ਪਾਕਿਸਤਾਨ ਤੋਂ ਆਏ ਸਾਬਕਾ ਵਿਧਾਇਕ ਬਲਦੇਵ ਕੁਮਾਰ (ਸਿੰਘ) ਨੇ ਭਾਰਤ ਆ ਕੇ ਸਾਰੇ ਭਾਰਤ ਤੇ ਪਾਕਿਸਤਾਨ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਲਿਆ ਹੈ। ਧਿਆਨ ਖਿੱਚਿਆ ਵੀ ਜਾਣਾ ਚਾਹੀਦਾ ਹੈ ਕਿਉਂਕਿ ਦੋਵਾਂ ਮੁਲਕਾਂ ਦੇ ਹਲਾਤ ਪਤਾ ਨਹੀਂ ਕਦੋਂ ਗਲਵੱਕੜੀ ਪਾਉਣ ਦੀਆਂ ਤਿਆਰੀਆਂ ਕਰਦਿਆਂ ਕਰਦਿਆਂ ਇਕ ਦੂਸਰੇ ਦੇ ਗਲ਼ਾਵੇਂ ਤੱਕ ਅੱਪੜ ਜਾਂਦੇ ਹਨ ਪਤਾ ਹੀ ਨਹੀਂ ਲੱਗਦਾ, ਤੇ ਪਾਕਿਸਤਾਨ ਅਕਸਰ ਪ੍ਰਮਾਣੂ ਜੰਗ ਦੀਆਂ ਧਮਕੀਆਂ ਦੇਣ ਲੱਗ ਜਾਂਦਾ ਹੈ, ਪਾਕਿਸਤਾਨ ਦੀਆਂ ਇਨ੍ਹਾਂ ਧਮਕੀਆਂ ਨੂੰ ਸਿਆਣੇ ਲੋਕ ਇਸ ਤਰੀਕੇ ਲੈਂਦੇ ਹਨ ਜਿਸ ਤਰਾਂ ਉਨ੍ਹਾਂ ਦੇ ਸਾਹਮਣੇ ਕੋਈ ਬਾਂਦਰ ਮਾਚਸ ਲੈ ਕੇ ਘੁੰਮ ਰਿਹਾ ਹੋਵੇ। ਪ੍ਰਮਾਣੂ ਜੰਗ ਦੇ ਨਤੀਜੇ ਦੋਵਾਂ ਮੁਲਕਾਂ ਨੂੰ ਕਈ ਦਹਾਕਿਆਂ ਤੱਕ ਭੁਗਤਣੇ ਪੈ ਸਕਦੇ ਹਨ, ਇਸ ਗੱਲ ਦਾ ਖ਼ਿਆਲ ਪਾਕਿਸਤਾਨ ਨੂੰ ਰੱਖਣਾ ਚਾਹੀਦਾ ਹੈ।
ਖ਼ੈਰ ਬਲਦੇਵ ਕੁਮਾਰ (ਸਿੰਘ) ਨੇ ਪਾਕਿਸਤਾਨ ਦੀ ਸਰਕਾਰ ਉੱਪਰ ਕਈ ਗੰਭੀਰ ਦੋਸ਼ ਮੜ੍ਹ ਦਿੱਤੇ ਹਨ ਜੋ ਵਾਜਬ ਵੀ ਹਨ ਕਿਉਂਕਿ ਪਾਕਿਸਤਾਨ ਅੰਦਰ ਘੱਟਗਿਣਤੀਆਂ ਨਾਲ਼ ਵਧੀਕੀਆਂ ਦੀਆਂ ਖ਼ਬਰਾਂ ਅਕਸਰ ਇੰਟਰਨੈਸ਼ਨਲ ਮੀਡੀਆ ਦੀਆਂ ਸੁਰਖ਼ੀਆਂ ਬਣਦੀਆਂ ਰਹਿੰਦੀਆਂ ਹਨ। ਪਰ ਪਾਕਿਸਤਾਨ ਦੇ ਸਾਬਕਾ ਵਿਧਾਇਕ ਬਲਦੇਵ ਕੁਮਾਰ (ਸਿੰਘ) ਦੁਆਰਾ ਖੰਨਾ ਵਿਖੇ ਕੀਤੀ ਪ੍ਰੈੱਸ ਕਾਨਫਰੰਸ ਵਿੱਚ ਮੀਡੀਆ ਦੇ ਇੱਕ ਹਿੱਸੇ ਦਾ ਇਕ ਅਜੀਬ ਜਿਹਾ ਰੂਪ ਦੇਖਣ ਨੂੰ ਮਿਲ਼ਿਆ । ਬਲਦੇਵ ਕੁਮਾਰ (ਸਿੰਘ) ਦੇ ਨਾਲ਼ ਆਏ ਕੁੱਝ ਭਾਰਤੀ-ਪੰਜਾਬੀ ਰਿਸ਼ਤੇਦਾਰ ਮੀਡੀਆ ਦੇ ਇਸ ਰਵੱਈਏ ਤੇ ਮਖੌਲੀਆ ਲਹਿਜ਼ੇ 'ਚ ਕਹਿੰਦੇ ਹੋਏ ਸੁਣਾਈ ਦਿੱਤੇ ਕਿ ਪਾਕਿਸਤਾਨ ਤੋਂ ਇਸ ਨੂੰ (ਬਲਦੇਵ ਕੁਮਾਰ ਸਿੰਘ ਨੂੰ) ਸਰਕਾਰ ਨੇ ਭਜਾਇਆ ਤੇ ਇੱਥੋਂ (ਭਾਰਤ) ਤੋਂ ਲਗਦਾ ਤੁਸੀਂ (ਮੀਡੀਆ ਨੇ) ਭਜਾ ਦੇਣਾ ਹੈ।
ਬਲਦੇਵ ਕੁਮਾਰ (ਸਿੰਘ) ਦੱਸ ਰਿਹਾ ਸੀ ਕਿ ਉਹ ਪੰਜ ਵਜੇ ਦਾ ਉੱਠਿਆ ਹੋਇਆ ਹੈ ਤੇ ਕੁਝ ਨਹੀਂ ਖਾਧਾ ਕਿਉਂਕਿ ਸਵੇਰ ਦਾ ਹੀ ਮੀਡੀਆ ਨੇ ਉਸ ਨੂੰ ਘੇਰਾ ਪਾਇਆ ਹੋਇਆ ਸੀ। ਤਕਰੀਬਨ ਸਾਢੇ ਗਿਆਰਾਂ ਵਜੇ ਬਲਦੇਵ ਕੁਮਾਰ (ਸਿੰਘ) ਧੱਕਾ ਮੁੱਕੀ ਹੁੰਦਾ ਹੋਇਆ ਬਾਹਰ ਆਇਆ ਤੇ ਇਹ ਕਹਿੰਦਾ ਹੋਇਆ ਸੁਣਾਈ ਦਿੱਤਾ ਕਿ "ਮੈਨੂੰ ਕੁੱਝ ਖਾ ਲੈਣ ਦੋ, ਮੈ ਹੱਥ ਜੋੜਦਾ ਸਾਰਿਆਂ ਅੱਗੇ"। ਧੱਕਾ ਮੁੱਕੀ ਹੁੰਦਾ ਹੋਇਆ ਬਲਦੇਵ ਕੁਮਾਰ (ਸਿੰਘ) ਹੋਟਲ ਦੇ ਵੱਡੇ ਹਾਲ ਚ ਆ ਗਿਆ ਜਿੱਥੇ ਉਸ ਨੇ ਉੱਥੇ ਕੁਝ ਖਾਣ ਦੀ ਕੋਸ਼ਿਸ਼ ਕੀਤੀ ਪਰ ਮੀਡੀਆ ਵਾਲ਼ੇ ਸ਼ਾਇਦ ਇਸ ਦੇ ਮੂੰਹ ਚ ਮਾਈਕ ਦੇ ਰਾਹੀਂ ਰੋਟੀ ਦੀਆਂ ਬੁਰਕੀਆਂ ਤੁੰਨਣੀਆਂ ਚਾਹੁੰਦੇ ਸਨ । ਦੁਖੀ ਹੋਇਆ ਬਲਦੇਵ ਉੱਥੋਂ ਵੀ ਚਲਾ ਗਿਆ ਤੇ ਸ਼ਾਇਦ ਕਿਸੇ ਕਮਰੇ 'ਚ ਵੜ ਕੇ ਕਾਹਲੀ ਨਾਲ਼ ਖਾ ਪੀ ਲਿਆ ਹੋਵੇ।
ਨਾਸ਼ਤਾ ਕਰਨ ਤੋਂ ਬਾਅਦ ਬਲਦੇਵ ਕੁਮਾਰ (ਸਿੰਘ) ਫਿਰ ਤੋਂ ਆਪਣੀ ਡਿਊਟੀ ਤੇ ਪਰਤ ਆਇਆ, ਹੋਟਲ ਦਾ ਇਕ ਛੋਟਾ ਜਿਹਾ ਕਮਰਾ ਜੋ ਲੋਕਾਂ ਦੀ ਭੀੜ ਨਾਲ਼ ਡੱਕਿਆ ਪਿਆ ਸੀ। ਭੀੜ ਨਾਲ਼ ਕਮਰੇ ਚ ਹੁੰਮ੍ਹਸ ਤੇ ਗਰਮੀ ਬਹੁਤ ਜ਼ਿਆਦਾ ਸੀ ਤੇ ਗਰਮੀ ਜ਼ਿਆਦਾ ਹੋਣ ਕਾਰਨ ਸ਼ਾਇਦ ਏ.ਸੀ ਵੀ ਕਮਲ਼ਾ ਹੋ ਕੇ ਆਪਣੇ ਠੰਢ ਵਰਤਾਉਣ ਵਾਲ਼ੇ ਗੁਣ ਨੂੰ ਭੁੱਲ ਚੁੱਕਾ ਸੀ। ਕਾਫ਼ੀ ਵਖਤ ਤੱਕ ਮੀਡੀਆ ਸਾਹਮਣੇ ਆਪਣੇ ਪੱਖ ਚ ਬੋਲਣ ਤੋਂ ਬਾਅਦ ਇਕ ਵਾਰ ਫਿਰ ਬਲਦੇਵ ਅੱਕ ਤੇ ਥੱਕ ਗਿਆ, ਮੁੜ੍ਹਕੋ ਮੁੜ੍ਹਕੀ ਹੋਏ ਤੇ ਬੋਲ ਬੋਲ ਕੇ ਤੰਗ ਆਏ ਬਲਦੇਵ ਨੇ ਫਿਰ ਕਹਿਣਾ ਸ਼ੁਰੂ ਕਰ ਦਿੱਤ ਕਿ "ਮੇਰੀ ਹਾਲਤ ਤਾਂ ਦੇਖੋ, ਮੈ ਵੀ ਇਨਸਾਨ ਹਾਂ ਤੁਹਾਡੀ ਤਰ੍ਹਾਂ, ਮੇਰਾ ਸਿਰ ਫੱਟ ਰਿਹਾ ਹੈ, ਹੁਣ ਬੱਸ ਕਰੋ"। ਪਾਕਿਸਤਾਨ 'ਚ ਬਲਦੇਵ ਦੀ ਓਧਰ ਦੀ ਸਰਕਾਰ ਨੇ ਨਹੀਂ ਸੁਣੀ ਤੇ ਭਾਰਤ 'ਚ ਮੀਡੀਆ ਨੇ ।
ਤੰਗ ਆਇਆ ਬਲਦੇਵ ਆਖ਼ਰ ਹੋਟਲ ਦੇ ਇਕ ਹੋਰ ਕਮਰੇ 'ਚ ਜਾ ਵੜਿਆ ਜਿੱਥੇ ਫਿਰ ਤੋਂ ਤਕਰੀਬਨ ਉਹੀ ਸਵਾਲਾਂ ਦੇ ਜਵਾਬ ਦੇਣ ਤੋਂ ਕਾਫ਼ੀ ਦੇਰ ਬਾਅਦ ਬਲਦੇਵ ਕੁਮਾਰ (ਸਿੰਘ) ਨੇ ਮੀਡੀਆ ਵਾਲ਼ਿਆਂ ਤੋਂ ਬਾਥਰੂਮ ਜਾਣ ਦੀ ਇਜਾਜ਼ਤ ਮੰਗੀ ਜੋ ਉਸ ਨੂੰ ਬਾ-ਮੁਸ਼ਕਲ ਹੀ ਮਿਲ਼ੀ । ਬਾਥਰੂਮ ਚੋਂ ਜਦ ਬਲਦੇਵ ਕੁਝ ਮਿੰਟਾਂ ਲਈ ਬਾਹਰ ਨਾ ਆਇਆ ਤਾਂ ਬਲਦੇਵ ਦੇ ਨਾਲ਼ ਆਏ ਭਾਰਤੀ ਵਿਅਕਤੀ ਨੇ ਟਿੱਚਰ ਭਰੇ ਅੰਦਾਜ਼ 'ਚ ਕਿਹਾ "ਕਿ ਦੇਖਿਓ ਕਿਤੇ ਬਾਥਰੂਮ 'ਚ ਕੋਈ ਖੁਫੀਆ ਰਸਤਾ ਤਾਂ ਨਹੀਂ ਖੁੱਲ੍ਹਦਾ ਜਿੱਥੋਂ ਉਹ ਬਾਹਰ ਦਾ ਬਾਹਰ ਹੀ ਨਾ ਨਿਕਲ ਜਾਵੇ"।
ਬਾਕੀ ਸਾਰੇ ਮੀਡੀਆ ਕਰਮੀਆਂ ਵੱਲੋਂ ਇਕੋ ਜਿਹੇ ਸਵਾਲਾਂ ਨੂੰ ਸ਼ਬਦਾਂ ਦੇ ਹੇਰ-ਫੇਰ ਨਾਲ਼ ਦੁਹਰਾਇਆ ਜਾ ਰਿਹਾ ਸੀ ਪਰ ਬਾਬੂਸ਼ਾਹੀ ਅਤੇ ਬੀਬੀਸੀ ਨੇ ਨਿਰਪੱਖ ਭੁਮਿਕਾ ਨਿਭਾਉਣ ਦੀ ਕੋਸ਼ਿਸ਼ ਕੀਤੀ।
ਅਖੀਰ 'ਚ ਗੱਲ ਮੁੱਕਦੀ ਹੈ ਕਿ "ਬਾਬੂਸ਼ਾਹੀ" ਦੀ ਟੀਮ ਅਤੇ ਇੱਕ ਹੋਰ ਪੱਤਰਕਾਰ (ਜਿਸ ਤੋਂ ਮੈ ਜਾਣੂ ਨਹੀਂ ਹਾਂ ਪਰ ਉਸ ਨੂੰ ਕੁੱਝ ਲੋਕ "ਢਿੱਲੋਂ" ਕਹਿ ਕੇ ਬੁਲਾ ਰਹੇ ਸਨ, ਉਹ ਵੀ ਕਾਫੀ ਠਰ੍ਹੰਮੇ ਵਾਲ਼ਾ ਵਿਅਕਤੀ ਜਾਪਦਾ ਸੀ ਸੀ) ਇਨ੍ਹਾਂ ਦੋਹਾਂ ਨੇ ਹੀ ਧੀਰਜ ਅਤੇ ਸਹਿਣਸ਼ੀਲਤਾ ਦਾ ਸਬੂਤ ਦਿੱਤਾ ਇਨ੍ਹਾਂ ਪੱਤਰਕਾਰਾਂ ਦੀ ਜਗ੍ਹਾ, ਸ਼ਾਇਦ ਬਲਦੇਵ ਕੁਮਾਰ (ਸਿੰਘ) ਦੇ ਦਿਲ ਚ ਵਿਸ਼ੇਸ਼ ਦਰਜਾ ਹਾਸਲ ਕਰ ਚੁੱਕੀ ਸੀ, ਤਾਂ ਹੀ ਤਾਂ ਬਲਦੇਵ ਕੁਮਾਰ (ਸਿੰਘ) ਨੇ ਉਨ੍ਹਾਂ ਨੂੰ ਗਲਵੱਕੜੀ 'ਚ ਲਿਆ ਤੇ ਸ਼ਾਬਾਸ਼ੀ ਦਿੱਤੀ ਤੇ ਨਾਲ਼ ਹੀ ਕਿਹਾ ਕਿ "ਇਨ੍ਹਾਂ ਨੇ ਬੜਾ ਲੰਬਾ ਸਮਾ ਇੰਤਜ਼ਾਰ ਕੀਤਾ ਹੈ"। ਬਲਦੇਵ ਕੁਮਾਰ (ਸਿੰਘ) ਦੇ ਅਚਾਨਕ ਤਬਦੀਲ ਹੋਏ ਰੱਵਈਏ ਨੂੰ ਦੇਖ ਕੇ ਮੈ ਵੀ ਬੜਾ ਹੈਰਾਨ ਹੋਇਆ ਕਿ ਜੋ ਇਨਸਾਨ ਕੁਝ ਸਮਾ ਪਹਿਲਾਂ ਮੀਡੀਆ ਤੋਂ ਪਿੱਛਾ ਛੁਡਾਉਣ ਦੀ ਜੱਦੋਜਹਿਦ ਕਰ ਰਿਹਾ ਸੀ ਉਹੀ ਇਨਸਾਨ ਹੁਣ ਉਸੇ ਕਿੱਤੇ ਨਾਲ਼ ਸਬੰਧ ਰੱਖਦੇ ਹੋਏ ਕੁੱਝ ਲੋਕਾਂ ਨੂੰ ਪਿਆਰ ਤੇ ਖ਼ੁਸ਼ੀ ਨਾਲ਼ ਗੱਲਬਾਤ ਲਈ ਤਸੱਲੀਬਖ਼ਸ਼ ਸਮਾ ਆਪਣੀ ਇੱਛਾ ਨਾਲ਼ ਦੇ ਰਿਹਾ ਸੀ?
ਸ਼ਾਇਦ ਬਲਦੇਵ ਸਿੰਘ ਇਹ ਪੈਗ਼ਾਮ ਦੇਣਾ ਚਾਹੁੰਦਾ ਸੀ ਕਿ ਇਸ ਕਿਸਮ ਦੀ ਸਹਿਣਸ਼ੀਲਤਾ, ਤੇ ਸਲੀਕਾ ਬਾਕੀਆਂ ਨੂੰ ਵੀ ਅਪਣਾਉਣਾ ਚਾਹੀਦਾ ਸੀ ਤਾਂਕਿ ਸਾਰੀ ਗੱਲ-ਬਾਤ ਇੱਕ ਸੁਖਾਵੇਂ ਮਾਹੌਲ ਚ ਹੋ ਜਾਂਦੀ, ਪਰ ਅਫ਼ਸੋਸ ਇਸ ਫ਼ਿਲਮ ਦਾ "ਦੀ ਐਂਡ" ਵੇਖਣ ਲਈ ਉਹ ਹਿੱਸਾ ਮੌਜੂਦ ਨਹੀਂ ਸੀ ਜਿਸ ਹਿੱਸੇ ਤੱਕ ਬਲਦੇਵ ਕੁਮਾਰ (ਸਿੰਘ) ਇਹ ਸੁਨੇਹਾ ਪਹੁੰਚਾਉਣਾ ਚਾਹੁੰਦਾ ਸੀ, ਕਿਉਂਕਿ ਸਭ ਜਾ ਚੁੱਕੇ ਸਨ।
