਰਬੰਧ ਕੀਤਾ ਗਿਆ। ਪੰਜਾਬ 'ਚ ਵੀ 8ਵੀਂ ਜਮਾਤ ਤੱਕ ਹਿੰਦੀ ਪੜ੍ਹਨੀ ਲਾਜ਼ਮੀ ਹੈ। ਮੈਂ ਵੀ ਸਰਕਾਰੀ ਸਕੂਲ 'ਚ 8ਵੀਂ ਤੱਕ ਲਾਜ਼ਮੀ ਹਿੰਦੀ ਪੜ੍ਹੀ ਹੈ। ਖ਼ੈਰ ਮੈਂ ਤਾਂ ਦਸਵੀਂ ਤੱਕ ਵੀ ਪੜ੍ਹੀ ਹੈ। ਕਈ ਦੱਖਣੀ ਭਾਰਤੀ ਸੂਬੇ ਤਾਂ ਇਸ ਤ੍ਰੈ-ਭਾਸ਼ੀ ਫ਼ਾਰਮੂਲੇ ਨੂੰ ਲਾਗੂ ਕਰਨ ਤੋਂ ਇਨਕਾਰੀ ਰਹੇ ਹਨ।
ਕੇਂਦਰੀਕਰਨ ਰਾਹੀਂ ਖੇਤਰੀ ਪਛਾਣ ਨੂੰ ਖੋਰਾ ਲਾਉਣ ਦੇ ਯਤਨ
ਭਾਰਤ ਦੀਆਂ ਪਿਛਲੀਆਂ ਸਾਰੀਆਂ ਵੰਨਗੀਆਂ / ਪਾਰਟੀਆਂ ਦੀਆਂ ਸਰਕਾਰਾਂ ਨੇ ਸੂਬਿਆਂ ਦੇ ਪਹਿਲਾਂ ਹੀ ਸੀਮਤ ਅਧਿਕਾਰਾਂ ( ਜਿਸ ਵਿਚ ਸਿੱਖਿਆ ਖੇਤਰ ਉਚੇਚੇ ਤੌਰ ਤੇ ਸਮਿਤੀ ਹੈ ) ਨੂੰ ਵੀ ਖੋਰਾ ਲਾ -ਲਾ ਕੇ ਵਧੇਰੇ ਕੇਂਦਰੀਕਰਨ ਦੇ ਤੌਰ-ਤਰੀਕੇ ਅਪਣਾਏ ਉੱਥੇ ਵਾਰ-ਵਾਰ ਇੱਕ ਭਾਸ਼ਾ ਠੋਸਣ ਦੇ ਵੀ ਯਤਨ ਕੀਤੇ ਗਏ ਪਰ ਇਹ ਯਤਨ ਪੂਰੇ ਸਫਲ ਨਹੀਂ। ਅਮਿਤ ਸ਼ਾਹ ਦੇ "ਇਕ ਰਾਸ਼ਟਰ -ਇੱਕ ਭਾਸ਼ਾ " ਦੇ ਤਾਜ਼ਾ ਬਿਆਨ ਨੂੰ ਵੀ ਅਜਿਹੀ ਹੀ ਕੋਸ਼ਿਸ਼ ਵਜੋਂ ਲਿਆ ਗਿਆ ਜਿਸ ਦਾ ਬੀ.ਜੇ.ਪੀ ਅਤੇ ਐਨ.ਡੀ.ਏ ਦੇ ਅੰਦਰੋਂ ਵੀ ਵਿਰੋਧ ਹੋਇਆ। ਸਿਰਫ ਅਮਿਤ ਸ਼ਾਹ ਨੂੰ ਆਪਣੇ ਪੈਰ ਪਿੱਛੇ ਨਹੀਂ ਖਿੱਚਣੇ ਪਏ ਸਗੋਂ ਅਮਰੀਕਾ 'ਚ 22 ਸਤੰਬਰ ਨੂੰ ਹਿਊਸਟਨ 'ਚ ਭਾਸ਼ਣ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ( ਜਦੋਂ ਸਾਰੀ ਦੁਨੀਆ ਸੁਣ ਰਹੀ ਸੀ ) ਪੰਜਾਬੀ ਸਮੇਤ ਬਾਕੀ ਖੇਤਰੀ ਦੀ ਆਪਣੀ ਪਛਾਣ ਅਤੇ ਅਨੇਕਤਾ 'ਚ ਏਕਤਾ ਨੂੰ ਸਾਡੇ ਮੁਲਕ ਦੀ ਤਾਕਤ ਕਰਾਰ ਦਿੱਤਾ। ਇੰਝ ਲੱਗ ਰਿਹਾ ਸੀ ਜਿਵੇਂ ਉਹ ਭਾਸ਼ਾ ਵਿਵਾਦ 'ਤੇ ਆਪਣੀ ਪੁਜ਼ੀਸ਼ਨ ਸਪਸ਼ਟ ਕਰ ਰਹੇ ਹੋਣ।
ਹੁਣ ਫੇਰ ਗੁਰਦਾਸ ਮਾਨ ਵੱਲ ਆਈਏ। ਜੇਕਰ ਉਸਦਾ ਮਤਲਬ ਹਿੰਦੀ ਨੂੰ ਲਿੰਕ ਭਾਸ਼ਾ ਵਜੋਂ ਪ੍ਰਵਾਨ ਕਰਨ ਅਤੇ ਪੜ੍ਹਨ ਲਿਖਣ ਦਾ ਸੀ ਫੇਰ ਤਾਂ ਕੋਈ ਹਰਜ ਨਹੀਂ ਜੋ ਕਿ ਪਹਿਲਾਂ ਵੀ ਹੋ ਰਿਹਾ ਹੈ।
ਜੇਕਰ ਉਸ ਦਾ ਮੰਤਵ ਸਾਰੇ ਮੁਲਕ ਦੀ ਰਾਸ਼ਟਰ ਭਾਸ਼ਾ ਹਿੰਦੀ ਨੂੰ ਇੱਕੋ ਬਣਾਉਣਾ ਹੈ ਜਿਵੇਂ ਉਸ ਨੇ ਜਰਮਨ ਜਾਂ ਫਰਾਂਸ ਦੀ ਮਿਸਾਲ ਦਿੱਤੀ ਤਾਂ ਉਸ ਦੀ ਸੋਚਣੀ ਬਹੁਤ ਗ਼ਲਤ ਅਤੇ ਘਾਤਕ ਵੀ ਹੈ। ਜੇਕਰ ਉਸਦਾ ਮੰਤਵ ਇਹ ਹੈ ਫੇਰ ਤਾਂ ਉਸਦੀ ਸੋਚਣੀ ਦਾ ਕੁਦਰਤੀ ਨਤੀਜਾ ਪੰਜਾਬੀ-ਵਿਰੋਧ 'ਚ ਵੀ ਨਿਕਲੇਗਾ ਜਿਸਦਾ ਵਿਰੋਧ ਵੀ ਕਰਨਾ ਬਣਦਾ ਹੈ।
ਹੁਣ ਗੁਰਦਾਸ ਮਾਨ ਨੂੰ ਸਪਸ਼ਟ ਵੀ ਇਹੀ ਕਰਨਾ ਚਾਹੀਦਾ ਹੈ ਕਿ ਉਸ ਦਾ 'ਰਾਸ਼ਟਰੀ ਭਾਸ਼ਾ' ਕਹਿਣ ਦਾ ਕੀ ਅਰਥ ਸਿਰਫ਼ ਲਿੰਕ ਭਾਸ਼ਾ ਤੋਂ ਹੈ ਜਾਂ ਹਿੰਦੀ ਨੂੰ ਸਾਰੇ ਮੁਲਕ ਦੀ ਇੱਕ ਭਾਸ਼ਾ ਬਣਾ ਕੇ ਜਬਰੀ ਠੋਸਣਾ ਹੈ ਤਾਂ ਹੀ ਅਸੀਂ ਉਸਦੀ ਸੋਚਣੀ, ਮਨਸ਼ਾ ਜਾਂ ਨੀਅਤ ਬਾਰੇ ਨਿਰਨਾ ਕਰ ਸਕਦੇ ਹਾਂ।
