ਮਾਝੇ ਦੀ ਮਿੱਟੀ ਤੇ ਪਾਣੀ ਵਿੱਚ ਪਤਾ ਨਹੀਂ ਵਿਧਾਤਾ ਨੇ ਕੀ ਗੁੰਨ੍ਹਿਆ ਹੈ ਕਿ ਇਹ ਧਰਤੀ ਬੇਹੱਦ ਸੁਰੀਲੇ ਪੁੱਤਰ ਧੀਆਂ ਜਣਦੀ ਹੈ।
ਸਿਰਫ਼ ਗੁਰਦਾਸਪੁਰ ਚ ਹੀ ਵੇਖ ਲਵੋ, ਕਿਵੇਂ ਰਾਵੀ ਦੇ ਸਿੰਜੇ ਖੇਤਾਂ ਪੈਲੀਆਂ ਬੰਨਿਆਂ ਚ ਵੀ ਲੋਕ ਤਰਜ਼ਾਂ ਉੱਗਦੀਆਂ ਹਨ।
ਲੋਕ ਸੰਗੀਤ ਚ ਅਮਰਜੀਤ ਗੁਰਦਾਸਪੁਰੀ,ਭਜਨ ਮਲਿਕਪੁਰੀ, ਜਾਗੀਰ ਸਿੰਘ ਤਾਲਿਬ, ਜੋਗਿੰਦਰ ਸਿੰਘ ਦੋਰਾਂਗਲਾ, ਅਮਰੀਕ ਸਿੰਘ ਦੱਤ, ਚਮਨ ਲਾਲ ਗੁਰਦਾਸਪੁਰੀ,
ਗੁਰਮੀਤ ਬਾਵਾ ਤੋਂ ਇਲਾਵਾ ਸਵਿੰਦਰ ਭਾਗੋਵਾਲੀਆ ਕਸ਼ਮੀਰਾ ਸਿੰਘ ਬਖ਼ਸ਼ੀਵਾਲ, ਤੇ ਕਸ਼ਮੀਰ ਸਿੰਘ ਸ਼ੰਭੂ ਵੀ ਵੱਖ ਵੱਖ ਸਮੇਂ ਕਰਮਸ਼ੀਲ ਰਹੇ ਨੇ।
ਜੱਸੀ ਗੁਰਦਾਸਪੁਰੀਆ,ਰਣਜੀਤ ਬਾਵਾ, ਪ੍ਰੀਤ ਹਰਪਾਲ ਤੇ ਕਈ ਹੋਰ ਗਾਇਕ ਸੁਰ ਸਾਧਨਾ ਤੋਂ ਬਾਦ ਆਪਣੀ ਕਲਾ ਦਾ ਲੋਹਾ ਮੰਨਵਾ ਰਹੇ ਨੇ।
ਗੁਰਬਾਣੀ ਸੰਗੀਤ ਚ ਭਾਈ ਸੁਰਜਨ ਸਿੰਘ, ਗੋਪਾਲ ਸਿੰਘ, ਦੇਵਿੰਦਰ ਸਿੰਘ ਨਬੀਪੁਰ, ਉਂਕਾਰ ਸਿੰਘ ਬਾਵਾ ਸਿੰਘ, ਭਾਈ ਹਰਜਿੰਦਰ ਸਿੰਘ ਮਨਿੰਦਰ ਸਿੰਘ ਸ਼੍ਰੀਨਗਰ, ਡਾ: ਗੁਰਿੰਦਰ ਸਿੰਘ, ਦੇਵਿੰਦਰ ਸਿੰਘ, ਕੰਵਲਜੀਤ ਸਿੰਘ, ਦੇਵਿੰਦਰ ਸਿੰਘ ਬਟਾਲਾ ਸਣੇ ਕਿੰਨੇ ਨਾਮ ਗਿਣਾਵਾਂ।
ਕਵੀਸ਼ਰੀ ਤੇ ਢਾਡੀ ਰਾਗ ਚ ਜੋਗਾ ਸਿੰਘ ਜੋਗੀ ਦੇ ਮਗਰ ਲੰਮੀ ਕਤਾਰ ਹੈ।
ਪਰ ਅੱਜ ਮੈਂ ਉਸ ਗਾਇਕ ਦੀ ਗੱਲ ਕਰ ਰਿਹਾਂ ਜਿਸਨੇ ਹਿੰਮਤ ਤੇ ਵੱਡੇ ਵੀਰਾਂ ਦੇ ਸੰਗ ਸਾਥ ਪਥਰੀਲੀ ਧਰਤੀ ਚ ਕੰਵਲ ਫੁੱਲ ਉਗਾਉਣ ਵਰਗਾ ਕਾਰਜ ਕੀਤਾ ਹੈ।
