ਆਈ ਐੱਨ ਏ ਦੇ ਬਾਨੀ ਸੁਭਾਸ਼ ਚੰਦਰ ਬੋਸ ਜੀ ਦੇ ਸਾਥੀ ਦੇਸ਼ ਭਗਤ ਸ: ਗੁਰਦਿਆਲ ਸਿੰਘ ਭੋਤਨਾ (ਬਰਨਾਲਾ)ਸੁਰਗਵਾਸ ਹੋ ਗਏ ਨੇ।
97 ਬਹਾਰਾਂ ਤੇ ਪੱਤਝੜਾਂ ਦੇ ਚਸ਼ਮਦੀਦ ਗਵਾਹ।
ਮੇਰੇ ਨਿਕਟਵਰਤੀ ਪੱਤਰਕਾਰ ਗੁਰਭਿੰਦਰ ਸਿੰਘ ਗੁਰੀ ਮਹਿਲ ਕਲਾਂ ਨੇ ਦੱਸਿਐ ਕਿ ਉਹ ਉਸਦੇ ਦਾਦਾ ਜੀ ਦੀ ਭੂਆ ਦੇ ਪੁੱਤਰ ਭਰਾ ਸਨ।
1 ਜਨਵਰੀ 1922 ਨੂੰ ਜਨਮੇ ਸ: ਗੁਰਦਿਆਲ ਸਿੰਘ ਸੰਗਰੂਰ ਰਹਿੰਦੇ ਸਨ ਇਸ ਵਕਤ।
9 ਅਗਸਤ ਨੂੰ ਇਸੇ ਮਹੀਨੇ ਰਾਸ਼ਟਰਪਤੀ ਭਵਨ ਚ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨੇ ਵ੍ਹੀਲ ਚੇਅਰ ਤੇ ਬੈਠਿਆਂ ਨੂੰ ਕੋਲ ਆ ਕੇ ਸਨਮਾਨਿਤ ਕੀਤਾ ਸੀ।
15 ਅਗਸਤ ਨੂੰ ਤਾਂ ਉਹ ਸੰਗਰੂਰ ਵਿੱਚ ਹੋਏ ਆਜ਼ਾਦੀ ਜਸ਼ਨਾਂ ਚ ਸ਼ਾਮਿਲ ਹੋਏ ਸਨ।
ਉਤਸ਼ਾਹ ਦੇ ਭਰੇ ਪੁਰਖ ਸਨ ਉਹ। ਸੀ ਜਿੱਡੇ ਇਨਕਲਾਬੀ ਦੇ ਚਲੇ ਜਾਣ ਤੇ ਮਨ ਉਦਾਸ ਹੁੰਦਾ ਹੈ, ਇਸ ਕਰਕੇ ਕਿ ਜਿਸ ਆਜ਼ਾਦੀ ਦੀ ਲੜਾਈ ਉਨ੍ਹਾਂ ਲੜੀ ਸੀ ਉਹ ਤਾਂ ਹਰ ਲਿੱਸੇ ਨਿਤਾਣੇ ਤੇ ਰੱਜੇ ਪੁੱਜੇ ਲਈ ਇੱਕੋ ਜੇਹੀ ਹੋਣੀ ਸੀ, ਪਰ ਇਹ ਫਿੱਟੇ ਰੰਗ ਵਾਲੀ ਆਜ਼ਾਦੀ ਕਿਸ ਰਾਹ ਤੁਰ ਪਈ?
