ਜਦੋਂ ਕੋਈ ਦੇਸ਼ ਜਾਂ ਵਿਦੇਸ਼ ਵਿਚ ਬੈਠਾ ਸੂਝਵਾਨ ਅਤੇ ਚੇਤੰਨ ਵਿਅਕਤੀ ਭਾਰਤ ਦੇ ਅਜੋਕੇ ਰਾਜਨੀਤਕ, ਸਮਾਜਿਕ, ਧਾਰਮਿਕ, ਆਰਥਿਕ ਅਤੇ ਜਨਤਕ ਸਿਸਟਮ ਅਤੇ ਵਰਤਾਰੇ ਤੇ ਝਾਤ ਮਾਰਦਾ ਹੈ ਤਾਂ ਉਹ ਆਪਣੇ ਹੀ ਮਾਸ ਨੂੰ ਦੰਦੀਆਂ ਵੱਢਦਾ ਡਾਢਾ ਪ੍ਰੇਸ਼ਾਨ ਹੁੰਦਾ ਹੈ। ਪੂਰਾ ਸਿਸਟਮ ਗਲ-ਸੜ ਰਿਹਾ ਬਦਬੂਦਾਰ ਸੜਾਂਦ ਮਾਰਦਾ ਦਿਸ ਰਿਹਾ ਹੈ ਜਿਸ ਵਿਚ ਰਹਿਣਾ ਅਨੇਕ ਮਾਨਸਿਕ, ਸਰੀਰਕ, ਬੌਧਿਕ ਬੀਮਾਰੀਆਂ ਨੂੰ ਨਿਉਤਾ ਦੇਣਾ ਹੈ। ਜਿਸ ਦੇਸ਼ ਦੀ ਰਾਜਨੀਤਕ ਰਾਜਧਾਨੀ ਦਿੱਲੀ ਅਤੇ ਆਰਥਿਕ ਰਾਜਧਾਨੀ ਮੁੰਬਈ ਹੀ ਰਹਿਣਯੋਗ ਨਾ ਹੋਣ ਉਥੇ ਦੂਸਰੇ ਸ਼ਹਿਰਾਂ, ਦਿਹਾਤੀ ਅਤੇ ਦੂਰ-ਦਰਾਜ਼ ਕਬਾਇਲੀ, ਪਹਾੜੀ, ਰੇਗਸਥਾਨੀ ਜਾਂ ਦੱਖਣੀ ਪਠਾਰੀ ਇਲਾਕਿਆਂ ਦਾ ਕੀ ਹਾਲ ਹੋਵੇਗਾ? ਦੇਸ਼ ਅੰਦਰ ਕਿੱਧਰੇ ਕਾਨੂੰਨ ਦਾ ਰਾਜ ਨਹੀਂ, ਸਮਾਜਿਕ-ਆਰਥਿਕ ਬਰਾਬਰੀ ਅਤੇ ਇਨਸਾਫ ਨਹੀਂ, ਸਾਫ-ਸੁੱਥਰਾ ਪੀਣ ਵਾਲਾ ਪਾਣੀ ਅਤੇ ਖਾਣ-ਪੀਣ ਦੀਆਂ ਵਸਤਾਂ ਤੇ ਸੁੱਧ ਹਵਾ ਨਹੀਂ, ਧਾਰਮਿਕ ਸਹਿਨਸ਼ੀਲਤਾ ਅਤੇ ਧਰਮ ਨਿਰਪੱਖਤਾ ਨਹੀਂ, ਸਿਖਿਆ, ਸਿਹਤ, ਸੰਚਾਰ, ਜਨਤਕ ਸੇਵਾਵਾਂ ਨਹੀਂ, ਨਿੱਜੀ ਸੁਰੱਖਿਆ ਨਹੀਂ, ਬੋਲਣ-ਘੁੰਮਣ ਦੀ ਅਜ਼ਾਦੀ ਨਹੀਂ। ਇਹ ਦੇਸ਼ ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਦੀ ਸੁਰਖਿਆ ਨਾ ਕਰ ਸਕਣ ਪੱਖੋਂ ਵਿਸ਼ਵ ਭਰ ਵਿਚ ਬਦਨਾਮ ਹੋ ਰਿਹਾ ਹੈ। ਅਤਿ ਦੀ ਕੰਗਾਲੀ, ਬੇਰੋਜ਼ਗਾਰੀ, ਨਸ਼ੀਲੇ ਪਦਰਥਾਂ ਦੇ ਅਤਿਵਾਦੀ ਅਤੇ ਮਾਰੂ ਹਮਲੇ, ਕਿਰਸਾਨੀ, ਛੋਟੇ ਹੱਥ-ਕਰਘਾ ਅਤੇ ਪ੍ਰੰਪਰਾਵਾਦੀ ਉਦਯੋਗਾਂ ਅਤੇ ਧੰਦਿਆਂ ਦੀ ਬਰਬਾਦੀ ਆਦਿ ਕਰਕੇ ਨਾ ਤਾਂ ਨੌਜਵਾਨਾਂ ਅਤੇ ਨਾ ਹੀ ਸਮਾਜ ਅਤੇ ਦੇਸ਼ ਦੀ ਚੰਗੇ-ਖੁਸ਼ਹਾਲ ਭਵਿੱਖ ਦੀ ਆਸ ਨਜ਼ਰ ਆਉਂਦੀ ਹੈ।
ਪਿੱਛਲੇ ਦਿਨੀਂ ਭਾਰਤ ਦੇ ਇੱਕ ਟੈਲੀਵਿਜ਼ਨ ਦੇ ਪੰਜਾਬੀ ਐਂਕਰ ਨੇ ਕੈਨੇਡਾ ਦੇ ਸਭ ਤੋਂ ਖੁਸ਼ਹਾਲ ਸੂਬੇ ਓਂਟਾਰੀਓ ਦੇ ਖੂਬਸੂਰਤ ਫੁੱਲਾਂ ਅਤੇ ਪਾਰਕਾਂ ਦੇ ਸ਼ਹਿਰ ਬਰਾਂਪਟਨ ਦੀ ਇੱਕ ਪਾਰਕ ਵਿਚ ਕੁੱਝ ਪੰਜਾਬੀ ਬਜ਼ੁਰਗਾਂ ਨਾਲ ਇੰਟਰਵਿਊ ਕਰਕੇ ਉਨ੍ਹਾਂ ਦੇ ਇਸ ਦੇਸ਼ ਵਿਚ ਜੀਵਨ ਬਾਰੇ ਜਾਨਣਾ ਚਾਹਿਆ। ਸਭ ਨੇ ਕਿਹਾ ਕਿ ਉਹ ਇੱਥੇ ਸੁੱਖੀ, ਖੁਸ਼ਹਾਲ ਤੇ ਸੰਤੁਸ਼ਟ ਹਨ। ਜਦੋਂ ਉਸ ਨੇ ਇਹ ਜਾਨਣਾ ਚਾਹਿਆ ਕਿ ਨੌਜਵਾਨ ਪੀੜ੍ਹੀ ਇੱਧਰ ਕਿਉਂ ਧੜਾ-ਧੜ ਆ ਰਹੀ ਹੈ ਤਾਂ ਇੱਕ ਬਜ਼ੁਰਗ ਦਾ ਬੇਬਾਕ ਜਵਾਬ ਸੀ ਕਿ ਜੇਕਰ ਕੈਨੇਡਾ ਸਰਕਾਰ ਸਾਰੇ ਪੰਜਾਬੀਆਂ ਨੂੰ ਇੱਧਰ ਆਉਣ ਦੀ ਇਜਾਜ਼ਤ ਦੇੇਵੇ ਤਾਂ ਉਥੇ ਇੱਕ ਨਾ ਰਹੇ ਸਭ ਭੱਜ ਆਉਣ। ਅੱਜ ਕਿਹੜਾ ਐਸਾ ਰਾਜਨੀਤੀਵਾਨ, ਅਫਸਰਸ਼ਾਹ, ਉਦਯੋਗਪਤੀ, ਕਾਰੋਬਾਰੀ ਜਾਂ ਖਾਂਦਾ-ਪੀਂਦਾ ਵਿਅਕਤੀ ਹੈ ਜਿਸ ਦੇ ਬੱਚੇ, ਕਾਰੋਬਾਰ ਜਾਂ ਜਾਇਦਾਦਾਂ ਬਾਹਰ ਨਹੀਂ। ਲੱਖ ਸੋਨ ਟਕੇ ਦਾ ਸਵਾਲ ਤਾਂ ਇਹ ਹੈ ਕਿ ਜੇ ਭਾਰਤ ਦਾ ਸਮੁੱਚਾ ਸਿਸਟਮ, ਵਾਤਾਰਵਨ, ਰਹਿਣ-ਸਹਿਣ ਵਿਕਸਤ ਅਤੇ ਵਧੀਆ ਹੋਵੇ ਤਾਂ ਇਹ ਧਨਾਢ, ਸਾਸ਼ਕ ਅਤੇ ਪ੍ਰਸਾਸ਼ਕ ਜਮਾਤਾਂ ਵਿਦੇਸ਼ਾਂ ਵੱਲ ਕਿਉਂ ਦੌੜਨ?
ਲੋਕਤੰਤਰੀ ਸਿਸਟਮ :
15 ਅਗਸਤ, 1947 ਨੂੰ ਦੇਸ਼ ਅਜ਼ਾਦ ਹੋਇਆ। ਅਸਾਂ ਬ੍ਰਿਟਿਸ਼ਵਾਦੀ ਪਾਰਲੀਮੈਂਟਰੀ ਲੋਕਤੰਤਰ ਤਾਂ ਆਪਣਾ ਲਿਆ ਪਰ ਉਸ ਲੋਕਤੰਤਰ ਦੀਆਂ ਉੱਚ ਕਦਰਾਂ ਕੀਮਤਾਂ ਨੂੰ ਨਹੀਂ ਅਪਣਾਇਆ। ਉਲਟਾ ਬ੍ਰਿਟਿਸ਼ਸ਼ਾਹੀ ਸਾਮਰਾਜਵਾਦੀ ਬਸਤੀਵਾਦੀ ਲੁੱਟ-ਚੋਂਘ ਜਾਰੀ ਰਖੀ। ਵੰਡੋ ਅਤੇ ਰਾਜ ਕਰੋ। ਪਰਿਵਾਰ ਵਾਦ ਮਜ਼ਬੂਤ ਕਰੋ। ਜਾਤੀਵਾਦ, ਫਿਰਕੂਬਾਦ, ਇਲਾਕਾਵਾਦ, ਭਾਸ਼ਾਵਾਦ ਤੋਂ ਇਲਾਵਾ ਭ੍ਰਿਸ਼ਟਾਚਾਰ, ਦੰਗਾਵਾਦ, ਗੈਂਗਸਟਰਵਾਦ ਜਾਰੀ ਰਖੋ ਸੱਤਾ ਕਾਇਮ ਰਖਣ ਲਈ। ਲੋਕ ਭਲਾਈ ਰਾਜ ਦੀਆਂ ਸਕੀਮਾਂ ਜਾਰੀ ਰਖੋ। ਵੰਡੋ ਅਤੇ ਰਾਜ ਕਰੋ। ਪਰਿਵਾਰਵਾਦ ਮਜ਼ਬੂਤ ਕਰੋ। ਜਾਤੀਵਾਦ, ਫਿਰਕੂਵਾਦ, ਇਲਾਕਾਵਾਦ, ਭਾਸ਼ਾਵਾਦ ਤੋਂ ਇਲਾਵਾ ਭ੍ਰਿਸ਼ਟਾਚਾਰ, ਦੰਗਾਵਾਦ, ਗੈਂਗਸਟਰਵਾਦ ਜਾਰੀ ਰਖੋ ਸੱਤਾ ਕਾਇਮ ਰਖਣ ਲਈ। ਲੋਕ ਭਲਾਈ ਰਾਜ ਦੀਆਂ ਸਕੀਮਾਂ ਜਾਰੀ ਰਖੋ। ਲੋਕਾਂ ਨੂੰ ਸੁੱਕਾ ਟੁਕੱਰ ਪਾਉਣਾ ਜਾਰੀ ਰਖੋ, ਮਲਾਈ ਆਪ ਛੱਕੋ। ਦੇਸ ਦੇ ਧੰਨ ਨੂੰ ਪੁਲਿਸ, ਪ੍ਰਸਾਸ਼ਨ ਅਤੇ ਗੁੰਡਾ ਗਰਦੀ ਦੀ ਮਦਦ ਨਾਲ ਲੁੱਟੋ। ਗਰੀਬੀ ਹਟਾਓ, ਜਨਤਕ ਭਲਾਈ ਸਕੀਮਾਂ ਦੇ ਨਾਅਰੇ ਲਾਉ, ਪਰ ਆਪ ਦੋਹੀਂ-ਦੋਹੀਂ ਹੱਥੀ ਲੁੱਟੋ। ਸੰਨ 1991 ਤੱਕ ਆਉਂਦੇ ਇਸ ਦੇਸ਼ ਦੀ ਅਰਥ ਵਿਵਸਥਾ ਏਨੀ ਕੰਗਾਲ ਹੋ ਗਈ ਕਿ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਸਰਕਾਰ ਨੂੰ ਦੇਸ਼ ਦੇ ਸੋਨੇ ਦੇ ਭੰਡਾਰ ਗਿਰਵੀ ਰੱਖ ਕੇ ਕੰਮ ਚਲਾਉਣਾ ਪਿਆ।
ਉਪਰੰਤ ਪੀ.ਵੀ. ਨਰਸਿਮਹਾ ਰਾਉ ਸਰਕਾਰ ਵੇਲੇ ਵਿੱਤ ਮੰਤਰੀ ਡਾ. ਮਨਮੋਹਨ ਸਿੰਘ ਨੇ ਦੇਸ਼ ਨੂੰ ਉਦਾਰੀਕਰਨ ਅਤੇ ਵਿਸ਼ਵੀਕਰਨ ਨੀਤੀਆਂ ਤਹਿਤ ਰਾਜਨੀਤੀ ਅਤੇ ਰਾਜਨੀਤੀਵਾਨਾਂ ਦੇ ਜੁੰਡਲੀਵਾਦੀ ਕਾਰਪੋਰੇਟ ਘਰਾਣਿਆਂ ਕੋਲ ਦੇਸ਼ ਨੂੰ ਗਿਰਵੀ ਰਖ ਦਿਤਾ। ਅੱਜ ਦੇਸ਼ ਦੀ ਰਾਜਨੀਤੀ, ਪਾਰਲੀਮੈਂਟਰੀ ਸੰਸਥਾਵਾਂ, ਕੁਦਰਤੀ ਸਰੋਤਾਂ ਅਤੇ ਸਮੁੱਚੀ ਆਰਥਿਕਤਾ ਤੇ ਉਨ੍ਹਾ ਦਾ ਕਬਜ਼ਾ ਹੈ। ਲੋਕਾਂ, ਲੋਕਤੰਤਰ, ਲੋਕਤੰਤਰੀ ਸੰਸਥਾਵਾਂ ਹੱਕਾਂ, ਅਜ਼ਾਦੀਆਂ ਅਤੇ ਮੁੱਢਲੀਆਂ ਲੋੜਾਂ ਲਈ ਅਵਾਜ਼ ਬਲੁੰਦ ਕਰਨ ਖ਼ੁਦ ਮੁਖ਼ਤਾਰ ਚੌਥੇ ਲੋਕਤੰਤਰੀ ਥੰਮ ਵਜੋਂ ਜਾਣਿਆ ਜਾਂਦਾ ਮੀਡੀਆ ਅੱਜ ਵੱਡੇ-ਵੱਡੇ ਕਾਰਪੋਰੇਟ ਘਰਾਣਿਆਂ ਦੇ ਕਬਜ਼ੇ ਵਿਚ ਹੈ। ਟੈਲੀਵਿਜ਼ਨ ਚੈਨਲਾਂ ਦੇ ਸੀ.ਈ.ਓ., ਰੇਡੀਓ ਡਾਇਰੈਕਟਰ, ਅਖ਼ਬਾਰਾਂ ਅਤੇ ਮੈਗਜ਼ੀਨਾਂ ਦੇ ਸੰਪਾਦਕ ਉਨ੍ਹਾਂ ਦੇ ਇਸ਼ਾਰਿਆਂ ਤੇ ਸੰਪਾਦਕੀਆਂ ਲਿਖਦੇ, ਕਾਲਮ ਅਤੇ ਖ਼ਬਰਾਂ ਛਾਪਦੇ ਹਨ। ਹੁਣ ਤਾਂ ਸੀ.ਈ.ਓ. ਜਾਂ ਸੰਪਾਦਕ ਸੇਵਾਮੁਕਤ ਅਫਸਰ ਸ਼ਾਹ ਅਤੇ ਪੁਲਸੀਏ ਨਿਯੁਕਤ ਹੋ ਰਹੇ ਹਨ ਜਿਨ੍ਹਾਂ ਦਾ ਮੀਡੀਏ ਜਾਂ ਪੱਤਰਕਾਰੀ ਨਾਲ ਕੋਈ ਵਾਅ-ਵਾਸਤਾ ਨਹੀਂ ਹੁੰਦਾ। ਜਸਟਿਸ ਏ.ਐਨ.ਮੁੱਲਾ ਪੁਲਿਸ ਨੂੰ 'ਵਰਦੀਧਾਰੀ ਅਪਰਾਧੀਆਂ ਦਾ ਟੋਲਾ' ਦਸਦਾ ਹੈ। ਐਸੀ ਪੁਲਿਸ ਦਾ ਇੱਕ ਅਫ਼ਸਰਸ਼ਾਹ ਅੱਜ ਪੰਜਾਬੀ ਦੀ ਕਦੇ ਨਿਰਪੱਖਤਾ ਅਤੇ ਬੇਬਾਕੀ ਲਈ ਮਸ਼ਹੂਰ ਰਹੀ ਅਖ਼ਬਾਰ ਦਾ ਸੰਪਾਦਕ ਨਿਯੁੱਕਤ ਕੀਤਾ ਹੋਇਆ ਹੈ। ਅਜਿਹੀ ਵਿਵਸਥਾ ਵਿਚ ਮੀਡੀਆ ਸੱਤਾ ਦਾ ਪਿੱਠੂ ਅਤੇ ਵਿਕਾਊ ਬਣ ਚੁੱਕਾ ਹੈ ਸਿਵਾਏ ਕੁੱਝ ਇੱਕ ਜਾਂਬਾਜ਼ ਲੋਕਾਂ ਦੇ।
ਦੇਸ਼ ਲੋਕਾਂ ਦਾ ਹੁੰਦਾ ਹੈ, ਲੋਕ ਦੇਸ਼ ਦੇ ਹੁੰਦੇ ਹਨ। ਭਾਰਤ ਵਿਚ ਅਜਿਹਾ ਨਹੀਂ। ਦੇਸ਼ ਰਾਜਨੀਤੀਵਾਨਾਂ, ਅਫਸਰਸ਼ਾਹੀ, ਕਾਰਪੋਰੇਟ ਘਰਾਣਿਆਂ, ਅਪਰਾਧੀ ਅਤੇ ਗੈਂਗਸਟਰ ਟੋਲਿਆਂ ਤੱਕ ਸੀਮਤ ਹੋ ਚੁੱਕਾ ਹੈ। ਕਿੱਧਰੇ ਕਾਨੂੰਨ ਦਾ ਰਾਜ ਨਹੀਂ। ਸਮੁੱਚੀ ਪੁਲਿਸ ਫੋਰਸ ਅਤੇ ਅਰਧ ਫੌਜੀ ਬਲ ਰਾਜਨੀਤੀਵਾਨਾਂ, ਇਨ੍ਹਾਂ ਦੇ ਪਰਿਵਾਰਾਂ, ਅਫਸਰਸ਼ਾਹੀ, ਕਾਰਪੋਰੇਟ ਘਰਾਣਿਆਂ ਦੀ ਰਾਖੀ ਲਈ ਲੋਹੇ ਤੇ ਬਾਰੂਦ ਦੀਆਂ ਦੀਵਾਰਾਂ ਵਜੋਂ ਤਾਇਨਾਤ ਹਨ। ਰਾਜਨੀਤੀਵਾਨਾਂ ਦੀਆਂ ਮਨਮਰਜ਼ੀ ਦੀਆਂ ਤਨਖਾਹਾਂ, ਪੈਨਸ਼ਨਾਂ, ਸਹੂਲਤਾਂ, ਸਰਕਾਰੀ ਗੱਡੀਆਂ ਅਤੇ ਪੁਲਿਸ ਵਿਵਸਥਾ ਗਰੀਬ ਭਾਰਤੀਆਂ ਦਾ ਟੈਕਸ ਹਜ਼ਮ ਕਰ ਰਹੀ ਹੈ। ਸਭ ਰਾਜਨੀਤਕ ਪਾਰਟੀਆਂ ਤੇ ਆਗੂ ਇਸ ਹਮਾਮ ਵਿਚ ਨੰਗੇ ਹਨ।
ਸ੍ਰੋਤਾਂ ਅਤੇ ਸੰਸਾਧਨਾਂ ਤੇ ਕਬਜ਼ਾ :
ਦੇਸ਼ ਦੇ ਦਰਿਆਵਾਂ, ਜੰਗਲਾਂ, ਜ਼ਮੀਨਾਂ, ਸੜਕਾਂ, ਨਦੀਆਂ-ਨਾਲਿਆਂ, ਉਦਯੋਗਾਂ, ਤਕਨੀਕੀ ਅਤੇ ਸਾਇੰਸੀ ਅਦਾਰਿਆਂ ਤੇ ਰਾਜਨੀਤੀਵਾਨਾਂ ਅਤੇ ਕਰੋਨੀ ਕਾਰਪੋਰੇਟਰਾਂ ਦਾ ਕਬਜ਼ਾ ਹੈ। ਸਮੁੱਚੀ ਵਿਵਸਥਾ ਇਨ੍ਹਾਂ ਠੇਕੇ 'ਤੇ ਲੈ ਕੇ ਰਖੀ ਹੈ। ਅੱਜ ਕਿਸੇ ਹਸਪਤਾਲ, ਸਕੂਲ, ਕਾਲਜ, ਸਰਕਾਰੀ ਅਤੇ ਗੈਰ-ਸਰਕਾਰੀ ਅਦਾਰੇ ਅੱਗੇ ਸਾਈਕਲ, ਮੋਟਰ ਸਾਈਕਲ ਜਾਂ ਗੱਡੀ ਲਗਾਉਣੀ ਹੈ ਤਾਂ ਟਿਕੱਟ ਖਰੀਦੋ। ਸੜਕ ਤੇ ਚਲਣਾ ਤਾਂ ਟੋਲ ਟੈਕਸ ਦਿਉ। ਸਾਫ਼ ਪਾਣੀ, ਬਿਜਲੀ, ਗੈਸ ਦੇ ਬਿੱਲ ਭਰੋ। ਪਾਰਕਾਂ, ਤਲਾਬਾਂ, ਪੁਰਾਤਨ ਇਮਾਰਤਾਂ, ਮੰਦਰਾਂ, ਗੁਰਦਵਾਰਿਆਂ, ਮਸਜਿਦਾਂ ਜਾਂ ਹੋਰ ਧਾਰਮਿਕ-ਇਤਿਹਾਸਿਕ ਸਥਾਨਾਂ 'ਤੇ ਜਾਣ ਲਈ ਟਿੱਕਟਾਂ ਭਰੋ। ਦੇਸ਼ ਦੇ ਸਰੋਤਾਂ 'ਤੇ ਕਾਬਜ਼ ਕਾਰਪੋਰੇਟਰਾਂ ਦਾ ਅਰਬਾਂ ਰੁਪਇਆ ਸਲਾਨਾ ਸਰਕਾਰਾਂ ਮੁਆਫ਼ ਕਰਦੀਆਂ ਹਨ। ਦੀਵਾਲੀਆਂ ਹੋਣ 'ਤੇ ਦੇਸ਼ ਵਿਚੋਂ ਗਾਇਬ ਹੋਣ ਲਈ ਸਹਾਇਤਾ ਕਰਦੀਆਂ ਹਨ।
ਨਵਾਂ ਪਹਿਰਾ ਰਾਜਨੀਤੀਵਾਨਾਂ ਨੇ ਪੂਰੇ ਦੇਸ਼ ਵਿਚ ਅਪਰਾਧੀ ਗੋਹਾਂ ਨਾਲ ਮਿਲ ਕੇ ਨਾ ਮੁਆਫ਼ੀ ਯੋਗ ਗੁਨਾਹ ਨਦੀਆਂ, ਨਾਲਿਆਂ, ਦਰਿਆਵਾਂ ਦੀਆਂ ਹਿੱਕਾਂ ਪਾੜ ਰੇਤ-ਬਜਰੀ ਮਾਈਨਿੰਗ ਰਾਹੀਂ ਪੂਰੇ ਦੇਸ਼ ਦੀ ਭੂਗੋਲਿਕਤਾ ਬਰਬਾਦ ਕਰ ਦਿਤੀ ਹੈ। ਧੰਨ-ਦੌਲਤ ਦੀ ਲਾਲਸਾ ਕਰਕੇ ਇਹ ਲੋਕ ਆਪਣੇ ਹੱਥੀਂ ਆਪਣੀ ਕਬਰ ਖੋਦ ਰਹੇ ਹਨ।