ਮੇਰੀ ਮੁਰਾਦ ਅਮਰੀਕ ਸਿੰਘ ਗਾਜ਼ੀ ਨੰਗਲ ਤੋਂ ਹੈ। ਕਿਰਤੀ ਤੇ ਗੁਰੂ ਆਸ਼ੇ ਚ ਜੀਵਨ ਬਸਰ ਕਰਨ ਵਾਲੇ ਇਸ ਪਰਿਵਾਰ ਦੇ ਪੁੱਤਰ ਅਮਰੀਕ ਦੀ ਝੋਲੀ ਚ ਕੁੱਲ ਦੋ ਜਮਾਤਾਂ ਪਈਆਂ। ਮਗਰੋਂ ਦਿਹਾੜੀ ਦੱਪਾ।
1955 ਚ ਜਨਮੇ ਇਸ ਗਾਇਕ ਦੇ ਮਨ ਚ ਸੰਗੀਤ ਦਾ ਪਹਿਲਾ ਬੀਜ ਵਿਆਹ ਸ਼ਾਦੀਆਂ ਮੌਕੇ ਵੱਜਦੇ ਲਾਲ ਚੰਦ ਯਮਲਾ ਜੱਟ ਦੇ ਗੀਤਾਂ ਨੇ ਬੀਜਿਆ।
ਸਤਿਗੁਰ ਨਾਨਕ ਦੀ ਨਿਆਰੀ ਲੀਲ੍ਹਾ ਸਿਰ ਚੜ੍ਹ ਬੋਲੀ। ਦਿਹਾੜੀ ਤੇ ਜਾਣ ਲੱਗਿਆਂ ਪਹਿਲਾਂ ਕਈ ਕਈ ਘੰਟੇ ਰਿਆਜ਼ ਨੇ ਹੀ ਉਸ ਨੂੰ ਤੂੰਬੀ ਤੇ ਪੋਟੇ ਲਾਉਣ ਜੋਗਾ ਕੀਤਾ।
ਇਹ ਤੂੰਬੀ ਉਸ ਦੇ ਮਾਮੇ ਦੇ ਪੁੱਤਰ ਮਨਜੀਤ ਸਿੰਘ ਭਾਗੋਵਾਲ ਦੀ ਸੀ, ਜਿਸ ਨੇ ਅਮਰੀਕ ਅੰਦਰਲਾ ਗਾਇਕ ਜਗਾਇਆ।
ਯਮਲਾ ਜੱਟ ਨਾਲ ਮੁਲਾਕਾਤ ਤਾਂ 1973 ਚ ਹੋਈ ਪਰ ਮਨੋਂ ਚਿੱਤੋਂ ਉਹ ਉਸਤਾਦ ਯਮਲਾ ਜੱਟ ਨਾਲ ਚਿਰੋਕਣਾ ਜੁੜ ਚੁਕਿਆ ਸੀ।
ਗੁਣ ਤੇ ਗਰੀਬੀ ਦਾ ਯੁੱਧ ਲੰਮਾ ਸਮਾਂ ਚੱਲਿਆ। ਗਰੀਬੀ ਹਾਰ ਗਈ ਗੁਣ ਜਿੱਤ ਗਿਆ।
ਅਮਰੀਕ ਦੀ ਤੂੰਬੀ ਦੀ ਟੁਣਕਾਰ ਵੱਲ ਮੈਂ ਵੀ ਬਹੁਤਾ ਧਿਆਨ ਨਹੀਂ ਸੀ ਦੇਣਾ ਜੇ ਸ਼ਮਸ਼ੇਰ ਸਿੰਘ ਸੰਧੂ ਉਸ ਦੀ ਮੁਕਤ ਕੰਠ ਪ੍ਰਸ਼ੰਸਾ ਨਾ ਕਰਦਾ।
ਰੇਡੀਓ, ਟੀ ਵੀ ਤੋਂ ਇਲਾਵਾ ਲਗਪਗ 50 ਕੈਸਿਟਸ ਰੀਕਾਰਡ ਕਰ ਚੁਕਾ ਹੈ।
ਲੋਕ ਰੰਗ ਚ ਰੰਗੇ ਧਾਰਮਿਕ ਗੀਤ ਉਸ ਦੀ ਸ਼ਕਤੀ ਨੇ।