ਜੇ ਕਰ ਮਾਨ ਆਪਣੇ ਭੱਦੇ ਸ਼ਬਦਾਂ ਲਈ ਮਾਫੀ ਨਹੀਂ ਮੰਗਦਾ ਅਤੇ ਆਪਣੀ ਪੁਜੀ਼ਸ਼ਨ ਸਾਫ ਨਹੀਂ ਕਰਦਾ ਅਤੇ ਆਪਣਾ ਰੁੱਖ ਬਰਕਰਾਰ ਰੱਖਦਾ ਹੈ ਤਾਂ ਫਿਰ ਉਸਦਾ ਵਿਰੋਧ ਵੀ ਤਿੱਖਾ ਹੋਏਗਾ ਤੇ ਅਰਸ਼ ਤੋਂ ਫਰਸ਼ ਤੇ ਡਿਗਦਿਆਂ ਵੀ ਕੋਈ ਦੇਰ ਨਹੀਂ ਲੱਗਦੀ।
ਗੁਰਦਾਸ ਮਾਨ ਦੀ ਪੰਜਾਬੀ ਨੂੰ ਦੇਣ ਅਤੇ ਵਿਰੋਧ ਦੇ ਤੌਰ-ਤਰੀਕੇ
ਆਖ਼ਰੀ ਗੱਲ, ਗੁਰਦਾਸ ਮਾਨ ਦੇ ਲਿਖੇ ਜਾਣ ਗੀਤਾਂ ਦੇ ਕੰਟੈਂਟ ਬਾਰੇ ਤਾਂ ਕਿੰਤੂ-ਪ੍ਰੰਤੂ ਕਰ ਸਕਦਾ ਹੈ , ਕੋਈ ਉਸ ਨੂੰ ਵਪਾਰਕ ਕਹਿ ਸਕਦਾ ਹੈ ਪਰ ਇਹ ਹਕੀਕਤ ਹੈ 4 ਦਹਾਕਿਆਂ ਤੋਂ ਵੱਧ ਸਮਾਂ ਉਹ ਸਿਰ ਤੋਂ ਪੈਰਾਂ ਤੱਕ ਪੰਜਾਬੀ ਮਾਂ ਬੋਲੀ 'ਚ ਗੜੁੱਚ ਰਿਹਾ ਹੈ ਬਲਕਿ ਪੰਜਾਬੀ ਦਾ ਦੂਤ ਬਣ ਕੇ ਸੰਸਾਰ ਭਰ 'ਚ ਵਿਚਰਦਾ ਰਿਹਾ ਹੈ। ਦੇਸ਼ -ਵਿਦੇਸ਼ ਦੀ ਨਵੀਂ ਪੀੜ੍ਹੀ ਨੂੰ ਮਾਂ -ਬੋਲੀ ਨਾਲ ਜੋੜੀ ਰੱਖਣ ਵਿਚ ਹੋਰਨਾਂ ਗਾਇਕਾਂ ਦੇ ਨਾਲ ਗੁਰਦਾਸ ਦਾ ਰੋਲ ਵੀ ਮੋਹਰੀ ਰਿਹਾ ਹੈ। ਉਸਦੀ ਪੰਜਾਬੀ ਦਾ ਝੰਡਾ ਬੁਲੰਦ ਰੱਖਣ ਦੀ ਇਸ ਭੂਮਿਕਾ ਨੂੰ ਕਿਸੇ ਤਰ੍ਹਾਂ ਵੀ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ।
