ਬੁੱਢਾ ਦਲ ਨੂੰ ਅਗਵਾਈ ਦੇਣ ਵਾਲੇ ਬਹੁਤ ਹੀ ਵੱਡੇ ਜਰਨੈਲ, ਜੋਧੇ, ਸਿਰਲੱਥ ਸੂਰਮੇ , ਨਿਰਸਵਾਰਥ ਆਗੂ, ਤਿਆਗੀ ਮਹਾਂਪੁਰਸ਼ ਹੋਏ ਹਨ।ਧਰਮ, ਕੌਮ, ਪੰਥ ਦੀ ਬੇਹਤਰੀ ਤੇ ਚੜ੍ਹਦੀ ਕਲ੍ਹਾ ਲਈ ਆਪਾ ਨਿਛਾਵਰ ਕਰਨ ਵਿੱਚ ਪਹਿਲੀ ਕਤਾਰ ਵਿਚ ਖੜਨ ਵਾਲੇ ਬੇਦਾਗ ਵਿਅਕਤੀ ਸਨ।ਇਨ੍ਹਾਂ ਨੇ ਕੌਮ ਉੱਤੇ ਆਈਆਂ ਕਠਿਨਾਈਆਂ, ਔਕੜਾਂ ਨੂੰ ਦੂਰ ਕਰਨ ਲਈ ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ।ਜੇ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਦੀ ਮੁੜ ਉਸਾਰੀ ਦੀ ਗੱਲ ਹੋਈ ਤਾਂ ਵੀ ਸ੍ਰ. ਜੱਸਾ ਸਿੰਘ ਆਹਲੂਵਾਲੀਆਂ ਨੇ ਯਾਦਗਾਰੀ ਭੂਮਿਕਾ ਨਿਭਾਈ।ਧਾੜਵੀਂ ਵਲੋਂ ਵੱਡੀ ਗਿਣਤੀ ਵਿਚ ਹਿੰਦੂ ਔਰਤਾਂ ਨੂੰ ਉਧਾਲ ਕੇ ਲਈ ਜਾਂਦੇ ਨੂੰ ਕਿਸੇ ਵੰਗਾਰਿਆਂ ਤੇ ਉਹਨਾਂ ਨੂੰ ਅਜ਼ਾਦ ਕਰਵਾਇਆਂ ਤਾਂ ਉਹ ਬੁੱਢਾ ਦਲ ਦੇ ਆਗੂ ਜੱਸਾ ਸਿੰਘ ਆਹਲੂਵਾਲੀਆਂ ਹੀ ਸੀ।ਦੁਸ਼ਮਣਾਂ ਨੂੰ ਭਾਰਤ ਅੰਦਰ ਦਾਖਲ ਹੋਣ ਤੋਂ ਰੋਕਣ ਵਾਲੇ ਇਹ ਸਾਰੇ ਬੁੱਢਾ ਦਲ ਦੇ ਹੀ ਆਗੂ ਹੋਏ ਹਨ।ਬੁੱਢਾ ਦਲ ਦੀ ਇਤਿਹਾਸ ਵਿੱਚ ਲੁਕੀ ਛਵੀ ਨੂੰ ਮੁੜ ਸੁਰਜੀਤ ਕਰਨ ਲਈ ਮੌਜੂਦਾ ਮੁਖੀ ਦੇ ਜਤਨ ਪ੍ਰਸੰਸਾ ਜਨਕ ਹਨ।
ਨਿਹੰਗ ਸਿੰਘਾਂ ਦੀ ਸਿਰਮੋਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਦੀ ਅਗਵਾਈ ਵਿੱਚ 29 ਅਗਸਤ ਨੂੰ ਹੜ੍ਹ ਪੀੜਤਾਂ ਨੂੰ ਰਾਹਤ ਵੰਡੀ ਗਈ।ਜਿਲ੍ਹਾ ਕਪੂਰਥਲਾ ਤੇ ਫ਼ਿਰੋਜ਼ਪੁਰ ਦਾ ਵੱਡਾ ਖੇਤਰ ਮਾਰੂ ਪਾਣੀ ਦੀ ਮਾਰ ਹੇਠ ਹੈ।