ਅੱਜ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਕਾਂਗਰਸ ਸਰਕਾਰ ਨੇ ਆਪਣੇ ਸਾਸ਼ਨ ਦੇ ਅੱਧੇ ਕਾਰਜਕਾਲ ਦਾ ਸਮਾਂ ਪੂਰਾ ਕਰ ਲਿਆ ਹੈ। ਕੀ ਪੰਜਾਬ ਦੇ ਲੋਕਾਂ ਦੁਆਰਾ ਵੱਡੀਆਂ ਆਸਾਂ ਉਮੀਦਾਂ, ਇੱਕ ਬਿਹਤਰ ਭਵਿੱਖ ਅਤੇ ਖੁਸ਼ਹਾਲ ਜੀਵਨ ਦੀ ਕਾਮਨਾ ਕਰਦੇ ਚੁਣੀ ਗਈ ਇਸ ਸਰਕਾਰ ਦਾ ਨੈਤਿਕ ਅਤੇ ਸੰਵਿਧਾਨਿਕ ਫ਼ਰਜ ਨਹੀਂ ਸੀ ਬਣਦਾ ਕਿ ਉਹ ਆਪਣੇ ਅੱਧੇ ਕਾਰਜਕਾਲ ਦੀ ਕਾਰ ਗੁਜ਼ਾਰੀ ਦਾ ਲੇਖਾ-ਜੋਖਾ ਹਰ ਪੰਜਾਬੀ ਨਾਗਰਿਕ ਅੱਗੇ ਇੱਕ ਵਾਈਟ ਪੇਪਰ ਜਾਰੀ ਕਰਦਿਆਂ ਰਖਦੀ ਜਿੰਨਾਂ ਦਾ ਸਮਾਂ, ਧੰਨ ਅਤੇ ਵੋਟਾਂ ਲੈ ਕੇ ਇਹ ਸੱਤਾ ਵਿਚ ਆਈ ਸੀ।
ਹਕੀਕਤ ਤਾਂ ਇਹ ਹੈ ਕਿ ਜੇਕਰ ਉਨ੍ਹਾਂ ਅਤੇ ਉਨ੍ਹਾਂ ਦੀਆਂ ਪੂਰਵਜ ਸਰਕਾਰਾਂ ਨੇ ਇਮਾਨਦਾਰੀ, ਸੰਕਲਪ, ਪਾਰਦਰਸ਼ੀ ਜਵਾਬਦੇਹੀ ਨਾਲ ਪੰਜਾਬ ਦੇ ਲੋਕਾਂ ਅਤੇ ਇਸ ਰਾਜ ਨੂੰ ਵਧੀਆ ਸਾਸ਼ਨ ਦਿਤਾ ਹੁੰਦਾ, ਉਨ੍ਹਾਂ ਦੇ ਇਲਾਕਾਈ, ਭਾਸ਼ਾਈ, ਸਭਿਆਚਾਰਕ, ਆਰਥਿਕ, ਸੰਵਿਧਾਨਿਕ ਹੱਕਾਂ ਅਤੇ ਹਿਤਾਂ ਦੀ ਰਾਖੀ ਕੀਤੀ ਹੁੰਦੀ ਤਾਂ ਅੱਜ ਇਹ ਰਾਜ ਜੋ ਕਦੇ ਦੇਸ਼ ਦਾ ਨੰਬਰ ਇੱਕ ਖੁਸ਼ਹਾਲ, ਵਿਕਾਸਮਈ, ਵਧੀਆ ਅਮਨ-ਕਾਨੂੰਨ ਵਾਲਾ ਸੂਬਾ ਹੁੰਦਾ ਸੀ, ਕੰਗਾਲੀ ਅਤੇ ਬਰਬਾਦੀ ਦੇ ਦਹਾਨੇ ਤੇ ਖੜ੍ਹਾ ਨਾ ਹੁੰਦਾ? ਇਸ ਦੇ ਨੌਜਵਾਨ ਮੁੰਡੇ ਅਤੇ ਕੁੜੀਆਂ ਬੇਰੋਜ਼ਗਾਰੀ ਦੇ ਮਾਰੇ ਰੋਜ਼ੀ-ਰੋਟੀ ਖ਼ਾਤਰ ਵਿਦੇਸ਼ਾਂ ਵੱਲ ਕੂਚ ਨਾ ਕਰਦੇ। ਕਰਜ਼ਿਆਂ ਦੇ ਬੋਝ ਥੱਲੇ ਦੱਬੇ ਰੋਜ਼ਾਨਾ ਦੋ-ਤਿੰਨ ਕਿਸਾਨ ਅਤੇ ਨਸ਼ੀਲੇ ਪਦਾਰਥਾਂ ਦੇ ਆਦੀ ਰੋਜ਼ਾਨਾ ਦੋ-ਤਿੰਨ ਨੌਜਵਾਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਨਾ ਹੁੰਦੇ। ਮਹਿੰਗੀ ਬਿਜਲੀ, ਗੁੰਡਾ ਟੈਕਸਾਂ, ਇੰਸਪੈਕਟਰੀ ਰਾਜ ਅਤੇ ਰਾਜਨੀਤੀਵਾਨਾਂ ਦੇ ਮਾਰੇ ਛੋਟੇ ਅਤੇ ਵੱਡੇ ਸਨਅਤਕਾਰ ਗੁਆਂਢੀ ਰਾਜਾਂ ਵੱਲ ਨਾ ਭੱਜਦੇ। ਗੈਰ-ਕਾਨੂੰਨੀ ਰੇਤਾ-ਬੱਜਰੀ ਮਾਈਨਿੰਗ ਨਾਲ ਛੱਲਣੀ ਦਰਿਆ ਹੜ੍ਹਾਂ ਦੀ ਕਰੋਪੀ ਦਾ ਸ਼ਿਕਾਰ ਨਾ ਹੁੰਦੇ। ਸੋਸ਼ਲ ਮੀਡੀਆ ਰਾਹੀਂ ਲੋਕ ਸਰਕਾਰ ਨੂੰ 'ਸੋਚਿਆ ਯਾਦ ਕਰਵਾ ਦਈਏ' ਜਰੀਏ ਮੁੱਖ ਮੰਤਰੀ, ਮੰਤਰੀ ਮੰਡਲ ਅਤੇ ਕਾਂਗਰਸ ਪਾਰਟੀ ਨੂੰ ਚੋਣ ਮੁਹਿੰਮ ਵੇਲੇ ਕੀਤੇ ਵਾਅਦੇ ਯਾਦ ਨਾ ਕਰਾਉਂਦੇ। ਮੁੱਖ ਮੰਤਰੀ ਸਾਹਿਬ ਅਤੇ ਪਾਕਿਸਤਾਨੀ ਮਿੱਤਰ ਅਰੂਸਾ ਆਲਮ ਦੀਆਂ ਫੋਟੋਆਂ ਪਾ ਕੇ ਨਾ ਲਿਖਦੇ 'ਪਾਕਿਸਤਾਨ ਨਾਲ ਵਪਾਰ ਬੰਦ ਹੋਇਆ ਏ, ਆਸ਼ਕੀ ਨਹੀਂ। ਇਸ ਸਰਕਾਰ ਦੀ ਨਿਕੰਮੀ ਅਤੇ ਲੋਕ-ਵਿਰੋਧੀ ਕਾਰਗੁਜ਼ਾਰੀ ਤੋਂ ਵਿਦੇਸ਼ਾਂ ਵਿਚ ਬੈਠੇ ਪੰਜਾਬੀ ਸ਼ਰਮਸ਼ਾਰ ਅਤੇ ਅਵਾਜ਼ਾਰ ਨਾ ਹੁੰਦੇ।
ਅਜੋਕੇ ਯੁੱਗ ਵਿਚ ਲੋਕਤੰਤਰੀ ਵਿਵਸਥਾ ਸਬੰਧਿਤ ਸ਼ਾਤਰ, ਧੋਖੇਬਾਜ਼, ਸੱਤਾ-ਭੁੱਖ ਨਾਲ ਗ੍ਰਹਸਤ, ਭ੍ਰਿਸ਼ਟਾਚਾਰੀ ਅਤੇ ਦੁਰਾਚਾਰੀ ਰਾਜਨੀਤੀਵਾਨਾਂ ਦਾ ਵਿਸ਼ਵ ਵਿਆਪੀ ਵਰਤਾਰਾ ਬਣ ਚੁੱਕਾ ਹੈ ਕਿ ਵੱਡੇ-ਵੱਡੇ ਲਿਫਾਫ਼ੇਬਾਜ਼ ਲੋਕ-ਲੁਭਾਊ ਪ੍ਰੋਗਰਾਮਾਂ, ਵਾਅਦਿਆਂ ਅਤੇ ਨਾਅਰਿਆਂ ਨਾਲ ਲੋਕਾਂ ਨੂੰ ਮੂਰਖ ਬਣਾਉ, ਉਨ੍ਹਾਂ ਦੇ ਵੋਟ ਪ੍ਰਾਪਤ ਕਰਕੇ ਸੱਤਾ ਪ੍ਰਾਪਤ ਕਰੋ, ਖੂਬ ਧੰਨ ਲੁੱਟੋ, ਪਰਿਵਾਰ, ਕਾਰਪੋਰੇਟ ਅਤੇ ਮਾਫ਼ੀਆਂ ਜੁੰਡਲੀਆਂ ਪਾਲੋ। ਐਸੇ ਯੋਜਨਾਬੱਧ ਰਾਜਨੀਤਕ ਯੁੱਧਨੀਤੀ ਦੇ ਮਾਹਿਰਾਂ ਦੀਆਂ ਟੀਮਾਂ ਵੱਖ-ਵੱਖ ਦੇਸ਼ਾਂ, ਰਾਜਾਂ ਅਤੇ ਇਲਾਕਿਆਂ ਵਿਚ ਮਿਲ ਜਾਂਦੀਆਂ ਹਨ। ਭਾਰਤ ਵਿਚ ਪ੍ਰਸ਼ਾਂਤ ਕਿਸ਼ੋਰ, ਬ੍ਰਿਟੇਨ ਵਿਚ ਸਰ ਮਾਈਕਲ ਬਾਰਬਰ, ਟਿੱਮ ਡਿਕਸਨ, ਅਮਰੀਕਾ ਵਿਚ ਡੇਵਡ ਆਕਸਫੋਰਡ, ਕੈਨੇਡਾ ਵਿਚ ਡੇਵਡ ਹਰਲੇ, ਕੋਰੀ ਤਨੀਕੇ ਅਤੇ ਮਾਈਕਲ ਬਲਾਗਜ਼ ਆਦਿ। ਚੋਣਾਂ ਵੇਲੇ ਆਗੂ ਲੋਕਾਂ ਅੱਗੇ ਲੇਲ੍ਹੜੀਆਂ ਕਢਦੇ ਆਖਦੇ ਹਨ। (1) ਸਾਨੂੰ ਸੁਣਨ ਅਤੇ ਮਿਲਣ ਦਾ ਸਮਾਂ ਦਿਉ (2) ਸਾਨੂੰ ਚੋਣ ਮੁਹਿੰਮ ਪ੍ਰਭਾਵਸ਼ਾਲੀ ਬਣਾਉਣ ਲਈ ਧੰਨ ਦਿਉ (3) ਸਾਨੂੰ ਸੱਤਾ ਪ੍ਰਾਪਤੀ ਲਈ ਵੋਟ ਦਿਉ। ਇਸੇ ਹੀ ਸ਼ਾਤਰਾਨਾਂ ਰਾਜਨੀਤਕ ਚਾਲ ਨੂੰ ਸਫਲਤਾਪੂਰਵਕ ਚਲਾਉਂਦੇ ਕਾਂਗਰਸ ਆਗੂ ਕੈਪਟਨ ਅਮਰਿੰਦਰ ਸਿੰਘ ਪੰਜਾਬ ਵਿਧਾਨ ਸਭਾ ਚੋਣ ਜਿੱਤ ਕੇ 16 ਮਾਰਚ, 2017 ਵਿਚ ਸੱਤਾ ਵਿਚ ਆਏ ਸਨ। ਕਾਂਗਰਸ ਪਾਰਟੀ ਦੇ ਚੋਣ ਮੈਨੀਫੈਸਟੋ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬੀਆਂ ਨੂੰ ਘਰ-ਘਰ ਰੋਜ਼ਗਾਰ, ਨਸ਼ੀਲੇ ਪਦਾਰਥਾਂ ਤੋਂ ਪੰਜਾਬ ਰਾਜ ਨੂੰ ਚਾਰ ਹਫ਼ਤਿਆਂ ਵਿਚ ਮੁਕੱਤ ਕਰਨ ਲਈ ਗੁੱਟਕਾ ਸਾਹਿਬ ਹੱਥ ਵਿਚ ਫੜ੍ਹ ਕੇ ਸਹੁੰ ਚੁੱਕੀ, ਕਿਸਾਨਾਂ ਲਈ ਆਰਥਿਕ ਅਤੇ ਸਮਾਜਿਕ ਸੁਰੱਖਿਆ, ਉਨ੍ਹਾਂ ਦਾ ਸਾਰੇ ਦਾ ਸਾਰਾ ਕਰਜ਼ਾ ਮੁਆਫ਼ ਕਰਨ, ਪੰਜਾਬ ਦੇ ਪਾਣੀਆਂ ਦੀ ਰਾਖੀ, ਕਾਰੋਬਾਰ, ਵਪਾਰ, ਸਨਅਤਾਂ ਖੋਲ੍ਹਣ ਦੀ ਆਜ਼ਾਦੀ, ਉਨ੍ਹਾਂ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ, ਪਾਣੀ, ਸੀਵਰੇਜ ਦਾ ਪ੍ਰਬੰਧ ਕਰਕੇ ਦੇਣ, ਨੌਜਵਾਨਾਂ ਨੂੰ ਸਮਾਰਟ ਫੋਨ, ਦੋ ਹਜ਼ਾਰ ਰੁਪਏ ਪ੍ਰਤੀ ਮਾਹ ਬੇਰੋਜ਼ਗਾਰੀ ਭੱਤਾ, ਔਰਤਾਂ ਦਾ ਸ਼ਕਤੀਕਰਨ, ਔਰਤਾਂ ਲਈ ਨੌਕਰੀਆਂ ਦਾ 33 ਪ੍ਰਤੀਸ਼ਤ ਵਿਦਿਅਕ ਸੰਸਥਾਵਾਂ ਵਿਚ ਰੋਜ਼ਗਾਰ ਦੇਣਾ, 51000 ਰੁਪਏ ਸ਼ਗਨ, 2000 ਰੁਪਏ ਬੁਢਾਪਾ ਪੈਨਸ਼ਨ ਦੇਣ, ਬੇਘਰਿਆਂ ਨੂੰ ਘਰ, ਓ.ਬੀ.