ਸਵਾਲ ਇਹ ਵੀ ਹੈ ਕਿ ਕੀ ਜਦੋਂ ਅਜਿਹਾ ਕੋਈ ਸ਼ਖਸ਼ ( ਗੁਰਦਾਸ ਮਾਨ ਦੀ ਥਾਂ ਉਹ ਕੋਈ ਹੋਰ ਵੀ ਸਕਦਾ ਹੈ ), ਆਪਣੇ ਅਕਸ ਤੋਂ ਉਲਟ ਜਾਂ ਸਾਡੀਆਂ ਆਸਾਂ-ਉਮੀਦਾਂ ਤੋ ਉਲਟ ਬੋਲੀ ਦੇ ਮੁੱਦੇ ਬਾਰੇ ਕੋਈ ਵਿਚਾਰ ਰੱਖੇ, ਜਿਸ ਨੂੰ ਅਸੀਂ ਗ਼ਲਤ ਅਤੇ ਨੁਕਸਾਨਦੇਹ ਸਮਝਦੇ ਹੋਈਏ ਤਾਂ ਉਦੋਂ ਦੁੱਖ , ਗ਼ੁੱਸਾ ਅਤੇ ਵਿਰੋਧ ਤਾਂ ਜਾਇਜ਼ ਹੈ। ਪਰ ਸਵਾਲ ਇਹ ਹੈ ਕਿ ਵਿਰੋਧ ਦੇ ਸਾਡੇ ਤੌਰ -ਤਰੀਕੇ ਕਿਹੋ ਜਿਹੇ ਹੋਣੇ ਚਾਹੀਦੇ ਨੇ ?
ਕੀ ਉਸ ਦੇ ਵਿਚਾਰ ਜਾਂ ਬੋਲਾਂ ਨੂੰ ਤਰਕ ਜਾਂ ਦਲੀਲ ਨਾਲ ਕਾਟ ਕਰਨ ਜਾਂ ਉਸ ਨਾਲ ਸੰਵਾਦ ਰਚਾਉਣ ਦੀ ਬਜਾਏ ਥਾਂ ਲਾ-ਲਾ , ਲਾ-ਲਾ ਕਰ ਕੇ ਉਸਦੇ ਮਗਰ ਪੈ ਜਾਣਾ, ਉਸਨੂੰ ਇਕ ਦਮ ਪੰਜਾਬੀ ਦਾ ਗ਼ੱਦਾਰ ,ਦਲਾਲ ਗਰਦਾਨ ਦੇਣਾ ਅਤੇ ਉਸਦੇ ਬਾਈਕਾਟ ਦੇ ਸੱਦੇ ਦੇਣਾ ਕਿੱਥੋਂ ਤੱਕ ਵਾਜਬ ਹੈ ? ਕੀ ਇਹ ਵਿਚਾਰਾਂ ਦੀ ਆਜ਼ਾਦੀ ਦੇ ਹੱਕ ਦੇ ਖ਼ਿਲਾਫ਼ ਨਹੀਂ ? ਜਿਹੜੇ ਦੋਸ਼ ਅਸੀਂ ਸਰਕਾਰਾਂ ਤੇ ਲਾਉਂਦੇ ਹਾਂ , ਕੀ ਅਸੀਂ ਵੀ ਉਸੇ ਰਾਹ ਨਹੀਂ ਪੈ ਗਏ ? ਜਿੱਥੋਂ ਤੱਕ ਗੁਰਦਾਸ ਮਾਨ ਵੱਲੋਂ ਵਰਤੀ ਗਈ ਘਟੀਆ ਅਤੇ ਭੱਦੀ ਭਾਸ਼ਾ ਦਾ ਸਵਾਲ ਹੈ ਉਹ ਮੈਂ ਪਹਿਲਾਂ ਕਹਿ ਚੁੱਕਾ ਹਾਂ, ਇਸ ਲਈ ਉਸ ਨੂੰ ਸ਼ਰੇਆਮ ਮਾਫ਼ੀ ਮੰਗਣੀ ਅਤੇ ਪਛਤਾਵਾ ਕਰਨਾ ਚਾਹੀਦਾ ਹੈ, ਭਾਸ਼ਾ ਬਾਰੇ ਉਹ ਆਪਣਾ ਸਪਸ਼ਟੀਕਰਨ ਵੱਖਰਾ ਦੇਵੇ।