ਇਹ ਸੁਲਤਾਨਪੁਰ ਲੋਧੀ ਤੋਂ 16 ਤੋਂ 17 ਕਿਲੋਮੀਟਰ ਦਰਿਆ ਵੱਲ ਹੈ। ਏਥੇ ਨਾ ਬਿਜਲੀ ਤੇ ਨਾ ਹੀ ਕੋਈ ਹੋਰ ਸਾਧਨ ਮੁਹੱਾਇਆ ਹੈ ਜਿਸ ਨਾਲ ਜ਼ਿੰਦਗੀ ਨੂੰ ਮੁੜ ਸੁੱਖਦ ਲੀਹਾਂ ਤੇ ਲਿਆਂਦਾ ਜਾ ਸਕੇ।ਸੜਕਾਂ ਥੱਲਿਓ ਮਿੱਟੀ ਨਿਕਲ ਜਾਣ ਕਾਰਣ ਪਾਟ ਗਈਆਂ ਹਨ।
ਬਾਬਾ ਬਲਬੀਰ ਸਿੰਘ ਮੁਖੀ ਬੁੱਢਾ ਦਲ ਵੱਲੋ ਵੱਡੀ ਗਿਣਤੀ ਵਿੱਚ ਰਾਸ਼ਨ ਕਿੱਟਾਂ, ਗੱਦੇ, ਖੇਸ, ਚਾਦਰਾਂ, ਸਿਰਹਾਣੇ, ਕੰਬਲ, ਸਾਬਣ, ਪੇਸਟ , ਬਰੱਸ਼, ਘਿਉ, ਤੇਲ, ਪਾਣੀ ਆਦਿ ਲੋੜਵੰਦਾਂ ਨੂੰ ਤਕਸੀਮ ਕੀਤੇ ਗਏ ਹਨ ਅਤੇ ਡੰਗਰਾਂ ਲਈ ਤੂੜੀ ਤੇ ਸੂਕੀ ਫੀਡ ਵੀ ਕਿਸਾਨਾਂ ਨੂੰ ਮਹੱਇਆ ਕੀਤੀ ਗਈ ਹੈ।ਇਸ ਤੋਂ ਇਲਾਵਾ ਸਧਾਰਨ ਵਰਤੋਂ ਵਿੱਚ ਆਉਣ ਵਾਲੀਆ ਦਵਾਈਆਂ ਵੀ ਉਪਲੱਬਦ ਕੀਤੀਆ ਗਈਆ ਹਨ।ਬੁੱਢਾ ਦਲ ਦੇ ਸਮੂਹ ਨਿਹੰਗ ਸਿੰਘਾਂ ਨੇ ਬਾਬਾ ਬਲਬੀਰ ਸਿੰਘ ਦੀ ਅਗਵਾਈ ਵਿੱਚ ਪਿੰਡ ਗਿੱਦੜਪਿੰਡੀ, ਮੰਡੀ ਇੰਦਰਪੁਰ, ਸਾਹਵਾਲਾ, ਰਾਮਗੜ੍ਹ, ਤੱਕੀਆ, ਟਿੱਬੀ, ਭਰੋਆਣਾ, ਸੇਖਮਾਂਗੇ, ਸੇਖਸਾਮਾ, ਸਰੂਪਵਾਲਾ, ਸ਼ੇਰਪੁਰਸਥਾ, ਰਾਮੇ, ਕਿਲੀ ਸੁਚੇਤਗੜ੍ਹ, ਵਾਟਵਾਲੀ, ਚੰਨਾਸਵਿੰਡੀ, ਝੂਮੀਆਂ ਸਾਮੂ, ਜਾਬੋਵਾਲ, ਆਦਿ ਪਿੰਡਾਂ ਦਾ ਦੌਰਾ ਵੀ ਕੀਤਾ।ਇਨ੍ਹਾਂ ਪਿੰਡਾਂ ਦੇ ਲੋਕ ਆਪਣੇ ਆਪ ਨੂੰ ਲੁਟੇ ਤੇ ਤਬਾਹ ਹੋਏ ਮਹਿਸੂਸ ਕਰ ਰਹੇ ਹਨ।ਇਨ੍ਹਾਂ ਦਾ ਘਰ ਬਾਹਰ ਦਾ ਸਾਰਾ ਸਮਾਨ ਬਿਸਤਰੇ, ਫਰਨੀਚਰ, ਮੰਜੇ, ਘਰ ਵਿਚਲਾ ਅਨਾਜ ਆਦਿ ਸਭ ਕੁਝ ਤਬਾਹ ਹੋ ਚੁੱਕਾ ਹੈ, ਕੱਪੜੇ ਲੀੜੇ ਤੋਂ ਵੀ ਤੰਗ ਹਨ।