ਸਰਕਾਰੀ ਸਕੂਲ, ਕਾਲਜ, ਹਸਪਤਾਲ, ਦਫ਼ਤਰ ਟੁੱਟੇ ਪਏ ਹਨ। ਨਿੱਜੀ ਸੰਸਥਾਵਾਂ ਵਿਚ ਜਨਤਕ ਸੋਸ਼ਣ ਅਪਰਾਧਿਕ ਢੰਗ ਨਾਲ ਜਾਰੀ ਹੈ। ਵਿਦਿਆ ਅਤੇ ਹੁੰਨਰ ਤੋਂ ਰਹਿਤ ਨੌਜਵਾਨ ਬੇਰੋਜ਼ਗਾਰੀ ਦੀ ਚੱਕੀ ਵਿਚ ਪਿੱਸ ਰਹੇ ਹਨ। ਵਿਸਵ ਦੀ ਸਭ ਤੋਂ ਵੱਡੀ ਬੇਰੋਜ਼ਗਾਰਾਂ ਦੀ ਫ਼ੌਜ ਭਾਰਤ ਵਿਚ ਹੈ। ਨਾਮੁਰਾਦ ਬੀਮਾਰੀਅਆਂ ਦੇ ਮਹਿੰਗੇ ਇਲਾਜ ਨਾ ਕਰਵਾ ਸਕਣ ਕਰਕੇ ਰੋਜ਼ਾਨਾਂ ਹਜ਼ਾਰਾਂ ਲੋਕ ਮਰ ਰਹੇ ਹਨ। ਨੰਨੇ ਬੱਚੇ ਮਰ ਰਹੇ ਹਨ।
ਅਪਰਾਧ :
ਰਾਜਨੀਤੀਵਾਨਾਂ ਅਤੇ ਅਫਸਰਸ਼ਾਹਾਂ ਵਲੋਂ ਸੱਤਾ ਅਤੇ ਧੰਨ ਲਾਲਸਾ ਕਰਕੇ ਕੌਮਾਂਤਰੀ ਪੱਧਰ 'ਤੇ ਨਸ਼ੀਲੇ ਪਦਾਰਥਾਂ ਅਤੇ ਅਤਿਵਾਦੀ ਗ੍ਰੋਹਾਂ ਨਾਲ ਮਿਲ ਕੇ ਦੇਸ਼ ਨੂੰ ਲੁੱਟਿਆ, ਨੌਜਵਾਨੀ ਨੂੰ ਮਾਰਿਆ ਜਾ ਰਿਹਾ ਹੈ। ਦਿੱਲੀ ਵਿਚ ਅੰਨਾਂ-ਹਜ਼ਾਰੇ ਦੀ ਗਲ-ਸੜ ਰਹੇ ਸਥਾਪਿਤ ਨਿਜ਼ਾਮ ਵਿਰੁੱਧ ਭਾਵਾਤਮਿਕ ਤੌਰ 'ਤੇ ਜਨਤਕ ਭੜਕਾਊ ਅੰਦੋਲਨ 'ਤੇ ਸਵਾਰ ਹੋ ਕੇ ਸੱਤਾ ਵਿਚ ਆਏ ਅਰਵਿੰਦ ਕੇਜਰੀਵਾਲ ਹਰ ਮੁਹਾਜ਼ ਤੇ ਫੇਲ ਹੋ ਗਿਆ। ਰਾਜਧਾਨੀ ਵਿਚ ਅਪਰਾਧ, ਨਸ਼ੀਲੇ ਪਦਾਰਥਾਂ ਦੀ ਵਿੱਕਰੀ, ਜਿਸਮ ਫਰੋਸ਼ੀ, ਭ੍ਰਿਸ਼ਟਾਚਾਰ ਨਾ ਰੋਕ ਸਕਿਆ।
ਪੰਜਾਬ ਦੀ ਸੱਤਾ 'ਤੇ ਕਾਬਜ਼ ਹੋਣ ਲਈ ਧਾਰਮਿਕ ਗੁੱਟਕਾ ਸਾਹਿਬ ਦੀ ਸਹੁੰ ਖਾ ਕੇ ਚਾਰ ਹਫ਼ਤਿਆਂ ਵਿਚ ਰਾਜ ਵਿਚੋਂ ਨਸ਼ੇ ਖ਼ਤਮ ਕਰਨ ਵਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਸਮੁਹਾਜ਼ 'ਤੇ ਬੁਰੀ ਤਰ੍ਹਾਂ ਫੇਲ ਹੋਣ ਕਰਕੇ ਉਤਰੀ ਰਾਜਾਂ ਜਿਵੇਂ ਰਾਜਿਸਥਾਨ, ਹਰਿਆਣਾ, ਹਿਮਾਚਲ, ਜੰਮੂ ਕਸ਼ਮੀਰ, ਉਤਰਾਖੰਡ, ਕੇਂਦਰ ਸਾਸ਼ਤ ਪ੍ਰਦੇਸ਼ ਚੰਡੀਗੜ੍ਹ ਨਾਲ ਮਿਲੇ ਕੇ ਨਸ਼ੇ ਰੋਕਣ ਅਤੇ ਰਾਜ ਦੀ ਐਸ.ਟੀ.