ਭਾਰਤ ਵਿਚ ਇਨਸਾਨ ਨਾਲੋਂ ਪਸ਼ੂਆਂ ਦੀ ਬੁਕਤ ਜ਼ਿਆਦਾ ਹੈ। ਇਨਸਾਨ ਨਾਲੋਂ ਪਸ਼ੂ ਜ਼ਿਆਦਾ ਆਜ਼ਾਦ ਹਨ। ਇਨਸਾਨ ਮਨਮਰਜ਼ੀ ਨਹੀਂ ਕਰ ਸਕਦਾ ਪ੍ੰਤੂ ਪਸ਼ੂ ਜੋ ਜੀਅ ਚਾਹੇ ਉਹੀ ਕਰ ਸਕਦਾ ਹੈ। ਜੇਕਰ ਇਨਸਾਨ ਸੜਕੀ ਅਵਾਜ਼ਾਈ ਵਿਚ ਰੁਕਾਵਟ ਪਾਉਂਦਾ ਹੈ ਤਾਂ ਉਹ ਕਾਨੂੰਨੀ ਤੌਰ ਤੇ ਗੁਨਹਗਾਰ ਹੈ। ਪਸ਼ੂ ਸੜਕਾਂ ਦੇ ਵਿਚਕਾਰ ਘੁੰਮਦੇ, ਖੜੇ ਅਤੇ ਬੈਠੇ ਰਹਿੰਦੇ ਹਨ। ਉਨਾਂ ਤੇ ਕੋਈ ਕਾਨੂੰਨ ਲਾਗੂ ਨਹੀਂ ਹੁੰਦਾ। ਭਾਰਤ ਨੂੰ ਆਜ਼ਾਦ ਹੋਇਆਂ 72 ਸਾਲ ਹੋ ਗਏ ਹਨ। ਆਜ਼ਾਦੀ ਦੀਆਂ ਬਰਕਤਾਂ ਦਾ ਲਾਭ ਕਿਸਨੂੰ ਜ਼ਿਆਦਾ ਹੋਇਆ ਹੈ, ਇਹ ਸੋਚਣ ਅਤੇ ਵਿਚਾਰਨ ਵਾਲਾ ਵਿਸ਼ਾ ਹੈ? ਸਰਸਰੀ ਨਜ਼ਰ ਮਾਰਿਆਂ ਤਾਂ ਇਉਂ ਲੱਗਦਾ ਹੈ ਕਿ ਆਮ ਜਨਤਾ ਨੂੰ ਸਭ ਤੋਂ ਵਧੇਰੇ ਆਜ਼ਾਦੀ ਦਾ ਲਾਭ ਹੋਇਆ ਹੈ। ਜੇਕਰ ਸੰਜੀਦਗੀ ਨਾਲ ਵੇਖਿਆ ਜਾਵੇ ਤਾਂ ਨਤੀਜੇ ਵੱਖਰੇ ਹੀ ਨਿਕਲਦੇ ਹਨ। ਇਹ ਤਾਂ ਠੀਕ ਹੈ ਕਿ ਦੇਸ਼ ਆਜ਼ਾਦ ਹੋ ਗਿਆ, ਉਸਦੇ ਲਾਭ ਅਤੇ ਨੁਕਸਾਨ ਦੋਵੇਂ ਹੋਏ ਹਨ।
ਲਾਭ ਤਾਂ ਇਹ ਹੋਇਆ ਕਿ ਰਾਜ ਭਾਗ ਸਾਡੇ ਆਪਣੇ ਚੁਣੇ ਹੋਏ ਸਿਆਸਤਦਾਨਾ ਦੇ ਹੱਥ ਆ ਗਿਆ ਪ੍ੰਤੂ ਇਹ ਚੁਣੇ ਹੋਏ ਨੁਮਇੰਦੇ ਕੀ ਲੋਕਾਂ ਦੀਆਂ ਆਸਾਂ ਤੇ ਖ਼ਰੇ ਉਤਰ ਸਕੇ ਹਨ ਜਾਂ ਨਹੀਂ? ਇਹ ਤਾਂ ਸਗੋਂ ਕਈ ਗੱਲਾਂ ਵਿਚ ਅੰਗਰੇਜ਼ਾਂ ਤੋਂ ਵੀ ਮਾੜੇ ਸਾਬਤ ਹੋ ਰਹੇ ਹਨ। ਅੰਗਰੇਜ਼ ਸਾਡਾ ਪੈਸਾ ਵਿਓਪਾਰ ਦੇ ਬਹਾਨੇ ਇੰਗਲੈਂਡ ਵਿਚ ਲੈ ਜਾਂਦੇ ਸਨ ਪ੍ੰਤੂ ਸਾਡੇ ਕੁਝ ਕੁ ਚੁਣੇ ਹੋਏ ਲੋਕ ਆਪਣੀਆਂ ਜੇਬਾਂ ਭਰੀ ਜਾਂਦੇ ਹਨ। ਅੰਗਰੇਜ਼ ਮੁਢਲੇ ਤੌਰ ਤੇ ਇਨਸਾਫ਼ ਪਸੰਦ ਅਤੇ ਇਮਾਨਦਾਰ ਸਨ। ਹੁਣ ਤਾਂ ਲੋਕਾਂ ਨੂੰ ਇਨਸਾਫ਼ ਵੀ ਨਹੀਂ ਮਿਲ ਰਿਹਾ। ਮੈਂ ਤਾਂ ਇਹ ਕਹਾਂਗਾ ਕਿ ਜੇ ਅਸਲ ਆਜ਼ਾਦੀ ਮਿਲੀ ਹੈ ਤਾਂ ਉਹ ਕੁਤਿਆਂ, ਬਿਲਿਆਂ, ਪਸ਼ੂਆਂ ਅਤੇ ਪੰਛੀਆਂ ਨੂੰ ਮਿਲੀ ਹੈ, ਜਿਹੜੇ ਆਪਣੀ ਮਰਜ਼ੀ ਨਾਲ ਘੁੰਮ ਫਿਰ ਸਕਦੇ ਹਨ। ਭਾਰਤ ਵਿਚ ਲਗਪਗ 1 ਕਰੋੜ ਲੋਕਾਂ ਨੂੰ ਕੁੱਤੇ ਵੱਢਦੇ ਹਨ। ਪੰਜਾਬ ਦੀ ਸਥਿਤੀ ਇਸ ਨਾਲੋਂ ਵੀ ਮਾੜੀ ਹੈ।
ਪੰਜਾਬ ਵਿਚ ਲਗਪਗ 2 ਕਰੋੜ ਅਵਾਰਾ ਕੁੱਤੇ ਹਨ। ਦਿਨ ਬਦਿਨ ਕੁੱਤਿਆਂ ਦੇ ਇਨਸਾਨਾ ਨੂੰ ਕੱਟਣ ਦੀਆਂ ਵਾਰਦਾਤਾਂ ਵਿਚ ਵਾਧਾ ਹੋ ਰਿਹਾ ਹੈ। 2016 ਵਿਚ 54 ਹਜ਼ਾਰ ਇਨਸਾਨਾ ਨੂੰ ਕੁੱਤਿਆਂ ਨੇ ਕੱਟਿਆ ਸੀ, 2017 ਵਿਚ ਇਹ ਗਿਣਤੀ ਵੱਧਕੇ 1 ਲੱਖ 12 ਹਜ਼ਾਰ ਅਤੇ 2018 ਵਿਚ 1 ਲੱਖ 13 ਹਜ਼ਾਰ ਹੋ ਗਈ। 2019 ਦੇ ਅੰਕੜੇ ਅਜੇ ਪ੍ਾਪਤ ਨਹੀਂ ਹੋਏ ਪ੍ੰਤੂ ਇਹ ਗਿਣਤੀ ਹੋਰ ਵੱਧਣ ਦੀ ਉਮੀਦ ਹੈ। ਕੁੱਤਿਆਂ ਦਾ ਸ਼ਿਕਾਰ ਬੱਚੇ ਅਤੇ ਬਜ਼ੁਰਗ ਜ਼ਿਆਦਾ ਹੁੰਦੇ ਹਨ। ਪਸ਼ੂਆਂ ਦੇ ਸ਼ਿਕਾਰ ਹਰ ਉਮਰ ਦੇ ਲੋਕ ਹਨ ਕਿਉਂਕਿ ਸੜਕਾਂ ਦੇ ਵਿਚਕਾਰ ਖੜੇ ਇਹ ਪਸ਼ੂ ਹਰ ਲੰਘਣ ਵਾਲੇ ਨੂੰ ਨਿਸ਼ਾਨਾ ਬਣਾ ਲੈਂਦੇ ਹਨ। ਕੋਈ ਵੀ ਵਿਭਾਗ ਇਨਾਂ ਤੇ ਕਾਬੂ ਪਾਉਣ ਦੀ ਆਪਣੀ ਜ਼ਿੰਮੇਵਾਰੀ ਨਹੀਂ ਸਮਝਦਾ।