ਪਿੰਡ ਭਰੋਆਣਾ ਦੇ ਗੁਰਦੁਆਰਾ ਸਾਹਿਬ 'ਚ ਰਾਸ਼ਨ ਅਤੇ ਮਨੁੱਖੀ ਲੋੜਾਂ ਨਾਲ ਜੁੜੀਆਂ ਹੋਰ ਵਸਤਾਂ ਵੀ ਲੋੜਵੰਦਾਂ ਨੂੰ ਤਕਸੀਮ ਕੀਤੀਆਂ ਗਈਆਂ ਹਨ।ਏਸੇ ਤਰ੍ਹਾਂ ਹੀ ਤੱਕੀਆਂ ਸੇਖਮਾਂਗੇ ਪਿੰਡਾਂ ਦੇ ਵਸਨੀਕਾਂ ਨੂੰ ਰਾਹਤ ਸਮੱਗਰੀ ਦਿੱਤੀ ਗਈ ਹੈ। ਪਾਣੀ ਦਾ ਲੈਵਲ ਅਜੇ ਵੀ ਬਹੁਤ ਜਿਆਦਾ ਹੈ ਲੋਕ ਬੇੜੀਆਂ ਦਾ ਆਸਰਾ ਭਾਲ ਰਹੇ ਹਨ, ਘਰਾਂ 'ਚ ਪਾਣੀ ਹੋਣ ਕਾਰਨ ਕੋਠਿਆ ਤੇ ਤਰਪਾਲਾਂ ਲਗਾ ਕੇ ਜਿੰਦਗੀ ਕੱਟਣ ਲਈ ਲੋਕ ਮਜ਼ਬੂਰ ਹਨ।ਪਾਣੀ ਵੀ ਬਦਬੂ ਮਾਰ ਰਿਹਾ ਹੈ।ਬੁੱਢਾ ਦਲ ਸਿੰਘਾਂ ਨੇ ਤਿੰਨ ਹਜ਼ਾਰ ਰਾਸ਼ਨ ਕਿੱਟਾਂ ਅਤੇ ਤਿੰਨ ਹਜ਼ਾਰ ਹੀ ਬਾਥਰੂਮ ਕਿੱਟਾਂ ਜਿਸ ਵਿੱਚ ਸਾਬਣ ਦੇਸੀ, ਅੰਗਰੇਜ਼ੀ, ਤੇਲ ਸਰੋਂ, ਪੇਸਟ, ਬੁਰਸ਼ ਸ਼ਾਮਲ ਹੈ ਅਤੇ ਇਸ ਤੋਂ ਇਲਾਵਾ ਬਿਸਤਰੇ, ਕੰਬਲ, ਖੇਸ, ਚਾਂਦਰਾਂ , ਗੱਦੇ ਆਦਿ ਵੀ ਬੁੱਢਾ ਦਲ ਵਲੋਂ ਹੜ੍ਹ ਪੀੜਤਾਂ ਨੂੰ ਵੰਡੇ ਗਏ ਹਨ ।ਉਨ੍ਹਾਂ ਕਿਹਾ ਕਿ ਰੋਪੜ ਤੇ ਹੋਰ ਪ੍ਰਭਾਵਤ ਥਾਵਾਂ ਤੇ ਵੀ ਦਲ ਪੰਥ ਸੇਵਾ ਨਿਭਾਏਗਾ।
ਇਸ ਸਮੇਂ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਨੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਇਨ੍ਹਾਂ ਹੜ੍ਹਾਂ ਨਾਲ ਜਿਥੇ ਗਰੀਬ ਵਰਗ ਪ੍ਰਭਾਵਤ ਹੋਇਆ ਹੈ ਉਥੇ ਕਿਸਾਨ ਵਰਗ ਦਾ ਵੱਡਾ ਨੁਕਸਾਨ ਹੋਇਆ ਹੈ।ਫਸਲਾਂ ਤਬਾਹ ਹੋ ਗਈਆ ਹਨ, ਬੋਰ ਨੁਕਸਾਨੇ ਗਏ ਹਨ, ਘਰ ਦੀਆਂ ਬਿਲਡਿਗਾਂ ਵੀ ਖਸਤਾ ਹੋ ਗਈਆਂ ਹਨ। ਮਾਲ ਡੰਗਰ 'ਤੇ ਮਾਰੂ ਹਮਲਾ ਹੋਇਆ ਹੈ ਕਈਆਂ ਦੇ ਡੰਗਰ ਰੁੜ ਗਏ, ਕਈ ਮਰ ਗਏ।