ਖ਼ਬਰ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਿਛਲੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਇਹ ਦਾਅਵੇ ਕਰਦੇ ਆਏ ਹਨ ਕਿ ਆਉਂਦੇ 5 ਸਾਲਾਂ ਵਿੱਚ ਉਹ ਦੇਸ਼ ਦੀ ਆਰਥਿਕਤਾ ਨੂੰ ਬਹੁਤ ਉਪਰ ਲੈ ਜਾਣਗੇ, ਜਿਹੜੀ ਦੁਨੀਆ ਦੇ ਕੁਝ ਇੱਕ ਦੇਸ਼ਾਂ ਦੀ ਆਰਥਿਕਤਾ ਦੇ ਬਰਾਬਰ ਖੜੀ ਹੋਵੇਗੀ। ਪਰ ਪਿਛਲੇ ਕੁਝ ਮਹੀਨਿਆਂ ਵਿੱਚ ਵਿਕਾਸ ਦਰ ਦੇ ਹੌਲੀ ਹੁੰਦੇ ਜਾਣ ਦੀਆਂ ਆਈਆਂ ਖ਼ਬਰਾਂ ਚਿੰਤਾਜਨਕ ਹਨ। ਸਾਲ 2019-20 ਪਹਿਲੇ ਤਿੰਨ ਮਹੀਨਿਆਂ ਵਿੱਚ ਆਰਥਿਕ ਵਿਕਾਸ ਦੀ ਦਰ 5 ਤੱਕ ਪਹੁੰਚ ਗਈ ਹੈ, ਜੋ ਕਿ ਪਿਛਲੇ 7 ਸਾਲਾਂ ਤੋਂ ਸਭ ਤੋਂ ਹੇਠਲੇ ਪੱਧਰ ਤੇ ਹੈ।
ਰਤਾ ਕੁ ਠਹਿਰੋ ਭਾਈ, ਰਤਾ ਕੁ। ਦੇਖ ਲੈਣ ਦਿਓ ਇਹ ਧੂੰਆਂ ਕਿਉਂ ਉੱਠ ਰਿਹਾ ਹੈ? ਤੁਸੀਂ ਕਿਸੇ ਦੀ ਜਬਾਨ ਨਹੀਂ ਫੜ ਸਕਦੇ, ਕਹਿਣ ਵਾਲਾ ਤਾਂ ਕਹੇਗਾ ਹੀ! ਰਾਤ ਨੂੰ ਸੁਫ਼ਨਾ ਆਇਆ, ਨੋਟ ਬੰਦੀ ਹਾਜ਼ਰ! ਪੈਸਾ ਫੁਰਨ ਫੁਰਨ। ਵੱਡਿਆਂ ਦੇ ਘਰ ਭਰ ਗਿਆ। 'ਮੋਨੀ ਬਾਬਾ' ਬਥੇਰਾ ਕਹਿੰਦਾ ਫਿਰਦਾ ਰਿਹਾ, ਰਤਾ ਕੁ ਠਹਿਰੋ ਭਾਈ, ਸਭੋ ਕੁਝ ਸਾਫ਼ ਹੋ ਜੂ! ਲਉ ਹੋ ਗਿਆ ਸਾਫ਼! ਮੋਨੀ ਬਾਬਾ ਕਹਿੰਦਾ ਰਿਹਾ, ਲੱਗੀ ਨੂੰ ਅੱਗ ਕਹਿੰਦੇ ਨੇ ਤੇ ਬੁਝੀ ਨੂੰ ਰਾਖ ਕਹਿੰਦੇ ਨੇ। ਆ ਗਈ ਸਮਝ ਹੁਣ ਸਾਰਿਆਂ ਨੂੰ। ਜਦੋਂ ਘਿਉ ਦਾ ਘੜਾ ਚੌਰਾਹੇ ਡੁੱਲ੍ਹ ਗਿਆ। ਸਭੋ ਕੁਝ ਰਾਖ ਹੋਣ ਨੂੰ ਫਿਰਦਾ।