ਉਸ ਦਾ ਇਹ ਦਰਦ ਕੌਮ ਦੇ ਸੁਣਨ ਲਈ ਹੈ ਕਿ ਤੂੰਬੇ ਨੂੰ ਵਜਾ ਕੇ ਗਾਇਨ ਦੀ ਪ੍ਰਵਾਨਗੀ ਕਿਉਂ ਨਹੀਂ। ਇਹ ਆਦਿ ਜੁਗਾਦੀ ਸਾਜ਼ ਤਾਂ ਮੀਰਾ ਤੇ ਸੂਰਦਾਸ ਨੇ ਵੀ ਵਜਾਇਆ ਸੀ। ਤੰਤੀ ਸਾਜ਼ਾਂ ਨੂੰ ਤਿਆਗ ਕੇ ਹਾਰਮੋਨੀਅਮ ਨੂੰ ਤਾਂ ਪ੍ਰਵਾਨ ਕਰ ਲਿਆ ਹੈ ਪਰ ਤੂੰਬਾ ਤਰਸ ਰਿਹੈ ਸੰਗਤਾਂ ਨੂੰ।
ਇਸ ਦੇ ਵਾਦਕ ਸਾਦ ਮੁਰਾਦੇ ਲੋਕ ਹਨ ਜੋ ਆਪਣੀ ਗੱਲ ਸਮਝਾਉਣਾ ਨਹੀਂ ਜਾਣਦੇ। ਪਰ ਗੱਲ ਤਾਂ ਵਿਚਾਰਨਯੋਗ ਹੈ।
ਅਮਰੀਕ ਸਿੰਘ ਗਾਜ਼ੀਨੰਗਲ ਦੀ ਤੂੰਬੀ ਸੁਣਦਿਆਂ ਮਨ ਸਰੂਰਿਆ ਜਾਂਦਾ ਹੈ। ਨਾਲ ਵੱਜਦਾ ਘੜਾ, ਢੋਲਕੀ ਤੇ ਤਬਲਾ ਵੀ ਗੜੂੰਦ ਹੋ ਜਾਂਦੇ ਨੇ ਸੁਰ ਨਾਲ ਤਾਲ ਮਿਲਾਉਣ ਲਈ।
ਅਮਰੀਕ ਆਕਾਸ਼ਵਾਣੀ ਜਲੰਧਰ ਦਾ ਏ ਗਰੇਡ ਕਲਾਕਾਰ ਹੈ। ਉਸ ਵਰਗੇ ਸਭ ਕਲਾਕਾਰਾਂ ਦੀਆਂ ਤੂੰਬੀ ਤਰਜ਼ਾਂ ਤੇ ਤਰਬਾਂ ਸਾਂਭਣ ਲਈ ਲੋਕ ਵਿਰਾਸਤ ਅਕਾਡਮੀ ਵੱਲੋਂ ਅਸੀਂ ਜਲਦੀ ਯਤਨ ਕਰਾਂਗੇ।
ਪੰਜਾਬ ਦੇ ਇਹ ਹੀਰੇ ਸਾਂਭਣ ਲਈ ਸਭ ਸੰਸਥਾਵਾਂ ਕਮਰਕੱਸਾ ਕਰਨ ।
ਅਮਰੀਕ ਸਿੰਘ ਗਾਜ਼ੀਨੰਗਰ ਨੇ ਗੁਰੂ ਨਾਨਕ ਦੇਵ ਜੀ ਤੋਂ ਇਲਾਵਾ ਬਾਬਾ ਸ਼੍ਰੀਚੰਦ ਜੀ ਦੇ ਮਹਿਮਾ ਗਾਨ ਵਿੱਚ ਉਮਰ ਗੁਜ਼ਾਰੀ ਹੈ।
ਯੂ ਟਿਊਬ ਤੇ Amrik singh gazinangal ਭਰ ਕੇ ਉਸ ਨੂੰ ਜ਼ਰੂਰ ਸੁਣਿਉ ਤੇ ਦੱਸਿਓ,
ਕੀ ਮੈਂ ਝੂਠ ਬੋਲਿਆ?
ਗੁਰਭਜਨ ਗਿੱਲ
1.9.2019
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.