ਇੱਟਾਂ ਨਹੀਂ
ਭੱਠੇ ਚ ਮਾਂ ਤਪਦੀ ਹੈ ਦਿਨ ਰਾਤ
ਸਿਰ ਤੇ ਟੱਬਰ ਦਾ ਭਾਰ ਢੋਂਦੀ
ਬਾਲ ਨਹੀਂ,
ਪਿੱਠ ਪਿੱਛੇ ਪੂਰੇ ਵਤਨ ਦਾ
ਵਰਤਮਾਨ ਤੇ ਭਵਿੱਖ ਬੰਨ੍ਹ ਕੇ
ਸਵੇਰ ਤੋਂ ਸ਼ਾਮ ਤੀਕ ਲਗਾਤਾਰ ਤੁਰਦੀ।
ਉਸ ਲਈ ਕੋਈ ਸੜਕ
ਕਿਤੇ ਨਹੀਂ ਜਾਂਦੀ।
ਸਿਰਫ਼ ਝੁੱਗੀ ਤੋਂ
ਪਥੇਰ ਤੀਕ ਆਉਂਦੀ ਹੈ।
ਤੇ ਪਥੇਰ ਤੋਂ ਆਵੇ ਤੀਕ।
ਵਿਚਕਾਰ ਕੋਈ ਮੀਲ ਪੱਥਰ ਨਹੀਂ
ਸਿਰਫ਼ ਟੋਏ ਹਨ,
ਅੜਿੱਕੇ ਜਾਂ ਖਿੰਘਰ ਵੱਟੇ
ਕਿਰਕ ਹੈ ਬੇਓੜਕ
ਉੱਡ ਉੱਡ ਕੇ
ਗੁੰਨ੍ਹੇ ਹੋਏ ਆਟੇ ਚ ਪੈਂਦੀ ਹੈ।
ਭੱਠੇ ਦੀਆਂ ਚਿਮਨੀਆਂ ਚੋਂ ਧੂੰਆਂ ਨਹੀਂ,
ਦਰਦਮੰਦਾਂ ਦੀਆਂ ਆਹਾਂ ਹਨ
ਹਾਉਕੇ, ਸੁਪਨੇ, ਉਮੰਗਾਂ ਤੇ ਤਰੰਗਾਂ ਹਨ
ਨਿੱਤ ਭੁੱਜਦੀਆਂ ਬਾਲਣ ਬਣ ਕੇ।
ਬੜਾ ਔਖਾ ਹੈ
ਜ਼ਿੰਦਗੀ ਦਾ ਵਰਕਾ ਪਲਟਣਾ।
ਓਹੀ ਕਿਤਾਬਾਂ ਪੁਸ਼ਤ ਦਰ ਪੁਸ਼ਤ
ਪੜ੍ਹਨਾ ਪੜ੍ਹਾਉਣਾ ਜੰਮਦੇ ਬਾਲਾਂ ਨੂੰ।
ਕਿਸੇ ਸ਼ਬਦਕੋਸ਼ ਨੇ ਕਦੇ ਨਹੀਂ ਦੱਸਣਾ
ਸਿਰ ਤੇ ਇੱਟਾਂ ਢੋਂਦੀ ਔਰਤ ਵੀ ਮਾਂ ਹੈ।
ਝਲੂੰਘੀ ਚ ਲਮਕਦਾ ਬਾਲ
ਚੰਦਰਯਾਨ ਨਹੀਂ, ਧਰਤੀ ਹੈ।
ਇਸ ਦੀਆਂ ਦਰਦਾਂ ਦਾ
ਪਾਰਾਵਾਰ ਕਿਉਂ ਨਹੀਂ ਸੁਪਨਸਾਜ਼ੋ।
ਭਰਮ ਸੀ ਕਿ ਇਹ
ਝੰਡਿਆਂ ਡੰਡਿਆਂ ਵਾਲੇ
ਮੁਕਤੀਦਾਤਾ ਹਨ।
ਟੋਏ ਚੋਂ ਕੱਢਣਗੇ ਖੁੱਭਿਆ ਪਹੀਆ
ਪਰ ਇਹ ਵੀ
ਜ਼ਿੰਦਾਬਾਦ ਮੁਰਦਾਬਾਦ ਦੀ ਜਿੱਲ੍ਹਣ ਚ
ਫਸੇ ਹੋਏ ਨੇ ਵੰਨ ਸੁਵੰਨੇ ਧੜੇਬਾਜ਼।
ਇੱਕੋ ਬੱਸ ਚ ਨਹੀਂ ਬੈਠਦੇ
ਦਿੱਲੀ ਦੇ ਸਵਾਰ
ਆਪੋ ਆਪਣਾ ਘੋੜਾ ਭਜਾਉਂਦੇ
ਮਰ ਚੱਲੇ ਨੇ
ਕਿੱਲੇ ਨਾਲ ਬੱਧੇ ਸ਼ਾਹਸਵਾਰ।
ਸਾਡੇ ਸਿਰ ਤੇ ਓਹੀ ਭਾਰ ਬੇਸ਼ੁਮਾਰ।
ਪੌਣੀ ਸਦੀ ਗੁਜ਼ਾਰ ਕੇ
ਏਥੇ ਪਹੁੰਚੇ ਹਾਰ ਕੇ
ਮਜ਼ਦੂਰ ਦਾ ਕੋਈ ਦਿਹਾੜਾ ਨਹੀਂ,
ਦਿਹਾੜੀ ਹੁੰਦੀ ਹੈ।
ਟੁੱਟ ਜਾਵੇ ਤਾਂ
ਸੱਖਣਾ ਪੀਪਾ ਰੋਂਦਾ ਹੈ
ਪਰਾਤ ਵਿਲਕਦੀ ਹੈ।
ਤਵਾ ਠਰਦਾ ਹੌਕੇ ਭਰਦਾ ਹੈ।
ਦਿਹਾੜੀ ਟੁੱਟਿਆਂ
ਬੰਦਾ ਟੁੱਟ ਜਾਂਦਾ ਹੈ।
ਸੱਖਣੇ ਪੇਟ
ਨੀਂਦ ਨੂੰ ਅੱਖਾਂ ਪੁੱਛਦੀਆਂ ਨੇ
ਕਦੋਂ ਆਵੇਂਗੀ?
ਜਲਦੀ ਆ,
ਸਵੇਰੇ ਫਿਰ
ਦਿਹਾੜੀ ਤੇ ਜਾਣਾ ਹੈ।
ਦਿਹਾੜੀ ਨਹੀਂ
ਮਜ਼ਦੂਰ ਦਾ ਸੁਪਨਾ
ਟੁੱਟਦਾ ਹੈ ਜਨਾਬ!
ਕਵੀ ਜੀ ਮਹਾਰਾਜ!
ਮਿੱਤਰ ਪਿਆਰਿਆਂ ਨੂੰ
ਦਰਦ ਰੰਝਾਣਿਆਂ ਦਾ ਹਾਲ ਦੱਸਣਾ
ਕਿਤੇ ਕਵਿਤਾ ਲਿਖ ਕੇ
ਨਾ ਬਹਿ ਜਾਣਾ।
ਉਦੋਂ ਕੀ ਦੱਸੋਗੇ,
ਜਦ ਵਕਤ ਨੇ ਮੰਗਿਆ ਹਿਸਾਬ।
ਗੁਰਭਜਨ ਗਿੱਲ
ਸੰਪਰਕ: 98726 31199
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.