ਈਸ਼ਵਰ ਚੰਦਰ ਨੰਦਾ ਦਾ ਨਾਮ ਪੰਜਾਬੀ ਸਾਹਿਤ ਦੇ ਖੇਤਰ ਚ ਧਰੂ ਤਾਰੇ ਵਾਂਗ ਚਮਕਦਾ ਹੈ।ਪੰਜਾਬੀ ਨਾਟਕ,ਇਕਾਂਗੀ ਅਤੇ ਨਾਵਲਕਾਰ ਵਜੋਂ ਉਹਨਾਂ ਵਿਲੱਖਣ ਅਤੇ ਅਮਿੱਟ ਪੈੜ੍ਹਾਂ ਪਾਈਆਂ ਹਨ।ਪੰਜਾਬੀ ਮਾਂ ਬੋਲੀ ਦੇ ਇਸ ਮਾਣਮੱਤੇ ਸਾਹਿਤਕਾਰ ਦਾ ਜਨਮ ਚੜ੍ਹਦੇ ਪੰਜਾਬ ਦੇ ਪਿੰਡ ਗਾਂਧੀਆਂ, ਜਿਲ੍ਹਾ ਗੁਰਦਾਸਪੁਰ ਵਿਖੇ ਪਿਤਾ ਦੀਵਾਨ ਭਾਗ ਮੱਲ ਨੰਦਾ ਅਤੇ ਮਾਤਾ ਸ੍ਰੀਮਤੀ ਆਤਮਾ ਦੇਵੀ ਦੀ ਕੁੱਖੋਂ 30 ਸਤੰਬਰ 1892 ਨੂੰ ਹੋਇਆ।
ਬਚਪਨ ਵਿੱਚ ਹੀ ਪਿਤਾ ਦੀ ਮੌਤ ਹੋ ਜਾਣ ਕਾਰਨ ਉਹਨਾਂ ਬੜੀ ਗ਼ਰੀਬੀ ਦੇ ਦਿਨ ਆਪਣੇ ਕੋਮਲ ਮਨ ਅਤੇ ਤਨ ਤੇ ਹੰਢਾਏ, ਪਰ ਫਿਰ ਵੀ ਉਸ ਵਿੱਚ ਪੜ੍ਹਨ ਦੀ ਲਗਨ ਮੱਧਮ ਨਾ ਪਈ। ਉਹਨਾਂ ਪ੍ਰਾਇਮਰੀ ਦੀ ਪ੍ਰੀਖਿਆ 1905 ਚ ਜਿਲ੍ਹੇ ਚੋਂ ਪਹਿਲੇ ਸਥਾਨ ਤੇ ਰਹਿ ਕੇ ਪਾਸ ਕੀਤੀ ਅਤੇ 1911 ਚ ਦਸਵੀਂ ਦੀ ਪ੍ਰੀਖਿਆ ਪਹਿਲੇ ਦਰਜੇ ਵਜੀਫੇ ਸਹਿਤ ਪਾਸ ਕੀਤੀ ਸੀ।
ਉਹਨਾਂ ਨੂੰ ਬਚਪਨ ਚ ਰਾਸ ਲੀਲ੍ਹਾ, ਰਾਮ ਲੀਲ੍ਹਾ, ਲੋਕ ਨਾਟਕ, ਖੇਡਾਂ ਅਤੇ ਤਮਾਸ਼ੇ ਆਦਿ ਵੇਖਣ ਦਾ ਬਹੁਤ ਸ਼ੌਂਕ ਸੀ। ਸਕੂਲ ਦੇ ਦਿਨਾਂ ਵਿੱਚ ਉਸ ਨੇ ਆਪ ਨਾਟਕਾਂ ਵਿੱਚ ਅਦਾਕਾਰੀ ਕੀਤੀ। ਕਾਲਜ ਦੀ ਪੜ੍ਹਾਈ ਦੌਰਾਨ ਉਨ੍ਹਾਂ ਦਾ ਨਾਟਕ ਵਿੱਚ ਉਤਸ਼ਾਹ ਰੱਖਣ ਵਾਲੀ ਇੱਕ ਪ੍ਰੋਫੈਸਰ ਦੀ ਪਤਨੀ, ਮਿਸਿਜ਼ ਨੌਰਾ ਰਿਚਰਡਜ਼ ਨਾਲ਼ ਮੇਲ ਹੋਇਆ। ਉਸ ਦੀ ਪ੍ਰੇਰਨਾ ਸਦਕਾ ਆਈ. ਸੀ ਨੰਦਾ ਨੇ ਨਾਟਕ ਲਿਖਣੇ ਸ਼ੁਰੂ ਕੀਤੇ ਅਤੇ ਨਾਟਕਾਂ ਵਿਚ ਸ਼ਮੂਲੀਅਤ ਕਰਨੀ ਸ਼ੁਰੂ ਕਰ ਦਿੱਤੀ। ਉਸ ਦਾ ਪਹਿਲਾ ਇਕਾਂਗੀ ਦੁਲਹਨ ਹੈ, ਜੋ ਉਸ ਨੇ ਸੰਨ 1913 ਵਿੱਚ ਨੌਰਾ ਚਿਚਰਡਜ਼ ਵੱਲੋਂ ਕਰਵਾਏ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਲਿਖਿਆ ਅਤੇ ਇਸ ਇਕਾਂਗੀ ਨੇ ਮੁਕਾਬਲੇ ਚ ਪਹਿਲਾ ਇਨਾਮ ਹਾਸਲ ਕੀਤਾ।
ਉਹਨਾਂ ਦਿਆਲ ਸਿੰਘ ਕਾਲਜ ਲਾਹੌਰ ਵਿੱਚੋਂ ਪਹਿਲਾਂ ਬੀ.ਏ.ਆਨਰਜ਼ ਅਤੇ ਫੇਰ ਅੰਗਰੇਜ਼ੀ ਦੀ ਐੱਮ.ਏ.ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਅੱਵਲ ਦਰਜੇ ਚ ਪਾਸ ਕੀਤੀ। ਫਿਰ ਉਹ ਦਿਆਲ ਸਿੰਘ ਕਾਲਜ ਵਿੱਚ ਹੀ ਅੰਗਰੇਜ਼ੀ ਦੇ ਲੈਕਚਰਾਰ ਲੱਗ ਗਏ ਸਨ।
ਈਸ਼ਵਰ ਚੰਦਰ ਨੰਦਾ ਇੱਕ ਅਜਿਹਾ ਪੰਜਾਬੀ ਨਾਟਕਕਾਰ ਅਤੇ ਲੇਖਕ ਸੀ,ਜਿਸ ਨੇ ਆਪਣੀਆਂ ਇਕਾਂਗੀ ਅਤੇ ਨਾਟ-ਰਚਨਾਵਾਂ ਦੀ ਸਿਰਜਣਾ ਸਟੇਜ ਪ੍ਰਦਰਸ਼ਨ ਪੱਖ ਤੋਂ ਕੀਤੀ ਅਤੇ ਨਾਟਕਾਂ ਚ ਯਥਾਰਥਵਾਦੀ ਅਤੇ ਵਿਗਿਆਨਕ ਦ੍ਰਿਸ਼ਟੀਕੋਣ ਲੀਹਾਂ ਦੀ ਉਸਾਰੀ ਕੀਤੀ।ਆਈ.ਸੀ.ਨੰਦਾ ਨੇ ਪਰਿਵਾਰਕ, ਸਮਾਜਿਕ ,ਸੱਭਿਆਚਾਰਕ ਕਦਰਾਂ ਕੀਮਤਾਂ ਦੇ ਜੀਵਨ ਨਾਲ ਭਰਪੂਰ ਨਾਟਕ ਲਿਖੇ,ਉਸਨੇ ਆਪਣੇ ਨਾਟਕਾਂ ਵਿਚ ਪੇਂਡੂ ਜੀਵਨ ਦੀਆਂ ਸਮੱਸਿਆਵਾਂ ਨੂੰ ਬਾਖੂਬੀ ਪੇਸ਼ ਕੀਤਾ।ਉਹਨਾਂ ਦੇ ਨਾਟਕਾਂ ਦਾ ਅੰਤ ਸੁਖਾਂਤਕ ਹੈ ਜੋ ਸ਼ੇਕਸਪੀਅਰ ਦੇ ਨਾਟਕਾਂ ਦੇ ਰੁਮਾਂਟਿਕ ਸੁਖਾਂਤਕ ਅੰਤਾਂ ਤੋਂ ਪ੍ਰਭਾਵਿਤ ਹੈ।ਪਰ ਉਹਨਾਂ ਦੇ ਨਾਟਕ 'ਸੁਹਾਗ' ਦਾ ਅੰਤ ਦੁਖਾਂਤਕ ਹੈ।
ਉਹਨਾਂ ਨੇ ਸਭੱਦਰ(1920),ਸ਼ਾਮੂ ਸ਼ਾਹ(1928),ਵਰ ਘਰ (1930),ਸੋਸ਼ਲ ਸਰਕਲ(1953) ਆਦਿ ਬਹੁ-ਅੰਕੀ ਨਾਟਕਾਂ ਦੀ ਰਚਨਾ ਕੀਤੀ।ਉਹਨਾਂ ਦੇ ਲਿਖੇ ਇਕਾਂਗੀ ਸੰਗ੍ਰਹਿ ਝਲਕਾਰੇ(1950),ਲਿਸ਼ਕਾਰੇ(1953),ਚਮਕਾਰੇ (1968) ਆਦਿ ਵੀ ਸਾਹਿਤ ਦੇ ਖੇਤਰ ਚ ਵਿਸ਼ੇਸ਼ ਸਥਾਨ ਰੱਖਦੇ ਹਨ।