ਮੀਡੀਆ ਤੋਂ ਬਿਨਾ ਤੰਦਰੁਸਤ ਸਮਾਜ ਦੀ ਕਲਪਨਾ ਕਰਨਾ ਇਉਂ ਹੈ ਜਿਸ ਤਰ੍ਹਾਂ ਕਿਸੇ ਵਿਅਕਤੀ ਦੇ ਕੋਲ਼ ਉਹ ਸਾਰੀਆਂ ਚੀਜ਼ਾਂ ਹੋਣ ਜੋ ਉਸ ਦੀ ਬਾਹਰੀ ਦਿੱਖ ਨੂੰ ਸੋਹਣਾ ਬਣਾਉਂਦੀਆਂ ਹੋਣ ਪਰ ਉਸ ਕੋਲ਼ ਸ਼ੀਸ਼ਾ ਨਾ ਹੋਵੇ ਆਪਣੀ ਇਸ ਸੁੰਦਰਤਾ ਨੂੰ ਦੇਖਣ ਲਈ । ਕਹਿਣ ਤੋਂ ਭਾਵ ਮੀਡੀਆ ਸਾਡੇ ਸਮਾਜ ਦਾ ਸ਼ੀਸ਼ਾ ਹੈ ਜਿਸ ਰਾਹੀਂ ਅਸੀਂ ਸਮਾਜ ਦੇ ਚੰਗੇ ਤੇ ਮਾੜੇ ਪੱਖ ਨੂੰ ਦੇਖ ਕੇ ਸੁਧਾਰ ਕਰਨ ਅਤੇ ਹੋਰ ਚੰਗਾ ਕਰਨ ਲਈ ਯਤਨਸ਼ੀਲ ਰਹਿੰਦੇ ਹਾਂ। ਸਮਾਜ ਦਾ ਮੀਡੀਆ ਰੂਪੀ ਸ਼ੀਸ਼ਾ ਦਾਗ਼-ਧੱਬਿਆਂ ਤੇ ਤਰੇੜਾਂ ਤੋਂ ਮੁਕਤ ਹੋਣਾ ਚਾਹੀਦਾ ਹੈ ਤਾਂ ਜੋ ਸਮਾਜ ਵਿਚਲੀ ਤਸਵੀਰ ਸਪਸ਼ਟ ਦਿਖਾਈ ਦੇ ਸਕੇ।
ਭਾਰਤੀ ਮੀਡੀਆ ਨੂੰ ਸਵੈ-ਪੜਚੋਲ ਕਰ ਲੈਣੀ ਚਾਹੀਦੀ ਹੈ, ਇਸ ਆਪਾ ਪੜਚੋਲ ਲਈ ਸਰਕਾਰੀ ਦਖ਼ਲਅੰਦਾਜ਼ੀ ਤੇ ਅਵਾਮ ਦੇ ਰੋਹ ਦਾ ਇੰਤਜ਼ਾਰ ਨਾ ਕੀਤਾ ਜਾਵੇ ਸਗੋਂ ਇਸ ਨੂੰ ਸਮਾ ਰਹਿੰਦਿਆਂ ਦੇਸ਼ ਪ੍ਰਤੀ ਵਫ਼ਾਦਾਰੀ ਅਤੇ ਆਪਣੇ ਸਮਾਜ ਪ੍ਰਤੀ ਨੈਤਿਕ ਜ਼ਿੰਮੇਵਾਰੀ ਸਮਝ ਕੇ ਪੂਰਾ ਕਰ ਲੈਣਾ ਚਾਹੀਦੀ ਹੈ।
-
ਜਸਪਾਲ ਨਿੱਜਰ, ਪੱਤਰਕਾਰ ਅਤੇ ਵੀਡੀਓ ਐਡੀਟਰ
jaspal1925@gmail.com
8279371632
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.