1.
ਬੋਲਣ ਨਾਲੋਂ ਚੁੱਪ ਚੰਗੇਰੀ,
ਚੁੱਪ ਦੇ ਨਾਲੋਂ ਪਰਦਾ।
ਜੇ ਮਨਸੂਰ ਨਾ ਬੋਲਦਾ
ਤਾਂ ਸੂਲੀ ਕਾਹਨੂੰ ਚੜ੍ਹਦਾ।
2.
ਗੱਲਾਂ ਗੱਲਾਂ ਵਿੱਚ ਗੱਲ ਦੀ ਗਾਲ ਬਣਜੇ,
ਗਾਲ ਬਿਨ੍ਹਾਂ ਕੋਈ ਪੰਗਾ ਨਈਂ ਹੋ ਸਕਦਾ।
ਹਿੰਦੂ ਸਿੱਖ ਮੁਸਲਮਾਨ ਜੇ ਵੱਖ ਹੋ ਗਏ,
ਤਿੰਨਾਂ ਬਾਝ ਤਿਰੰਗਾ ਨਈਂ ਹੋ ਸਕਦਾ।
ਜਿਹੜਾ ਕਰੇ ਬੁਰਾਈ ਦੂਜਿਆਂ ਦੀ,
ਉਹ ਆਪ ਵੀ ਚੰਗਾ ਨਈਂ ਹੋ ਸਕਦਾ।
3
ਸਭ ਸਖੀਆਂ ਇਥੇ ਪਾਣੀ ਨੂੰ ਆਈਆਂ,
ਕੋਈ ਕੋਈ ਮੁੜਸੀ ਭਰ ਕੇ।
ਜਿੰਨ੍ਹਾਂ ਨੇ ਭਰ ਕੇ ਸਿਰ ਤੇ ਰੱਖੀਆਂ,
ਪੈਰ ਧਰਨ ਡਰ ਡਰ ਕੇ।
ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਗੱਲਾਂ ਪੰਜਾਬੀਆਂ ਵੱਲੋਂ, ਪੰਜਾਬੀ ਦੇ ਬਾਬਾ ਬੋਹੜ ਤੇ ਮਾਂ ਬੋਲੀ ਦੇ ਸਰਵਣ ਪੁੱਤ ਦਾ ਖਿਤਾਬ ਹਾਸਲ ਕਰਨ ਵਾਲੇ ਮਰ ਜਾਣੇ ਮਾਨ ਨੇ ਬਹੁਤ ਸਾਰੇ ਗੀਤਾਂ ਵਿੱਚ ਆਖੀਆਂ। ਤੇ ਲੋਕ ਮਨਾਂ ਵਿੱਚ ਅੱਜ ਵੀ ਉਕਰੀਆਂ ਹੋਈਆਂ ਨੇ।ਐਨੀ ਪ੍ਰਸਿੱਧੀ ਸ਼ਾਇਦ ਹੀ ਕਿਸੇ ਕਲਾਕਾਰ ਦੇ ਹਿੱਸੇ ਆਈ ਹੋਵੇ।ਲੋਕਾਂ ਨੇ ਪਲਕਾਂ ਤੇ ਬਿਠਾ ਕੇ ਰੱਖਿਆ ਸਦਾ। ਮਰ ਜਾਣੇ ਮਾਨ ਨੇ ਵੀ ਕਦੇ ਇਸ ਗੱਲ ਦਾ ਮਾਣ ਨਹੀ ਕੀਤਾ ਜਾਂ ਸਾਡੇ ਸਾਹਮਣੇ ਨਾ ਲਿਆਉਣ ਵਿੱਚ ਹੁਣ ਤੱਕ ਕਾਮਯਾਬ ਰਹੇ।
ਬਹੁਤ ਹੀ ਸਨੇਹ ਤੇ ਅਦਬ ਨਾਲ ਉਸਨੂੰ ਹਰ ਪੰਜਾਬੀ ਸੁਣਦਾ ਮਾਣਦਾ ਤੇ ਚਿਤਵਦਾ ਸੀ।
ਤੀਸਰੇ ਨੰ ਵਾਲੀ ਗੱਲ
" ਜਿੰਨ੍ਹਾਂ ਨੇ ਭਰ ਕੇ ਸਿਰ ਤੇ ਰੱਖੀਆਂ,
ਪੈਰ ਧਰਨ ਡਰ ਡਰ ਕੇ।"
ਦੇ ਧਾਰਨੀ ਗੁਰਦਾਸ ਮਾਨ ਨੇ ਕਦੇ ਪੰਜਾਬੀਆਂ ਦੇ ਮੋਹ ਦੀ ਨੱਕੋ ਨੱਕ ਭਰੀ ਗਾਗਰ ਵਿਚੋਂ ਇਕ ਤੁਪਕਾ ਨਹੀਂ ਛਲਕਣ ਦਿੱਤਾ।
ਤਲਖੀ ਵਿੱਚ ਮੀਡੀਆ ਸਾਹਮਣੇ ਕਦੇ ਕੋਈ ਬਿਆਨ ਨਹੀਂ ਦਿੱਤਾ।ਹਮੇਸ਼ਾ ਸਵਾਲਾਂ ਦੇ ਜਵਾਬ ਦੇਣ ਲੱਗੇ ਉਹ ਗੱਲ ਨੂੰ ਆਪਣੇ ਤਰੀਕੇ ਨਾਲ ਕਹਿ ਕੇ ਕਿਸੇ ਦਾ ਸਿੱਧਾ ਵਿਰੋਧ ਨਾ ਕਰਦੇ।
ਜਿਵੇਂ ਕਿਸੇ ਨੇ ਪੁੱਛਣਾ,
"ਮਾਨ ਸਾਹਬ ਅੱਜ ਦੀ ਲੱਚਰ ਗਾਇਕੀ ਬਾਰੇ ਕੀ ਕਹੋਗੇ?"
ਉਨ੍ਹਾਂ ਜਵਾਬ ਦੇਣਾ,
"ਬਾਬਿਓ ਸ੍ਰਿਸ਼ਟੀ ਹੀ ਦੋ ਚੀਜ਼ਾਂ ਦੇ ਸੁਮੇਲ ਤੋਂ ਬਣੀ ਹੈ,
ਆਕਾਸ਼ ਪਾਤਾਲ
ਦਿਨ ਰਾਤ
ਧੁੱਪ ਛਾਂ
ਚੰਗਾ ਬੁਰਾ
ਬੁਰਿਆਂ ਕਰਕੇ ਹੀ ਚੰਗਿਆਂ ਦੀ ਪਹਿਚਾਣ ਹੈ।"
ਉਨ੍ਹਾਂ ਦੀ ਇਸ ਹਾਜ਼ਰ ਜਵਾਬੀ ਦੇ ਕਮਾਲ ਅਕਸਰ ਸੁਣਨ ਨੂੰ ਮਿਲਦੇ।
ਬੇਸ਼ੱਕ ਉਸਨੇ ਚਿਹਰੇ ਚਿਹਰੇ ਉਪਰ ਚਿਹਰਾ ਹੀ ਚੜ੍ਹਾ ਕੇ ਰੱਖਿਆ ਹੋਵੇ ਪਰ ਤਾ-ਉਮਰ ਕਾਮਯਾਬ ਰਿਹਾ।ਘਟੋ ਘੱਟ ਆਪਣੇ ਹਰ ਐਕਟ ਰਾਹੀਂ ਚੰਗੀਆਂ ਚੀਜ਼ਾਂ ਪੰਜਾਬੀ ਅਦਬ ਦੀ ਝੋਲੀ ਵਿੱਚ ਪਾਈਆਂ।
ਪਰ ਅਚਾਨਕ ਹੀ ਜ਼ਿੰਦਗੀ ਦੇ ਆਖਰੀ ਪੜਾਅ ਤੇ ਇਕ ਅਜਿਹਾ ਮੋੜ ਆਉਂਦਾ ਕਿ ਉਸਦਾ ਬੋਲਿਆ ਇਕੋ ਬੋਲ ਉਸਦੇ ਸਾਰੇ ਕੀਤੇ ਕਰਾਏ ਤੇ ਪਾਣੀ ਫੇਰ ਦਿੰਦਾ।
ਜਿਵੇਂ ਕਹਿੰਦੇ ਨੇ
ਮਾੜਾ ਬੋਲ ਜ਼ੁਬਾਨ ਚੋਂ ਬੋਲੀਏ ਨਾ,
ਮਾੜਾ ਬੋਲ ਸੱਜਣਾ ਤਿੱਖਾ ਤੀਰ ਹੁੰਦਾ।
ਇਕ ਬੋਲ ਜਹਾਨ ਚੋਂ ਲੱਦ ਦਿੰਦਾ,
ਇਕ ਬੋਲ ਨਿਰਾ ਅਕਸ਼ੀਰ ਹੁੰਦਾ।
ਮੇਰੇ ਸਮੇਤ ਕਈ ਲੋਕਾਂ ਨੂੰ ਛੇਤੀ ਯਕੀਨ ਨਹੀਂ ਆਉਂਦਾ ਕਿ ਇਹ ਮਰ ਜਾਣਾ ਮਾਨ ਬੋਲ ਸਕਦਾ। ਪਰ ਖੋਜ ਕੀਤਿਆਂ ਸੱਚ ਨਿਕਲਦਾ।
ਉਨਕੀ ਭੀ ਕਈ ਮਜਬੂਰੀਆਂ ਰਹੀ ਹੋਂਗੀ,
ਯੂੰ ਹੀ ਤੋ ਕੋਈ ਬੇਵਫਾ ਨਹੀਂ ਹੋਤਾਂ ।
ਲੋੜ ਹੈ ਗੁਰਦਾਸ ਮਾਨ ਦੇ ਸਾਰੇ ਜੀਵਨ ਦੇ ਕੰਮ ਤੇ ਨਿਗਾਹ ਮਾਰਨ ਦੀ।ਤੇ ਇਸ ਮਸਲੇ ਨੂੰ ਸੰਜੀਦਗੀ ਨਾਲ ਨਜਿੱਠਣ ਦੀ।
ਐਨਾ ਵੀ ਨਾ ਅੰਤ ਸਮੇਂ ਦੁਖੀ ਹੋ ਜਾਵੇ ਕਿ ਉਹ ਸੋਚੇ !
ਕਾਸ਼! ਮੈਂ ਪੰਜਾਬੀ ਨਾ ਹੁੰਦਾ।
-
ਪਰਮ ਪਰਵਿੰਦਰ, ਲੇਖਕ
Parmparwinder9@gmail.com
9814621165
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.