ਅੱਜ ਕਿਸੇ ਕੋਲ ਡੰਗਰ ਖਰੀਦਣ ਦੀ ਹਿੰਮਤ ਨਹੀਂ ਹੈ। ਖਾਸ ਕਰਕੇ ਖੇਤਾਂ ਵਿੱਚ ਰਹਿਣ ਵਾਲੇ ਲੋਕਾਂ ਦਾ ਜਿਆਦਾ ਨੁਕਸਾਨ ਹੋਇਆ ਹੈ।10,15 ਦਿਨ ਪਾਣੀ ਵਿੱਚ ਰਹਿਣ ਵਾਲਾ ਮਕਾਨ ਧੁੱਪ ਲੱਗਣ ਤੇ ਕਿਸੇ ਵੇਲੇ ਤਿੜਕ ਕੇ ਡਿੱਗ ਸਕਦਾ ਹੈ ਇਸ ਪਾਸੇ ਤੋਂ ਵੀ ਹੁਣ ਉਨ੍ਹਾਂ ਦੇ ਸਾਹ ਸੂਤੇ ਪਏ ਹਨ।ਬਾਹਰ ਪਾਣੀ ਹੈ ਜਾਣ ਕਿਥੇ। ਪਾਣੀ ਦਾ ਵਹਾਅ ਅਜੇ ਤੀਕ ਜਾਰੀ ਹੈ।ਇਨ੍ਹਾਂ ਦੇ ਨੁਕਸਾਨ ਦਾ ਕੇਂਦਰ ਤੇ ਪੰਜਾਬ ਨੂੰ ਹੋਇਆ ਸਾਰਾ ਨੁਕਸਾਨ ਸਹਿਣ ਕਰਨਾ ਚਾਹੀਦਾ ਹੈ ਤੇ ਇਨ੍ਹਾਂ ਨੂੰ ਰਾਹਤ ਦੇ ਕੇ ਮੁੜ ਸੁਖਾਲੀ ਜਿੰਦਗੀ ਵੱਲ ਮੋੜਣਾ ਚਾਹੀਦਾ ਹੈ।ਬਾਬਾ ਬਲਬੀਰ ਸਿੰਘ ਨੇ ਕਈ ਕਿਸਾਨਾਂ ਦੇ ਘਰੋਂ ਘਰੀ ਜਾ ਕੇ ਉਨ੍ਹਾਂ ਦੀ ਹੌਸਲਾ ਹਫਜਾਈ ਕੀਤੀ ਅਤੇ ਹੋਏ ਨੁਕਸਾਨ ਲਈ ਦੁਖ ਸਾਂਝਾ ਕੀਤਾ।ਉਨ੍ਹਾਂ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਬਦਬੋ ਮਾਰ ਰਹੇ ਖੜੇ ਪਾਣੀ ਕਾਰਨ ਕਈ ਕਿਸਮ ਦੀਆਂ ਬਿਮਾਰੀਆਂ ਫੈਲਣ ਦਾ ਡਰ ਹੈ।ਜਿਨ੍ਹੀ ਜਲਦੀ ਹੋਵੇ ਸਰਕਾਰਾਂ ਇਨ੍ਹਾਂ ਦੀ ਭਲਾਈ ਲਈ ਅੱਗੇ ਆਉਣ।
ਹੜਾਂ ਵਿੱਚ ਘਿਰੇ ਲੋਕਾਂ ਪ੍ਰਤੀ ਸਾਡੀਆਂ ਸਰਕਾਰਾਂ, ਜਥੇਬੰਦੀਆਂ ਸੰਸਥਾਵਾਂ ਕਿੰਨੀਆਂ ਕੁ ਹਮਦਰਦ ਤੇ ਸੁਹਿਰਦ ਹਨ।ਹੜ੍ਹ , ਬਾਰਸ਼ ਦਾ ਸਬੱਬ ਬਣੇ ਜਾਂ ਡੈਮ ੁਵਿਚਲਾ ਪਾਣੀ ਦੇ ਵੱਧਣ ਦਾ ਕਾਰਨ ਲੋਕ ਸ਼ੋਸ਼ਲ ਮੀਡੀਏ ਤੇ ਅਤੇ ਅਖਬਾਰਾਂ ਵਿੱਚ ਵੱਖ-ਵੱਖ ਤਰ੍ਹਾਂ ਦੇ ਸ਼ੰਕੇ ਪ੍ਰਗਟ ਕਰ ਰਹੇ ਹਨ।