ਸਾਡੇ ਮੋਦੀ ਬਾਬਾ ਖੋਜ਼ੀ ਨੇ। ਖੋਜ਼ ਕਰਨ ਨਿਕਲੇ ਨੇ ਅਮਰੀਕਾ ਦੀ! ਜਿਵੇਂ ਕੁਲੰਬਸ ਨੇ ਭਾਰਤ ਦੀ ਕੀਤੀ ਸੀ। ਖੋਜ਼ ਕਰਨ ਨਿਕਲੇ ਨੇ ਰੂਸ ਫਰਾਂਸ ਦੀ ! ਕੁਲੰਬਸ ਤਾਂ ਗਿਆਨ ਦੇ ਭੰਡਾਰ ਲੈ ਗਿਆ, ਤੇ ਸਾਡਾ ਮੋਦੀ ਬਾਬਾ "ਹਥਿਆਰ" ਇੱਕਠੇ ਕਰਨ ਤੇ ਤੁਲਿਆ ਹੋਇਆ। ਮੋਨੀ ਬਾਬਾ ਆਂਹਦਾ ਆ, ਸਾਰਾ ਸੋਨਾ ਤਾਂ ਦੇਸ਼ ਦਾ ਪਿਛਲੇ ਸਾਲ ਗਿਰਵੀ ਕਰ ਤਾ, ਹੁਣ ਭਾਈ ਇਸ ਸਾਲ ਕਿਹੜੀ ਮਾਂ ਨੂੰ ਮਾਸੀ ਕਹੋਗੇ? ਕਰੋੜਾ ਬੇਰੁਜ਼ਗਾਰ ਨੋਟਬੰਦੀ ਨੇ ਕਰ ਤੇ, ਹੁਣ ਦੇਸ਼ ਦੇ ਕਾਰਖਾਨੇ, ਦੇਸ਼ ਦੀ ਖੇਤੀ ਨਿਵਾਣਾਂ ਵੱਲ ਉਵੇਂ ਹੀ ਤੁਰੀ ਆ ਰਹੀ ਹਾਂ, ਜਿਵੇਂ ਭਾਖੜੇ ਦਾ ਪਾਣੀ ਬਿਨ੍ਹਾਂ ਰੋਕ-ਟੋਕ ਪੰਜਾਬ ਨੂੰ ਤਬਾਹ ਕਰ ਰਿਹਾ! ਪਰ ਮੋਦੀ ਬਾਬਾ ਚੁੱਪ ਨੇ। ਦੇਸ਼ ਨੂੰ ਵਿਸ਼ਵ ਦੇ ਨਕਸ਼ੇ 'ਤੇ ਲਿਆਉਣ ਲਈ ਤੁਰੇ ਹੋਏ ਆ। ਗੁਆਂਢੀਆਂ ਨੂੰ ਸਬਕ ਸਿਖਾਉਣ ਤੁਰੇ ਹੋਏ ਆ। ਉਂਜ ਹਰੇਕ ਆਦਮੀ ਦੀ ਚਾਹਤ ਹੁੰਦੀ ਆ ਕਿ ਉਹਨੂੰ ਚੰਗਾ ਗੁਆਂਢੀ ਮਿਲੇ, ਪਰ ਸਾਨੂੰ ਤਾਂ ਭਾਈ ਚੰਦਰਾ ਗੁਆਂਢ ਚਾਹੀਦਾ ਤਾਂ ਕਿ ਉਹਨੂੰ ਨਿੰਦਦੇ ਰਹੀਏ, ਉਹਦੇ ਨਾ ਤੇ ਦੇਸ਼ 'ਚ ਫੁੱਟ ਪਾਉਂਦੇ ਰਹੀਏ ਤੇ ਆਪਣੀ ਕੁਰਸੀ ਪੱਕੀ ਕਰਦੇ ਰਹੀਏ। ਗਰੀਬ ਮਰੇ ਤਾਂ ਮਰੇ। ਅਮੀਰ ਦੁੱਖੀ ਹੋਵੇ ਤਾਂ ਹੋਵੇ। ਨੌਕਰੀ ਕਿਸੇ ਹੱਥ ਰਹੇ ਨਾ ਰਹੇ, ਕਵੀ ਦੇ ਬਚਨ ਪੂਰੇ ਹੋਣੇ ਜ਼ਰੂਰੀ ਹਨ, "ਵਿਸ਼ਵੀਕਰਨ ਦਾ ਵੱਜਦਾ ਢੋਲ ਮੀਆਂ, ਆਪੋ-ਧਾਪੀ ਤੇ ਰੋਲ ਘਚੋਲ ਮੀਆਂ"।
ਕਿਧਰੇ ਨਜ਼ਰ ਨਾ ਆਵੇ ਵਿਉਂਤ ਬੰਦੀ,
ਮੱਚੀ ਹਰ ਥਾਂ ਦਿਸੇ ਘੜਮੱਸ ਯਾਰੋ।
