ਸਾਡਾ ਸਭ ਦਾ ਪਿਆਰਾ ਕਹਾਣੀਕਾਰ ਜੋੜਾ ਹੈ ਅਲੂਣਾ ਤੋਲਾ(ਨੇੜੇ ਪਾਇਲ) ਜ਼ਿਲ੍ਹਾ ਲੁਧਿਆਣਾ ਤੇ ਅਮਰਗੜ੍ਹ ਵਾਲਾ ਜਸਬੀਰ ਰਾਣਾ। ਬੂਥ ਗੜ੍ਹ(ਖੰਨਾ) ਵਾਲਾ ਬਲਵਿੰਦਰ ਗਰੇਵਾਲ ਵੀ ਕਮਾਲ ਹੈ। ਪਹਿਲਿਆਂ ਚੋਂ ਇਸ ਮਿੱਟੀ ਦਾ ਜਾਇਆ ਗੁਰਪਾਲ ਸਿੰਘ ਲਿੱਟ ਚੇਤੇ ਆਇਐ, ਜਿਸ ਪਹਿਲੀ ਵਾਰ ਇਨ੍ਹਾਂ ਹੁੰਦੜਹੇਲ ਕਹਾਣੀਕਾਰਾਂ ਦਾ ਨਾਮ ਮੇਰੇ ਕੰਨੀਂ ਪਾਇਆ ਸੀ।
ਸਵੇਰੇ ਉੱਠਣ ਸਾਰ ਖ਼ਬਰ ਮਿਲੀ ਕਿ ਇਸ ਸਾਲ ਦਾ ਢਾਹਾਂ ਪੁਰਸਕਾਰ ਜਤਿੰਦਰ ਹਾਂਸ ਨੂੰ ਉਸ ਦੇ ਕਹਾਣੀ ਸੰਗ੍ਰਹਿ ਜਿਉਣਾ ਸੱਚ ਬਾਕੀ ਝੂਠ ਨੂੰ ਦੇਣ ਦਾ ਫ਼ੈਸਲਾ ਹੋਇਆ ਹੈ। ਇਸ ਨੂੰ ਨਵਯੁਗ ਪਬਲਿਸ਼ਰਜ਼ ਦਿੱਲੀ ਨੇ ਛਾਪਿਆ ਹੈ।
ਸਹੀ ਲਿਖਤ ਦਾ ਸਹੀ ਸਮੇਂ ਸਹੀ ਫ਼ੈਸਲਾ। ਜਵਾਨ ਉਮਰੇ ਉਤਸ਼ਾਹਤ ਕਰਨ ਵਾਲੇ ਵਿਰਲੇ ਬੰਦੇ ਹੁੰਦੇ ਨੇ। ਕੈਨੇਡਾ ਵਾਸੀ ਬਰਜਿੰਦਰ ਸਿੰਘ ਢਾਹਾਂ(ਬਰਜ) ਵੱਲੋਂ ਸਥਾਪਤ ਇਹ ਟਰਸਟ ਇਸ ਖੇਤਰ ਚ ਸਰਵੋਤਮ ਕਾਰਜ ਕਰ ਰਿਹਾ ਹੈ।
25 ਹਜ਼ਾਰ ਕੈਨੇਡੀਅਨ ਡਾਲਰਾਂ ਦਾ ਇਹ ਇਨਾਮ ਪੰਜਾਬੀ ਜ਼ਬਾਨ ਦਾ ਪੂਰੇ ਵਿਸ਼ਵ ਚ ਸਭ ਤੋਂ ਵੱਡਾ ਸਨਮਾਨ ਹੈ।
ਬਾਰਾਂ ਤੇਰਾਂ ਲੱਖ ਸਾਡੇ ਵਾਲੇ ਰੁਪਈਏ ਬਣਦੇ ਨੇ।
ਸਾਡੇ ਪਿੰਡੀਂ ਤਾਂ ਗਧੇ ਤੇ ਚੜ੍ਹੇ ਸਵਾਰ ਵਾਂਗ ਅਰਥਚਾਰਾ ਥੱਲੇ ਵੱਲ ਨੂੰ ਖਿਸਕਦਾ ਖਿਸਕਦਾ ਪਿਛਲੇ ਪਾਸੇ ਡਿੱਗਣ ਵਾਲਾ ਹੋਇਆ ਪਿਆ।