ਸੀ. ਵਰਗਾਂ ਦਾ ਖਾਸ ਧਿਆਨ ਰੱਖਣ, ਸਾਬਕਾ ਫੌਜੀਆਂ ਨੂੰ ਗਾਰਡੀਅਨਜ਼ ਆਫ ਗਵਰਨੈਂਸ ਬਣਾਉਣ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਜੇਲ੍ਹ ਭੇਜਣ, ਸਰਹੱਦੀ ਖੇਤਰਾਂ ਵਿਚ ਵਸਦੇ ਲੋਕਾਂ ਨੂੰ 3 ਪ੍ਰਤੀਸ਼ਤ ਨੌਕਰੀਆਂ, 5 ਪ੍ਰਤੀਸ਼ਤ ਵਿਦਿਅਕ ਸੰਸਥਾਵਾਂ ਵਿਚ ਰਾਖਵਾਂਕਰਨ, ਬਜਟ ਦਾ 20 ਪ੍ਰਤੀਸ਼ਤ ਇੰਨਾਂ ਖੇਤਰਾਂ ਵਿਚ ਖਰਚ ਕਰਨ, ਪੰਜਾਬ ਦੇ ਸਾਰੇ ਪਿੰਡਾਂ-ਸ਼ਹਿਰਾਂ ਦੀ ਨੁਹਾਰ ਬਦਲ ਦੇਣ ਸਮੇਤ ਵੱਡੇ-ਵੱਡੇ ਵਾਅਦੇ ਕੀਤੇ।
ਪਰ ਕੈਪਟਨ ਸਾਹਿਬ ਅਤੇ ਉਨ੍ਹਾਂ ਦੀ ਸਰਕਾਰ ਦੀ ਅੱਧੇ ਕਾਰਜਕਾਲ ਦੀ ਕਾਰਗੁਜ਼ਾਰੀ ਬਿਲਕੁਲ ਨਿਕੰਮੀ ਅਤੇ ਵਾਅਦਾ ਖਿਲਾਫੀ ਭਰੀ ਰਹੀ ਹੈ। ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਨਤੀਜ਼ੇ ਵਜੋਂ ਹਰ ਪੱਧਰ ਦੇ ਹਰ ਵਰਗ ਦੇ ਲੋਕ ਜਿੰਨਾਂ ਵਿਚ ਕਿਸਾਨ, ਮਜ਼ਦੂਰ, ਨੌਜਵਾਨ, ਕਰਮਚਾਰੀ, ਵਪਾਰੀ, ਕਾਰੋਬਾਰੀ, ਸਨਅਤਕਾਰ, ਅੌਰਤ ਵਰਗ ਸਾਮਿਲ ਹਨ, ਕਾਂਗਰਸ ਪਾਰਟੀ ਦੇ ਅਹੁੱਦੇਦਾਰ, ਵਰਕਰ, ਇਥੋਂ ਤੱਕ ਕਿ ਵਿਧਾਨਕਾਰ, ਕੈਬਨਿਟ ਮੰਤਰੀ ਆਦਿ ਨਰਾਜ਼ ਅਤੇ ਨਿਰਾਸ਼ ਹਨ। ਪਾਰਟੀ ਅੰਦਰ ਗੈਰ-ਸਵਿੰਧਾਨਿਕ ਤੌਰ 'ਤੇ ਕੈਬਨਿੱਟ ਰੈਂਕ ਦੇ ਮੰਤਰੀਆਂ ਵਜੋਂ 6 ਵਿਧਾਇਕਾਂ ਨੂੰ ਸਲਾਹਕਾਰ ਥਾਪਿਆ ਹੈ। ਭਲਾ ਕੈਪਟਨ ਅਮਰਿੰਦਰ ਨੇ ਕਦੇ ਕਿਸੇ ਦੀ ਸਲਾਹ ਲਈ ਜਾਂ ਮੰਨੀ ਹੈ? ਇਸ ਮੁੱਖ ਮੰਤਰੀ ਨੇ ਨੌਜਵਾਨਾਂ, ਅਧਿਆਪਕਾਂ, ਡਾਕਟਰਾਂ, ਤਕਨੀਸ਼ਨਾਂ, ਕਲਰਕਾਂ ਜਾਂ ਹੋਰ ਵਰਗਾਂ ਨੂੰ ਰੋਜ਼ਗਾਰ ਕੀ ਦੇਣਾ ਇਹ ਤਾਂ ਆਪਣੀ ਸਰਕਾਰ ਬਚਾਉਣ ਲਈ ਆਪਣੇ ਵਿਧਾਇਕ ਪਾਰਟੀ ਕਾਰਕੁਨਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਸਲਾਹਕਾਰਾਂ, ਕਾਰਪੋਰੇਸ਼ਨਾਂ, ਬੋਰਡਾਂ, ਜਿਲ੍ਹਾ ਪ੍ਰੀਸ਼ਦਾਂ, ਬਲਾਕ ਸੰਮਤੀਆਂ ਆਦਿ ਚੇਅਰਮੈਨਾਂ, ਉਪ ਚੇਅਰ ਮੈਨਾਂ, ਮੈਂਬਰਾਂ, ਮੇਅਰਾਂ, ਉੱਪ ਮੇਅਰਾਂ ਆਦਿ ਵਜੋਂ ਨੌਕਰੀਆਂ ਦੇ ਚੱਕਰ ਵਿਚ ਫਸ ਕੇ ਰਹਿ ਗਿਆ ਹੈ।
ਪੰਜਾਬ ਦੇ ਪ੍ਰਸਿੱਧ ਅਰਥ ਸਾਸ਼ਤਰੀ, ਵਿਗਿਆਨੀ ਅਤੇ ਚਿੰਤਕ ਸਾਬਕਾ ਵਾਈਸ ਚਾਂਸਲਰ ਡਾ. ਸਰਦਾਰਾ ਸਿੰਘ ਜੌਹਲ ਨੂੰ ਤਾਂ ਇਸ ਬਾਰੇ ਬੜੇ ਦੁਖਦਾਈ ਅਤੇ ਨਿਰਾਸ਼ਾ ਭਰੇ ਆਲਮ ਵਿਚ ਬੇਬਾਕ ਆਪਣੀ ਫੇਸਬੁੱਕ 'ਤੇ ਲਿਖਣ ਲਈ ਮਜਬੂਰ ਹੋਣਾ ਪਿਆ, ''ਇਲੈਕਸ਼ਨਾਂ ਵੇਲੇ ਮੈਂ ਲਿਖਿਆ ਸੀ ਕਿ ਜੇ ਬਾਦਲ ਨੂੰ ਹਰਾਉਣਾ ਸੀ ਤਾਂ ਅਮਰਿੰਦਰ ਨੂੰ ਲੰਬੀ ਤੋਂ ਨਹੀਂ ਲੜਨਾ ਚਾਹੀਦਾ ਸੀ ਤੇ ਸੁਖਬੀਰ ਨੂੰ ਹਰਾਉਣ ਲਈ ਬਿੱਟੂ ਨੂੰ ਜਲਾਲਾਬਾਦ ਨਹੀਂ ਸੀ ਭੇਜਣਾ ਚਾਹੀਦਾ ਸੀ। ਇਸ 'ਤੇ ਅਮਰਿੰਦਰ ਮੇਰੇ ਨਾਲ ਨਰਾਜ਼ ਹੋ ਗਿਆ ਤੇ ਬੋਲਣਾ ਬੰਦ ਕਰ ਦਿਤਾ। ਨਵਜੋਤ ਸਿੱਧੂ ਨੇ ਫਰੈਂਡਲੀ ਮੈਚ ਦਾ ਸੱਚ ਬੋਲਿਆ ਤਾਂ ਉਸ ਨੂੰ ਵੀ ਭੁਗਤਣਾ ਪਿਆ। ਹੁਣ ਤਾਂ ਸਾਰੇ ਐਮ.ਐਲ.ਏ. ਤੇ ਵਜ਼ੀਰ ਲੋਕ ਵੀ ਹਾਮੀ ਭਰਦੇ ਆ। ਉਹ ਵੀ ਉਸਦੇ ਸਾਹਮਣੇ। ਢੀਠਪੁਣੇ ਦੀ ਵੀ ਹੱਦ ਹੁੰਦੀਆ ਯਾਰੋ। ਕਾਂਗਰਸੀ ਵੀਰੋ, ਜੇ ਕਾਂਗਰਸ ਅਤੇ ਪੰਜਾਬ ਨੂੰ ਬਚਾਉਣਾ ਤਾਂ ਇਸ ਬੰਦੇ ਨੂੰ ਲਾਹੋ ਕੁਰਸੀ ਤੋਂ। ਨਹੀਂ ਤਾਂ ਮਿੱਟੀ ਵਿਚ ਰੋਲ ਦੇਵੇਗਾ, ਪੰਜਾਬ ਨੂੰ ਵੀ ਤੇ ਕਾਂਗਰਸ ਨੂੰ ਵੀ।''
ਸਥਿੱਤੀ ਬੜੀ ਸਪਸ਼ਟ ਹੈ ਕਿ ਕਾਂਗਰਸ ਪਾਰਟੀ ਸੰਨ 2017 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਇਹ ਨਾਅਰਾ ਲਗਾਉਂਦੀ ਸੀ 'ਪੰਜਾਬ ਬਚਾਓ, ਕਾਂਗਰਸ ਨੂੰ ਵੋਟ ਪਾਓ', ਉਸ ਬਾਰੇ ਪ੍ਰਬੰਧ ਪੰਜਾਬੀ ਅਤੇ ਜਾਗ੍ਰਿਤ ਲੋਕ ਇਹ ਹੋਕਾ ਦੇਣ ਲਈ ਮਜਬੂਰ ਹਨ 'ਕੈਪਟਨ ਅਮਰਿੰਦਰ ਹਟਾਓ, ਕਾਂਗਰਸ ਭਜਾਓ, ਪੰਜਾਬ ਬਚਾਓ।'
ਪੰਜਾਬ ਦੇ ਲੋਕ, ਕਾਂਗਰਸ ਪਾਰਟੀ, ਇਸ ਦੇ ਵਰਕਰ ਅਤੇ ਅਹੁਦੇਦਾਰ ਜਿੰਨਾਂ ਕੈਪਟਨ ਅਮਰਿੰਦਰ ਸਿੰਘ ਨੂੰ ਵੱਡੇ ਫਤਵੇ ਰਾਹੀਂ ਸੱਤਾ ਵਿਚ ਲਿਆਉਣ ਲਈ ਵੱਡਾ ਯੋਗਦਾਨ ਪਾਇਆ ਸੀ, ਉਨ੍ਹਾਂ ਨੂੰ ਵਿਸ਼ਵਸ਼ ਵਿਚ ਲਏ ਬਗੈਰ, ਉਨ੍ਹਾਂ ਦੀਆਂ ਆਸਾਂ-ਉਮੀਦਾਂ Àਲਟ ਪੰਜਾਬ ਸਰਕਾਰ ਅਤੇ ਸਾਸ਼ਨ ਸਾਬਕਾ ਅਫਸਰਸ਼ਾਹਾਂ, ਜੁੰਡਲੀਬਾਜਾਂ ਅਤੇ ਪਾਕਿਸਤਾਨੀ ਮਿੱਤਰ ਅਰੂਸਾ ਆਲਮ ਰਾਹੀਂ ਚਲਾਉਣ ਕਰਕੇ ਠੱਗੇ ਮਹਸੂਸ ਕਰ ਰਹੇ ਹਨ। ਸਰਕਾਰ ਅਤੇ ਸਾਸ਼ਨ ਦੀ ਸਮੁੱਚੀ ਲਗਾਮ ਸਾਬਕਾ ਅਫਸਰਸ਼ਾਹ ਸੁਰੇਸ਼ ਕੁਮਾਰ ਅਤੇ ਅਰੂਸਾ ਆਲਮ ਹੱਥ ਹੈ ਜਿੰਨਾਂ ਲਈ ਗੈਰ-ਸੰਵਿਧਾਨਿਕ ਵਿਵਸਥਾ ਕਾਇਮ ਕੀਤੀ ਹੋਈ ਹੈ।
ਪੰਜਾਬ ਕੈਬਨਿਟ ਦੇ ਬਹੁਤ ਸਾਰੇ ਮੰਤਰੀ, ਵਿਧਾਇਕ, ਕਾਂਗਰਸ ਆਗੂ ਅਤੇ ਸਮੁੱਚਾ ਮੁਲਾਜ਼ਮ ਵਰਗ ਸਨਕੀ, ਹੈਂਕੜਬਾਜ਼ ਅਤੇ ਅਤਿ ਨਿਕੰਮੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਤੇ ਨਰਾਜ਼ ਹਨ। ਇਸ ਵਿਅਕਤੀ ਪੰਜਾਬ ਦਾ ਖਜ਼ਾਨਾ ਖਾਲੀ ਹੋਣ ਦੀ ਰੱਟ ਲਾ ਕੇ ਸਮੁੱਚੇ ਮੁਲਾਜ਼ਮ ਵਰਗ ਦੀਆਂ ਡੀ.ਏ. ਦੀਆਂ ਕਿਸ਼ਤਾਂ, 6ਵਾਂ ਪੇਅ ਕਮਿਸ਼ਨ ਅਤੇ ਸਰਕਾਰੀ ਵਿਭਾਗਾਂ ਵਿਚ ਹਜ਼ਾਰਾਂ ਖਾਲੀ ਪੋਸਟਾਂ ਦੀ ਭਰਤੀ ਡੱਕੀ ਬੈਠਾ ਹੈ। ਵਿਕਾਸ ਕਾਰਜਾਂ ਲਈ ਧੰਨ ਜਾਰੀ ਨਹੀਂ ਕਰਦਾ। ਇਸ ਦੀਆਂ ਲੋਕ ਭਲਾਈ ਅਤੇ ਲੋਕ ਵਿਰੋਧੀ ਨੀਤੀਆਂ ਕਰਕੇ ਅਕਾਲੀ-ਭਾਜਪਾ ਸਰਕਾਰ ਵਿਚੋਂ ਬੇਆਬਰੂ ਕਰਕੇ ਬਾਹਰ ਕਢਿਆ ਸੀ। ਉਦੋਂ ਤਤਕਾਲ ਕਾਂਗਰਸ ਕੇਂਦਰੀ ਮੰਤਰੀ ਪ੍ਰਣਾਬ ਮੁਖ਼ਰਜੀ ਦੇ ਹੱਥੇ ਚੜ੍ਹ ਕੇ ਪੰਜਾਬ ਦੀ ਕਿਸਾਨੀ ਤੇ ਬਿਜਲੀ ਦੇ ਬਿਲ ਠੋਕਣਾ ਚਾਹੁੰਦਾ ਸੀ। ਕੈਬਨਿਟ ਫੇਰ ਬਦਲ ਸਮੇਂ ਇਸ ਨੂੰ ਵਿੱਤ ਮੰਤਰਾਲੇ ਤੋਂ ਲਾਂਭੇ ਨਾ ਕਰਨ ਕਰਕੇ ਲੋਕ ਅਤੇ ਕਾਂਗਰਸੀ ਵਰਕਰ ਕੈਪਟਨ ਤੋਂ ਨਰਾਜ਼ ਅਤੇ ਨਿਰਾਸ਼ ਹਨ।