ਖ਼ਬਰ ਹੈ ਕਿ ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਦੀਆਂ ਤਨਖਾਹਾਂ ਰਲੀਜ਼ ਕਰਨ 'ਚ ਦੇਰੀ ਹੋ ਸਕਦੀ ਹੈ ਕਿਉਂਕਿ ਤਨਖਾਹ ਰਲੀਜ਼ ਕਰਨ ਲਈ ਨਵੀਆਂ ਸ਼ਰਤਾਂ ਸਰਕਾਰ ਵਲੋਂ ਲਗਾਈਆਂ ਗਈਆਂ ਹਨ। ਜਾਣਕਾਰੀ ਅਨੁਸਾਰ ਸਰਕਾਰ ਨੇ ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਦੇ ਉਲਟ ਆਨੇ-ਬਹਾਨੇ ਤਨਖਾਹਾਂ ਰੋਕਣ ਦੇ ਹੀ ਫੂਰਮਾਨ ਚਾੜ੍ਹ ਦਿੱਤੇ ਹਨ। ਵਿੱਤ ਵਿਭਾਗ ਨੇ ਤਨਖਾਹ ਬਿੱਲ ਦੇ ਨਾਲ ਮੁਲਾਜ਼ਮਾਂ ਦੇ ਜੀ.ਪੀ.ਐਫ., ਜੀ.ਆਈ.ਐਸ., ਇਤਫਾਕੀਆਂ ਛੁੱਟੀਆਂ, ਸਲਾਨਾ ਤਰੱਕੀਆਂ ਅਪਡੇਟ ਕਰਕੇ ਹੀ ਤਨਖਾਹਾਂ ਦੇ ਬਿੱਲ ਖ਼ਜ਼ਾਨਾ ਦਫ਼ਤਰਾਂ ਨੂੰ ਭੇਜਣ ਲਈ ਕਿਹਾ ਹੈ। ਮੁਲਾਜ਼ਮਾਂ ਨੇ ਕਿਹਾ ਹੈ ਕਿ ਸਰਕਾਰ ਨੇ ਉਹਨਾ ਦੀ ਤਨਖਾਹ ਦਾ ਪੈਸਾ ਹੋਰ ਕੰਮਾਂ ਤੇ ਖ਼ਰਚ ਦਿੱਤਾ ਹੈ ਅਤੇ ਹੁਣ ਉਹਨਾ ਦੀਆਂ ਤਨਖਾਹਾਂ ਲੇਟ ਕਰਨ ਦੇ ਬਹਾਨੇ ਲੱਭੇ ਜਾ ਰਹੇ ਹਨ।
ਅੱਜ ਬਹੁਤ ਉਦਾਸ ਦਿੱਸਦੇ ਹੋ। ਕੋਈ ਗੱਲ ਹੋ ਗਈ ਹੈ ਕੀ? ਗੱਲ ਕੀ ਹੋਣੀ ਆ ਐਤਕਾਂ ਤਨਖ਼ਾਹ ਨਹੀਂ ਮਿਲਣੀ, ਸਰਕਾਰ ਨੇ ਤਨਖ਼ਾਹ ਵਾਲੇ ਪੈਸੇ "ਪਿਛਲਾ ਕਰਜ਼ਾ" ਚੁਕਾਉਣ ਲਈ, ਹੜ੍ਹ ਪੀੜਤਾਂ ਨੂੰ ਤਿਲ-ਫੁਲ ਦੇਣ ਲਈ ਜਾਂ ਭਾਈ ਅਫ਼ਸਰਾਂ ਮੰਤਰੀਆਂ ਦੇ ਦੌਰਿਆਂ 'ਤੇ ਖ਼ਰਚ ਦਿੱਤੇ ਹੋਣੇ ਆ, ਜਿਹਨਾ ਕੋਲ ਕਾਰ ਚਿੱਟੀ, ਜਿਨ੍ਹਾ ਕੋਲ ਚਿੱਟਾ ਸਰਕਾਰੀ ਬੰਗਲਾ, ਬਾਥਾਰੂਮ 'ਚ ਚਿੱਟਾ ਸਾਬਣ, ਤੋਲੀਆ। ਇਹ ਖ਼ਰਚ ਤਾਂ ਰੋਕਿਆ ਨਹੀਂ ਨਾ ਜਾ ਸਕਦਾ, ਜਾਂ ਅਫ਼ਸਰਸ਼ਾਹੀ ਦੇ ਭੱਤੇ-ਤਨਖਾਹਾਂ ਤਾਂ ਤੀਹ ਨੂੰ ਉਹਨਾ ਦੇ ਬੋਝੇ ਚਾਹੀਦੀਆਂ ਆ। ਰਹਿੰਦੀ-ਖੂੰਹਦੀ ਰਕਮ ਸਿਆਸਤਦਾਨਾਂ, ਵਿਧਾਇਕਾਂ ਦੀ ਪੈਨਸ਼ਨ ਲਈ ਚਾਹੀਦੀ ਆ। ਮੁਲਾਜ਼ਮਾਂ ਵਿਚਾਰਿਆਂ ਦਾ ਕੀ ਆ, ਐਤਕਾਂ ਉਧਾਰ ਲੈਕੇ ਖਾ ਲੈਣਗੇ ਜਾਂ ਭਾਈ ਆਪੇ ਕੋਈ ਬੰਨ-ਛੁੱਬ ਕਰ ਲੈਣਗੇ। ਉਂਝ ਭਾਈ ਸਰਕਾਰ ਤਾਂ ਪੰਜਾਬ 'ਚ ਕਿਧਰੇ ਦਿਸਦੀ ਹੀ ਨਹੀਂਓ। ਵਿਕਾਸ ਲਈ ਪੈਸਾ? ਹੈ ਨਹੀਂ! ਲੋਕ-ਭਲਾਈ ਕੰਮਾਂ ਲਈ ਪੈਸਾ? ਹੈ ਨਹੀਂ? ਕਰਜ਼ੇ ਉਤੇ ਵਿਆਜ ਲਈ ਪੈਸੇ ਦਾ ਪ੍ਰਬੰਧ? ਹੈ ਨਹੀਂ! ਕਰੋੜਾਂ ਦੀ ਬਿਜਲੀ ਬੋਰਡ ਦੀ ਕਰਜ਼ਾਈ ਹੈ ਸਰਕਾਰ! ਪੈਟਰੋਲ ਪੰਪਾਂ ਤੋਂ ਤੇਲ ਪਵਾਉਣ ਲਈ ਵਿਲਕਦੀ ਆ ਸਰਕਾਰ ਭਾਈ! ਗੱਲ ਭਾਈ ਇਹ ਆ ਕਿ ਉਪਰਲੇ ਜੀ.ਐਸ.ਟੀ. ਦੀ ਦੁਆਨੀ ਪੱਲੇ ਨੀ ਪਾਉਂਦੇ, ਆਪਣੇ 'ਕਰ' ਕੱਠਾ ਨਹੀਂ ਕਰਦੇ ਤੇ ਖ਼ਜ਼ਾਨੇ ਵਾਲੇ ਆਪ ਚਾਹ ਪੀਣ ਤੋਂ ਵੀ ਆਰੀ ਆ। ਗੱਲ ਇਹ ਆ ਭਾਈ, "ਕਿਧਰੇ ਨਜ਼ਰ ਨਾ ਆਏ ਵਿਉਂਤਬੰਦੀ, ਮੱਚੀ ਹਰ ਥਾਂ ਦਿਸੇ ਘੜਮੱਸ ਯਾਰੋ"।
ਉਸ ਕੋਠੇ 'ਚ ਕਿਸ ਤਰ੍ਹਾਂ ਹਵਾ ਆਵੇ,
ਜਿਦ੍ਹੇ ਵਿੱਚ ਨਾ ਬਾਰੀਆਂ ਰੱਖੀਆਂ ਜੀ।
ਖ਼ਬਰ ਹੈ ਕਿ ਪੰਜਾਬ ਵਿੱਚ ਹਰ ਰੋਜ਼ 12 ਲੋਕ ਸੜਕ ਹਾਦਸਿਆਂ ਕਾਰਨ ਮੌਤ ਦੇ ਮੂੰਹ 'ਚ ਜਾ ਪੈਂਦੇ ਹਨ। ਪੰਜਾਬ ਦੀ ਆਬਾਦੀ ਭਾਰਤ ਦੀ ਆਬਾਦੀ ਦਾ 2.25 ਹੈ, ਪਰ ਸੜਕੀ ਹਾਦਸਿਆਂ ਵਿੱਚ ਦੇਸ਼ ਭਰ 'ਚ ਹੋਣ ਵਾਲੀਆਂ ਮੌਤਾਂ 'ਚ ਪੰਜਾਬ 3.5 ਫ਼ੀਸਦੀ ਨੁਕਸਾਨ ਭੋਗ ਰਿਹਾ ਹੈ। 2018 ਵਿੱਚ ਪੰਜਾਬ ਦੀਆਂ ਸੜਕਾਂ ਤੇ 8000 ਤੋਂ ਵੱਧ ਸੜਕ ਹਾਦਸੇ ਹੋਏ ਅਤੇ ਇਹਨਾ 'ਚ 4700 ਪੰਜਾਬੀ ਸਦਾ ਦੀ ਨੀਂਦ ਸੌਂ ਗਏ।