ਬੰਦਾ ਆਖ਼ਰ ਬੰਦਾ ਹੀ ਹੁੰਦਾ ਹੈ, ਕੋਈ ਇਨਸਾਨ ਸੰਪੂਰਨ ਨਹੀਂ ਹੁੰਦਾ। ਉਹ ਕਦੇ ਕਿਸੇ ਗ਼ਲਤ ਵਿਚਾਰ ਜਾਂ ਵਿਹਾਰ 'ਚ ਗ਼ਲਤਾਨ ਹੋ ਸਕਦੈ। ਪਰ ਕਿਸੇ ਇੱਕ ਉਕਾਈ ਲਈ ਉਸਦੀ ਦੇ ਪਿਛਲੇ ਸਮੁੱਚੇ ਕਿਰਦਾਰ ਨੂੰ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ ਅਤੇ ਉਸਦੀ ਗ਼ਲਤੀ ਸੁਧਾਰਨ ਦੀ ਗੁੰਜਾਇਸ਼ ਨੂੰ ਰੱਦ ਨਹੀਂ ਕਰਨਾ ਚਾਹੀਦਾ।
ਕੁਝ ਸਵਾਲ ਜਿਨ੍ਹਾਂ ਦਾ ਸਾਡੇ ਕੋਲ ਜਵਾਬ..
ਕੁੱਝ ਹੋਰ ਸਵਾਲ ਜਿਨ੍ਹਾਂ ਬਾਰੇ ਸਾਨੂੰ ਸੋਚਣਾ ਬਣਦੈ ਕਿ ਪੰਜਾਬ 'ਚ ਹਿੰਦੀ ਅਖ਼ਬਾਰਾਂ ਦੀ ਕੁਲ ਛਪਣ ਗਿਣਤੀ ਪੰਜਾਬੀ ਨਾਲੋਂ ਵੱਧ ਕਿਉਂ ਹੈ ? ਕਿਉਂ ਜਦੋਂ ਕਿਸੇ ਚੈਨਲ ਦਾ ਮਾਇਕ ਸਾਹਮਣੇ ਆ ਜਾਂਦਾ ਹੈ ਤਾਂ ਥਾਣੇਦਾਰ ਤੋ ਲੈਕੇ ਉਤਲੇ ਅਫ਼ਸਰ ਅਤੇ ਅਕਾਲੀਆਂ ਸਮੇਤ ਸਾਡੇ ਸਾਰੇ ਨੇਤਾ ਹਿੰਦੀ ਬੋਲਣੀ ਸ਼ੁਰੂ ਕਰ ਦਿੰਦੇ ਨੇ ? ਇੱਕ ਪਾਸੇ ਮੋਦੀ, ਅਮਰੀਕਾ ਜਾ ਕੇ ਟ੍ਰੰਪ ਅਤੇ ਗੋਰੇ ਹੁਕਮਰਾਨਾ ਦੀ ਹਾਜ਼ਰੀ ਵਿਚ ਅਮਰੀਕਨ ਭਾਰਤੀਆਂ ਦੇ ਇਕੱਠ ਵਿਚ ਆਪਣਾ ਭਾਸ਼ਣ ਹਿੰਦੀ ਵਿਚ ਦੇ ਸਕਦੇ ਹਨ ਤਾਂ ਪੰਜਾਬ ਦੇ ਸਾਡੇ ਐਮ.ਪੀ ਲੋਕ ਸਭਾ ਅਤੇ ਰਾਜ ਸਭਾ 'ਚ ਆਪਣੇ ਮੁਲਕ ਦੇ ਐਮ.