ਲੋਕਾਂ ਵਲੋਂ ਲੋਕਤੰਤਰੀ ਵਿਵਸਥਾ ਵਿਚ ਕਿਸੇ ਆਗੂ ਨੂੰ ਸਥਾਨਿਕ, ਸੂਬਾਈ ਜਾਂ ਰਾਸ਼ਟਰੀ ਪੱਧਰ 'ਤੇ ਚੋਣਾਂ ਵੇਲੇ ਦਿਤਾ ਵੱਡਾ ਫਤਵਾ ਲਸੰਸ ਮੁਹਈਆ ਨਹੀਂ ਕਰਾਉਂਦਾ ਕਿ ਉਹ ਸਰਕਾਰ ਅਤੇ ਸਾਸ਼ਨ ਚਲਾਉਣ ਲਈ ਡਿਕਟੇਟਰਾਨਾ ਮਨਮਰਜ਼ੀ ਕਰੇ। ਕੈਪਟਨ ਸਾਹਿਬ ਆਪਣੇ ਇਸ ਵਤੀਰੇ ਕਰਕੇ ਬਦਨਾਮ ਹੋ ਗਏ ਹਨ ਤੇ ਜਨਤਕ ਗੁੱਸੇ ਦੇ ਸ਼ਿਕਾਰ ਹੋਏ ਪਏ ਹਨ। ਪੰਜਾਬ ਵਿਚ ਸਰਕਾਰ ਅਤੇ ਪ੍ਰਸਾਸ਼ਨ ਨਾਮ ਦੀ ਅੱਜ ਕੋਈ ਚੀਜ਼ ਹੀ ਨਹੀਂ ਪਾਈ ਜਾਂਦੀ। ਕਿੱਧਰੇ ਕਾਨੂੰਨ ਦਾ ਰਾਜ ਨਹੀਂ। ਰੇਤ, ਬਜਰੀ, ਕੇਬਲ, ਟਰਾਂਸਪੋਰਟ, ਡਰੱਗ, ਜੇਲ੍ਹ, ਲਾਟਰੀ ਮਾਫੀਏ ਖੁੰਬਾਂ ਵਾਂਗ ਉਗ ਆਏ ਹਨ। ਮਿਲਾਵਟੀ ਜ਼ਹਿਰੀਲਾ ਦੁੱਧ, ਪਨੀਰ, ਸਬਜ਼ੀਆਂ, ਫਲ ਧੜਾਧੜ ਵਿੱਕ ਰਹੇ ਹਨ। ਲੋਕ ਧੜਾ-ਧੜ ਨਾਮੁਰਾਦ ਰੋਗਾਂ ਦਾ ਸ਼ਿਕਾਰ ਬਣ ਰਹੇ ਹਨ। ਜੇ ਬਟਾਲਾ ਵਿਖੇ ਗੈਰ-ਕਾਨੂੰਨੀ ਪਟਾਕਾ ਫੈਕਟਰੀ ਦੁਖਾਂਤ ਬਾਰੇ ਸਿਮਰਜੀਤ ਸਿੰਘ ਬੈਂਸ ਵਰਗਾ ਲੋਕ ਇਨਸਾਫ਼ ਪਾਰਟੀ ਵਿਧਾਇਕ ਪ੍ਰਸਾਸ਼ਨ ਤੇ ਉਂਗਲ ਉਠਾਉਂਦਾ ਹੈ ਤਾਂ ਉਸ ਵਿਰੁੱਧ ਕੇਸ ਦਰਜ ਕੀਤਾ ਜਾਂਦਾ ਹੈ। ਇਵੇਂ ਜਨਤਕ ਅਵਾਜ਼ 'ਤੇ ਨਿਰਕੁੰਸ਼ ਸਰਕਾਰ ਵਲੋਂ ਤਾਲਾ ਠੋਕਿਆ ਜਾਂਦਾ ਹੈ। ਅਵਾਰਾ ਸਾਨ੍ਹ ਅਤੇ ਕੁੱਤੇ ਰੋਜ਼ਾਨਾ ਲੋਕਾਂ ਦੀ ਜਾਨ ਲੈ ਰਹੇ ਹਨ, ਪ੍ਰਸਾਸ਼ਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਜ਼ਹਿਰੀਲੀਆਂ ਸਬਜ਼ੀਆਂ ਭਰੇ ਪੰਜਾਬ ਵਪਾਰੀਆਂ ਦੇ 31 ਟਰੱਕ ਨੈਪਾਲ ਸਰਕਾਰ ਵਲੋਂ ਵਾਪਸ ਮੋੜਨਾ ਕੈਪਟਨ ਸਰਕਾਰ ਦੇ ਮੂੰਹ 'ਤੇ ਚਪੇੜ ਨਹੀਂ ਬਲਕਿ ਰਾਜ ਦੇ ਬੇਈਮਾਨ ਵਪਾਰ ਦੇ ਸੰਗੀਨ ਗੁਨਾਹ ਤੋਂ ਨਕਾਬ ਹਟਾਉਣਾ ਹੈ।