ਮਤਲਬ ਹਰ ਦੋ ਘੰਟਿਆਂ ਪਿਛੋਂ ਇੱਕ ਮੌਤ। ਉਂਜ ਦੇਸ਼ ਵਿੱਚ ਪੌਣੇ ਪੰਜ ਲੱਖ ਹਾਦਸੇ ਹੁੰਦੇ ਹਨ, ਜਿਹਨਾ ਵਿੱਚ ਡੇਢ ਲੱਖ ਦੇ ਲਗਭਗ ਮੌਤਾਂ ਹੁੰਦੀਆਂ ਹਨ। ਕਿਹਾ ਜਾ ਰਿਹਾ ਹੈ ਕਿ ਦੇਸ਼ ਵਿੱਚ ਅੱਤਵਾਦੀ ਹਮਲਿਆਂ ਤੋਂ ਵੱਧ ਲੋਕ ਹਾਦਸਿਆਂ ਵਿੱਚ ਮਰਦੇ ਹਨ। ਆਜ਼ਾਦੀ ਮਗਰੋਂ ਦੇਸ਼ ਵਿੱਚ ਮੋਟਰ ਗੱਡੀਆਂ ਦੇ ਉਤਪਾਦਨ ਵਿੱਚ 156 ਗੁਣਾ ਵਾਧਾ ਹੋਇਆ ਹੈ ਪਰ ਸੜਕਾਂ ਦਾ ਪਸਾਰ ਸਿਰਫ਼ 39 ਗੁਣਾ ਹੋਇਆ। 1950 'ਚ ਦੇਸ਼ 'ਚ 4 ਲੱਖ ਕਿਲੋਮੀਟਰ ਸੜਕਾਂ ਸਨ ਜੋ 2015 ਤੱਕ 55 ਲੱਖ ਕਿਲੋਮੀਟਰ ਹੋ ਗਈਆਂ।
ਮੁਆਫ਼ ਕਰਨਾ। ਸਭ ਅੰਕੜਿਆਂ ਦੀ ਖੇਡ ਆ। ਖਿਮਾ ਕਰਨਾ, ਦੇਸ਼ ਪੰਜਾਬ ਨੇ ਬਥੇਰਾ ਤਰੱਕੀ ਕੀਤੀ ਆ। ਵੇਖੋ ਨਾ, ਦੱਰਖਤ ਵੱਢ-ਵੱਢ ਸੁੱਟ ਦਿੱਤੇ, ਸੁੰਦਰ ਮਕਾਨ ਪਾ ਲਏ। ਵੇਖੋ ਨਾ, ਨਹਿਰਾਂ ਬੰਦ ਕਰ ਲਈਆਂ, ਜ਼ਮੀਨਦੋਜ਼ ਪੰਪ ਲਾ ਲਏ। ਰੂੜੀਆਂ , ਗੋਹੇ ਖ਼ਤਮ ਕਰਕੇ, ਖਾਦਾਂ, ਦਵਾਈਆਂ ਫ਼ਸਲਾਂ 'ਚ ਪਾ ਲਈਆਂ ਤੇ ਆਪਣੇ ਸੋਹਣੇ ਸਰੀਰ ਨੂੰ "ਅਨੰਤ" ਬੀਮਾਰੀਆਂ ਲੁਆ ਲਈਆ। ਕੱਚੇ ਰਸਤੇ, ਪੱਕੇ ਕਰ ਲਏ, ਪਿੰਡਾਂ ਦੇ ਛੱਪੜ ਖ਼ਤਮ ਕਰ ਲਏ ਤੇ ਪਾਣੀ ਖੁਣੋਂ ਧਰਤੀ ਦੀ ਕੁੱਖ, ਖੋਦ-ਖੋਦ ਝੋਨੇ ਉਗਾ ਲਏ ਤੇ ਆਪਣੇ ਖੇਤ ਰੇਗਿਸਤਾਨ ਬਣਾ ਲਏ। ਮੁਆਫ਼ ਕਰਨਾ ਥੋੜੀ ਤਰੱਕੀ ਆ ਇਹ!