ਮੈਨੂੰ ਚਿੱਲੀ ਦੇ ਰਾਜਪਲਟੇ ਵੇਲੇ ਸੁਰਜੀਤ ਹਾਂਸ ਦੀ ਲਿਖੀ ਕਵਿਤਾ ਚੇਤੇ ਆ ਰਹੀ ਏ ਜੋ ਉਸ ਨੇ ਰਾਜ ਪਲਟੇ ਤੋਂ ਕੁਝ ਅਰਸਾ ਪਹਿਲਾਂ ਮੋਏ ਚਿੱਲੀ ਦੇ ਰਾਸ਼ਟਰਪਤੀ ਅਲੈਂਡੇ ਦੇ ਹਵਾਲੇ ਨਾਲ ਲਿਖੀ ਸੀ।
ਭਲਾ ਅਲੈਂਡੇ ਮਰ ਗਿਆ।
ਦੇਸ਼ ਦੀ ਮਾੜੀ ਕਿਸਮਤ ਦਾ
ਉਸ ਕਾਲਾ ਦਿਨ ਨਹੀਂ ਵੇਖਿਆ।
ਦੇਸ਼ਭਗਤ ਬਾਪੂ ਗੁਰਦਿਆਲ ਸਿੰਘ ਭੋਤਨਾ ਤੇ ਸਾਥੀਆਂ ਦੇ ਸੁਪਨਿਆਂ ਵਾਲੀ ਆਜ਼ਾਦੀ ਵਿੱਚ ਮਨੁੱਖ ਲਈ ਸਰਬਪੱਖੀ ਵਿਕਾਸ ਦੇ ਬਰਾਬਰ ਮੌਕੇ ਹਾਸਲ ਕਰਨ ਲਈ ਇਹ ਲੋਕ ਸਾਡੀ ਪ੍ਰੇਰਕ ਸ਼ਕਤੀ ਬਣਨ ਦੇ ਸਮਰੱਥ ਹਨ।
ਸਮਾਜਿਕ, ਆਰਥਿਕ, ਰਾਜਨੀਤਕ ਤੇ ਸਭਿਆਚਾਰਕ ਵਿਕਾਸ ਲਈ ਸਾਫ਼ ਨੀਤ ਤੇ ਸਪਸ਼ਟ ਨੀਤੀ ਵਾਲੇ ਨੀਤੀ ਘਾੜੇ ਧਰਤੀ ਤੋਂ ਖੰਭ ਲਾ ਕੇ ਉੱਡ ਗਏ ਨੇ।
ਕੂੜ ਦੀ ਮੱਸਿਆ ਵੇਲੇ ਦੇਸ਼ ਭਗਤੀ ਵਾਲੇ ਚੰਨਾਂ ਦਾ ਅਲੋਪ ਹੋਣਾ ਹੋਰ ਵੀ ਦੁਖਦਾਈ ਹੁੰਦਾ ਹੈ।
ਪਰ ਆਸ ਤੇ ਜੱਗ ਜੀਂਦਾ ਹੈ।
ਵੋਹ ਸੁਬਹ ਕਭੀ ਤੋ ਆਏਗੀ
ਪਾਸ਼ ਦੇ ਕਹਿਣ ਮੁਤਾਬਕ
ਸੋਨੇ ਦੀ ਸਵੇਰ ਜਦੋਂ ਆਊ ਹਾਣੀਆ।
ਗਾਏਗਾ ਅੰਬਰ, ਭੂਮੀ ਗਾਊ ਹਾਣੀਆ।
ਸ: ਗੁਰਦਿਆਲ ਸਿੰਘ ਜੀ ਨੂੰ ਚੇਤੇ ਕਰਦਿਆਂ ਮੈਂ ਪਰਿਵਾਰ ਦੇ ਸਦਮੇ ਨੂੰ ਵੀ ਸਮੰਝਦਾ ਹਾਂ।
ਪਰ ਇਸ ਉਮਰੇ ਇਹੀ ਕਹਿਣਾ ਬਣਦਾ ਹੈ ਕਿ
ਜੋ ਗੁਜਰੀ ਸੋ ਵਾਹਵਾ ਗੁਜਰੀ।
ਸਲਾਮ
ਬਾਪੂ ਗੁਰਦਿਆਲ ਸਿੰਘ ਜੀ।
ਗੁਰਭਜਨ ਗਿੱਲ
29.8.2019
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.