ਪੰਜਾਬ ਅੰਦਰ ਫੈਲੀ ਆਰਥਿਕ, ਸਮਾਜਿਕ, ਧਾਰਮਿਕ, ਰਾਜਨੀਤਕ ਬਦਹਾਲੀ ਕਰਕੇ ਵੱਖ-ਵੱਖ ਵਰਗਾਂ ਦੇ ਲੋਕ ਖਾਸ ਕਰਕੇ ਕਿਸਾਨ, ਮੁਲਾਜ਼ਮ, ਗੁਰੂ ਗੰ੍ਰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਅੱਜ ਤੱਕ ਨਾ ਪਕੜਨ ਕਰਕੇ ਸਿੱਖ ਸਮਾਜ, ਦਲਿਤ ਧਾਰਮਿਕ ਭਾਵਨਾਵਾਂ ਬੁਰੀ ਤਰ੍ਹਾਂ ਆਹਤ ਹੋਣ ਕਰਕੇ ਪੂਰਾ ਦਲਿਤ ਸਮਾਜ ਸੜਕਾਂ 'ਤੇ ਗੁੱਸੇ ਨਾਲ ਲਾਲ-ਪੀਲਾ ਅਮਰਿੰਦਰ ਅਤੇ ਉਸਦੀ ਸਰਕਾਰ ਵਿਰੁੱਧ ਖੜ੍ਹਾ ਹੈ। ਕਾਂਗਰਸ ਮਹਾਂਰਥੀ ਪ੍ਰਤਾਪ ਸਿੰਘ ਬਾਜਵਾ, ਸਮਸ਼ੇਰ ਸਿੰਘ ਦੂਲੋ, ਨਵਜੋਤ ਸਿੱਧੂ ਆਦਿ ਸਖ਼ਤ ਨਰਾਜ਼ ਹਨ। ਕਰੀ ਦੋ ਦਰਜਨ ਕਾਂਗਰਸ ਵਿਧਾਇਕ ਸੁਰਖਿਅਤ ਭਵਿੱਖ ਲਈ ਭਾਜਪਾ ਲੀਡਰਸ਼ਿਪ ਦੇ ਸੰਪਰਕ ਵਿਚ ਹਨ ਕਿਉਂਕਿ ਉਨ੍ਹਾਂ ਨੂੰ ਪੱਕਾ ਯਕੀਨ ਹੈ ਕਿ ਸੰਨ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਕੈਪਟਨ ਅਮਰਿੰਦਰ ਦੀ ਨਿਕੰਮੀ ਅਗਵਾਈ ਅਤੇ ਇਸ ਦੀ ਅਹਿਲ ਭ੍ਰਿਸ਼ਟ ਸਰਕਾਰ ਕਰਕੇ ਪੰਜਾਬੀ, ਪੰਜਾਬ ਨੂੰ ਕਾਂਗਰਸ ਮੁਕੱਤ ਕਰ ਦੇਣਗੇ। ਉਨ੍ਹਾਂ ਚਿਰ ਡਾ. ਸਰਦਾਰਾ ੰਿਘ ਜੌਹਲ ਵਾਂਗ ਪ੍ਰਬੁੱਧ ਬੁੱਧੀਜੀਵੀ ਅਤੇ ਚੇਤੰਨ ਲੋਕ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਵਡੇਰੇ ਹਿਤਾਂ ਲਈ ਪੰਜਾਬ ਕਾਂਗਰਸ ਸਰਕਾਰ ਨੂੰ ਕੈਪਟਨ ਅਮਰਿੰਦਰ ਮੁਕੱਤ ਕਰਨਾ ਚਾਹੁੰਦੇ ਹਨ। ਚੰਗਾ ਹੋਵੇ ਜੇਕਰ ਉਹ ਆਪਣੀ ਸਰਕਾਰ ਦੇ ਅੱਧੇ ਕਾਰਜਕਾਲ ਦੀ ਨਿਕੰਮੀ, ਭ੍ਰਿਸ਼ਟ ਅਤੇ ਜਨਤਕ ਵਿਰੋਧੀ ਕਾਰਗੁਜ਼ਾਰੀ ਕਰਕੇ ਆਪ ਹੀ ਸੱਤਾ ਤੋਂ ਲਾਂਭੇ ਹੋ ਜਾਣ।
-
ਦਰਬਾਰਾ ਸਿੰਘ ਕਾਹਲੋਂ, ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ।
kahlondarbarasingh@gmail.com
+1 343 889 2550
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.