ਸਰਕਾਰ ਨੇ ਡੈਮ ਵਿਚ ਵੱਧ ਰਹੇ ਪਾਣੀ ਬਾਰੇ ਕੀ ਪਹਿਲਾਂ ਤੋਂ ਹੀ ਲੋਕਾਂ ਨੂੰ ਜਾਗਰੂਕ ਕੀਤਾ ? ਇਹ ਪਾਣੀ ਨਹਿਰਾਂ ਰਾਹੀਂ ਪਹਿਲਾਂ ਕਿਉਂ ਨਹੀਂ ਛਡਿਆ ਗਿਆ ! ਜੋ ਹੜਾਂ ਤੋਂ ਕਈ ਦਿਨ ਬਾਅਦ ਕੀਤਾ ਗਿਆ ਹੈ।ਇਸ ਬਾਰੇ ਪ੍ਰਭਾਵਤ ਕਿਸਾਨ ਬਹੁਤ ਗੁੱਸਾ ਲਈ ਬੈਠੇ ਹਨ।
ਰਾਹਤ ਕਾਰਜਾਂ ਵਿਚ ਵੀ ਸਮੇਂ ਸਿਰ ਸਰਕਾਰੀ ਅਮਲੇ ਫੈਲੇ ਦੀ ਕਾਰਗੁਜ਼ਾਰੀ ਵੀ ਤਸੱਲੀ ਵਾਲੀ ਨਹੀਂ ਹੈ।ਪੰਜਾਬ ਦੇ ਲੋਕ ਹੀ ਹਨ ਕਿ ਭਾਰਤ ਦੇ ਕਿਸੇ ਹਿੱਸੇ ਵਿਚ ਕਿਸੇ ਤਰ੍ਹਾਂ ਦੀ ਕੁਦਰਤੀ ਆਫਤ ਆਵੇ ਤਾਂ ਸਭ ਤੋਂ ਪਹਿਲਾਂ ਦੁਖ ਵੰਡਾਉਣ ਲਈ ਰਾਹਤ ਕਾਰਜ ਲੈ ਕੇ ਪੁਜਦੇ ਹਨ।ਭਾਵੇਂ ਕਸ਼ਮੀਰ ਹੋਵੇ, ਉਤਰਾਖੰਡ ਹੋਵੇ, ਸੁਨਾਮੀ ਵਾਲਾ ਸਥਾਨ ਹੋਵੇ, ਗੁਜਰਾਤ ਹੋਵੇ ਜਾਂ ਨਪਾਲ ਹੋਵੇ ਪੰਜਾਬ ਦੇ ਲੋਕ ਇਸ ਸੇਵਾ ਲਈ ਸਭ ਤੋਂ ਮੂਹਰੇ ਹੁੰਦੇ ਹਨ।ਅੱਜ ਆਪਣੇ ਹੀ ਘਰ ਵਿਚ ਉਹ ਬੇਵੱਸ ਤੇ ਲਾਚਾਰ ਮਹਿਸੂਸ ਕਰ ਰਹੇ ਹਨ।ਸ਼੍ਰੋਮਣੀ ਕਮੇਟੀ ਨੇ ਮੌਕੇ ਤੇ ਲੰਗਰ ਦੀ ਸੇਵਾ ਲਈ ਤੇ ਫਿਰ ਨਿਹੰਗ ਸਿੰਘ ਦਲ ਸਾਹਮਣੇ ਆਏ ਹਨ ।ਇਨ੍ਹਾਂ ਬਾਰੇ ਲੋਕਾਂ ਦੀ ਆਮ ਰਾਏ ਰਹੀ ਹੈ ਕਿ ਇਹ ਭੰਗ ਪੀਣੇ ਤੇ ਗੈਰ ਜ਼ਿੰਮੇਵਾਰ ਤੱਤ ਹਨ ਇਹ ਗਲਤ ਹੈ ਪਰ ਦਸਮ ਪਿਤਾ ਦੀ ਸਾਜੀ ਇਸ ਲਾਡਲੀ ਫੌਜ ਨੇ ਨਿਹੰਗ ਸਿੰਘਾਂ ਦੇ ਅਸਲੀ ਕਿਰਦਾਰ ਨੂੰ ਬਾਬਾ ਬਲਬੀਰ ਸਿੰਘ ਦੀ ਅਗਵਾਈ ਵਿਚ ਉਜਾਗਰ ਕੀਤਾ ਹੈ।ਜਿਨੀ ਨਿਰਛਲ ਤੇ ਨਿਰਮਲ ਭਾਵਨਾ ਨਾਲ ਹੜ੍ਹ ਪੀੜਤਾਂ ਦੀ ਸੇਵਾ ਕੀਤੀ ਹੈ ਉਸਦੀ ਮਿਸਾਲ ਅਠਾਰਵੀ ਸਦੀ ਦੇ ਇਤਿਹਾਸ ਨਾਲ ਜੋੜ ਕੇ ਵੇਖਣ ਦੀ ਲੋੜ ਹੈ