2016 ਵਿਚ ਪੰਜਾਬ ਸਰਕਾਰ ਨੇ ਤਿੰਨ ਵਿਭਾਗਾਂ ਪਸ਼ੂ ਪਾਲਣ, ਦਿਹਾਤੀ ਵਿਕਾਸ ਅਤੇ ਸਥਾਨਕ ਸਰਕਾਰਾਂ ਵਿਭਾਗਾਂ ਨੂੰ ਤਾਲਮੇਲ ਕਰਕੇ ਇਨਾਂ ਤੇ ਕਾਬੂ ਪਾਉਣ ਦੀ ਤਜ਼ਵੀਜ਼ ਬਣਾਉਣ ਨੂੰ ਕਿਹਾ ਸੀ ਪ੍ੰਤੂ ‘‘ਸਰਪੰਚ ਦਾ ਕਹਿਣਾ ਸਿਰ ਮੱਥੇ ਤੇ ਪਰਨਾਲਾ ਉਥੇ ਦਾ ਉਥੇੇ’’ ਵਾਲੀ ਕਹਾਵਤ ਸੱਚੀ ਸਾਬਤ ਹੋ ਰਹੀ ਹੈ। ਵਰਤਮਾਨ ਸਰਕਾਰ ਵੀ ਸੰਜੀਦਗੀ ਨਾਲ ਇਸ ਸਮੱਸਿਆ ਤੇ ਕਾਬੂ ਪਾਉਣ ਵਿਚ ਅਸਫਲ ਰਹੀ ਹੈ। ਸਾਲ 2000 ਵਿਚ ਕੁਤਿਆਂ ਦੀ ਨਸਬੰਦੀ ਕਰਨ ਦੀ ਸਕੀਮ ਬਣੀ ਸੀ, ਉਸਦੇ ਵੀ ਕੋਈ ਸਾਰਥਿਕ ਨਤੀਜੇ ਸਾਹਮਣੇ ਨਹੀਂ ਆਏ। ਇਨਸਾਨਾ ਤੇ ਅਨੇਕਾਂ ਪਾਬੰਦੀਆਂ ਹਨ ਪ੍ੰਤੂ ਕੁੱਤਿਆਂ ਅਤੇ ਪਸ਼ੂਆਂ ਤੇ ਕੋਈ ਪਾਬੰਦੀ ਨਹੀਂ, ਉਹ ਕਿਸੇ ਨੂੰ ਵੀ ਕੱਟ ਅਤੇ ਮਾਰ ਸਕਦੇ ਹਨ।
ਕਿਤਨੀ ਹਾਸੋਹੀਣੀ ਗੱਲ ਹੈ ਕਿ ਇਨਸਾਨਾ ਦੀ ਕੋਈ ਕਦਰ ਨਹੀਂ। ਇਨਸਾਨਾ ਤੇ ਦਫ਼ਾ 144 ਲੱਗ ਜਾਂਦੀ ਹੈ, ਕਤਲ ਦੇ ਕੇਸ ਦਰਜ ਹੋ ਜਾਂਦੇ ਹਨ। ਲੋਕ ਬਹੁਤੇ ਕਾਨੂੰਨਾ ਤੇ ਅਮਲ ਕਰਦੇ ਹਨ। ਪ੍ੰਤੂ ਪਸ਼ੂ, ਪੰਛੀ, ਕੁੱਤੇ, ਬਿਲੇ ਸ਼ਰੇਆਮ ਦਫ਼ਾ 144 ਦੀ ਉਲੰਘਣਾ ਹੀ ਨਹੀਂ ਕਰਦੇ ਸਗੋਂ ਮਨਮਰਜੀ ਕਰਕੇ ਕੁੱਤੇ ਤੁਹਾਨੂੰ ਕੱਟ ਵੱਢ ਜਾਂਦੇ ਹਨ, ਪਸ਼ੂ ਤੁਹਾਨੂੰ ਮਾਰ ਦਿੰਦੇ ਹਨ। ਰਾਜ ਭਾਗ ਵਿਚ ਕੋਈ ਉਜਰ ਨਹੀਂ। ਉਨਾਂ ਤੇ ਕੋਈ ਕਾਨੂੰਨ ਲਾਗੂ ਨਹੀਂ ਹੁੰਦਾ। ਇਥੋਂ ਤੱਕ ਕਿ ਤੁਸੀਂ ਉਨਾਂ ਨੂੰ ਕੋਈ ਸਜਾ ਵੀ ਨਹੀਂ ਦੇ ਸਕਦੇ। ਜੇਕਰ ਕੋਈ ਇਨਸਾਨ ਦੂਜੇ ਇਨਸਾਨ ਨੂੰ ਮਾਰਦਾ ਹੈ ਤਾਂ ਉਹ ਸਜਾ ਦਾ ਭਾਗੀ ਬਣ ਜਾਂਦਾ ਹੈ। ਕਚਹਿਰੀ ਵਿਚ ਕੇਸ ਚਲਦਾ ਹੈ, ਸਜਾ ਵੀ ਹੋ ਜਾਂਦੀ ਹੈ, ਪ੍ੰਤੂ ਜੇਕਰ ਕੁੱਤਾ ਵੱਢ ਜਾਵੇ ਅਤੇ ਪਸ਼ੂ ਤੁਹਾਨੂੰ ਮਾਰ ਦੇਵੇ ਤਾਂ ਉਸਨੂੰ ਤੁਸੀਂ ਕੁਝ ਕਹਿ ਨਹੀਂ ਸਕਦੇ। ਜੇਕਰ ਕਹੋਗੇ ਤਾਂ ਦੰਗੇ ਹੋ ਜਾਣਗੇ। ਕੁੱਤੇ ਅਤੇ ਪਸ਼ੂ ਸੜਕਾਂ ਤੇ ਹਰਲ ਹਰਲ ਕਰਦੇ ਫਿਰਦੇ ਹਨ।
ਤੁਸੀਂ ਸਰਕਾਰ ਦੀ ਝੋਲੀ ਕਰੋੜਾਂ ਰੁਪਏ ਦਾ ਗੳੂ ਸੈਸ ਦੇ ਕੇ ਭਰਦੇ ਵੀ ਹੋ ਪ੍ੰਤੂ ਤੁਹਾਨੂੰ ਕੋਈ ਰਾਹਤ ਨਹੀਂ। ਸਹੀ ਅਰਥਾਂ ਵਿਚ ਆਜ਼ਾਦੀ ਕੁੱਤੇ ਨੂੰ ਆਪਣੀ ਖ਼ੁਰਾਕ ਇਨਸਾਨਾ ਨੂੰ ਬਣਾਉਣ ਅਤੇ ਪਸ਼ੂਆਂ ਨੂੰ ਤੁਹਾਨੂੰ ਮਾਰਨ ਦੀ ਮਿਲੀ ਹੈ। ਹਰ ਰੋਜ਼ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੀਆਂ ਹਨ ਕਿ ਮਾਸੂਮ ਬੱਚਿਆਂ ਅਤੇ ਬਜ਼ੁਰਗਾਂ ਨੂੰ ਕੁੱਤੇ ਨੋਚ ਨੋਚ ਕੇ ਖਾ ਗਏ। ਇਨਸਾਨ ਵੀ ਘੱਟ ਨਹੀਂ ਉਹ ਵੀ ਮਿਲੀ ਆਜ਼ਾਦੀ ਦਾ ਨਜ਼ਾਇਜ਼ ਲਾਭ ਉਠਾ ਰਿਹਾ ਹੈ। ਉਹ ਜਦੋਂ ਗੳੂ ਮਾਤਾ ਦੁੱਧ ਦਿੰਦੀ ਹੈ ਤਾਂ ਦੁੱਧ ਪੀ ਕੇ ਆਨੰਦ ਮਾਣਦਾ ਹੈ ਪ੍ੰਤੂ ਜਦੋਂ ਦੁੱਧ ਦੇਣੋ ਹਟ ਜਾਂਦੀ ਹੈ ਅਤੇ ਬਲਦ ਹਲ ਵਾਹੁਣ ਜਾਂ ਹੋਰ ਕਿਸੇ ਕੰਮ ਦਾ ਨਹੀਂ ਰਹਿੰਦਾ ਤਾਂ ਲੋਕ ਆਜ਼ਾਦੀ ਦਾ ਲਾਭ ਉਠਾਕੇ ਉਨਾਂ ਨੂੰ ਸ਼ਹਿਰਾਂ ਵਿਚ ਖੁਲੇ ਛੱਡ ਦਿੰਦੇ ਹਨ। ਪਿੰਡਾਂ ਵਿਚ ਤਾਂ ਛੱਡ ਨਹੀਂ ਸਕਦੇ ਕਿਉਂਕਿ ਉਥੇ ਪਤਾ ਲੱਗ ਜਾਂਦਾ ਹੈ ਕਿ ਕਿਸ ਦਾ ਡੰਗਰ ਹੈ। ਸ਼ਹਿਰਾਂ ਵਿਚ ਇਹ ਪਸ਼ੂ ਆਪਣੀ ਮਿਲੀ ਆਜ਼ਾਦੀ ਦਾ ਆਨੰਦ ਮਾਣਦੇ ਹਨ। ਸੜਕਾਂ ਦੇ ਵਿਚਾਲੇ ਆਰਾਮ ਨਾਲ ਬੈਠ ਜਾਂਦੇ ਹਨ। ਉਨਾਂ ਨੂੰ ਕੋਈ ਸੜਕਾਂ ਤੋਂ ਉਠਾ ਨਹੀਂ ਸਕਦਾ ਅਤੇ ਨਾ ਹੀ ਮਾਰ ਸਕਦਾ ਕਿਉਂਕਿ ਗੳੂ ਮਾਤਾ ਨੂੰ ਮਾਰਨ ਦੀ ਨੈਤਿਕ ਮਨਾਹੀ ਹੈ। ਸਾਡਾ ਧਾਰਮਿਕ ਚਿੰਨ ਹੈ, ਉਲਟਾ ਇਹ ਗਊ ਮਾਤਾ ਆਪਣੀ ਆਜ਼ਾਦੀ ਦਾ ਲਾਭ ਉਠਾਕੇ ਤੁਹਾਨੂੰ ਮਾਰਕੇ ਸਬਕ ਸਿਖਾ ਵੀ ਦਿੰਦੀ ਹੈ। ਤੁਸੀਂ ਉਸਦਾ ਕੁਝ ਨਹੀਂ ਵਿਗਾੜ ਸਕਦੇ ਪ੍ੰਤੂ ਉਹ ਤੁਹਾਡਾ ਕੁਝ ਵੀ ਨਹੀਂ ਛੱਡਦੀ।
ਸ਼ੂਆਂ ਨੂੰ ਇਨਸਾਨਾ ਨੂੰ ਮਾਰਨ ਅਤੇ ਕੁੱਤਿਆਂ ਨੂੰ ਵੱਢਣ ਦੀ ਆਜ਼ਾਦੀ ਹੈ। ਅਜਿਹੀ ਆਜ਼ਾਦੀ ਦਾ ਲੋਕਾਂ ਨੂੰ ਉਲਟਾ ਨੁਕਸਾਨ ਹੋ ਰਿਹਾ ਹੈ। ਪੰਜਾਬ ਗੳੂ ਸੇਵਾ ਆਯੋਗ ਅਨੁਸਾਰ ਪੰਜਾਬ ਵਿਚ 1 ਲੱਖ 20 ਹਜ਼ਾਰ ਅਵਾਰਾ ਪਸ਼ੂ ਸੜਕਾਂ ਤੇ ਘੁੰਮ ਰਹੇ ਹਨ। ਪਿਛਲੇ ਤਿੰਨ ਸਾਲਾਂ ਵਿਚ ਪਸ਼ੂਆਂ ਨੇ 350 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਆਯੋਗ ਅਨੁਸਾਰ ਹਰ ਤੀਜੇ ਦਿਨ ਇਕ ਇਨਸਾਨ ਪਸ਼ੂਆਂ ਦੁਆਰਾ ਮਾਰਿਆ ਜਾਂਦਾ ਹੈ। ਪੰਜਾਬ ਵਿਚ 472 ਗੳੂ ਸ਼ਾਲਾ ਹਨ ਜਿਨਾਂ ਨੂੰ ਬਿਜਲੀ ਮੁਫ਼ਤ ਦਿੱਤੀ ਜਾਂਦੀ ਹੈ। ਸਰਕਾਰ ਨੂੰ ਅਵਾਰਾ ਪਸ਼ੂਆਂ ਨੂੰ ਇਨਾਂ ਗਊਸ਼ਾਲਾ ਵਿਚ ਪਹੁੰਚਾਉਣ ਦਾ ਪ੍ਬੰਧ ਕਰਨਾ ਚਾਹੀਦਾ ਹੈ। ਬਹੁਤ ਸਾਰੀਆਂ ਜਾਨਾ ਜਾ ਚੁੱਕੀਆਂ ਹਨ। ਰਸਤਿਆਂ ਵਿਚ ਖੜੀਆਂ ਗਊਆਂ ਅਤੇ ਬਲਦਾਂ ਨੂੰ ਧਾਰਮਿਕ ਭਾਵਨਾਵਾਂ ਵਾਲੇ ਲੋਕ ਖਾਣ ਲਈ ਆਟੇ ਦੇ ਪੇੜੇ ਦਿੰਦੇ ਹਨ ਪ੍ੰਤੂ ਉਨਾਂ ਨੂੰ ਸਾਂਭਕੇ ਘਰਾਂ ਵਿਚ ਬੰਨਦੇ ਨਹੀਂ।
ਜਦੋਂ ਉਹ ਸਾਡੇ ਧਾਰਮਿਕ ਚਿੰਨ ਹਨ ਤਾਂ ਅਸੀਂ ਉਨਾਂ ਦੀ ਘਰਾਂ ਵਿਚ ਬੰਨਕੇ ਸੇਵਾ ਕਿਉਂ ਨਹੀਂ ਕਰਦੇ? ਕੁਝ ਅਜਿਹੇ ਸਵਾਲ ਹਨ ਜਿਨਾਂ ਤੇ ਸੰਜੀਦਗੀ ਨਾਲ ਵਿਚਾਰਨ ਦੀ ਲੋੜ ਹੈ। ਸਰਕਾਰਾਂ ਤਾਂ ਗਊ ਸੈਸ ਦੇ ਨਾਂ ਟੈਕਸ ਇਕੱਠੇ ਕਰਦੀਆਂ ਹਨ ਪ੍ੰਤੂ ਨਾ ਤਾਂ ਕੁੱਤਿਆਂ ਅਤੇ ਨਾਲ ਹੀ ਅਵਾਰਾ ਪਸ਼ੂਆਂ ਦਾ ਕੋਈ ਪ੍ਬੰਧ ਕਰਦੀ ਹੈ। ਇਹ ਅਵਾਰਾ ਪਸ਼ੂ ਕਿਸਾਨਾ ਦੀਆਂ ਫਸਲਾਂ ਨੂੰ ਵੀ ਖਾ ਜਾਂਦੇ ਹਨ ਪ੍ਰੰਤੂ ਵਿਚਾਰਾ ਕਿਸਾਨ ਇਨਾਂ ਦਾ ਕੁਝ ਵਿਗਾੜ ਨਹੀਂ ਸਕਦਾ। ਸਰਕਾਰ ਲੋਕਾਂ ਦਾ ਇਮਤਿਹਾਨ ਕਿਉਂ ਲੈ ਰਹੀ ਹੈ? ਸਰਕਾਰਾਂ ਇਲਸਾਨੀਅਤ ਦੀਆਂ ਜ਼ਿੰਦਗੀਆਂ ਬਚਾਉਣ ਲਈ ਸੰਜੀਦਾ ਨਹੀਂ ਹਨ, ਉਹ ਤਾਂ ਸਿਆਸੀ ਤਾਕਤ ਦਾ ਆਨੰਦ ਮਾਣ ਰਹੀਆਂ ਹਨ। ਜੇਕਰ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਇਸੇ ਤਰਾਂ ਕੁੱਤੇ ਅਤੇ ਪਸ਼ੂ ਖੇਡਦੇ ਰਹੇ ਤਾਂ ਮਜ਼ਬੂਰ ਹੋ ਕੇ ਲੋਕ ਕੋਈ ਹੋਰ ਰਸਤਾ ਅਪਨਾਉਣਗੇ।
-
ਉਜਾਗਰ ਸਿੰਘ, ਸਾਬਕਾ ਜਿਲਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
94178 13072
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.