ਉਹਨਾਂ ਦਾ ਲਿਖਿਆ ਨਾਵਲ 'ਤੇਜ ਕੌਰ' ਵੀ 1928 ਵਿੱਚ ਛਪਿਆ ਸੀ।ਉਹਨਾਂ ਦੀਆਂ ਕੁੱਝ ਰਚਨਾਵਾਂ ਉਹਨਾਂ ਦੀ ਫੌਤ ਹੋ ਜਾਣ ਤੋਂ ਬਾਅਦ ਵੀ ਛਪੀਆਂ ਸਨ।ਉਹਨਾਂ ਦਾ ਲਿਖਿਆ ਇਕਾਂਗੀ 'ਬੇਬੇ ਰਾਮ ਭਜਨੀ' 1914 ਚ ਮੁਕਾਬਲੇ ਚੋਂ ਦੂਸਰੇ ਨੰਬਰ ਤੇ ਰਿਹਾ ਸੀ।ਉਹਨਾਂ ਨੂੰ ਸਾਹਿਤ ਦੇ ਨਾਟਕ ਦੇ ਖੇਤਰ ਪਾਏ ਅਣਮੋਲ ਅਤੇ ਵਿਲੱਖਣ ਯੋਗਦਾਨ ਸਦਕਾ 1951 ਚ ਪੰਜਾਬੀ ਮਹਿਕਮਾ ਪੈਪਸੂ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਆ ਗਿਆ ਸੀ।
ਉਹ ਇੱਕ ਸੁਚੇਤ ਅਤੇ ਵਿਗਿਆਨਕ ਦਿਸ਼ਾਵੀਂ ਨਾਟਕਕਾਰ ਸਨ।ਉਹਨਾਂ ਦੇ ਨਾਟਕਾਂ ਦੀ ਵਿਲੱਖਣਤਾ ਇਹ ਵੀ ਹੈ ਕਿ ਉਹਨਾਂ ਕਿਸੇ ਸਿਆਸੀ ਪਾਰਟੀ ਦੇ ਸਿਧਾਂਤ ਨੂੰ ਨਾ-ਅਪਣਾਕੇ ਲੋਕ ਪੱਖੀ ਪਹੁੰਚ ਨੂੰ ਅਪਣਾਇਆ ਅਤੇ ਲੋਕਾਂ ਦੀ ਭਾਸ਼ਾ ਅਤੇ ਬੋਲੀ ਚ ਲੋਕਾਂ ਦੀ ਸਮੱਸਿਆਵਾਂ ਨੂੰ ਨਾਟਕੀ ਰੂਪ ਦਿੱਤਾ, ਜੋ ਉਹਨਾਂ ਲਈ ਮੱਦਦਗਾਰ ਸਾਬਤ ਹੋਇਆ।ਅੰਤ 3 ਸਤੰਬਰ 1966 ਦੀ ਰਾਤ ਨੂੰ ਇਹ ਮਹਾਨ ਨਾਟਕਕਾਰ ਇਸ ਫਾਨੀ ਸੰਸਾਰ ਅਲਵਿਦਾ ਕਹਿ ਗਿਆ।
ਉਹਨਾਂ ਦੇ ਇਕਾਂਗੀ ਸੰਗ੍ਰਹਿ ਅਤੇ ਨਾਟਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਛਾਪੇ ਗਏ ਹਨ। ਉਹਨਾਂ ਦੇ ਸਾਹਿਤ ਦੇ ਖੇਤਰ ਚ ਪਾਏ ਪੂਰਨਿਆਂ ਤੋਂ ਸਾਹਿਤਕਾਰ ਨੂੰ ਸੇਧ ਮਿਲਦੀ ਰਹੇਗੀ।
ਬੀਂਬੜ੍ਹ, ਸੰਗਰੂਰ।
-
ਇੰਜੀ.ਸਤਨਾਮ ਸਿੰਘ ਮੱਟੂ, ਲੇਖਕ
####
9779708257
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.