ਐਫ. ਦਾ ਪੁਰਾਣਾ ਮੁਖੀ ਹਰਪ੍ਰੀਤ ਸਿੰਘ ਗਿੱਲ ਮੁੱੜ ਤਾਇਨਾਤ ਕਰਕੇ ਯਤਨ ਕਰਨ ਦਾ ਅਡੰਬਰ ਕਰਨਾ ਪੈ ਰਿਹਾ ਹੈ। ਕੇਂਦਰ ਦੇ ਸਹਿਯੋਗ ਲਈ ਤਰਲਾ ਮਾਰਨਾ ਪੈ ਰਿਹਾ ਹੈ। ਜਿੰਨਾਂ ਚਿਰ ਰਾਜਨੀਤੀਵਾਨ, ਉਨ੍ਹਾਂ ਦੀ ਸੁਰੱਖਿਆ ਹੇਠ ਪਲ ਰਹੇ ਅਪਰਾਧੀ ਟੋਲੇ ਅਤੇ ਤਸਕਰ ਕਾਬੂ ਨਹੀਂ ਕੀਤੇ ਜਾਂਦੇ ਐਸਾ ਸੰਭਵ ਨਹੀਂ। ਇਸ ਹਮਾਮ ਵਿਚ ਵੀ ਇਹ ਸਭ ਨੰਗੇ ਹਨ।
ਗੰਦਗੀ-ਪ੍ਰਦੂਸ਼ਣ :
ਹਰ ਸਹਿਰ ਵਿਚ ਖੁੰਬਾਂ ਵਾਂਗ ਉਸਰੀਆਂ ਗੰਦਗੀ ਭਰੀਆ ਝੁੱਗਿਆ-ਝੋਪੜਿਆਂ ਦੇਸ਼ ਦੇ ਮੱਥੇ 'ਤੇ ਕਲੰਕ ਹਨ। ਪੂਰੇ ਦੇਸ਼ ਵਿਚ ਸਾਫ਼-ਸਫਾਈ ਦਾ ਪ੍ਰਬੰਧ ਅਤਿ ਨਾਕਸ ਹੈ। ਸਾਰੇ ਪਿੰਡਾਂ ਦੀਆਂ ਗਲੀਆਂ-ਨਾਲੀਆਂ, ਪਾਣੀ ਦੇ ਨਿਕਾਸ, ਕੂੜਾ-ਕਰਕਟ ਸੁੱਟਣ ਦਾ ਕੋਈ ਪ੍ਰਬੰਧ ਨਹੀਂ। ਇਵੇਂ ਪੂਰੇ ਦੇਸ਼ ਦੇ ਸ਼ਹਿਰਾਂ ਦਾ ਸੀਵਰੇਜ਼ ਸਿਸਟਮ ਬੰਦ ਰਹਿਣ ਕਰਕੇ ਸਭ ਗੰਦੇ ਗੱਟਰਾਂ 'ਤੇ ਖੜ੍ਹੇ ਹਨ। ਮੂਨਸੂਨ ਇਸ ਦੇਸ਼ ਵਿਚ ਮੁੱਢ ਕਦੀਮਾਂ ਤੋਂ ਹਰ ਸਾਲ ਬਰਸਦੀ ਹੈ। ਇਸ ਦੇ ਮੀਂਹ ਦੇ ਪਾਣੀ ਦੇ ਨਿਕਾਸ ਦਾ ਕੋਈ ਪੁਖ਼ਤਾ ਪ੍ਰਬੰਧ ਨਹੀਂ ਉਸਾਰਿਆ ਗਿਆ। ਸੋ ਹਰ ਸਾਲ ਇਸ ਨਾਲ ਛੋਟੇ ਦੇਸ਼ਾਂ ਦੀ ਅਰਬ ਵਿਵਸਥਾ ਜਿਨ੍ਹਾਂ ਨੁਕਸਾਨ ਹੁੰਦਾ ਹੈ। ਹਜ਼ਾਰਾਂ ਜਾਨਾਂ ਜਾਂਦੀਆਂ ਹਨ। ਨਹਿਰਾਂ, ਨਾਲਿਆਂ, ਸੂਇਆਂ, ਦਰਿਆਵਾਂ ਨੂੰ ਅਸੀਂ ਸੀਵਰੇਜ ਵਜੋਂ ਵਰਤਣ ਦਾ ਅਣਮਨੁੱਖੀ ਗੁਨਾਹ ਕਰਦੇ ਹਾਂ।
ਜਲਵਾਯੂ ਦੀ ਮਾਂ ਪੇੜ ਹਨ। ਜੋ ਅਸਾਂ ਵਿਕਾਸ, ਘਰ-ਸੜਕ ਉਸਾਰੀ ਅਤੇ ਖੇਤੀ ਖਾਤਰ ਕਤੱਲ ਕਰ ਦਿਤੇ ਹਨ। ਹਰ ਸਾਲ ਦਰਖ਼ਤ ਲਾਉਣ ਦਾ ਵਾ ਵੇਲਾ ਵਣ-ਮਹਾਂਉਤਸਵ ਸਮੇਂ ਪਾਇਆ ਜਾਂਦਾ ਹੈ ਪਰ ਨਤੀਜਾ ਜ਼ੀਰੋ। ਲਿਹਾਜ਼ਾ ਹੁਣ ਲੋਕ ਸੈਂਕੜਿਆਂ ਦੀ ਤਦਾਦ ਵਿਚ ਗਰਮੀ ਨਾਲ ਭੁੱਜ ਕੇ ਅਤੇ ਹੜ੍ਹਾਂ ਨਾਲ ਮਰ ਰਹੇ ਹਨ। ਕਾਰਬਨ ਡਾਈਆਕਸਾਈਡ ਅਤੇ ਹੋਰ ਮਾਰੂ ਗੈਸਾਂ ਕਰਕੇ ਲੋਕ ਦਮੇਂ, ਟੀ.ਬੀ., ਅਲਰਜੀ, ਚਮੜੀ ਰੋਗਾਂ ਨਾਲ ਧੜਾ-ਧੜ ਪੀੜਤ ਹੋ ਰਹੇ ਹਨ। ਪਾਣੀ ਪ੍ਰਦੁਸ਼ਤ ਹੋ ਚੁੱਕਾ ਹੈ ਜੋ ਕਿਧਰੇ ਪੀਣ ਯੋਗ ਨਹੀਂ।