ਉਂਜ ਭਾਈ, ਜਦ ਟਰੈਕਟਰ ਕੋਲ ਹੋਏ, ਮੋਟਰਸੈਕਲ, ਕਾਰਾਂ ਥੱਲੇ ਹੋਣ ਤਾਂ ਭਾਈ ਸੜਕਾਂ ਤਾਂ ਚਾਹੀਦੀਆਂ ਹੀ ਆਂ। ਤੇ ਸੜਕਾਂ ਤੇ ਚੌਥੇ ਗੇਅਰ 'ਚ ਗੱਡੀ ਨਾ ਚੱਲੇ, ਟਰੈਕਟਰ ਛਾਲਾਂ ਨਾ ਮਾਰੇ ਤਾਂ ਗੱਭਰੂ ਉਤੇ ਬੈਠਾ "ਚੁੱਕ ਦੇ ਛੜੱਪੇ ਬੱਲੀਏ" ਨਾ ਗਾਵੇ ਤਾਂ ਪੰਜਾਬੀ ਕਾਹਦਾ ਹੋਇਆ। ਜਾਨ ਭਾਵੇਂ ਚਲੀ ਜਾਵੇ, ਜਾਨ ਦਾ ਕੀ ਆ। ਉਂਜ ਭਾਈ ਵਾਹਵਾ ਤਰੱਕੀ ਕਰ ਲਈ ਆ ਅਸਾਂ। ਵਾਹਵਾ ਛੜੱਪੇ ਮਾਰ ਲਏ ਆ ਅਸਾਂ। ਪਰ ਅਕਲ ਦਾੜ੍ਹ ਨਹੀਂ ਆਈ ਸਾਨੂੰ। ਤਦੇ ਆਵਾ-ਗੌਣ ਜੋ ਚਾਹੁੰਦੇ ਆ, ਬਸ ਕਰੀ ਜਾਨੇ ਆ। ਮਰੀ ਜਾਨੇ ਆਂ, ਸੜੀ ਜਾਨੇ ਆ, "ਉਸ ਕੋਠੇ 'ਚ ਕਿਸ ਤਰ੍ਹਾਂ ਹਵਾ ਆਵੇ, ਜਿਦ੍ਹੇ ਵਿੱਚ ਨਾ ਬਾਰੀਆਂ ਰੱਖੀਆਂ ਜੀ"।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ!
· ਪ੍ਰਵਾਸੀ ਭਾਰਤੀਆਂ ਦੀ ਗਿਣਤੀ ਅਮਰੀਕਾ ਵਿੱਚ 44.6 ਲੱਖ ਹੈ। ਜਦਕਿ ਕੈਨੇਡਾ ਵਿੱਚ 10.16 ਲੱਖ, ਬਰਤਾਨੀਆਂ ਵਿੱਚ 18.3ਲੱਖ ਪ੍ਰਵਾਸੀ ਭਾਰਤੀ ਵਸਦੇ ਹਨ। ਯੂ.ਏ.ਈ. ਵਿੱਚ 31.05 ਲੱਖ, ਸਾਊਦੀ ਅਰਬ ਵਿੱਚ 28.2 ਲੱਖ, ਮਿਆਂਮਾਰ ਵਿੱਚ 20.08 ਲੱਖ, ਕੁਵੈਤ ਵਿੱਚ 9.8 ਲੱਖ, ਮਾਰੀਸ਼ਸ ਵਿੱਚ 8.9 ਲੱਖ ਅਤੇ ਕਤਰ ਵਿੱਚ 6.9 ਲੱਖ ਪ੍ਰਵਾਸੀ ਭਾਰਤੀ ਵਸਦੇ ਹਨ।
ਇੱਕ ਵਿਚਾਰ
ਸਫਲਤਾ ਉਹਨਾ ਨੂੰ ਹੀ ਮਿਲਦੀ ਹੈ, ਜੋ ਨਿੱਡਰ ਹੋਕੇ ਫ਼ੈਸਲਾ ਲੈਂਦੇ ਹਨ ਅਤੇ ਨਤੀਜਿਆਂ ਤੋਂ ਘਬਰਾਉਂਦੇ ਨਹੀਂ।.................... ਪੰਡਿਤ ਜਵਾਹਰ ਲਾਲ ਨਹਿਰੂ
-
ਗੁਰਮੀਤ ਸਿੰਘ ਪਲਾਹੀ, ਲੇਖਕ ਤੇ ਪੱਤਰਕਾਰ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.