ਰੋਪੜ ਜਿਲੇ ਵਿੱਚ ਸਰਸਾ ਨਦੀ, ਸੀਸਵਾਂ ਨਦੀ, ਰੋਪੜ ਹੈਡਵਰਕਸ, ਨੀਮ ਸਿਵਾਲਕ ਪਹਾੜੀਆਂ ਦੇ ਚੋਅ ਸਤਲੁਜ ਦਰਿਆ ਦੇ ਜੋਸ਼ੀਲੇ ਹੋਣ 'ਚ ਭਰਵਾਂ ਸਾਥ ਦੇਂਦੀਆਂ ਹਨ।ਨਦੀਆਂ, ਨਾਲਿਆਂ, ਚੋਆਂ ਦੀ ਸਮੇਂ ਸਿਰ ਸਾਫ ਸਫਾਈ ਨਾ ਹੋਣ ਕਾਰਨ ਏਨੇ ਵੱਡਾ ਨੁਕਸਾਨ ਦਾ ਸਾਹਮਣਾ ਪੈਂਦਾ ਹੈ।ਨਦੀਆਂ, ਦਰਿਆਵਾਂ ਦੇ ਬੰਨਾਂ ਦਾ ਸਮੇਂ ਸਿਰ ਸਹੀ ਨਰੀਖਣ ਨਾ ਹੋਣਾ,ਸਰਕਾਰੀ ਅਧਿਕਾਰੀ ਕਰਮਚਾਰੀਆਂ ਦਾ ਲਾਹਪ੍ਰਵਾਹ ਹੋਣਾ, ਅਫਸਰ ਸ਼ਾਹੀ ਦੇ ਕੰਨਘੇਸ ਮਾਰਨ ਕਾਰਨ ਅਹਿਜਾ ਵੱਡਾ ਨੁਕਸਾਨ ਹੋਇਆ ਹੈ।ਹੁਣ ਫਿਰ ਪੌਂਗ ਡੈਮ ਦੇ ਪਾਣੀ ਦਾ ਵੱਧਦਾ ਲੈਵਲ ਪੰਜਾਬ ਵਾਸੀਆਂ ਦੇ ਸਾਹ ਸੁਕਾਈ ਬੈਠਾ ਹੈ
ਸਤਿਲੁਜ ਦਰਿਆ ਅਤੇ ਸਰਸਾ, ਸੀਸਵਾਂ, ਸੌਖੱਡ ਨਦੀਆਂ ਦੀ ਹੜ੍ਹ ਮਾਰ ਹੇਠ ਆਏ ਰੋਪੜ ਜਿਲ੍ਹੇ ਦੇੇ ਪਿੰਡ ਰਣਜੀਤਪੁਰਾ, ਪੱਤਣ, ਤਰਖਾਣ ਵੜੀ, ਟਕੋਟ, ਖੇੜੀ, ਮਹਿਣਾ, ਸਖੰਡ, ਫੰਦੀ ਆਦਿ ਪੰਜਾਹ, ਸੱਠ ਪਿੰਡਾਂ ਨੂੰ ਮੰਦਹਾਲੀ ਦਾ ਜੀਵਨ ਜੀਉਣ ਲਈ ਮਜ਼ਬੂਰ ਕਰ ਦਿੱਤਾ ਹੈ।ਖੱਡਾਂ, ਚੋਆਂ ਦੇ ਪਾਣੀ ਦੀ ਮਾਰ ਹੇਠ ਦੱਬੇ ਇਹ ਪਿੰਡ ਖੁਸ਼ਹਾਲ ਜਿੰਦਗੀ ਤੋਂ ਬਦਤਰ ਜੀਵਨ ਵਾਲੇ ਹੋ ਗਏ ਹਨ।ਏਥੇ ਵੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਦੀ ਅਗਵਾਈ ਹੇਠ ਨਿਹੰਗ ਸਿੰਘਾਂ ਨੇ ਰਾਹਤ ਸਮੱਗਰੀ ਦੀ ਦੂਜੀ ਖੇਪ 31 ਅਗਸਤ ਨੂੰ ਹੜ ਵਿਚ ਘਿਰੇ ਲੋਕਾਂ ਨੂੰ ਤਕਸੀਮ ਕੀਤੀ।ਇਸ ਰਾਹਤ ਸਮੱਗਰੀ ਵਿੱਚ ਰਸੋਈ ਲਈ ਦੀ ਰਾਸ਼ਨ ਕਿੱਟ 55 ਕਿਲੋ ਅਤੇ ਬਾਥਰੂਮ ਕਿੱਟਾਂ ਸ਼ਾਮਲ ਸਨ।