ਸਭ ਤੋਂ ਵੱਡਾ ਦੋਸ਼ ਜੋ ਕੋਈ ਸਮਝ ਨਹੀਂ ਰਿਹਾ ਕਿ ਸਾਫ-ਸਫਾਈ, ਪੇੜ ਲਗਾਉਣ, ਪਾਣੀ, ਨਦੀਆਂ-ਨਾਲਿਆਂ ਦੀ ਸੰਭਾਲ ਤਾਂ ਹਰ ਵਿਅਕਤੀ ਦਾ ਨਿੱਜੀ ਫਰਜ਼ ਹੈ। ਨਿਕੰਮੀਆਂ ਅਤੇ ਫ਼ੇਲ ਸਰਕਾਰਾਂ 'ਤੇ ਨਿਰਭਰ ਕਰਕੇ ਕੁਦਰਤੀ ਅਤੇ ਮੈਨ-ਮੇਡ ਆਫ਼ਤਾਂ ਨੂੰ ਦਾਅਵਤ ਦਿਤੀ ਜਾ ਰਹੀ ਹੈ।
ਅੰਨ੍ਹਾਂ ਨਿਆਂ :
ਰਾਜਨੀਤੀਵਾਨ, ਅਫਸਰਸ਼ਾਹ, ਕਾਰਪੋਰੇਟ ਘਰਾਣੇ, ਅਪਰਾਧੀ ਟੋਲੇ, ਬਾਬਿਆਂ ਅਤੇ ਸਾਧਾਂ ਦੇ ਰੂਪ ਵਿਚ ਲੁਟੇਰੇ, ਬਲਾਤਕਾਰੀ, ਫਰਾਡੀ ਇੱਜੜ ਇਸ ਦੇਸ਼, ਲੋਕਤੰਤਰ, ਲੋਕਤੰਤਰੀ ਅਤੇ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨੂੰ ਲੁੱਟ ਅਤੇ ਬਰਬਾਦ ਕਰ ਰਹੇ ਹਨ। ਨਿਆਂਪਾਲਕਾ ਅੰਨ੍ਹੀ ਤੇ ਗੁੰਮ ਹੋਈ ਬੈਠੀ ਹੈ ਜਦ ਕਿ ਇਸ ਨੂੰ ਕਿਸੇ ਵਲੋਂ ਸ਼ਿਕਾਇਤ ਦੀ ਥਾਂ ਖ਼ੁਦ ਕਾਰਵਾਈ ਕਰਨ ਦਾ ਅਧਿਕਾਰ ਹੈ। ਜਿਸ ਦੇਸ਼ ਦੇ ਮੁੱਖ ਜੱਜਾਂ ਅਤੇ ਦੂਸਰੇ ਜੱਜਾਂ 'ਤੇ ਅਨੈਤਿਕਤਾ ਅਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਦੇ ਹੋਣ ਉਥੇ ਨਿਆਂ ਸੰਭਵ ਨਹੀਂ।
ਐਸੇ ਡਰਾਉਣੇ ਮੰਜ਼ਰ ਅਤੇ ਢਹਿ-ਢੇਰੀ ਹੋ ਰਹੀ ਵਿਵਸਥਾ ਵਿਚ ਭਾਰਤ ਨੂੰ ਪੰਜ ਟਿਲੀਅਨ ਡਾਲਰ ਦੀ ਅਰਥ ਵਿਵਸਥਾ ਸਿਰਜਣਾ ਕਦੇ ਵੀ ਮੁਮਕਿਨ ਨਹੀਂ। ਪਹਿਲਾਂ ਵਿਵਸਥਾ ਠੀਕ ਕਰੋ ਫਿਰ ਸੁਪਨੇ ਲਉ।
-
ਦਰਬਾਰਾ ਸਿੰਘ ਕਾਹਲੋਂ, ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ।
kahlondarbarasingh@gmail.com
+1 343 889 2550
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.