ਪੀਜ਼ ਨੂੰ ਪੰਜਾਬੀ 'ਚ ਸੰਬੋਧਨ ਕਿਉਂ ਨਹੀਂ ਕਰ ਸਕਦੇ ? ਉਹ ਹਰ ਵਾਰ ਕਿਉਂ ਔਖੇ ਹੋ ਕੇ , ਟੁੱਟੀ -ਫੁੱਟੀ ਹਿੰਦੀ 'ਚ ਬੋਲਦੇ ਹਨ ? ਇਸ ਮੁੱਦੇ 'ਤੇ ਉਨ੍ਹਾਂ ਦਾ ਵਿਰੋਧ ਕਿਉਂ ਨਹੀਂ ਕੀਤਾ ਕਦੇ ਕਿਸੇ ਨੇ ? ਉਨ੍ਹਾਂ ਨੂੰ ਕਦੇ ਕਿਉਂ ਨਹੀਂ ਘੇਰਿਆ ਕਿਸੇ ਨੇ ? ਪੰਜਾਬ ਰਾਜ ਭਾਸ਼ਾ ਪੰਜਾਬੀ ਹੋਣ ਦੇ ਬਾਵਜੂਦ ਅਦਾਲਤਾਂ ਦਾ ਸਾਰਾ ਕੰਮ ਕਾਜ ਅੰਗਰੇਜ਼ੀ 'ਚ ਹੋ ਰਿਹੈ। ਸਾਡੀ ਰਾਜਧਾਨੀ ਚੰਡੀਗੜ੍ਹ 'ਚ ਅੰਗਰੇਜ਼ੀ ਤੇ ਸਿਰਫ਼ ਅੰਗਰੇਜ਼ੀ ਸਰਕਾਰੀ ਭਾਸ਼ਾ ਹੈ। ਕੁਝ ਚੋਣਵੇਂ ਪੰਜਾਬੀ ਹਿਤੈਸ਼ੀ ਚਿੰਤਕ, ਲੇਖਕ ਅਤੇ ਪੱਤਰਕਾਰ ਹਮੇਸ਼ਾਂ ਇਨ੍ਹਾਂ ਮੁੱਦਿਆਂ 'ਤੇ ਕਰਮਸ਼ੀਲ ਜ਼ਰੂਰ ਰਹਿੰਦੇ ਹਨ ਪਰ ਕਦੇ ਅਸੀਂ ਰਾਜ-ਭਾਗ ਮਾਣ ਰਹੇ ਨੇਤਾਵਾਂ ਦਾ ਇਸ ਢੰਗ ਨਾਲ ਵਿਰੋਧ ਕੀਤਾ ਹੈ ਜਿਸ ਤਰ੍ਹਾਂ ਹੁਣ ਗੁਰਦਾਸ ਮਾਨ ਦਾ ਕੀਤਾ ਜਾ ਰਿਹੈ ?
ਪਿੱਛੋਂ ਸੁੱਝੀ : ਇਸ ਮੁੱਦੇ ਬਾਰੇ ਮੈਂ ਗੁਰਦਾਸ ਮਾਨ ਦਾ ਪੱਖ ਜਾਨਣ ਦਾ ਯਤਨ ਕੀਤਾ ਸੀ। ਜਦੋਂ ਉਹ ਕੈਨੇਡਾ 'ਚ ਸਨ ਤਾਂ ਮਨਜੀਤ ਮਾਨ ਨਾਲ ਫੋਨ ਤੇ ਹੋਈ ਗੱਲਬਾਤ ਦੌਰਾਨ ਮੈਂ ਗੁਰਦਾਸ ਮਾਨ ਨਾਲ ਗੱਲ ਕਰਾਉਣ ਲਈ ਕਿਹਾ ਵੀ ਸੀ ਪਰ ਵਾਪਸੀ ਫ਼ੋਨ ਨਹੀਂ ਆਇਆ।
26 ਸਤੰਬਰ 2019
-
ਬਲਜੀਤ ਬੱਲੀ, ਸੰਪਾਦਕ ,ਬਾਬੂਸ਼ਾਹੀ ਡਾਟ ਕਾਮ , ਚੰਡੀਗੜ੍ਹ
tirshinazar@gmail.com
+91-9915177722
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.