ਨਿਹੰਗ ਸਿੰਘਾਂ ਦੇ ਮੁਖੀ ਦੀ ਅਗਵਾਈ ਵਿੱਚ ਜਿਲ੍ਹਾ ਕਪੂਰਥਲਾ ਤੇ ਫ਼ਿਰੋਜ਼ਪੁਰ ਦੇ ਜੋ ਪਿੰਡ ਦਰਿਆ ਬਿਆਸ ਅਤੇ ਸਤਲੁਜ ਦੀ ਮਾਰ ਹੇਠ ਆਏ ਹਨ ਉਨ੍ਹਾਂ ਇਲਾਕਿਆ ਵਿੱਚ ਬੁੱਢਾ ਦਲ ਨੇ ਰਾਹਤ ਸਮੱਗਰੀ ਦੀ ਪਹਿਲੀ ਖੇਪ ਦੀ ਸੇਵਾ ਨਿਭਾਉਣ ਉਪਰੰਤ ਉਸੇ ਕੜੀ ਤਹਿਤ ਰੋਪੜ ਜਿਲ਼੍ਹੇ ਦੇ ਪਾਣੀ ਦੀ ਮਾਰ ਹੇਠ ਦੱਬੇ ਪਿੰਡ ਰਣਜੀਤਪੁਰਾ, ਪੱਤਣ, ਮਹਿਣਾ, ਫੰਦੀ, ਸਖੰਡ, ਤਰਖਾਣ ਵੜੀ, ਟਕੋਟ, ਖੇੜੀ ਆਦਿ ਪਿੰਡਾਂ ਵਿੱਚ ਬੁੱਢਾ ਦਲ ਵਲੋਂ ਰਾਹਤ ਸਮੱਗਰੀ ਵੰਡੀ ਗਈ ਹੈ।ਬੁੱਢਾ ਦਲ ਵਲੋਂ ਰਸੋਈਘਰ ਅਤੇ ਬਾਥਰੂਮ ਲਈ ਵੱਖ-ਵੱਖ ਕਿੱਟਾਂ ਤਿਆਰ ਕੀਤੀਆਂ ਗਈਆਂ ਹਨ ਜੋ ਲਗਪਗ ਸਵੇਰ ਤੋਂ ਲੈ ਕੇ ਸ਼ਾਮ ਦੇਰ ਤੀਕ ਵੱਖ-ਵੱਖ ਪਿੰਡਾਂ ਨੂੰ 45 ਸੌ ਕਿੱਟਾਂ ਤਕਸੀਮ ਕੀਤੀਆਂ ਗਈਆਂ। ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਵੱਡੇ ਪੁਰਖਿਆਂ, ਜਥੇਦਾਰ ਨਵਾਬ ਬਾਬਾ ਦਰਬਾਰਾ ਸਿੰਘ, ਬਾਬਾ ਨਵਾਬ ਕਪੂਰ ਸਿੰਘ, ਬਾਬਾ ਜੱਸਾ ਸਿੰਘ ਆਹਲੂਵਾਲੀਆਂ, ਬਾਬਾ ਅਕਾਲੀ ਫੂਲਾ ਸਿੰਘ ਵਰਗੇ ਮਹਾਨ ਯੋਧਿਆਂ ਤੇ ਪੰਥਕ ਆਗੂਆਂ ਨੇ ਧਰਮ, ਕੌਮ ਤੇ ਦੇਸ਼ ਦੀ ਖਾਤਰ ਜੰਗਾਂ, ਯੁਧਾਂ ਵਿੱਚ ਵੱਧ ਚੜ ਕੇ ਹਿੱਸਾ ਲੈਦੇ ਰਹੇ ਹਨ ਅਤੇ ਉਨ੍ਹਾਂ ਦੇ ਦਰ ਤੇ ਆਇਆ ਸਵਾਲੀ ਵੀ ਕਦੀ ਖਾਲੀ ਨਹੀਂ ਸੀ ਮੁੜਿਆ।ਉਸੇ ਰਵਾਇਤ ਨੂੰ ਅੱਗੇ ਤੋਰਦਿਆਂ ਬੁੱਢਾ ਦਲ ਦੀ ਅਗਵਾਈ ਵਿੱਚ ਤਰਨਾ ਦਲਾਂ ਨੇ ਪੰਜਾਬ ਵਿੱਚ ਆਏ ਹੜਾਂ ਸਮੇਂ ਖਲਕਤ ਦੀ ਵੱਧ ਤੋਂ ਵੱਧ ਸੇਵਾ ਕਰਨ ਨੂੰ ਪਹਿਲ ਦਿੱਤੀ ਹੈ।