ਨਾ ਬੰਦੇ ਦੀ ਕਦਰ, ਨਾ ਰੁਪਈਏ ਤੇ ਨਾ ਲਿਆਕਤ ਦੀ।
ਬੋਲੀ ਪਾਉਂਦੀਆਂ ਸਨ ਗਿੱਧੇ ਦੇ ਪਿੜ ਚ ਧੀਆਂ ਭੈਣਾਂ
ਭੇਡਾਂ ਚਾਰਦੀਆਂ
ਬੇ ਕਦਰਿਆਂ ਦੀਆਂ ਨਾਰਾਂ।
ਏਡਾ ਵੱਡਾ ਪੁਰਸਕਾਰ ਜਿੱਤਣ ਵਾਲਾ ਜਤਿੰਦਰ ਹਾਂਸ ਪੰਜਾਬ ਦੇ ਸਿੱਖਿਆ ਵਿਭਾਗ ਚ ਰਾਜੇਵਾਲ ਰੋਹਣੋ(ਖੰਨਾ) ਚ ਪਿਛਲੇ ਸੋਲਾਂ ਸਾਲ ਤੋਂ ਪ੍ਰਾਇਮਰੀ ਸਕੂਲ ਅਧਿਆਪਕ ਹੈ। ਪੰਜਾਬ ਦੀ ਹਰ ਯੂਨੀਵਰਸਿਟੀ ਉਸ ਦੇ ਲਿਖੇ ਉੱਤੇ ਐੱਮ ਫਿਲ, ਪੀ ਐੱਚ ਡੀ ਕਰਵਾ ਰਹੀ ਹੈ। ਪਰ ਜਤਿੰਦਰ ਊੜਾ ਐੜਾ ਪੜ੍ਹਾ ਕੇ ਵੀ ਪੂਰਾ ਪਰਸੰਨ ਹੈ।
ਕਹਿੰਦਾ ਹੈ
ਜੇ ਇਹ ਵੀ ਨਾ ਮਿਲਦੀ ਤਾਂ ਕਲਮ ਰੁਲ਼ ਜਾਣੀ ਸੀ। ਸਬਰ ਸਿਦਕ ਸੰਤੋਖ ਸਮਰਪਣ ਦਾ ਦੂਜਾ ਨਾਮ ਹੈ ਜਤਿੰਦਰ।
ਪਿਛਲੇ ਸਮੇਂ ਚ ਉਸ ਨੇ ਬਾ ਕਮਾਲ ਲਿਖਿਆ ਹੈ।
ਜਤਿੰਦਰ ਸਰਗਰਮ ਕਲਮੀ ਕਾਮਾ ਹੈ। ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦਾ ਮੈਂਬਰ ਹੈ। ਖੰਨਾ ,ਪਾਇਲ ,ਅਮਰਗੜ੍ਹ ਸਭਾਵਾਂ ਤੋਂ ਤੁਰ ਕੇ ਉਹ ਪਰਦੇਸੀ ਧਰਤੀਆਂ ਤੀਕ ਧਾਂਕ ਜਮਾ ਚੁਕਾ ਹੈ।
ਉਸ ਨੂੰ ਹੋਰ ਬੁਲੰਦ ਰਾਹਾਂ ਉਡੀਕਦੀਆਂ ਹਨ।
ਮੁਬਾਰਕਾਂ????
ਗੁਰਭਜਨ ਗਿੱਲ
13.9.2019
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.