ਤਰਨਾ ਦਲ ਹਰੀਆਂ ਵੇਲਾਂ ਨੇ ਰਾਸ਼ਨ ਦੇ ਨਾਲ 25 ਟਰਾਲੀਆਂ ਤੂੜੀ ਦੀਆਂ ਮਾਲ ਡੰਗਰਾਂ ਲਈ ਉਪਲੱਧਦ ਕਰਵਾਈਆਂ ਹਨ।ਇਤਿਹਾਸਕ ਅਸਥਾਨ ਗੁਰਦੁਆਰਾ ਕੂੰਮਾਮਾਸਕੀਪੱਤਣ ਦੇ ਚੁਫੇਰੇ ਇਲਾਕੇ ਵਿੱਚ ਵੀ ਭਾਰੀ ਨੁਕਸਾਨ ਹੋਇਆ ਹੈ।
ਰਾਹਤ ਵੰਡਣ ਵੇਲੇ ਬਾਬਾ ਬਲਬੀਰ ਸਿੰਘ ਨਾਲ ਬਾਬਾ ਨਾਗਰ ਸਿੰਘ ਮੀਤ ਜਥੇਦਾਰ ਤਰਨਾ ਦਲ ਮਿਸਲ ਸ਼ਹੀਦਾਂ ਹਰੀਆਂ ਵੇਲਾਂ, ਪੰਥਕ ਨਾਮਵਰ ਢਾਡੀ ਬਾਬਾ ਤਰਸੇਮ ਸਿੰਘ ਮੋਰਾਂਵਾਲੀ, ਬਾਬਾ ਅਵਤਾਰ ਸਿੰਘ ਗੁਰਦੁਆਰਾ ਟਿੱਬੀ ਸਾਹਿਬ ਵਾਲੇ, ਨੇ ਰਾਹਤ ਸਮੱਗਰੀ ਵੰਡਣ ਵਿੱਚ ਆਪਣਾ ਸਹਿਯੋਗਮਈ ਯੋਗਦਾਨ ਪਾਇਆ ਹੈ। ਇਸ ਸਮੇਂ ਬੁੱਢਾ ਦਲ ਦੇ ਬਾਬਾ ਜੱਸਾ ਸਿੰਘ ਤਲਵੰਡੀ ਸਾਬੋ, ਬਾਬਾ ਸਰਵਣ ਸਿੰਘ ਮੁਝੈਲ, ਬਾਬਾ ਵਿਸ਼ਵਪ੍ਰਤਾਪ ਸਿੰਘ, ਭਾਈ ਸੁਖਵਿੰਦਰ ਸਿੰਘ ਮੋਰ, ਹਰਪ੍ਰੀਤ ਸਿੰਘ ਹੈਪੀ, ਬਾਬਾ ਰਣਯੋਧ ਸਿੰਘ, ਬਾਬਾ ਮਹਿਤਾਬ ਸਿੰਘ, ਬਾਬਾ ਲਛਮਣ ਸਿੰਘ, ਭਾਈ ਜੋਗਾ ਸਿੰਘ, ਸਤਨਾਮ ਸਿੰਘ ਮਠਿਆਈਸਰ, ਬਾਬਾ ਪਿਆਰਾ ਸਿੰਘ, ਸ੍ਰ. ਸੁਖਦੇਵ ਸਿੰਘ ਬੁੱਢਾ ਦਲ, ਕਾਕਾ ਸਿੰਘ ਗੱਤਕਾ ਮਸਟਰ, ਬਾਬਾ ਰਣ ਸਿੰਘ, ਬਾਬਾ ਮਲੂਕ ਸਿੰਘ ਬਾਜਵਾ, ਭੁਝੰਗੀ ਰਵਿੰਦਰ ਸਿੰਘ, ਡੀਸੀ ਸੋਲਖੀਆਂ, ਬਾਬਾ ਜਸਬੀਰ ਸਿੰਘ, ਕਰਨਰਾਜਬੀਰ ਸਿੰਘ ਐਡਵੋਕੇਟ, ਸੌਰਵ ਸਿੰਘ ਮਾਂਗਟ ਆਦਿ ਹਾਜ਼ਰ ਸਨ।
-
ਦਿਲਜੀਤ ਸਿੰਘ ਬੇਦੀ, ਲੇਖਕ
budhadalamritsar@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.